Poetry of Ghadar Lehar (Movement)

ਗ਼ਦਰ ਲਹਿਰ ਦੀ ਕਵਿਤਾ

1. ਬਣੀ ਸਿਰ ਸ਼ੇਰਾਂ ਦੇ, ਕੀ ਜਾਣਾ ਭੱਜ ਕੇ

ਹਿੰਦ ਦੇ ਬਹਾਦਰੋ ਕਿਉਂ ਬੈਠੇ ਚੁੱਪ ਜੀ ।
ਅੱਗ ਲੱਗੀ ਦੇਸ, ਨਾ ਸਹਾਰੋ ਧੁੱਪ ਜੀ ।
ਬੁਝਣੀ ਇਹ ਤਾਂ ਹੀ ਹੈ ਸਰੀਰ ਤੱਜ ਕੇ ।
ਬਣੀ ਸਿਰ ਸ਼ੇਰਾਂ ਦੇ, ਕੀ ਜਾਣਾ ਭੱਜ ਕੇ ।

ਸਿਰ ਦਿਤੇ ਬਾਝ ਨਹੀਂ ਕੰਮ ਸਰਨਾ ।
ਯੁਧ ਵਿਚ ਪਵੇਗਾ ਜ਼ਰੂਰ ਮਰਨਾ ।
ਪਾਵੋ ਲਲਕਾਰ ਸ਼ੇਰਾਂ ਵਾਂਗ ਗੱਜ ਕੇ ।
ਬਣੀ ਸਿਰ ਸ਼ੇਰਾਂ ਦੇ, ਕੀ ਜਾਣਾ ਭੱਜ ਕੇ ।

ਹੱਥ ਸ਼ਮਸ਼ੀਰ, ਕੁੱਦ ਪਓ ਮੈਦਾਨ ਜੀ ।
ਮਾਰ ਮਾਰ ਵੈਰੀਆਂ ਦੇ ਲਾਹੋ ਘਾਣ ਜੀ ।
ਵੈਰੀਆਂ ਦਾ ਆਓ ਲਹੂ ਪੀਏ ਰੱਜ ਕੇ ।
ਬਣੀ ਸਿਰ ਸ਼ੇਰਾਂ ਦੇ, ਕੀ ਜਾਣਾ ਭੱਜ ਕੇ ।

ਮਾਰ ਲਈਏ ਵੈਰੀ, ਮਰ ਜਾਈਏ ਆਪ ਜਾਂ ।
ਕਾਇਰਤਾ, ਗ਼ਰੀਬੀ, ਮਿਟ ਜਾਏ ਤਾਪ ਜਾਂ ।
ਪਾ ਲਈਏ ਸ਼ਹੀਦੀ, ਸਿੰਘ ਸ਼ੇਰ ਸੱਜ ਕੇ ।
ਬਣੀ ਸਿਰ ਸ਼ੇਰਾਂ ਦੇ, ਕੀ ਜਾਣਾ ਭੱਜ ਕੇ ।

ਰਖੋ ਨਾ ਫ਼ਿਕਰ ਵੀਰੋ ਮਰਨ-ਜੀਣ ਦੀ ।
ਧਾਰੋ ਨੀਤ ਵੈਰੀਆਂ ਦਾ ਲਹੂ ਪੀਣ ਦੀ ।
'ਜਾਨ ਨਾ ਪਿਆਰੀ' ਮੂੰਹੋਂ ਬੋਲੋ ਗੱਜ ਕੇ ।
ਬਣੀ ਸਿਰ ਸ਼ੇਰਾਂ ਦੇ, ਕੀ ਜਾਣਾ ਭੱਜ ਕੇ ।

ਪਿਛਲੀ ਕਲੰਕੀ ਸਾਰੀ ਚੁੱਕੀ ਜਾਊਗੀ ।
ਹੋਊਗੀ ਆਜ਼ਾਦੀ, ਨਸਲ ਸੁੱਖ ਪਾਊਗੀ ।
'ਬੰਦੇ ਮਾਤਰਮ' ਸਾਰੇ ਬੋਲੋ ਗੱਜ ਕੇ ।
ਬਣੀ ਸਿਰ ਸ਼ੇਰਾਂ ਦੇ, ਕੀ ਜਾਣਾ ਭੱਜ ਕੇ ।

2. ਸੱਚੀ ਪੁਕਾਰ

ਸਾਰੀ ਖ਼ਲਕ ਖ਼ੁਦਾਇ ਬੇਦਾਰ ਬੈਠੀ, ਸੁੱਤਾ ਜਾਗਦਾ ਤੂੰ ਹਿੰਦੋਸਤਾਨ ਕਿਉਂ ਨੀ ।
ਪਾਟੇ ਕਪੜੇ ਜਿਸਮ ਕਮਜ਼ੋਰ ਹੋਇਆ, ਜੁਸੇ ਜੋਸ਼ ਤੇ ਜਿਗਰ ਦਾ ਤਾਣ ਕਿਉਂ ਨੀ ।
ਕਾਲਾ ਚੋਰ ਆਖੇ ਸਾਰਾ ਜਗ ਸਾਨੂੰ, ਸੁਖੀ ਵਸਦੀ ਤੇਰੀ ਸੰਤਾਨ ਕਿਉਂ ਨੀ ।
ਨਾ ਓਹ ਰੰਗ ਤੇਰਾ ਨਾ ਓਹ ਰੂਪ ਤੇਰਾ, ਨਾ ਉਹ ਸ਼ਾਨ ਤੇ ਨਾਲੇ ਗੁਮਾਨ ਕਿਉਂ ਨੀ ।
ਨਾ ਓਹ ਇਲਮ ਅਖ਼ਲਾਕ ਨਾ ਧਨ ਦੌਲਤ, ਰਾਜ ਯੋਗ ਤੇ ਧਰਮ ਦਾ ਗਿਆਨ ਕਿਉਂ ਨੀ ।
ਕਾਲੀ ਦਾਸ ਪੰਡਤ ਰਾਜਾ ਭੋਜ ਧਰਮੀ, ਅਰਜਨ ਭੀਮ ਜੈਸੇ ਬਲਵਾਨ ਕਿਉਂ ਨੀ ।
ਨਾ ਇਹ ਹਿੰਦ ਵਾਸੀ ਹਿੰਦੂ ਜੀਂਵਦੇ ਨੇ, ਬੱਚੇ ਗ਼ਾਜ਼ੀਆਂ ਦੇ ਮੁਸਲਮਾਨ ਕਿਉਂ ਨੀ ।
ਜ਼ਾਲਮ ਦੋਹਾਂ ਨੂੰ ਖਾ ਗਿਆ ਪਾੜ ਯਾਰੋ, ਅੰਦਰ ਜ਼ੈਹਰ ਬਣ ਕੇ ਲੈਂਦੇ ਜਾਨ ਕਿਉਂ ਨੀ ।
ਹੁੰਦਾ ਕੈਹਰ ਤੇ ਗ਼ਜ਼ਬ ਦਾ ਜ਼ੁਲਮ ਸਿਰ ਤੇ, ਸਿੱਖੇ ਆਪਣਾ ਵਾਰ ਚਲਾਣ ਕਿਉਂ ਨੀ ।
ਕੁਲੀ ਕੁਲੀ ਪੁਕਾਰਦਾ ਜਗ ਸਾਨੂੰ, ਸਾਡਾ ਝੂਲਦਾ ਕਿਤੇ ਨਿਸ਼ਾਨ ਕਿਉਂ ਨੀ ।
ਲਖਾਂ ਆਣ ਮੁਸੀਬਤਾਂ ਪੇਸ਼ ਪਈਆਂ, ਚਿਤ ਅਸਾਂ ਦੇ ਜ਼ਰਾ ਘਬਰਾਨ ਕਿਉਂ ਨੀ ।
ਸਾਨੂੰ ਜਾਪਦਾ ਹੈ ਅਸੀਂ ਗਏ ਗੁਜ਼ਰੇ, ਸਾਰੇ ਜਗ ਅੰਦਰ ਸਾਡਾ ਮਾਨ ਕਿਉਂ ਨੀ ।
ਮੁਢੋਂ ਪਿਆ ਗ਼ੁਲਾਮੀ ਦਾ ਤੌਕ ਸਾਨੂੰ, ਸੁਪਨੇ ਵਿਚ ਅਜ਼ਾਦੀ ਦਾ ਧਿਆਨ ਕਿਉਂ ਨੀ ।
ਕਿਕੂੰ ਬਚਾਂਗੇ ਸਦਾ ਗ਼ੁਲਾਮ ਰੈਹ ਕੇ, ਸਾਨੂੰ ਰਾਜਨੀਤੀ ਵਾਲਾ ਗਿਆਨ ਕਿਉਂ ਨੀ ।
ਜਿਧਰ ਜਾਂਵਦੇ ਮਾਰ ਦੁਰਕਾਰ ਪੈਂਦੀ, ਕੋਈ ਅਸਾਂ ਉੱਤੇ ਮੇਹਰਬਾਨ ਕਿਉਂ ਨੀ ।
ਮੰਜ਼ਲ ਦੂਰ ਤੇ ਚਾਲ ਮਸਤਾਨਿਆਂ ਦੀ, ਅੱਠੇ ਪੈਹਰ ਹੁੰਦੇ ਗਲਤਾਨ ਕਿਉਂ ਨੀ ।
ਸੁਕਾ ਖ਼ੂਨ ਬਾਕੀ ਪਿਆ ਪਿੰਜਰਾ ਜੇ, ਜਾਕੇ ਫੂਕਦੇ ਵਿਚ ਸ਼ਮਸ਼ਾਨ ਕਿਉਂ ਨੀ ।
ਲਗੀ ਅੱਗ ਤੇ ਜਲੇ ਘਰ ਬਾਰ ਸਾਡਾ, ਉਠਦੇ ਉਸ ਨੂੰ ਅਸੀਂ ਬੁਝਾਨ ਕਿਉਂ ਨੀ ।
ਧਰਤੀ ਵੇਹਲ ਨਾ ਦੇਵੰਦੀ ਗਰਕ ਜਾਈਏ, ਬਿਜਲੀ ਸੁਟਦਾ ਕਿਧਰੋਂ ਅਸਮਾਨ ਕਿਉਂ ਨੀ ।
ਏਸ ਜ਼ਿੰਦਗੀ ਤੋਂ ਸਾਨੂੰ ਮਰਨ ਚੰਗਾ, ਮੌਤ ਕਢਦੀ ਅਸਾਂ ਦੀ ਜਾਨ ਕਿਉਂ ਨੀ ।
ਐਵੇਂ ਵਾਂਗ ਦਿਵਾਨਿਆਂ ਪਏ ਫਿਰਦੇ, ਲਾਉਂਦੇ ਉਠ ਕੇ ਆਪਣਾ ਤਾਨ ਕਿਉਂ ਨੀ ।
ਜਬੀ ਬਾਨ ਲਾਗੇ ਤਬੀ ਰੋਸ ਜਾਗੇ, ਪਰ ਸੀਨੇ ਵਜਦੇ ਅਸਾਂ ਦੇ ਬਾਨ ਕਿਉਂ ਨੀ ।
ਢਾਈ ਟੋਟਰੂ ਖਾ ਗਏ ਖੇਤ ਸਾਡਾ, ਹਿੰਦੋਸਤਾਨ ਦਾ ਕੋਈ ਕਰਸਾਨ ਕਿਉਂ ਨੀ ।
ਬਚੇ ਤੜਫਦੇ ਵਿਦਿਆ ਬਾਝ ਸਾਡੇ, ਕਾਲਜ ਖੁਲਦੇ ਸਦਾ ਵਗਿਆਨ ਕਿਉਂ ਨੀ ।
ਸਾਰਾ ਜਗ ਰੋਸ਼ਨ ਦਿਨ ਰਾਤ ਰੋਸ਼ਨ, ਸਾਡੇ ਜਿਹਾ ਕਿਧਰੇ ਸੁਨ ਸਾਨ ਕਿਉਂ ਨੀ ।
ਜੇ ਕਰ ਸੂਰਮੇ ਅਸੀਂ ਬਲਵਾਨ ਬਨੀਏ, ਖੇਲਨ ਵਾਸਤੇ ਭਲਾ ਮੈਦਾਨ ਕਿਉਂ ਨੀ ।
ਜੇ ਕਰ ਅਸੀਂ ਪਤੰਗ ਦਾ ਰੂਪ ਹੋਈਏ, ਸਾਡਾ ਮੁਲਕ ਯਾਰੋ ਸ਼ਮਾਂਦਾਨ ਕਿਉਂ ਨੀ ।
ਜੇਕਰ ਮਾਪਿਆਂ ਨੂੰ ਪੁਤਰ ਹੈਨ ਪਿਆਰੇ, ਭਾਰਤ ਵਰਸ਼ ਦੀ ਅਸੀਂ ਸੰਤਾਨ ਕਿਉਂ ਨੀ ।
ਜੇਕਰ ਕੰਵਲ ਵਰਗੀ ਸਾਡੀ ਜ਼ਿੰਦਗੀ ਹੈ, ਸੂਰਜ ਵਾਂਗ ਰੋਸ਼ਨ ਹਿੰਦੋਸਤਾਨ ਕਿਉਂ ਨੀ ।
ਲਖਾਂ ਵਿਚ ਸਾਡੇ ਦਗ਼ਾਬਾਜ਼ ਫਿਰਦੇ, ਮਾਰਨ ਕੌਮ, ਮਰਦੇ ਬੇਈਮਾਨ ਕਿਉਂ ਨੀ ।
ਭਾਰਤ ਵਰਸ਼ ਦੇ ਬੀਰ ਬਲਵਾਨ ਬੱਚੇ, ਮਿਸਟ੍ਰ ਤਿਲਕ ਵਰਗੇ ਬੇਗੁਮਾਨ ਕਿਉਂ ਨੀ ।
ਰਿਸ਼ੀ ਆਰਬਿੰਦੋ ਜੰਗਲ ਮੱਲ ਬੈਠੇ, ਹੀਰਾ ਚਮਕਦਾ ਨੂਰ ਇਨਸਾਨ ਕਿਉਂ ਨੀ ।
'ਹਰਦਿਆਲ' ਜਿਥੇ ਹਰਦਿਯਾਲ ਹੋਇਆ, ਪਿਆਰਾ ਯਾਰ 'ਅਜੀਤ' ਕੁਰਬਾਨ ਕਿਉਂ ਨੀ ।
ਸਮਾਂ ਆਵਸੀ ਅੱਖੀਆਂ ਵੇਖ ਲੈਸਨ, ਭਾਰਤ ਏਨ੍ਹਾਂ ਨੂੰ ਕਰੂ ਪਰਵਾਨ ਕਿਉਂ ਨੀ ।
ਜਿਨ੍ਹਾਂ ਵਿਚ ਮੁਸੀਬਤਾਂ ਉਮਰ ਗਾਲੀ, ਬਦਲਾ ਦੇਵੰਦਾ ਤੁਰਤ 'ਭਗਵਾਨ' ਕਿਉਂ ਨੀ ।
ਖੰਡਾ ਸਾਰ ਦਾ ਅਸਾਂ ਤੋਂ ਲੋਪ ਹੋਇਆ, ਬਿਜਲੀ ਲਸ਼ਕਦੀ ਹਥ ਕਰਪਾਨ ਕਿਉਂ ਨੀ ।
ਉਠੋ ਸ਼ੇਰ ਮਰਦੋ ਵੇਲਾ ਸੌਣ ਦਾ ਨਹੀਂ, ਜਾ ਕੇ ਦੇਖਦੇ ਕੁਲ ਜਹਾਨ ਕਿਉਂ ਨੀ ।
ਬੰਦਰ ਬਾਂਟ ਕਰਦਾ ਜ਼ਾਲਮ ਨਾਲ ਸਾਡੇ, ਬੇਈਮਾਨ ਦੀ ਕਢਦੇ ਜਾਨ ਕਿਉਂ ਨੀ ।
ਟਰਕੀ ਅਤੇ ਈਰਾਨ ਨੂੰ ਹਜ਼ਮ ਕੀਤਾ, ਸਮਝੇ ਹਿੰਦ ਵਾਸੀ ਮੁਸਲਮਾਨ ਕਿਉਂ ਨੀ ।
ਬੱਚਾ ਕਲ੍ਹ ਦਾ ਚੀਨ ਹੁਣ ਮਰਨ ਲੱਗਾ, ਸੁਤਾ ਜਾਗਦਾ ਸ਼ੇਰ ਜਾਪਾਨ ਕਿਉਂ ਨੀ ।
ਮੇਰੇ ਬਾਪ ਬਜ਼ੁਰਗ ਦੇ ਖ਼ੂਨ ਜਿਗਰੋ, ਮਿਲੋ ਜਲਦ ਤਾਂ ਮਰੂ ਸ਼ੈਤਾਨ ਕਿਉਂ ਨੀ ।
ਕਰੋ ਆਪ ਹਿੰਮਤ ਕੰਮ ਸੌਰ ਜਾਸੀ, ਪਰੀਤਮ ਪਿਆਰ ਪਾਕੇ ਦਿੰਦਾ ਜਾਨ ਕਿਉਂ ਨੀ ।

(ਲੇਖਕ ਪਰੀਤਮ ਜੀ, 30 ਦਸੰਬਰ 1914)

3. ਡੇਉਢਾਂ

ਇਹ ਮੌਕਾ ਹੈ ਗ਼ਦਰ ਕਰਨ ਦਾ, ਇਸ ਤੇ ਹੋਰ ਨਾ ਲੋੜੋ, ਸੁਸਤੀ ਛੋੜੋ ।
ਵਿਚ ਸ਼ਕੰਜੇ ਜ਼ਾਲਮ ਫਸਿਆ ਹੁਣ, ਇਸ ਦਾ ਸਿਰ ਤੋੜੋ, ਖੋਪੜੀ ਫੋੜੋ ।
ਸ਼ੇਰ ਵਾਂਗ ਗਜ ਇਨ੍ਹਾਂ ਦੀ ਗਰਦਨ, ਪਕੜ ਮਰੋੜੋ, ਲਹੂ ਨਿਚੋੜੋ ।
ਲੈ ਕੇ ਸ਼ਸ਼ਤਰ ਰਣਭੂਮੀ ਵਿਚ ਆਵੋ, ਜੇ ਕੁਝ ਲੋੜੋ, ਪਿੱਠ ਨਾ ਮੋੜੋ ।

ਉਠੋ ਸ਼ੇਰੋ ਦੁਸ਼ਮਨ ਦੇ ਘਰ ਹੋਵਨ, ਵੈਣ ਸਿਆਪੇ, ਆਪੇ ਧਾਪੇ ।
ਭਾਈਆਂ ਨਾਲੋਂ ਭਾਈ ਬਿਛੋੜੋ, ਜੋੜੇ ਕਰੋ ਕਲਾਪੇ, ਦੁਖ ਬਿਆਪੇ ।
ਇਕ ਇਕ ਘਰ ਦੇ ਨੌ ਨੌ ਮਾਰੋ, ਬੈਠੇ ਰੋਵਨ ਮਾਪੇ, ਵਿਚ ਬੁਢਾਪੇ ।
ਮਜ਼ਾ ਹਿੰਦ ਪਰ ਜ਼ੁਲਮ ਕਰਨ ਦਾ, ਫਿਰ ਜ਼ਾਲਮ ਨੂੰ ਜਾਪੇ, ਹਟਸੀ ਆਪੇ ।

ਦਿਸਦੇ ਸ਼ੇਰਾਂ ਵਾਂਗ ਗਭਰੂ ਚਲੋ, ਦਿਖਾਓ ਜੁਆਨੀ, ਵਿਚ ਮਦਾਨੀ ।
ਹਿੰਦੋਸਤਾਨ ਆਜ਼ਾਦ ਕਰ ਲਿਆ, ਜਾਂ ਕੀਤੀ ਕੁਰਬਾਨੀ, ਦਿਲ ਵਿਚ ਠਾਨੀ ।
ਹਿੰਦੀ ਬਨੇ ਸਪੂਤ ਮਾਤ ਦੇ, ਬਨ ਗਏ ਯੂਰਪ ਸਾਨੀ, ਛੋੜ ਨਦਾਨੀ ।
ਦੋਹੀਂ ਪਾਸੀਂ ਲੋਭ ਦਿਸ ਰਿਹਾ, ਇਸ ਵਿਚ ਮਾਰੇ ਭਾਨੀ, ਤੁਖਮ ਸਤਾਨੀ ।

ਸਖ਼ਤ ਗਿਰ ਗਿਆ ਜੀਵਨ ਸਾਡਾ, ਇਸ ਤੋਂ ਚੰਗਾ ਮਰਨਾ, ਦੁਖ ਨਹੀਂ ਕਰਨਾ ।
ਦੇ ਦੇ ਧਮਕੀ ਰਿਹਾ ਡਰਾ ਹੁਣ, ਇਸ ਤੇ ਨਹੀਂ ਡਰਨਾ, ਥਰ ਥਰ ਕਰਨਾ ।
ਕਾਇਰਾਂ ਵਾਂਗ ਪਿਠ ਨਾ ਦੇਣਾ, ਪੈਰ ਅਗੇ ਨੂੰ ਧਰਨਾ, ਮੂਲ ਨਾ ਡਰਨਾ ।
ਬਾਝ ਗ਼ਦਰ ਦੇ ਸਾਡਾ ਯਾਰੋ, ਬਿਲਕੁਲ ਕਾਜ ਨਾ ਸਰਨਾ, ਪੈਸੀ ਕਰਨਾ ।

(ਇਕ ਗ਼ਦਰ ਦਾ ਸਿਪਾਹੀ, ੮ ਨਵੰਬਰ 1੯1੬)

4. ਸ਼ਮਸ਼ੇਰ ਬਾਝੋਂ

ਮਿੰਨਤਾਂ ਕਰ ਕਰ ਥਕ ਗਏ, ਪਰ ਮਿਲਿਆ ਸਾਨੂੰ ਰਾਜ ਨਹੀਂ ।
ਮੁਲਕ ਅਸਾਡਾ ਲੁੱਟ ਲਿਆ, ਪਰ ਦਿਤਾ ਅਜੇ ਵਿਆਜ਼ ਨਹੀਂ ।
ਤਖਤੋਂ ਡਿਗ ਜ਼ਿਮੀਂ ਤੇ ਆਏ, ਅਜੇ ਭੀ ਠੀਕ ਮਿਜਾਜ ਨਹੀਂ ।
ਸਬ ਕੌਮਾਂ ਦੇ ਮੁਲਕ ਆਪਨੇ, ਸਾਡੇ ਵਾਂਗ ਮੁਹਤਾਜ ਨਹੀਂ ।
ਸੁੰਦਰ ਮੁਲਕ ਅਸਾਡਾ ਸਾਗਰ, ਐਪਰ ਰੇਲ ਜਹਾਜ ਨਹੀਂ ।
ਕੁਲੀ ਕੁਲੀ ਆਖੇ ਜਗ ਸਾਨੂੰ, ਸਾਡੇ ਸਿਰ ਪਰ ਤਾਜ ਨਹੀਂ ।
ਖਾਨ ਰਾਇ ਸਬ ਦੱਲੇ ਹੋ ਗਏ, ਇਕ ਭੀ ਪਿਰਥੀ ਰਾਜ ਨਹੀਂ ।
ਅਸੀਂ ਸਮਝਿਆ ਯਾਰ ਫਰੰਗੀ, ਖੁਲਿਆ ਇਸ ਦਾ ਪਾਜ ਨਹੀਂ ।
ਝੂਠੇ ਅਹਿਦ ਹਜ਼ਾਰਾਂ ਕੀਤੇ, ਇਕ ਭੀ ਕੀਤਾ ਕਾਜ ਨਹੀਂ ।
ਭੁਖੇ ਮਰਨ ਗਰੀਬ ਕਰੋੜਾਂ, ਏਸ ਮੱਕਾਰ ਨੂੰ ਖਾਜ ਨਹੀਂ ।
ਮਰ ਗਈ ਕੌਮ ਨਾ ਜਾਗੇ ਹੁਣ ਵੀ, ਮਹਾਰਾਜ ਅਧੀਰਾਜ ਨਹੀਂ ।
ਚਿੜੀਆਂ ਵਾਂਗ ਫਰੰਗੀ ਪਾਸੋਂ, ਡਰ ਦੇ ਬਨ ਦੇ ਬਾਜ ਨਹੀਂ ।
ਸਦਕੇ ਜਾਨ ਵਤਨ ਦੀ ਖਾਤਰ, ਸਾਡੇ ਪਿਯਾ ਰਿਵਾਜ ਨਹੀਂ ।
ਵਤਨ ਗ਼ੁਲਾਮ ਅਸਾਡਾ ਯਾਰੋ, ਉਸ ਦੀ ਸਾਨੂੰ ਲਾਜ ਨਹੀਂ ।
ਨੱਕ ਨਕੇਲ ਪੁਵਾਈ ਫਿਰਦੇ, ਕਰਦੇ ਕਿਉਂ ਇਤਰਾਜ਼ ਨਹੀਂ ।
ਇਸ ਬਦਜਾਤ ਫਰੰਗੀ ਦਾ ਸਿਰ, ਭੰਨ ਦੇ ਵਾਂਗ ਪਿਆਜ਼ ਨਹੀਂ ।
ਖ਼ਲਕਤ ਦੇਖ ਹੈਰਾਨ ਅਸਾਂ ਨੂੰ, ਦਿਸਦਾ ਠਾਠੋ ਬਾਜ ਨਹੀਂ ।
ਬੜੀ ਕੌਮ ਮਸ਼ਹੂਰ ਫਿਲਾਸਫਰ, ਦੁਸ਼ਮਨ ਦਿੰਦੇ ਭਾਜ ਨਹੀਂ ।
ਤੁਸੀਂ ਸਮਝਦੇ ਬਹੁਤ ਉਚੇਰਾ, ਇਸ ਜੈਸਾ ਕਮਤ੍ਰਾਜ਼ ਨਹੀਂ ।
'ਪਰੀਤਮ' ਬਾਝ ਗ਼ਦਰ ਦੇ ਕੋਈ, ਦਿਸਦਾ ਹੋਰ ਇਲਾਜ ਨਹੀਂ ।

(ਪਰੀਤਮ, 1੯ ਅਪ੍ਰੈਲ, 1੯1੬)

5. ਹਿੰਦੀ ਸ਼ਹੀਦਾਂ ਦਾ ਆਖਰੀ ਸੰਦੇਸਾ

ਹਿੰਦੋਸਤਾਨੀਓ ਰਖਣਾਂ ਯਾਦ ਸਾਨੂੰ, ਕਿਤੇ ਦਿਲ ਤੋਂ ਨਹੀਂ ਭੁਲਾ ਜਾਣਾ ।
ਖਾਤਰ ਵਤਨ ਦੀ ਚੜ੍ਹੇ ਹਾਂ ਫਾਂਸੀਆਂ ਤੇ, ਦੇਖ ਅਸਾਂ ਨੂੰ ਨਹੀਂ ਘਬਰਾ ਜਾਣਾ ।
ਮੌਤ ਅਸਾਂ ਦੀ ਜ਼ਿੰਦਗੀ ਕੌਮ ਦੀ ਹੈ, ਫ਼ਰਜ਼ ਆਪਣਾ ਅਸੀਂ ਨਿਭਾ ਜਾਣਾ ।
ਸਾਡੀ ਯਾਦ ਨੇ ਵਤਨ ਸਪੁਤਰਾਂ ਨੂੰ, ਇਸ਼ਕ ਵਤਨ ਦਾ ਅੰਤ ਨੂੰ ਲਾ ਜਾਣਾ ।
ਸਾਡਾ ਜਿਸਮ ਇਹ ਵਤਨ ਦੀ ਖ਼ਾਕ ਪਿਯਾਰੀ, ਇਸਨੂੰ ਵਤਨ ਦੇ ਵਿਚ ਮਿਲਾ ਜਾਣਾ ।
ਕੁਛ ਮਰ ਗਏ ਹਾਂ ਕੁਛ ਜੇਹਲ ਚਲੇ, ਪਿਛੋਂ ਤੁਸਾਂ ਨਾ ਮੁਖ ਪਰਤਾ ਜਾਣਾ ।
ਕਦੇ ਦੇਖ ਸ਼ਹੀਦਾਂ ਦੀ ਕਬਰ ਵੱਲੇ, ਦੋ ਦੋ ਫੁਲ ਪ੍ਰੇਮ ਦੇ ਪਾ ਜਾਣਾ ।
ਚਿਤ ਰਹੇ ਅਡੋਲ ਨਾ ਡੋਲ ਜਾਵੇ, ਨੀਰ ਅੱਖੀਆਂ ਤੋਂ ਨਾ ਬਹਾ ਜਾਣਾ ।
ਦੇਸ਼ ਵਾਸੀਓ ਚਮਕਿਓ ਚੰਦ ਵਾਂਗੂੰ, ਕਿਤੇ ਬਦਲੀਆਂ ਹੇਠ ਨਾ ਆ ਜਾਣਾ ।
ਬਣਕੇ ਫੁਲ ਆਜ਼ਾਦੀ ਦਾ ਟਹਿਕ ਪੈਣਾ, ਜ਼ੁਲਮ ਨਾਲ ਨਾ ਕਿਤੇ ਕੁਮਲਾ ਜਾਣਾ ।
ਦਿਤਾ ਪਾੜ ਸਾਨੂੰ ਕੌਮੀ ਦੁਸ਼ਮਣਾਂ ਨੇ, ਮੁਲਕ ਵਾਸਤੇ ਮਿਲ ਮਿਲਾ ਜਾਣਾ ।
ਜੇੜ੍ਹੀ ਜ਼ੁਲਮ ਤੋਂ ਹੋਈ ਏ ਅੱਗ ਪੈਦਾ, ਇਸ ਨੂੰ ਹੋਰ ਭੀ ਜ਼ਰਾ ਚਮਕਾ ਜਾਣਾ ।
ਬੁਰੀ ਮੌਤ ਮਰਿਓ ਨਾ ਬੀਮਾਰ ਹੋ ਕੇ, ਬਣ ਕੇ ਮਰਦ ਮੈਦਾਨ ਤਪਾ ਜਾਣਾ ।
ਵਤਨ ਸੇਵਕਾਂ ਨੂੰ ਮੰਦਾ ਬੋਲਿਓ ਨਾ, ਕਿਤੇ ਦੇਖਨਾ ਦਿਲ ਦੁਖਾ ਜਾਣਾ ।
ਮੂਲਾ ਸਿੰਘ, ਨਵਾਬ ਤੇ ਅਮਰ ਵਾਂਗੂੰ, ਦੀਨਾ ਨਾਥ ਨਾ ਕਿਸੇ ਕਹਾ ਜਾਣਾ ।
ਪਹਿਲੇ ਸਮਝ ਲੈਣਾ ਰਸਤਾ ਕਠਨ ਯਾਰੋ, ਮੁਸ਼ਕਿਲ ਦੇਖ ਕੇ ਨਾ ਥਰ ਥਰਾ ਜਾਣਾ ।
ਪੁੱਤਰ ਸ਼ੇਰਾਂ ਦੇ ਗੱਜਿਓ ਸ਼ੇਰ ਵਾਂਗੂੰ, ਗਿਦੜ ਵਾਂਗ ਨਾ ਦੁੰਬ ਦਬਾ ਜਾਣਾ ।
ਦੁਸ਼ਮਨ ਅਸਾਂ ਦਾ ਬਹੁਤ ਬਦਮਾਸ਼ ਜ਼ਾਲਮ, ਧੋਖਾ ਏਸ ਦਾ ਤੁਸਾਂ ਨਾ ਖਾ ਜਾਣਾ ।
ਸਾਰੇ ਜਗ ਤੋਂ ਬੁਰਾ ਮਕਾਰ ਝੂਠਾ, ਖ਼ਬਰਦਾਰ ਹੋ ਵਾਰ ਬਚਾ ਜਾਣਾ ।
ਜੇਹਲਾਂ ਹੈਨ ਕਾਲਜ ਵਤਨ-ਸੇਵਕਾਂ ਦੇ, ਇਥੇ ਆਪਣਾ ਨਾਮ ਲਿਖਾ ਜਾਣਾ ।
ਸੰਨਦ ਮਿਲੇ ਫਾਂਸੀ ਇਸ ਸਕੂਲ ਵਿਚੋਂ, ਇਥੋਂ ਪਾਸ ਹੋਇਆ ਕੀ ਖਤਾ ਜਾਣਾ ।
ਹੁੰਦੇ ਫੇਲ ਬੌਹਤੇ ਐਪਰ ਪਾਸ ਥੋੜ੍ਹੇ, ਵਤਨ ਵਾਲੀਓ ਚਿਤ ਨਾ ਚਾ ਜਾਣਾ ।
ਹਿੰਦੋਸਤਾਨ ਸਾਡਾ ਅਸੀਂ ਹਿੰਦ ਵਾਸੀ, ਸਬਕ ਬੱਚਿਆਂ ਨੂੰ ਇਹ ਸਿਖਾ ਜਾਣਾ ।
ਪਿਆਰੇ 'ਪਰੀਤਮਾ' ਚਲੇ ਹਾਂ ਅਸੀਂ ਜਿਥੇ, ਏਸੇ ਰਾਸਤੇ ਤੁਸਾਂ ਭੀ ਆ ਜਾਣਾ ।

(ਪਰੀਤਮ, 2੯ ਮਾਰਚ 1੯1੫)

6. ਗ਼ਦਰੀਆਂ ਦੇ ਕੰਮ ਅਤੇ ਗੁਣ

ਤਾਰੀਖ ਦਸਿਆ ਜਗਤ ਹੈ ਪਿਛਾਂ ਖਿਚੂ, ਮੋਹਰੇ ਜਾਂਵਦੇ ਇਕ ਸੰਤੋੜ ਗ਼ਦਰੀ ।
ਭਰਮ ਭੰਡ ਅਗਯਾਨਤਾ ਦਰੜ ਸੁਟਣ, ਛੱਡਣ ਜ਼ੁਲਮ ਦੀ ਘੰਡ ਮਰੋੜ ਗ਼ਦਰੀ ।
ਨਵੀਂ ਜ਼ਿੰਦਗੀ ਦੇਣ ਸਮਾਜ ਤਾਈਂ, ਸਮਝਣ ਕਰਨ ਜੋ ਸਮੇਂ ਦੀ ਲੋੜ ਗ਼ਦਰੀ ।
ਆਪ ਹੋਣ ਆਜ਼ਾਦ, ਛਡੌਣ ਖਾਤਰ, ਦਿੰਦੇ ਪਿੰਜਰੇ ਭੰਨ ਤਰੋੜ ਗ਼ਦਰੀ ।

7. ਗ਼ਦਰੀ ਦੀ ਦਿਰੜਤਾ ਅਤੇ ਤਾਕਤ

ਨਹੀਂ ਝਿਝਕ ਗੰਭੀਰ ਅਟੱਲ ਡਾਢਾ, ਵਧਦਾ ਵਲ ਨਸ਼ਾਨੇ ਦੇ ਜਾਏ ਗ਼ਦਰੀ ।
ਨਹੀਂ ਜਾਣਦਾ ਅਟਕ ਰੁਕਾਵਟਾਂ ਕੀ ? ਦੁਨੀਆਂ ਚੀਰ ਪਹਾੜ ਸਧਾਏ ਗ਼ਦਰੀ ।
ਲਖਾਂ ਦੈਂਤ ਫ਼ਰੌਨ ਤੇ ਪਾਦਸ਼ਾਹੀਆਂ, ਫੋਰੇ ਅਖ ਦੇ ਵਿਚ ਮਿਟਾਏ ਗ਼ਦਰੀ ।
ਜ਼ਾਰ ਕਿੰਗ ਸੁਲਤਾਨ ਤੇ ਸ਼ਾਹ ਕੈਜ਼ਰ, ਜਿਨ ਭੂਤ ਸ਼ੈਤਾਨ ਨਵਾਏ ਗ਼ਦਰੀ ।
ਰਾਜੇ ਖ਼ਾਨ ਅਮੀਰ ਨਵਾਬ ਢਾ ਕੇ, ਲੀਕਾਂ ਨਕ ਦੇ ਨਾਲ ਕਢਾਏ ਗ਼ਦਰੀ ।
ਸਿੱਕੇ ਬੰਦ ਕਰ ਝੰਡੀਆਂ ਪਾੜ ਸੁਟੇ, ਢਾਏ ਮਹਿਲ ਤੇ ਤਖ਼ਤ ਉਲਟਾਏ ਗ਼ਦਰੀ ।
ਅਰਸ਼ੋਂ ਲਾਹਕੇ ਭੋਏਂ ਪਟੱਕ ਮਾਰੇ, ਝਾੜੂ ਹੱਥ ਦੇ ਗਲੀ ਹੁੰਜਾਏ ਗ਼ਦਰੀ ।
ਮਾਣਸ ਖਾਣਿਆਂ ਤਾਈਂ ਅਜ਼ਾਦ ਕੇਵਲ, ਕੀਤੇ ਜ਼ੁਲਮ ਦਾ ਮਜ਼ਾ ਚਖਾਏ ਗ਼ਦਰੀ ।

8. ਹਿੰਦੋਸਤਾਨੀਓ ਵਿਖੜੇ ਪਏ ਫਿਰਦੇ

ਹਿੰਦੋਸਤਾਨੀਓ ਵਿਖੜੇ ਪਏ ਫਿਰਦੇ, ਝੁਗਾ ਅਸਾਂ ਵਾਲਾ ਪਿਆ ਪਟ ਹੋਵੇ ।
ਪਈ ਹਿੰਦ ਅੰਦਰ ਰਾਤ ਜ਼ੁਲਮ ਵਾਲੀ, ਦੁਨੀਆਂ ਵਿਚ ਸਾਰੇ ਲਟ ਲਟ ਹੋਵੇ ।
ਚੋਰਾਂ ਡਾਕੂਆਂ ਕਾਤਲਾਂ ਜ਼ੋਰ ਪਾਇਆ, ਹਿੰਦੀ ਬਿਨਾ ਕਸੂਰ ਤੋਂ ਫਟ ਹੋਵੇ ।
ਭੁਲ ਗਈ ਸੁਤੰਤਰਤਾ ਹਿੰਦੀਆਂ ਨੂੰ, ਕੁਟ ਖਾਂਮਦੇ ਜਿਉਂ ਪਈ ਰਟ ਹੋਵੇ ।
ਵਿਚ ਫ਼ਰਕ ਇਨਸਾਨ ਹਵਾਨ ਕੀ ਏ, ਚੁਕੀ ਫਿਰੇ ਗੁਲਾਮੀ ਦੀ ਛਟ ਹੋਵੇ ।
ਜਿੰਦ ਜਾਨ ਨੂੰ ਤੁਰਤ ਮਲੂਮ ਹੁੰਦਾ, ਜੇਕਰ ਵਜਦੀ ਜ਼ਰਾ ਕੁ ਸਟ ਹੋਵੇ ।
ਖੁਸੇ ਹਕ ਜਮਾਂਦਰੂ ਬਣੇ ਗੀਦੀ, ਜਿਧਰ ਜਾਂਮਦੇ ਹੋਂ ਪਈ ਫਟ ਹੋਵੇ ।
ਮਿਲੇ ਸ਼ਾਂਤੀ ਨਾਲ ਅਜ਼ਾਦੜੀ ਨਾ, ਰਕੜ ਵਿਚ ਜ਼ਮੀਨ ਜਿਉਂ ਜਟ ਹੋਵੇ ।
ਮਿਲੇ ਪੀਰ ਬਣਕੇ ਜੇ ਨਾ ਗੋਰਿਆਂ ਨੂੰ, ਨਹੀਂ ਜ਼ੁਲਮ ਫਰੰਗੀ ਦਾ ਘਟ ਹੋਵੇ ।
ਕਦੇ ਮੰਨਦੇ ਏਹ ਪਲੋਸਿਆਂ ਤੋਂ, ਜਿਚਰ ਨਾਲ ਸ਼ਮਸ਼ੇਰ ਨਾ ਕਟ ਹੋਵੇ ।
ਖ਼ੂਨ ਖਾਰ ਨੂੰ ਰਹਿਮ ਦੀ ਬਾਣ ਕਿਥੇ, ਪੀਂਦਾ ਖ਼ੂਨ ਜੇਹੜਾ ਗਟ ਗਟ ਹੋਵੇ ।
ਭੰਨੇ ਬਿਨਾ ਬਥਾੜ ਨਾ ਸੂਤ ਆਵੇ, ਜੇਹੜਾ ਵਿਚ ਹੰਕਾਰ ਦੇ ਢਟ ਹੋਵੇ ।
ਖੜਕੇ ਨਾਲ ਫਰੰਗੀਆਂ ਜ਼ਾਲਮਾਂ ਦੇ, ਗਲ ਏਸ ਹੀ ਤੋਂ ਖਟ ਖਟ ਹੋਵੇ ।
ਮਾਰੇ ਵੈਰੀਆਂ ਨੂੰ ਬਬਰ ਸ਼ੇਰ ਵਾਂਗੂੰ, ਬਾਜੀ ਪੌਣ ਵੇਲੇ ਜਿਵੇਂ ਨਟ ਹੋਵੇ ।
ਮਚਾ ਗ਼ਦਰ ਤੰਗ ਕਰੋ ਜ਼ਾਲਮਾਂ ਨੂੰ, ਜਿਧਰ ਜਾਣ ਪਟਕ ਪਟਕ ਹੋਵੇ ।
ਔਣ ਸੂਤ ਫਰੰਗੜੇ ਹਿੰਦ ਸੇਵਕ, ਜਦੋਂ ਚਾਰ ਚੁਫੇਰਿਓਂ ਲਟ ਲਟ ਹੋਵੇ ।

9. ਉਠੋ ਜਟੋ ਪੁਟੋ ਜੜ੍ਹ

ਉਠੋ ਜਟੋ ਪੁਟੋ ਜੜ੍ਹ ਜ਼ਾਲਮਾਂ ਫਰੰਗੀਆਂ ਦੀ,
ਮਿਲੂਗਾ ਜ਼ਰੂਰ ਫਲ ਕੀਤੀਓ ਕਮਾਈ ਦਾ ।
ਲੁਟੋ ਕੁਟੋ ਛੁਟੋ ਤਾਂ ਹੀ ਫਰੰਗੀਆਂ ਤੋਂ,
ਹੋਵੋ ਸਾਵਧਾਨ ਜਿਵੇਂ ਨਾਗ ਹਥ ਪਾਈ ਦਾ ।
ਸ਼ੁਰੂ ਕੰਮ ਜੁਟੋ ਘੁਟੋ ਗਲ ਜਾ ਫਰੰਗੀਆਂ ਦਾ,
ਬੋਲੀਏ ਨਾ ਬੁਟੋਂ ਕੰਮ ਕਰੀਏ ਸਫਾਈ ਦਾ ।
ਕਟੋ ਸਿਰ ਕਪੋ ਕਰੋ ਹਲਾ ਪਰ ਵੈਰੀਆਂ ਦੇ,
ਇਟ ਦੇ ਜਵਾਬ ਵਿਚ ਪਥਰ ਚਲਾਈ ਦਾ ।
ਜਿਥੇ ਆਵੇ ਹਥ ਤੇ ਪਟਕ ਮੂੰਹ ਤੇ ਵਟ ਮਾਰੋ,
ਫਰੰਗੀ ਦਾ ਇਲਾਜ ਨਹੀਂ ਸ਼ਾਂਤੀ ਪਾਈ ਦਾ ।
ਹਿੰਦ ਵਾਲੇ ਸੇਵਕਾ ਫਰੰਗੜੇ ਨਾ ਸੂਤ ਔਣਾ,
ਤੱਲਨੇ ਲਈ ਕੜਾਹਾ ਕਿਉਂ ਨਹੀਂ ਤਾਈ ਦਾ ।

10. ਕਦੇ ਮੰਗਿਆਂ ਮਿਲਨ ਆਜ਼ਾਦੀਆਂ ਨਾ, ਹੁੰਦੇ ਤਰਲਿਆਂ ਨਾਲ ਨਾ ਰਾਜ ਲੋਕੋ

ਖ਼ੁਸ਼ੀ ਖ਼ਲਕ ਖ਼ੁਦਾਇ ਦੀ ਵਸਦੀ ਏ, ਮੰਦਾ ਕੌਮ ਮੇਰੀ ਤੇਰਾ ਹਾਲ ਅੜੀਏ ।
ਪਾਟੇ ਕਪੜੇ ਜਿਸਮ ਕਮਜ਼ੋਰ ਹੋਇਆ, ਹੋਈਓਂ ਹਾਲ ਥੀਂ ਅਜ ਬੇਹਾਲ ਅੜੀਏ ।
ਦਗ਼ਾ ਦੇ ਗੁਲਾਮੀ ਨੇ ਫੰਦ ਲੀਤੀ, ਡਾਢਾ ਪਾਇਆ ਸਿਯਾਦ ਨੇ ਜਾਲ ਅੜੀਏ ।
ਫਾਕੇ ਕਟਨੀਏਂ ਦਿਨ ਰਾਤ ਬੈਠੀ, ਨਿਤ ਖਾਣ ਪਲੇਗ ਤੇ ਕਾਲ ਅੜੀਏ ।

ਸ਼ੀਸ਼ਾ ਅਕਲ ਤੇ ਸ਼ਕਲ ਦਾ ਸਾਫ਼ ਨਾਹੀਂ, ਨਹੀਂ ਦੇਸ਼ ਦਾ ਖ਼ਾਬ ਖ਼ਿਆਲ ਅੜੀਏ ।
ਸਾਥੀ ਲੰਘਦੇ ਨਜ਼ਰ ਨਾ ਅਉਣ ਤੈਨੂੰ, ਕੇਹੀ ਫੜੀ ਬੀਮਾਰਾਂ ਦੀ ਚਾਲ ਅੜੀਏ ।
ਜੁਸੇ ਜੋਸ਼ ਨੂੰ ਛਡਕੇ ਸ਼ਾਂਤ ਹੋਈਓਂ, ਭੁਲ ਗਏ ਤਲਵਾਰ ਤੇ ਢਾਲ ਅੜੀਏ ।
ਠੂਠਾ ਲਈ ਗ਼ਦਾਰਾਂ ਦੇ ਵਾਂਗ ਫਿਰਦੀ, ਦਰ ਦਰ ਕਰੇਂ ਆਜ਼ਾਦੀ ਸਵਾਲ ਅੜੀਏ ।

ਕਦੇ ਮੰਗਿਆਂ ਮਿਲਨ ਆਜ਼ਾਦੀਆਂ ਨਾ, ਹੁੰਦੇ ਤਰਲਿਆਂ ਨਾਲ ਨਾ ਰਾਜ ਲੋਕੋ ।
ਗੱਲਾਂ ਨਾਲ ਗ਼ੁਲਾਮੀ ਨਾ ਦੂਰ ਹੋਵੇ, ਸ਼ਾਂਤਮਈ ਨਾ ਕੋਈ ਇਲਾਜ ਲੋਕੋ ।
ਖਾਤਰ ਆਪਣੇ ਹਕ ਦੇ ਲੜਨ ਜੇਹੜੇ, ਸੌਰੇ ਉਨ੍ਹਾਂ ਦੇ ਜਗ ਤੇ ਕਾਜ ਲੋਕੋ ।
ਪਿਆਰੀ ਜਿਨ੍ਹਾਂ ਆਜ਼ਾਦੀ ਹੈ ਜਾਨ ਨਾਲੋਂ, ਕੌਮਾਂ ਉਹਨਾਂ ਹੀ ਸਿਰਾਂ ਤੇ ਤਾਜ ਲੋਕੋ ।

ਜਿੰਨਾ ਚਿਰ ਨਾ ਹੋਣਗੇ ਲਾਲ ਪੈਦਾ, ਉਨ੍ਹਾਂ ਬਾਝ ਸੇਵਾ ਕੋਈ ਕਾਰ ਨਾਹੀਂ ।
ਜਿੰਨਾ ਚਿਰ ਨਾ ਛੂਤ ਤੇ ਸ਼ਾਂਤ ਛੱਡੋਂ, ਸਿੱਖੋ ਤੋਪ ਬੰਦੂਕ ਦੇ ਵਾਰ ਨਾਹੀਂ ।
ਜਿੰਨਾ ਚਿਰ ਨਾ ਹੌਸਲਾ ਧਾਰ ਹੁੰਦੇ, ਇਟ ਚੁਕਦੇ ਨੂੰ ਪੱਥਰ ਮਾਰ ਨਾਹੀਂ ।
ਯਾਦ ਰਖਣੇ ਸੁਖ਼ਨ ਪਰਦੇਸੀਆਂ ਦੇ, ਕਦੇ ਹੋਵਣੀ ਸਾਡੀ ਛੁਟਕਾਰ ਨਾਹੀਂ ।

11. ਕੌਮ ਧ੍ਰੋਹੀ

ਕੌਮ ਧ੍ਰੋਹੀ ਹਲਕੇ ਕੁੱਤੇ, ਦਿੱਸਨ ਭੋਲੇ ਭਾਲੇ, ਅੰਦਰੋਂ ਕਾਲੇ ।
ਖੱਚਰ ਖਸਲਤ, ਮਾਰ ਦੁਮੂੰਹੇਂ, ਮਾਰਨ, ਡੱਸਣ, ਪਾਲੇ ਜੋ ਦੁਧ ਪਯਾਲੇ ।
ਹੁੱਬਲ ਵਤਨੀ ਪਰਦੇ ਅੰਦਰ, ਰੱਖਣ ਕਪਟੀ ਚਾਲੇ, ਖੁਫੀਆਂ ਵਾਲੇ ।
ਜਿਥੇ ਜਾਵਨ ਕਾਂਜੀ ਪਾਵਨ, ਵੈਰੀ ਸਦਾ ਸਮਾਲੇ, ਰੈਹਣ ਸੁਖਾਲੇ ।

ਗੈਰਤ, ਇਜ਼ਤ ਵੇਚ ਆਬਰੂ, ਵੇਚਣ ਦੇਸ਼ ਪਿਆਰੇ, ਕਰਨ ਗੁਜ਼ਾਰੇ ।
ਮਿੱਤਰ ਮਾਰਨ, ਦੋਸਤ ਪਾੜਨ, ਧੰਦੇ ਕਰਨ ਨਕਾਰੇ, ਕਰਮਾਂ ਮਾਰੇ ।
ਖ਼ੂਨ ਭਰੀ ਹੱਡੀ ਖਾਤਰ ਸਗ, ਜੀਭਾਂ ਲਟਕਨ, ਭਟਕਨ ਕੂੰਟਾਂ ਚਾਰੇ ।
ਦਰਦ ਹੀਨ ਪੱਥਰ ਦਿਲ ਸੀਨੇ, ਕਿਰਤਘਣੀ ਹਤਿਆਰੇ, ਭੋਂ ਤੋਂ ਭਾਰੇ ।

ਚਾਰ ਘੜੀ ਪਲ ਜੀਵਨ ਥੋੜਾ, ਜੰਮਨ ਕੀੜੇ ਕਾਲੇ, ਖੰਭਾਂ ਵਾਲੇ ।
ਦਿਲੋਂ ਕਮੀਨੇ ਮਤੋਂ ਹੀਨੇ, ਖੋਟੀ ਸੰਗਤ ਵਾਲੇ, ਪੈਣ ਕੁਚਾਲੇ ।
ਭੇਦ ਚੁਰਾਕੇ ਕੌਮ ਪ੍ਰਸਤਾਂ, ਦੇਣ ਦੁਸ਼ਮਣਾਂ ਹਾਲੇ, ਮਿਲਦੇ ਡਾਲੇ ।
ਆਖਰ ਮਰਦੇ ਮੌਤ ਕੁੱਤੇ ਦੀ, ਜਾਣ ਨਾ ਗ਼ੈਰਤ ਵਾਲੇ, ਅਰਥੀ ਨਾਲੇ ।

12. ਆਇਆ ਗ਼ਦਰ ਆਜ਼ਾਦ ਕਰਾਵਣੇ ਲਈ

ਆਹਾ ਮਾਸ ਸੁਹਾਵਣਾ ਅਜ ਚੜ੍ਹਿਆ, ਆਇਆ ਗ਼ਦਰ ਆਜ਼ਾਦ ਕਰਾਵਣੇ ਲਈ ।
ਭੈੜਾ ਲੱਗਾ ਗ਼ੁਲਾਮੀ ਦਾ ਦਾਗ਼ ਮਥੇ, ਲਹੂ ਡੋਲ ਕੇ ਸਾਫ ਕਰਾਵਣੇ ਲਈ ।
ਛਡ ਰੀਤ ਬੈਹ ਕੇ ਮਾਰ ਖਾਵਣੇ ਦੀ, ਹੱਥ ਸੂਰਿਆਂ ਵਾਂਗ ਦਖਾਵਣੇ ਲਈ ।
ਸੁੱਤੀ ਕੌਮ ਨੂੰ ਮੁਰਦਿਆਂ ਲੀਡਰਾਂ ਤੋਂ, ਖੋਹ ਕੇ ਜਾਨ ਇਕ ਵਾਰ ਫਿਰ ਪਾਵਣੇ ਲਈ ।
ਬਿਨਾਂ ਜੂਝਿਆਂ ਮਿਲਨ ਆਜ਼ਾਦੀਆਂ ਨਾ, ਔਣਾ ਰਾਸ ਬਿਨ ਤੇਗ ਸ਼ੈਤਾਨ ਕੀ ਏ ।
ਮਾਲਕ ਆਪਣੇ ਮੁਲਕ ਨਾ ਹੋਣ ਜੇੜ੍ਹੇ, ਜੀਊਣਾ ਉਨ੍ਹਾਂ ਦਾ ਏਸ ਜਹਾਨ ਕੀ ਏ ।

ਆ ਕੇ ਤੰਗ ਗ਼ੁਲਾਮੀ ਦੀ ਜ਼ਿੰਦਗੀ ਤੋਂ, ਗ਼ਦਰ ਸ਼ੇਰ ਆਖਰ ਜਨਮ ਧਾਰ ਲੀਤਾ ।
ਛਡ ਰਾਹ ਢਿਲਾ ਹਿੰਦੀ ਆਗੂਆਂ ਦਾ, ਰਸਤਾ ਗ਼ਦਰ ਦਾ ਕਰ ਅਖਤਯਾਰ ਲੀਤਾ ।
ਜੜਾਂ ਰਾਜ ਬਦੇਸ਼ੀ ਦੇ ਕੱਟਣੇ ਲਈ, ਗੱਜ ਵੱਜ ਫੜ ਤੇਜ਼ ਕਟਾਰ ਲੀਤਾ ।
ਨਿਕਲ ਖੇਤ ਅੰਦਰ ਵਾਂਗ ਸੂਰਮੇ ਦੇ, ਥਾਪੀ ਮਾਰ ਫਰੰਗ ਵੰਗਾਰ ਲੀਤਾ ।
ਦੁਨੀਆਂ ਕੰਬਦੀ ਏ ਗ਼ਦਰ ਨਾਮ ਕੋਲੋਂ, ਇਹਦੇ ਸਾਮ੍ਹਣੇ ਕੋਈ ਬਲਵਾਨ ਕੀ ਏ ।
ਕੂਚ ਗ਼ਦਰ ਦੀ ਫੌਜ ਦਾ ਜਦੋਂ ਹੋਇਆ, ਸੌਂਹੇ ਏਸ ਖੜ੍ਹਨਾ ਇੰਗਲਿਸਤਾਨ ਕੀ ਏ ।

13. ਬਿਨਾ ਗ਼ਦਰ ਨਾ ਮੁਲਕ ਆਜ਼ਾਦ ਹੁੰਦੇ, ਸਾਰੀ ਦੁਨੀਆਂ ਦੀ ਹਿਸਟਰੀ ਫੋਲ ਦੇਖੋ

ਹਿੰਦੋਸਤਾਨ ਦੇ ਗ਼ਦਰੀਓ ਉਠੋ ਜਲਦੀ, ਸੋਹਣਾ ਵਕਤ ਹੈ ਜੰਗ ਮਚਾਵਣੇ ਦਾ ।
ਸਮਾਂ ਬੀਤਿਆ ਹੱਥ ਮੁੜ ਨਹੀਂ ਔਂਦਾ, ਵੇਲਾ ਏਹੀ ਸ਼ਹੀਦੀਆਂ ਪਾਵਣੇ ਦਾ ।
ਕਾਲਾ ਦਾਗ਼ ਜੋ ਮੱਥੇ ਲਗਾ ਸਾਡੇ, ਮੌਕਾ ਆਗਿਆ ਏਸ ਨੂੰ ਲ੍ਹਾਵਣੇ ਦਾ ।
ਕਰ ਹੌਂਸਲਾ ਵਿਚ ਮਦਾਨ ਆਵੋ, ਵਕਤ ਗੀਤ ਆਜ਼ਾਦੀ ਦੇ ਗਾਵਣੇ ਦਾ ।
ਡਾਢ੍ਹਾ ਹਾਲ ਮੰਦਾ ਬੁੱਧੀ ਹੀਣ ਹੋਏ, ਤਾਹੀਂ ਮਰਦੇ ਨਾਲ ਬੀਮਾਰੀਆਂ ਦੇ ।
ਲੜਨ ਮਰਨ ਦੀ ਰੀਤ ਭੁਲਾ ਬੈਠੇ, ਠੇਡੇ ਖਾਮਦੇ ਹੋਂ ਪੂੰਜੀਦਾਰੀਆਂ ਦੇ ।

ਬੱਚੇ ਸੱਪਾਂ ਦੇ ਮਿੱਤ ਨਾ ਕਦੀ ਹੁੰਦੇ, ਦੁਧ ਪਾ ਕੇ ਕਾਸ ਨੂੰ ਪਾਲਦੇ ਹੋਂ ।
ਡੰਗ ਮਾਰਨੋ ਮੂਲ ਨਾ ਹਟੇ ਜ਼ਾਲਮ, ਜਕੜੇ ਵਿਚ ਗ਼ੁਲਾਮੀ ਦੇ ਜਾਲ ਦੇ ਹੋਂ ।
ਅਜੇ ਸੰਭਲੋ ਹੋਸ਼ ਦੇ ਵਿਚ ਆਵੋ, ਦੱਸੋ ਜ਼ਾਲਮਾਂ ਤੋਂ ਕੀ ਹੁਣ ਭਾਲਦੇ ਹੋਂ ।
ਉਮਰ ਜੇਹਲ ਤੋਂ ਫਾਂਸੀ ਲਟਕਾਏ ਕਿਰਤੀ, ਅਮੋਲਕ ਜਨਮ ਹੀਰਾ ਏਮੇ ਗਾਲਦੇ ਹੋਂ ।
ਜੇਕਰ ਉਹ ਇਨਸਾਨ ਤੇ ਅਸੀਂ ਭੀ ਹਾਂ, ਧੱਕੇ ਕਾਸਨੂੰ ਉਨ੍ਹਾਂ ਤੋਂ ਅਸੀਂ ਖਾਈਏ ।
ਸੀਗੇ ਸ਼ੇਰ ਭਰ ਗਧੇ ਦੀ ਛੱਟ ਪਾਈ, ਅੰਧ ਘੋਰ ਗ਼ੁਲਾਮੀ ਦਾ ਜਸ ਗਾਈਏ ।

ਸਾਡੇ ਵਿਚ ਦੀਮਾਗੜੇ ਅਕਲ ਹੁੰਦੀ, ਕਦੀ ਜ਼ਾਲਮਾਂ ਦੇ ਹੱਥ ਆਮਦੇ ਨਾ ।
ਅਕਲ ਆਪਣੀ ਨੂੰ ਜਿੰਦਾ ਲਾ ਪੱਕਾ, ਕੁੰਜੀ ਹੱਥ ਫਰੰਗ ਫੜਾਮਦੇ ਨਾ ।
ਹੋਸ਼ ਆਪਣੀ ਨੂੰ ਜੇ ਕਰ ਕੈਮ ਰਖਦੇ, ਸਾਰੇ ਜਗ ਵਿਚ ਠੋਕਰਾਂ ਖਾਮਦੇ ਨਾ ।
ਡੈਮ ਫੂਲ ਕੁਲੀ ਡਰਟੀ ਕੈਹਣ ਗੋਰੇ, ਮੋਹਰੇ ਇਨ੍ਹਾਂ ਦੇ ਦੁੰਬ ਹਲਾਮਦੇ ਨਾ ।
ਜੇ ਕਰ ਹੁਣ ਭੀ ਸੁਰਤ ਸੰਭਾਲ ਲਈਏ, ਹਿੰਦ ਰੱਖ ਲਈਏ ਇਨ੍ਹਾਂ ਜ਼ਾਲਮਾਂ ਤੋਂ ।
ਧੋਖੇ ਨਾਲ ਇਹ ਜੜ੍ਹਾਂ ਨੂੰ ਪੁਟਦੇ ਨੇ, ਬਚਣਾ ਹਿੰਦੀਓ ਦਗੇ ਦੇ ਆਲਮਾ ਤੋਂ ।

ਹਿੰਦੋਸਤਾਨ ਦੇ ਖ਼ੂਨ ਦੇ ਅਸੀਂ ਕਤਰੇ, ਭਾਰਤ ਮਾਤਾ ਨੂੰ ਅਸੀਂ ਅਜ਼ਾਦ ਕਰਨਾ ।
ਭਮੇਂ ਲੱਖ ਮੁਸੀਬਤਾਂ ਪੈਣ ਸਿਰ ਤੇ, ਹੋ ਕੇ ਬੀਰ ਜੋਧੇ ਹੈ ਅਬਾਦ ਕਰਨਾ ।
ਪਾਣੀ ਪਾਵਣਾਂ ਸੁੱਕਿਆਂ ਬੂਟਿਆਂ ਨੂੰ, ਰੱਤ ਬਹਾ ਕੇ ਫਲ ਸੁਵਾਦ ਕਰਨਾ ।
ਪਿਛਲੇ ਰਸਮ ਰਵਾਜ਼ ਭੁਲਾਏ ਜੇਹੜੇ, ਉਨ੍ਹਾਂ ਸਾਰਿਆਂ ਨੂੰ ਯਾਦ ਆਦ ਕਰਨਾ ।
ਬਿਨਾ ਗ਼ਦਰ ਨਾ ਮੁਲਕ ਆਜ਼ਾਦ ਹੁੰਦੇ, ਸਾਰੀ ਦੁਨੀਆਂ ਦੀ ਹਿਸਟਰੀ ਫੋਲ ਦੇਖੋ ।
ਸਮਾਂ ਨੰਘਦਾ ਜਾਮਦਾ 'ਜਾਚਕਾ' ਓਏ, ਜਾਗੋ ਹਿੰਦ ਵਾਸੀ ਅੱਖਾਂ ਖੋਲ ਦੇਖੋ ।

14. ਭਾਰਤ ਵਰਸ਼ ਦੇ ਨੌਜਵਾਨਾਂ ਦਾ ਫ਼ਰਜ਼

ਆਓ ਨਿਤਰੋ ਹਿੰਦ ਦੇ ਜਵਾਂ ਮਰਦੋ, ਸ਼ਾਂਤਮਈ ਤੋਂ ਹੁਣ ਕੀ ਭਾਲਦੇ ਹੋਂ ।
ਤਨ ਪਾਲ ਕੇ ਮੱਖਣਾਂ ਨਾਲ ਸੋਹਣਾ, ਸੁੱਟ ਮੁਰਦਿਆਂ ਵਾਂਗ ਕਿਓਂ ਗਾਲਦੇ ਹੋਂ ।
ਰੀਤ ਛਡ ਕੇ ਜੰਗ ਬਹਾਦਰੀ ਦੀ, ਮਰੋਂ ਨਾਲ ਪਲੇਗ ਤੇ ਕਾਲ ਦੇ ਹੋਂ ।
ਸੈਂਸ ਵਿੱਦਯਾ ਹੁਨਰ ਸਭ ਗਿਆ ਕਿੱਥੇ, ਜਕੜੇ ਵਿਚ ਫਰੰਗ ਦੇ ਜਾਲ ਦੇ ਹੋਂ ।
ਸ਼ਾਂਤਮਈ ਨੇ ਆ ਨਮਰਦ ਕੀਤੇ, ਰਹੀ ਰੱਤ ਨਾ ਹਰ ਜਵਾਨ ਅੰਦਰ ।
ਜਾਨਾਂ ਫਿਰਨ ਲਕੋਮਦੇ ਵਾਂਗ ਗੀਦੀ, ਰਹੀ ਅਣਖ ਨਾ ਹਿੰਦੋਸਤਾਨ ਅੰਦਰ ।

ਮੁਰਲੀ ਫੇਰ ਕੇ ਗਾਂਧੀ ਨੂੰ ਮਸਤ ਕੀਤਾ, ਧੋਖੇ ਨਾਲ ਇਹ ਹਿੰਦ ਨੂੰ ਲੁੱਟਦੇ ਨੇ ।
ਜਵਾਂ ਮਰਦ ਨੂੰ ਪਾ ਕੇ ਵਿਚ ਜੇਹਲੀਂ, ਝੋਲੀ ਚੁੱਕਾਂ ਮੋਹਰੇ ਹੱਡੀ ਸੁੱਟਦੇ ਨੇ ।
ਛਾਈ ਜ਼ੁਲਮ ਅੰਧੇਰੜੀ ਤਰਫ ਚੌਹੀਂ, ਯਾਰੋ ਹਿੰਦੀਆਂ ਨੂੰ ਕਿਮੇ ਕੁੱਟਦੇ ਨੇ ।
ਦਰਦਮੰਦ ਜੇ ਕੋਈ ਅੱਗੋਂ ਬੋਲਦਾ ਹੈ, ਝੱਟ ਓਸ ਦੇ ਗਲੇ ਨੂੰ ਘੁਟਦੇ ਨੇ ।
ਤਾਕਤ ਹਿੰਦ ਦੀ ਅਜ ਅਲੋਪ ਹੋਈ, ਸਤ ਰਿਹਾ ਨਾ ਵੇਦ ਕੁਰਾਨ ਅੰਦਰ ।
ਗਾਂਧੀ ਲੈਹਰ ਨੇ ਕੁਝ ਸੁਵਾਰਿਆ ਨਾ, ਰਹੀ ਅਣਖ ਨਾ ਹਿੰਦੋਸਤਾਨ ਅੰਦਰ ।

ਵਾਂਗ ਮੂਜੀਆਂ ਹੱਡ ਤੜੌਣ ਦੇਖੋ, ਲੜਨ ਮਰਨ ਨੂੰ ਹੁੰਦਾ ਤਿਆਰ ਕੋਈ ਨਾ ।
ਖ਼ੂਨ ਡੋਲਿਆ ਹਿੰਦ ਸਪੁਤਰਾਂ ਨੇ, ਮੋਹਰੇ ਹੋ ਵਡਾਂਮਦਾ ਭਾਰ ਕੋਈ ਨਾ ।
ਕੱਫਣ ਬੰਨ੍ਹ ਸੀਸ ਧਰ ਤਲੀ ਉਤੇ, ਸੂਰਾ ਗੱਜਦਾ ਰਣ ਵਿਚਕਾਰ ਕੋਈ ਨਾ ।
ਧਾਹਾਂ ਮਾਰ ਪੁਕਾਰਦੀ ਹਿੰਦ ਮਾਤਾ, ਆਖੇ ਅੱਜ ਲੈਂਦਾ ਮੇਰੀ ਸਾਰ ਕੋਈ ਨਾ ।
ਮੁਖ ਫੇਰਿਆ ਪੀਰਾਂ ਪਕੰਬਰਾਂ ਨੇ, ਪੈਦਾ ਹੋ ਗਿਆ ਅੱਜ ਸ਼ੈਤਾਨ ਅੰਦਰ ।
ਜ਼ੁਲਮ ਦੇਖ ਕੇ ਮੁਖ ਛਪੌਣ ਸਾਰੇ, ਰਹੀ ਅਣਖ ਨਾ ਹਿੰਦੋਸਤਾਨ ਅੰਦਰ ।

ਰਾਜ ਗੁਰੂ ਦੀ ਰੂਹ ਵੰਗਾਰ ਆਖੇ, ਤੁਸਾਂ ਹਿੰਦੀਓ ਢੇਰੀਆਂ ਢਾਈਆਂ ਕਿਓਂ ।
ਸੁਖਦੇਵ ਦੇ ਹਾਣੀਓਂ ਉਠੋ ਜਲਦੀ, ਫ਼ਰਜ਼ ਕਰੋ ਪੂਰਾ ਡੇਰਾਂ ਲਾਈਆਂ ਕਿਓਂ ।
ਭਗਤ ਸਿੰਘ ਨੇ ਜਨਮ ਨੂੰ ਸਫਲ ਕੀਤਾ, ਜੰਗ ਦੇਖ ਕੇ ਪੈਂਦੀਆਂ ਛਾਈਆਂ ਕਿਓਂ ।
ਢੰਗ ਦੱਸਿਆ ਜੰਗ ਦਾ ਸਾਰਿਆਂ ਨੂੰ, ਜਿੰਦਾਂ ਫਾਸੀਆਂ ਨਾਲ ਲਟਕਾਈਆਂ ਕਿਓਂ ।
ਮਰਨਾ ਭਲਾ ਗ਼ੁਲਾਮੀ ਦੀ ਜ਼ਿੰਦਗੀ ਤੋਂ, ਮਸ਼ਾਹੂਰ ਮਸਾਲ ਜਹਾਨ ਅੰਦਰ ।
ਲੋਕੀ ਆਖਦੇ ਪਏ ਪੁਕਾਰ 'ਜਾਚਕ' ਰਹੀ ਅਣਖ ਨਾ ਹਿੰਦੋਸਤਾਨ ਅੰਦਰ ।

15. ਜੇਕਰ ਬਚੇ ਤੇ ਬਚਾਂਗੇ ਇਕ ਹੋ ਕੇ

ਸਾਈਂ ਕੈਹਰ ਕੀ ਵਰਤਿਆ ਵਤਨ ਉਤੇ, ਝੁੱਘਾ ਕਿਸੇ ਦਾ ਨਾ ਆਬਾਦ ਦਿਸੇ ।
ਮਜ਼ਹਬੀ ਝਗੜਿਆਂ ਵਿਚ ਮਸ਼ਗੂਲ ਵਤਨੀ, ਕਿਸੇ ਦੇਸ਼ ਆਜ਼ਾਦੀ ਨਾ ਯਾਦ ਦਿਸੇ ।
ਕਈ ਵਿਚ ਬੰਗਾਲ ਜੰਜਾਲ ਫੰਦੇ, ਕਿਤੇ ਪਈ ਪੰਜਾਬ ਬਰਬਾਦ ਦਿਸੇ ।
ਮੋਏ ਬੰਬੇ, ਬੇਹਾਰ, ਆਸਾਮ ਵਾਲੇ, ਸੋਈ ਯੂ. ਪੀ. ਦੀ ਨਾ ਮਿਆਦ ਦਿਸੇ ।

ਸਾਰੀ ਕੌਮ ਦਿਸੇ ਯਾਰੋ ਮੁਰਦਿਆਂ ਦੀ, ਇਹਦੇ ਵਿਚ ਆਜ਼ਾਦੀ ਦੀ ਰੂਹ ਹੈਨਾ ।
ਖ਼ੂਨ ਨਾਇਤਫਾਕੀਆਂ ਨਾਲ ਭਰਿਆ, ਕਿਸੇ ਵਿਚ ਮਿਲਾਪ ਦੀ ਬੂ ਹੈਨਾ ।
ਕਦਰ ਮੂਲ ਨਾ ਹਿੰਦ ਦੀ ਹਿੰਦੂਆਂ ਨੂੰ, ਮੁਸਲਮਾਨ ਅੰਦਰ ਅੱਲਾ ਹੂ ਹੈਨਾ ।
ਝੂਠੇ ਮਜ਼ਹਬਾਂ ਤੋਂ ਮਰਨ ਦਿਨ ਰਾਤ ਲੜ ਲੜ, ਸੱਚੇ ਦੀਨ ਦੀ ਕਿਸੇ ਨੂੰ ਸੂਹ ਹੈਨਾ ।

ਆਪਸ ਵਿਚ ਜੋ ਵੈਰ ਦਾ ਸਬਕ ਦੇਵੇ, ਕਿਸ ਕਿਸਮ ਦਾ ਵਤਨੀਓਂ ਮਜ਼ਹਬ ਹੈ ਇਹ ।
ਏਸ ਅਗੇ ਨਿਵਾਵਣਾ ਸੀਸ ਅਪਣਾ, ਦੁਨੀਆਂ ਵਿਚ ਅੰਧੇਰ ਤੇ ਗਜ਼ਬ ਹੈ ਇਹ ।
ਮਾਰੇ ਏਸ ਦੇ ਅਜ ਗ਼ੁਲਾਮ ਹੋਏ, ਮਿਲੀ ਵੈਹਮਾਂ ਦੀ ਅਸਾਂ ਨੂੰ ਤਲਬ ਹੈ ਇਹ ।
ਕੁਲੀ ਕੁਲੀ ਪੁਕਾਰਦਾ ਜਗ ਸਾਰਾ, ਆਵੇ ਸ਼ਰਮ ਨਾ ਅਜੇ ਵੀ ਅਜਬ ਹੈ ਇਹ ।

ਪੈਦਾ ਹੋਇ ਕੇ ਇਕ ਹੀ ਦੇਸ਼ ਅੰਦਰ, ਭੈੜਾ ਕੰਮ ਫੜਿਆ ਧੜੇ ਬੰਦੀਆਂ ਦਾ ।
ਆਪਸ ਵਿਚ ਲੜੌਂਦੇ ਵਾਂਗ ਕੁਕੜਾਂ, ਡਾਢਾ ਦੁਖ ਡਿਠਾ ਦਿਲ ਤੰਗੀਆਂ ਦਾ ।
ਗਿਆ ਦੇਸ਼ ਦਾ ਭੁੱਲ ਪਿਆਰ ਸਾਨੂੰ, ਰਿਹਾ ਨਹੀਂ ਖ਼ਿਆਲ ਬਲੰਦੀਆਂ ਦਾ ।
ਜ਼ਾਲਮ ਵਾਲ ਨਾ ਛੱਡਿਆ ਇਕ ਸਿਰ ਤੇ, ਝਗੜਾ ਛੇੜਿਆ ਅਸਾਂ ਨੇ ਕੰਘੀਆਂ ਦਾ ।

ਜੇਕਰ ਦਿਨ ਆਜ਼ਾਦੀ ਦੇ ਦੇਖਣੇ ਨੇ, ਸਾਡੇ ਵਾਸਤੇ ਇਕ ਹੀ ਰਾਹ ਲੋਕੋ ।
ਖਾਤਰ ਕੌਮ ਤੇ ਵਤਨ ਦੀ ਇਕ ਹੋਵੋ, ਇਕ ਦੂਜੇ ਦੇ ਰਹੋ ਹਮਰਾਹ ਲੋਕੋ ।
ਇਕ ਵਤਨ ਸਾਡਾ ਇਕ ਕੌਮ ਸਾਡੀ, ਇਕ ਕਿਸ਼ਤੀ ਤੇ ਇਕ ਮਲਾਹ ਲੋਕੋ ।
ਅਸੀਂ ਇਕ ਹਾਂ ਇਕ ਹੀ ਖ਼ੂਨ ਸਾਡਾ, ਹੋਣੀ ਕਬਰ ਤੇ ਇਕ ਸੁਵਾਹ ਲੋਕੋ ।

ਬਚ ਗਏ ਤੇ ਬਚਾਂਗੇ ਇਕ ਹੋ ਕੇ, ਕੱਲੇ ਕੱਲੇ ਦਾ ਨਹੀਂ ਜੇ ਤਾਨ ਰੈਹਣਾ ।
ਡੇਢ ਇਟ ਦੀ ਰੈਹਣੀ ਮਸੀਤ ਨਹੀਂ, ਨਹੀਂ ਕਿਸੇ ਦਾ ਕੌਨੋ ਮਕਾਨ ਰੈਹਣਾ ।
ਪੂਜਾ ਪਾਠ ਭੀ ਅਸਾਂ ਨੂੰ ਤਾਰਨਾ ਨਾ, ਨਾਹੀਂ ਸਿਖ ਹਿੰਦੂ ਮੁਸਲਮਾਨ ਰੈਹਣਾ ।
ਰਹੀ ਕੌਮ ਤੇ ਰਹੇਗੀ ਹਿੰਦੀਆਂ ਦੀ, ਵਤਨ ਰਿਹਾ ਤੇ ਹਿੰਦੋਸਤਾਨ ਰੈਹਣਾ ।

16. ਖ਼ੂਨੀ ਧਾਰ ਸਲਾਮੀ ਉਮਾਨ ਦੀ ਸੌਂਹ, ਜੰਗੀ ਗ਼ਦਰ ਸੁਨੇਹੜੇ ਆਇਆਂ ਨੂੰ

ਹਿੰਦੋਸਤਾਨ ਗ਼ੁਲਾਮ ਦੇ ਦੁਖੀ ਵੀਰੋ, ਕਿਉਂ ਨਾ ਪੀੜ ਗ਼ੁਲਾਮੀ ਦੀ ਰੜਕਦੀ ਏ ।
ਚਲੀ ਜਾਨ ਵੀ ਰੋਂਦਿਓ ਇੱਜ਼ਤਾਂ ਨੂੰ, ਦਿਸੇ ਗ਼ਦਰ ਦੇ ਬਾਝ ਨਾ ਅੜਕਦੀ ਏ ।
ਗ਼ਦਰ ਗ਼ਦਰ ਪੁਕਾਰਦੇ ਦਿਨੇ ਰਾਤੀਂ, ਗ਼ਦਰ ਕਰਨ ਤੋਂ ਜਾਨ ਕਿਓਂ ਧੜਕਦੀ ਏ ।
ਘੋੜ ਦੌੜ ਕੌਮਾਂ ਦੀ ਤੋਂ ਰਹੇ ਪਿਛੇ, ਅਜੇ ਛਡ ਦੇ ਚਾਲ ਨਾ ਮੜਕਦੀ ਏ ।

ਲੋਕੀ ਆਖਦੇ ਨੀਚ ਗ਼ੁਲਾਮ ਹਿੰਦੀ, ਦਿੰਦੇ ਆਪਣੇ ਵਿਚ ਨਾ ਥਾਂਇ ਸਾਨੂੰ ।
ਕਾਲਾ ਦੇਖ ਗ਼ੁਲਾਮੀ ਦਾ ਦਾਗ ਮੱਥੇ, ਦਿੰਦੇ ਕੁੱਤਿਆਂ ਵਾਂਗ ਦਰਕਾਇ ਸਾਨੂੰ ।
ਅਸੀਂ ਢੀਠ ਬੇਅਣਖ ਸਹਾਰੀ ਜਾਂਦੇ, ਕੇਹੀ ਠੈਹਰ ਗਈ ਮਰਜ਼ ਸਦਾਇ ਸਾਨੂੰ ।
ਤਾਹੀਂ ਰੋਗ ਗ਼ੁਲਾਮੀ ਨੇ ਜ਼ੋਰ ਪਾਇਆ, ਖਾਣੀ ਭੁਲ ਗਈ ਗ਼ਦਰ ਦਵਾਇ ਸਾਨੂੰ ।

ਬਣੇ ਅੰਦਰੀਂ ਸ਼ਾਹ ਸੁਲਤਾਨ ਅਸੀਂ, ਦਰਜਾ ਮਿਲੇ ਨਾ ਬਾਹਰ ਹਵਾਨ ਦਾ ਬੀ ।
ਯੱਥਾ ਯੋਗ ਵੀ ਗਲ ਅਯੋਗ ਸਾਡੀ, ਕਦਰ ਜਗ ਤੇ ਝੂਠ ਤੂਫ਼ਾਨ ਦਾ ਬੀ ।
ਕਿਉਂਕੇ ਲਿਸਟ ਅਜ਼ਾਦੀ ਦੇ ਵਿਚ ਸਾਡਾ, ਦਿਖੇ ਤੁਖਮ ਨਾ ਨਾਮ ਨਿਸ਼ਾਨ ਦਾ ਬੀ ।
ਏਹੋ ਕਸਰ ਹੈ ਰੋਗ ਮਲੂਮ ਹੋਇਆ, ਡੰਡੇ ਬਾਝ ਨਾ ਕਦਰ ਭਗਵਾਨ ਦਾ ਬੀ ।

ਜਿੰਦ ਹਿੰਦ ਦੇ ਨਾਮ ਤੋਂ ਵਾਰ ਦੇਣੀ, ਨਹੀਂ ਮੰਨਣਾ ਗ਼ੈਰ ਪਰਾਇਆਂ ਨੂੰ ।
ਅਸੀਂ ਜੰਮੇ ਨਾ ਖਾਸ ਗ਼ੁਲਾਮੀਆਂ ਲਈ, ਰਹੇ ਯਾਦ ਇਹ ਹਿੰਦ ਦੇ ਜਾਇਆਂ ਨੂੰ ।
ਕਰਦੇ ਫ਼ਰਜ਼ ਪੂਰਾ ਅੱਗੇ ਵਧੇ ਚਲੋ, ਫਤੇ ਮਿਲੂ ਸਚੇ ਜੰਗ ਲਾਇਆਂ ਨੂੰ ।
ਖ਼ੂਨੀ ਧਾਰ ਸਲਾਮੀ ਉਮਾਨ ਦੀ ਸੌਂਹ ਜੰਗੀ ਗ਼ਦਰ ਸੁਨੇਹੜੇ ਆਇਆਂ ਨੂੰ ।

17. ਕਿਤੇ ਭਾਰਤਾ ਉਠਕੇ ਤੇਗ ਫੜ ਤੂੰ, ਦਸ ਦੇਹ ਹੁਣ ਕਸਬ ਕਮਾਲ ਆਪਣਾ

ਕਿਤੇ ਭਾਰਤਾ ਉਠਕੇ ਤੇਗ ਫੜ ਤੂੰ, ਦਸ ਦੇਹ ਹੁਣ ਕਸਬ ਕਮਾਲ ਆਪਣਾ ।
ਮੁੜਕੇ ਜੀਉਂਦਿਆਂ ਦੇ ਵਿਚ ਦਰਜ ਹੋਜਾ, ਪੈਰ ਥਿੜਕਿਆ ਤੇਰਾ ਸੰਭਾਲ ਆਪਣਾ ।
ਨਿਗ੍ਹਾ ਨਾਲ ਮੰਦੀ ਤੈਨੂੰ ਦੇਖਦੇ ਜੋ, ਰੋਹਬ ਦਾਬ ਉਨ੍ਹਾਂ ਤੇ ਬਹਾਲ ਆਪਣਾ ।
ਕੋਹਿ ਨੂਰ ਹੀਰਾ ਤੇਰਾ ਗਿਆ ਕਿਥੇ, ਬਾਬਾ ਬ੍ਰਿਧ ਹੁਣ ਉਠ ਕੇ ਭਾਲ ਆਪਣਾ ।
ਕਦੇ ਭੁਖਿਆਂ ਨੂੰ ਪੌਂਦਾ ਭਿਖਯਾ ਸੀ, ਤੇਰਾ ਨਾਮ ਸੀ ਉੱਘਾ ਦਾਤਾਰ ਸਾਰੇ ।
ਐਸਾ ਸਮੇਂ ਨੇ ਆਣਕੇ ਗੇੜ ਲਾਇਆ, ਅੱਜ ਆਖਦੇ ਲੋਕ ਮੁਰਦਾਰ ਸਾਰੇ ।

ਹਿੰਦੂ ਮੋਮਨੋਂ ਹਿੰਦ ਦੇ ਨੌ ਨਿਹਾਲੋ, ਕਰਦੇ ਕੰਮ ਨਾ ਕਰਨ ਦੇ ਯੋਗ ਜੇਹੜਾ ।
ਝਗੜੇ ਦੀਨ ਤੇ ਮਜ਼੍ਹਬ ਦੇ ਝਗੜਦੇ ਹੋਂ, ਕੋਈ ਦਸਦਾ ਨਹੀਂ ਕੌਮੀ ਰੋਗ ਜੇਹੜਾ ।
ਯੋਰਪ ਅਤੇ ਜਾਪਾਨ ਦੇ ਵਲ ਦੇਖੋ, ਕਰਦੇ ਕੰਮ ਨਾ ਦਿਸੇ ਅਯੋਗ ਜੇਹੜਾ ।
ਕਿਉਂ ਨਾ ਆਪਣੇ ਆਪ ਵਿਚਾਰ ਕਰਦੇ, ਕਾਹਨੂੰ ਵਰਤਦਾ ਅਸਾਂ ਤੇ ਸੋਗ ਜੇਹੜਾ ।
ਮੁਲਕ ਲਏ ਬਿਨ ਰਹਾਂਗੇ ਮੂਲ ਨਾਹੀਂ, ਪ੍ਰਣ ਧਾਰਕੇ ਖਾਵੋ ਸੁਗੰਦ ਭਾਈਓ ।
ਵੇਲਾ ਬੀਤਿਆ ਫੇਰ ਹੱਥ ਆਵਣਾ ਨਹੀਂ, ਭੰਨੋ ਉਠ ਫਰੰਗ ਦੇ ਦੰਦ ਭਾਈਓ ।

ਝਗੜੇ ਮੁਕਣੇ ਨਹੀਂ ਜਦੋਂ ਤਕ ਮਿਲਕੇ, ਇਸ ਫਰੰਗ ਦਾ ਫੈਸਲਾ ਕਰੋਂਗੇ ਨਾ ।
ਉਦੋਂ ਤਕ ਨਾ ਸੁਖ ਅਰਾਮ ਹੋਸਨ, ਜਦੋਂ ਤਕ ਮੈਦਾਨ ਵਿਚ ਮਰੋਂਗੇ ਨਾ ।
ਵਡੀ ਕੌਮ ਅੱਗੇ ਕੋਈ ਗੱਲ ਨਾਹੀਂ, ਜੇਕਰ ਵਾਂਗ ਬਹਾਦਰਾਂ ਡਰੋਗੇ ਨਾ ।
ਪਹਿਲੇ ਦੇਖਲੌ ਮੁਲਕ ਅਜ਼ਾਦ ਕਰਕੇ, ਅੱਜ ਵਾਂਗ ਪਏ ਦੁਖੜੇ ਭਰੋਗੇ ਨਾ ।
ਪੈਣ ਆਪਣੇ ਵਿਚ ਨਾ ਫੁਟ ਦੇਵੋ, ਛਾਤੀ ਦੁਸ਼ਮਣਾਂ ਦੀ ਤੀਰ ਲਾਈ ਚਲੋ ।
ਆਖਰ ਹੋਵਸੀ ਫਤੇਹ ਜ਼ਰੂਰ ਸਾਡੀ, ਹਿੰਦੀ ਸਾਰੇ ਮਿਲਕੇ ਜ਼ੋਰ ਲਗਾਈ ਚਲੋ ।

18. ਫਲ 'ਨਾਸਤਕਾ' ਖ਼ੂਨ ਦਾ ਖ਼ੂਨ ਹੋਸੀ, ਮੁਰਦਾ ਰੂਹ ਜਾਗੂ ਹਿੰਦੋਸਤਾਨ ਅੰਦਰ

ਉਠ ਕਾਸਦਾ ਲੈ ਪੈਗਾਮ ਸਾਡਾ, ਪ੍ਰੇਮ ਭੇਟ ਦੇਣਾ ਹਿੰਦ ਵਾਸੀਆਂ ਨੂੰ ।
ਸਾਡੀ ਆਹ ਦੇ ਵਿਚ ਬਾਰੂਦ ਭਰਿਆ, ਕਰਨਾ ਹਿੰਦ ਦੀ ਬੰਦ ਖਲਾਸੀਆਂ ਨੂੰ ।
ਫੜੋ ਤੇਗ ਤੇ ਕਰੋ ਦਰੇਗ ਨਾਹੀਂ, ਨਹੀਂ ਮੰਨਣਾ ਸ਼ਾਂਤਮਈ ਝਾਸੀਆਂ ਨੂੰ ।
ਇਰਵਨ ਗਾਂਧੀ ਦੀ ਦੋਸਤੀ ਕੇੜ ਚਾੜੇ, ਰੱਸਾ ਵੱਟਿਆ ਸਾਡੀਆਂ ਫਾਸੀਆਂ ਨੂੰ ।
ਸਾਡੀ ਮੇਹਨਤ ਮੁਸ਼ੱਕਤ ਕੁਰਬਾਨੀਆਂ ਨੂੰ, ਖੇਡ ਵਿਚ ਨਾ ਕਿਤੇ ਭੁਲਾ ਦੇਣਾ ।
ਧਾਰ ਗ਼ਦਰੀਓ ਰੂਪ ਪਤੰਗ ਵਾਲਾ, ਸ਼ਮ੍ਹਾਂ ਗ਼ਦਰ ਦੇ ਵਿਚ ਜਲਾ ਦੇਣਾ ।

ਇਧਰ ਚੜ੍ਹਨ ਫਾਂਸੀ ਉਧਰ ਸੁਲਾ ਹੋਵੇ, ਐਸੇ ਲੀਡਰਾਂ ਨੂੰ ਸਾਡੀ ਸਲਾਮ ਹੋਵੇ ।
ਬੇੜਾ ਕੌਮ ਦਾ ਉਨ੍ਹਾਂ ਕੀ ਪਾਰ ਕਰਨਾ, ਗਲ ਗਲ ਦਾ ਜੋ ਗ਼ੁਲਾਮ ਹੋਵੇ ।
ਕਦਰ ਕਰੇ ਨਾ ਜੋ ਬਹਾਦਰਾਂ ਦੀ, ਸਾਰੇ ਜਗ ਦੇ ਵਿਚ ਬਦਨਾਮ ਹੋਵੇ ।
ਗ਼ਦਰ ਨੌਜਵਾਨਾਂ ਨੂੰ ਖਬਰਦਾਰ ਕਰਦਾ, ਇਜ਼ਤ ਕੌਮ ਦੀ ਪਈ ਨਲਾਮ ਹੋਵੇ ।
ਵਾਦੇ ਕਰਨ ਤੇ ਫਿਰਨ ਦਰਵੇਸ਼ ਵਡੇ, ਮਗਰ ਲਗ ਕਿਓਂ ਉਨ੍ਹਾਂ ਦੇ ਝਟ ਮਰੀਏ ।
ਲੋੜ੍ਹਾ ਕੌਮ ਨੂੰ ਕਿਸਤਰਾਂ ਚੈਨ ਮਾਣੇਂ, ਚਿਤ ਕਰਦਾ ਹੈ ਮਹੁਰਾ ਚਟ ਮਰੀਏ ।

ਦੁਖੀ ਕੌਮ ਦੇ ਕਸ਼ਟ ਘਟੌਣ ਬਦਲੇ, ਭਗਤ ਸਿੰਘ ਤੇ ਰਾਜਗੁਰੂ ਕੁਰਬਾਨ ਹੋ ਗਏ ।
ਪੁਤਲੇ ਧਰਮ ਦੇ ਕੌਮ ਅਜ਼ਾਦੀ ਖਾਤਰ, ਸੁਖਦੇਵ ਵੀ ਲਹੂ ਲੁਹਾਨ ਹੋ ਗਏ ।
ਜੀਵਨ ਗ਼ਦਰੀਆਂ ਦੇ ਉਤੇ ਪਾ ਝਾਤੀ, ਪਾ ਸ਼ਹੀਦੀਆਂ ਤੁਰੰਤ ਰਵਾਨ ਹੋ ਗਏ ।
ਪ੍ਰਅਧੀਨ ਦਾ ਦੀਨ ਨਾ ਧਰਮ ਕੋਈ, ਸੂਰੇ ਸੋਈ ਸ਼ਹੀਦ ਮੈਦਾਨ ਹੋ ਗਏ ।
ਵਤਨ ਵਾਲਿਓ ਅਸਾਂ ਤੇ ਕੈਹਰ ਹੋਇਆ, ਹੀਰੇ ਲਾਲ ਬੇਕੀਮਤੀ ਲਦ ਗਏ ਨੇ ।
ਝੰਡਾ ਗ਼ਦਰ ਪਰੇਮ ਦਾ ਹੱਥ ਫੜਕੇ, ਭਗਤ ਸਿੰਘ ਹੋਰੀਂ ਸਾਨੂੰ ਸਦ ਗਏ ਹਨ ।

ਸਾਡੀ ਹਿੰਦ ਅਜ਼ਾਦ ਕਰੌਨ ਖਾਤਰ, ਸ਼ਾਹਨ ਸ਼ਾਹੀ ਦੀ ਤਾਕਤ ਨੂੰ ਤੋੜ ਗਏ ਨੇ ।
ਝੋਲੀ ਚਕਾਂ ਨੇ ਪਾਈ ਸੀ ਹਨੇਰ ਗਰਦੀ, ਧੌਣਾਂ ਉਨ੍ਹਾਂ ਦੀਆਂ ਫੜ ਮਰੋੜ ਗਏ ਨੇ ।
ਮਾਤਾ ਹਿੰਦ ਤੇ ਗਰਦ ਗੁਬਾਰ ਚੜ੍ਹਿਆ, ਚਰਨ ਧੋਣ ਲਈ ਖ਼ੂਨ ਨਚੋੜ ਗਏ ਨੇ ।
ਜਥੇਬੰਦੀ ਦੀ ਸੰਗਲੀ ਟੁਟ ਗਈ ਸੀ, ਸੀਸ ਦੇ ਕੇ ਸੰਗਲੀ ਜੋੜ ਗਏ ਨੇ ।
ਨੌਜਵਾਨ ਸ਼ਹੀਦਾਂ ਦੀ ਮੰਗ ਇਹੋ, ਵਧੇ ਫੁਲੇ ਇਨਕਲਾਬ ਜਹਾਨ ਅੰਦਰ ।
ਫਲ 'ਨਾਸਤਕਾ' ਖ਼ੂਨ ਦਾ ਖ਼ੂਨ ਹੋਸੀ, ਮੁਰਦਾ ਰੂਹ ਜਾਗੂ ਹਿੰਦੋਸਤਾਨ ਅੰਦਰ ।

19. ਹੁੰਦੇ ਹਿੰਦੀਓ ਅਜ ਅਜ਼ਾਦ ਜੇਕਰ, ਮੇਹਣੇ ਝੱਲਦੇ ਕੁਲ ਸੰਸਾਰ ਦੇ ਨਾ

ਹੁੰਦੇ ਹਿੰਦੀਓ ਅਜ ਅਜ਼ਾਦ ਜੇਕਰ, ਮੇਹਣੇ ਝੱਲਦੇ ਕੁਲ ਸੰਸਾਰ ਦੇ ਨਾ ।
ਜ਼ੁਲਮ ਸਿਤਮ ਹੁੰਦਾ ਕਾਹਨੂੰ ਨਾਲ ਸਾਡੇ, ਹੌਕੇ ਨਜ਼ਰ ਔਂਦੇ ਨਰ ਨਾਰ ਦੇ ਨਾ ।
ਯਾਰੋ ਹਿੰਦ ਦੇ ਕੌਮੀ ਪਤੰਗਿਆਂ ਨੂੰ, ਸਾਡੇ ਵੇਂਹਦਿਆਂ ਤੇ ਜੀਉਂਦੇ ਸਾੜਦੇ ਨਾ ।
ਹੁੰਦੀ ਜਾਨ ਜੇ ਅਸਾਂ ਦੇ ਵਿਚ ਯਾਰੋ, ਬੱਬਰ ਸੱਤ ਫਾਸੀ ਕੱਠੇ ਚਾੜ੍ਹਦੇ ਨਾ ।
ਰੁਲਦੇ ਹਡ ਨਾ ਸਿੰਘ ਹਰਨਾਮ ਬਾਬੂ, ਨਾਲੇ ਸਿੰਘ ਮਥਰਾ ਡਾਕਟਾਰ ਦੇ ਨਾ ।
ਸੋਹਣ ਸਿੰਘ ਨਾਲੇ ਜੋਵਾਲਾ ਸਿੰਘ ਕੇਸਰ, ਸੋਹਣ ਲਾਲ ਨੂੰ ਜਾਨ ਤੋਂ ਮਾਰਦੇ ਨਾ ।
ਕਾਮਾ ਗਾਟਾ ਦੇ ਵੀਰਾਂ ਦੇ ਵਿਚ ਛਾਤੀ, ਸਾਡੇ ਵੇਂਹਦਿਆਂ ਤੇ ਗੋਲੀ ਮਾਰਦੇ ਨਾ ।
ਉਥੇ ਸੈਂਕੜੇ ਵੀਰ ਨਾ ਖ਼ਾਕ ਮਿਲਦੇ, ਨਾਲ ਸਿੰਘ ਬਲਵੰਤ ਸਰਦਾਰ ਦੇ ਨਾ ।
ਭਾਗ ਸਿੰਘ ਤੇ ਬਦਨ ਦੇ ਬਦਨ ਵਿਚੋਂ, ਨਾਲੇ ਚਲਦੇ ਖ਼ੂਨ ਦੀ ਧਾਰ ਦੇ ਨਾ ।
ਟੁੰਡੀਲਾਟ ਹਰਨਾਮ ਤੇ ਕੇਹਰ ਯਾਰੋ, ਚੱਤਰ ਸਿੰਘ ਨੂੰ ਜੇਹਲ ਵਿਚ ਮਾਰਦੇ ਨਾ ।
ਬੀਰ ਸਿੰਘ ਰੰਗਾ ਉਤਮ ਸਿੰਘ ਈਸ਼ਰ, ਰੂੜ ਸਿੰਘ ਨੂੰ ਜੇਹਲ ਵਿਚ ਬਾੜਦੇ ਨਾ ।
ਕਿਸ਼ਨ ਸਿੰਘ ਜਾਣੋਂ ਨਾਲੇ ਦਾਸ ਜਮਨਾ, ਵਰਿਆਮ ਸਿੰਘ ਚੁਬਾਰੇ ਚਿ ਸਾੜਦੇ ਨਾ ।
ਜੇਕਰ ਅਣਖ ਹੁੰਦੀ ਹਿੰਦੋਸਤਾਨੀਆਂ ਚਿ, ਕਦੀ ਇਹੋ ਜੇਹੇ ਕਸ਼ਟ ਸਹਾਰਦੇ ਨਾ ।
ਕਰਤਾਰ ਸਿੰਘ ਤੇ ਪਿੰਗਲੇ ਯਾਦ ਹੁੰਦਾ, ਬਾਜੀ ਸਿਰਾਂ ਦੀ ਲਾਕੇ ਹਾਰਦੇ ਨਾ ।

20. ਹਿੰਦੀਆਂ ਦਾ ਫ਼ਰਜ਼

ਸੋਹਣਾ ਵਕਤ ਹਿੰਦੀ ਜਥੇ ਬੰਦ ਹੋ ਕੇ, ਫੁੱਟ ਚੰਦਰੀ ਨੂੰ ਦੇਸੋਂ ਕੱਢ ਦੇਈਏ ।
ਲਹੂ ਹਿੰਦ ਦਾ ਪੀਵੇ ਬੇ ਦਰਦ ਜ਼ਾਲਮ. ਨੱਕ ਭੈੜੀ ਸਰਕਾਰ ਦਾ ਵੱਢ ਦੇਈਏ ।
ਹਿੰਦੂ ਮੁਸਲਮ ਈਸਾਈ ਤੇ ਸਿੱਖ ਸਾਰੇ, ਖੈਹੜਾ ਏਸ ਦੁਖਦਾਈ ਦਾ ਛੱਡ ਦੇਈਏ ।
ਇਕ ਮੁੱਠ ਹੋ ਕੇ ਹਿੰਦੋਸਤਾਨ ਖਾਤਰ, ਮਜ਼੍ਹਬੀ ਝਗੜਿਆਂ ਨੂੰ ਕਰ ਅੱਡ ਦੇਈਏ ।

ਕੌਮੀ ਸੇਵਕਾਂ ਦੇ ਫੁਰਮਾਨ ਮੰਨ ਕੇ, ਮੁਲਕ ਆਪਣਾ ਤੁਸੀਂ ਅਜ਼ਾਦ ਕਰ ਲਓ ।
ਭਰਤੀ ਹੋ ਕੇ ਗ਼ਦਰ ਦੀ ਫੌਜ ਅੰਦਰ, ਛੇਤੀ ਹਿੰਦੀਓ ਭਾਰਤ ਅਬਾਦ ਕਰ ਲਓ ।
ਅਜ਼ਾਦੀ ਲੈਣ ਦਾ ਸਮਾਂ ਆ ਗਿਆ ਨੇੜੇ, ਹਿੰਦ ਵਾਸੀਓ ਜ਼ਾਲਮ ਬਰਬਾਦ ਕਰ ਲਓ ।
ਦੁਖ ਭੁਖ ਦਾ ਭੂਤ ਵਲੈਤ ਜਾਊ, ਜੈ ਗ਼ਦਰ ਦੀ ਸਾਰੇ ਬਲੰਦ ਕਰ ਲਓ ।

21. ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਭਾਰਤ ਵਰਸ਼ ਨੂੰ
ਫਾਂਸੀ ਦੇ ਤਖਤੇ ਤੇ ਆਖਰੀ ਪੈਗਾਮ

ਲੈ ਨੀ ਅੰਮੀਏਂ ਅਸੀਂ ਤਿਆਰ ਬੈਠੇ, ਸਾਡਾ ਆਖਰੀ ਅਜ ਸਲਾਮ ਤੈਨੂੰ ।
ਰੈਹ ਗਏ ਮੱਭੜੇ ਦਿਲਾਂ ਦੇ ਦਿਲਾਂ ਅੰਦਰ, ਛੱਡ ਚਲੇ ਹਾਂ ਮਾਤਾ ਗ਼ੁਲਾਮ ਤੈਨੂੰ ।
ਆਪਾ ਵਾਰ ਦਿਤੈ ਕਈਆਂ ਸੂਰਿਆਂ ਨੇ, ਅੜੀਏ ਕਰਨ ਬਦਲੇ ਨੇਕ ਨਾਮ ਤੈਨੂੰ ।
ਭਾਰਤ ਮਾਤ ਨਿਕਰਮਣੇ ਭਾਗ ਤੇਰੇ, ਕੈਂਹਦੇ ਗਏ ਨੇ ਏਹ ਕਲਾਮ ਤੈਨੂੰ ।

ਸਤਵੰਜੇ ਵਿਚ ਅਜ਼ਾਦੀ ਦਾ ਨਾਦ ਵੱਜਾ, ਤੋੜਨ ਲਈ ਗ਼ੁਲਾਮੀ ਦੇ ਸੰਗਲਾਂ ਨੂੰ ।
ਨਾਨਾ ਸਾਹਿਬ ਨੇ ਹੱਥ ਕਮਾਨ ਲੈ ਕੇ, ਮਾਤ ਕਰ ਦਿਤਾ ਜੰਗੀ ਦੰਗਲਾਂ ਨੂੰ ।
ਜਨਰਲ ਬਣੀ ਆ ਕੇ ਖੰਡਾ ਫੜ ਝਾਂਸੀ, ਜੰਗਲ ਵਿਚ ਬਨਾਉਣ ਲਈ ਮੰਗਲਾਂ ਨੂੰ ।
ਤਾਂਤੇ ਤੋਪੀਆ ਹੋਏ ਸ਼ਹੀਦ ਉਥੇ, ਭੁਖੇ ਮਰਦਿਆਂ ਦੇਖ ਕੇ ਕੰਗਲਾਂ ਨੂੰ ।

ਐਪਰ ਤੇਰੀਆਂ ਬੇੜੀਆਂ ਟੁੱਟੀਆਂ ਨਾ, ਚਾਚਾ ਦੇਸ਼ ਪਰਦੇਸ਼ ਰੁਲਾ ਦਿਤਾ ।
ਤੇਰੇ ਪ੍ਰੇਮ ਦੀ ਲਗਨ ਕਰਤਾਰ ਲੱਗੀ, ਸਣੇ ਪਿੰਗਲੇ ਮਿਟੀ ਮਲਾ ਦਿਤਾ ।
ਬਬਰ ਬੰਬ ਮਾਰੇ ਮਾਤਾ ਅਣਖ ਪਿਛੇ, ਮੰਡਲ ਦਾਸ ਦੀ ਭੁਖ ਹਲਾ ਦਿਤਾ ।
ਲੈ ਹੁਣ ਸੀਸ ਦੀ ਫੀਸ ਹਾਂ ਦੇਣ ਲੱਗੇ, ਮਤੇ ਕਹੇਂ ਤੂੰ ਮੈਨੂੰ ਭੁਲਾ ਦਿਤਾ ।

ਵਿਦਾ ਕਰ ਸਾਨੂੰ ਪਿਛੋਂ ਹੋਰ ਆਉਂਦੇ, ਜਾਗ ਪਏ ਮਾਤਾ ਨੇ ਜਵਾਨ ਮੁੰਡੇ ।
ਨਹੀਂ ਹੋਈ ਆਸ਼ਕ ਬੁੱਢੇ ਨੀਂਗਰਾਂ ਤੇ, ਵਰ ਲਿਆਉਣ ਉਹਨੂੰ ਪੈਹਲਵਾਨ ਮੁੰਡੇ ।
ਧਰਤੀ ਜਾਊ ਛਿੜਕੀ ਖ਼ੂਨ ਡੋਲ ਰੱਤਾ, ਮੇਟ ਦੇਣਗੇ ਕਾਲੇ ਨਸ਼ਾਨ ਮੁੰਡੇ ।
ਰਾਤੋ ਰਾਤ ਪ੍ਰਧੀਨਤਾ ਨੱਸ ਜਾਊ, ਜਦੋਂ ਫੜਨਗੇ, ਹੱਥ ਕਮਾਨ ਮੁੰਡੇ ।

ਸ਼ੁਕਰ ਅਸਾਂ ਦਾ ਫ਼ਰਜ਼ ਅਦਾ ਹੋਇਆ, ਜਾਂਦੀ ਵਾਰ ਅੱਜ ਹੱਸ ਕੇ ਤੋਰ ਮਾਤਾ ।
ਤੇਰੇ ਪ੍ਰੇਮ ਬਦਲੇ ਅੜੀਏ ਮਿਲੇ ਹੂਟੇ, ਗੈਰ ਕੈਹਣ ਸਾਨੂੰ ਖ਼ੂਨੀ ਚੋਰ ਮਾਤਾ ।
ਅਸੀਂ ਤੁਰੇ ਜਾਂਦੇ ਤੇਰਾ ਰਬ ਬੇਲੀ, ਬੁਢੇ ਪਾਉਣ ਐਵੇਂ ਫੋਕਾ ਸ਼ੋਰ ਮਾਤਾ ।
ਲਾਹ ਦੇ ਆਸ ਉਮੈਦ ਹੁਣ ਕਾਂਗਰਸ ਦੀ, ਖ਼ੂਨ ਡੋਲ ਸੇਵਾ ਕਰਸਨ ਹੋਰ ਮਾਤਾ ।

22. ਐ ਸ਼ਹੀਦਾਂ ਦੇ ਸਾਥੀ ਹਿੰਦੀ ਨੌਜਵਾਨ

ਜੇਕਰ ਆਨ ਹੈ ਅਜੇ ਭੀ ਕੁਛ ਬਾਕੀ, ਧਨ ਮਾਲ ਕੁਰਬਾਨ ਘਰ ਬਾਰ ਕਰ ਦੇ ।
ਜੇਕਰ ਜਿੰਦ ਹੈ ਹਿੰਦ ਦੀ ਹਿੰਦ ਬਦਲੇ, ਬਿਨਾ ਉਜ਼ਰ ਦੇ ਸੀਸ ਉਤਾਰ ਧਰ ਦੇ ।
ਭਰਕੇ ਖੋਪਰੀ ਲਹੂ ਦੇ ਨਾਲ ਆਪਣੀ, ਕੀਮਾ ਮਾਸ ਕਰ ਨਾਲ ਸਵਾਰ ਧਰ ਦੇ ।
ਲੱਗੀ ਪੰਗਤ ਸ਼ਹੀਦਾਂ ਦੀ ਆਓ ਕੋਈ, ਦੁਨੀਆਂ ਵਿਚ ਇਕ ਵਾਰ ਇਜ਼ਹਾਰ ਕਰ ਦੇ ।
ਭੱਬ ਮਾਰਕੇ ਗਰਜ ਕੇ ਸ਼ੇਰ ਵਾਂਙੂ, ਗੜੇ ਗਿਦੜਾਂ ਨੂੰ ਖਬਰਦਾਰ ਕਰ ਦੇ ।
ਮਰ ਜਾਹ ਜਾਂ ਮਾਰ ਕੇ ਜ਼ਾਲਮਾਂ ਨੂੰ, ਆਪਣੇ ਹੱਕ ਤੋਂ ਦਸਤ ਬਰਦਾਰ ਕਰ ਦੇ ।

23. ੧੯੧੩ ਵਿਚ ਗ਼ਦਰ ਦੀ ਭਰਤੀ ਕਿਵੇਂ ਹੋਈ !
ਪੁਰਾਣੇ ਗ਼ਦਰੀ ਮੋਢੀਓ !!

ਸਮਾਂ ਕੌਮ ਤੋਂ ਦੇਖ ਜਿੰਦ ਵਾਰਨੇ ਦਾ, ਖਿੱਚੀ ਲੀਕ ਤੂੰ ਵਿਚ ਮੈਦਾਨ ਬਾਬਾ ।
ਆਪ ਲੰਘ ਕੇ ਪਾਰ ਵੰਗਾਰਿਆ ਸੀ, ਵਾਰੋ ਸੀਸ ਕੋਈ ਮਰਦ ਮੈਦਾਨ ਬਾਬਾ ।
ਨਿਧਾਨ ਸਿੰਘ, ਕਰਤਾਰ ਤੇ ਸਿੰਘ ਊਧਮ, ਮਾਰੀ ਛਾਲ ਸੰਤੋਖ ਜੁਵਾਨ ਬਾਬਾ ।
ਜੁਵਾਲਾ ਸਿੰਘ ਜਹੇ ਸਾਥੀਆਂ ਕਿਹਾ ਵਧਕੇ, ਜਿਥੇ ਕਵੇਂ ਤੂੰ ਵਾਰੀਏ ਜਾਨ ਬਾਬਾ ।
(ਬਾਬਾ=ਬਾਬਾ ਸੋਹਣ ਸਿੰਘ ਭਕਨਾ)

24. ੧੯੧੪ ਦੀਆਂ ਸ਼ਹੀਦੀਆਂ ਤੇ ਕੁਰਬਾਨੀਆਂ

ਸਾਰੇ ਸੂਰਮੇ ਦੇਸ਼ ਨੂੰ ਗਿਓਂ ਲੈ ਕੇ, ਜੜ੍ਹ ਗ਼ਦਰ ਦੀ ਹਿੰਦ ਵਿਚ ਲਾਈ ਜਾਕੇ ।
ਚੜ੍ਹ ਫਾਂਸੀਆਂ ਝੂਟੀਆਂ ਕੌਮ ਖਾਤਰ, ਕੀਤੀ ਜੇਹਲ ਵਿਚ ਜੋਗ ਕਮਾਈ ਜਾਕੇ ।
ਨਹੀਂ ਟਲੇ, ਨਾ ਢਲੇ ਪਿਛਾਂਹ ਖਿਸਕੇ, ਮੂੰਹੋਂ ਬੋਲ ਸਿਰ ਨਾਲ ਨਭਾਈ ਜਾਕੇ ।
ਵਾਹਵਾ ਤੂੰ ਤੇ ਧੰਨ ਸੀ ਸਾਥ ਤੇਰਾ, ਜਿਨ੍ਹਾਂ ਕੌਮ ਦੀ ਰੱਖ ਵਿਖਾਈ ਜਾਕੇ ।

25. ਬਦਲਾ ਖ਼ੂਨ ਦਾ ਖ਼ੂਨ ਦੇ ਨਾਲ ਹੋਸੀ, ਮਿਨਤਾਂ ਨਾਲ ਨਾ ਰਾਸ ਸਯਾਦ ਹੋਣਾ

ਕੀਤੇ ਜ਼ਾਲਮਾਂ ਨੇ ਕਤਲ ਲਾਲ ਮੇਰੇ, ਕੈਹਰ ਰੋਕਿਆ ਨਾ ਦੇ ਕੇ ਬਲੀਆਂ ਵੇ ।
ਗੱਲਾਂ ਕੋਟ ਉਸਾਰਦੇ ਥੱਕਦੇ ਨਾ, ਸਮਾਂ ਗਏ ਪਿਛੋਂ ਮਲੋਂ ਤਲੀਆਂ ਵੇ ।
ਕੋਹੇ ਰਾਕਸ਼ਾਂ ਨੇ ਅੱਖੀਂ ਨੂਰ ਮੇਰੇ, ਲਾਸ਼ਾਂ ਵਿਚ ਦਰਿਆ ਦੇ ਠੱਲੀਆਂ ਵੇ ।
ਜਾਂਦੀ ਵਾਰ ਨਾ ਜਿਸਨੇ ਦੀਦਾਰ ਕੀਤਾ, ਵੱਜਣ ਕਾਲਜੇ ਕਿਉਂ ਨਾ ਸੱਲੀਆਂ ਵੇ ।
ਗਏ ਸੁੱਤਿਆਂ ਤਾਈਂ ਜਗਾ ਜੇਹੜੇ, ਗਏ ਖੋਲ ਮਕਾਰਾਂ ਦੀਆਂ ਕਲੀਆਂ ਵੇ ।
ਉਨ੍ਹਾਂ ਵਾਸਤੇ ਤੁਸਾਂ ਸਵਾਰਿਆ ਕੀ, ਖਾਲੀ ਅਰਜੀਆਂ ਲਿਖਕੇ ਘੱਲੀਆਂ ਵੇ ।
ਵੈਰੀ ਜਾਣਦਾ ਕੀ ਰੈਜ਼ੋਲੀਊਸ਼ਨਾ ਨੂੰ, ਜਿੱਚਰ ਪੁੱਠੀਆਂ ਲੈਹਣ ਨਾ ਖੱਲੀਆਂ ਵੇ ।
ਘਰ ਘਰ ਵੈਣ ਇੰਗਲੈਂਡ ਦੇ ਪੈਣ ਡੂੰਘੇ, ਫਿਰਨ ਵਾਂਗ ਹੋ ਕੇ ਮੇਰੇ ਝੱਲੀਆਂ ਵੇ ।
ਮੇਰੇ ਬਾਂਕਿਆਂ ਜੇਡੜੀ ਉਮਰ ਹੋਵੇ, ਟੰਗੇ ਜਾਣ ਫਾਂਸੀ ਵਿਚ ਗਲੀਆਂ ਵੇ ।
ਤਾਂ ਫੇਰ ਆਖਸਾਂ ਮੈਂ ਸਪੁੱਤੜੀ ਹਾਂ, ਕਰੇ ਨਾਲ ਮੇਰੇ ਕੇਹੜਾ ਛੱਲੀਆਂ ਵੇ ।
ਹੁਣ ਤੱਕ ਡੰਡਿਉਂ ਬਾਝ ਭੀ ਜੱਗ ਉਤੇ, ਕੋਈ ਦੱਸੋ ਅਨੀਤੀਆਂ ਢੱਲੀਆਂ ਵੇ ।
ਹਾੜੇ ਨਾਲ ਕਸੈਣਾ ਤੋਂ ਰੈਹਮ ਭਾਲੋ, ਹੋਣ ਖ਼ੂਨ ਪੀ ਪੀ ਜੇਹੜੀਆਂ ਪਲੀਆਂ ਵੇ ।
ਐਪਰ ਦਿਸਦੀ ਚਾਲ ਅਵੱਲੜੀ ਏਹ, ਰੋਵਾਂ ਪਾਸ ਕੇਹਦੇ ਪਾ ਕੇ ਪੱਲੀਆਂ ਵੇ ।
ਮਿਲੀ ਰਮਜ਼ ਯਾਂ ਦੋਸਤਾਂ ਦੋਸਤਾਂ ਦੀ, ਟੋਟੇ ਜਿਗਰ ਉਤੇ ਛੁਰੀਆਂ ਚੱਲੀਆਂ ਵੇ ।
ਟੁੱਟੀ ਚਰਖੇ ਦੀ ਗੁੱਝ ਆ ਐਨ ਮੌਕੇ, ਲੰਡਨ ਵਿਚ ਬਨੌਣ ਨੂੰ ਘੱਲੀਆਂ ਵੇ ।
'ਹਿੰਦਸੇਵਕਾ' ਪਾਲਣਾ ਪਰਣ ਔਖਾ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਵੇ ।

ਬਚਨ ਆਪਦੇ ਸੱਤ ਨੇ ਸੱਤ ਮਾਤਾ, ਨਹੀਂ ਸ਼ਾਂਤੀ ਨਾਲ ਅਜ਼ਾਦ ਹੋਣਾ ।
ਬਦਲਾ ਖ਼ੂਨ ਦਾ ਖ਼ੂਨ ਦੇ ਨਾਲ ਹੋਸੀ, ਮਿਨਤਾਂ ਨਾਲ ਨਾ ਰਾਸ ਸਯਾਦ ਹੋਣਾ ।
ਕਰ ਦੇਖੀਆਂ ਕੁਲ ਅਜ਼ਮੈਸ਼ਾਂ ਨੇ, ਬਾਕੀ ਰਿਹਾ ਕੀ ਹੋਰ ਬਰਬਾਦ ਹੋਣਾ ।
ਲਾਹੋ ਸਿਰ ਫਰੰਗੀ ਦਾ 'ਹਿੰਦਸੇਵਕ', ਸਿਧਾ ਉਂਞ ਨਹੀਂ ਨਾਮਰਾਦ ਹੋਣਾ ।

  • ਗ਼ਦਰ ਲਹਿਰ ਦੀ ਕਵਿਤਾ......(26-38)
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ