Gagan Damame Di Taal : Karamjit Kaur Kishanwal

ਗਗਨ ਦਮਾਮੇ ਦੀ ਤਾਲ : ਕਰਮਜੀਤ ਕੌਰ ਕਿਸ਼ਾਂਵਲ

1. ਜ਼ਿਹਨ ਦੀ ਭੋਇੰ

ਜੇ ਲੋਚਦਾ ਏਂ ਤੂੰ
ਚੇਤਨਾ ਦੇ ਬੀਜ ਬੀਜਣੇ
ਪਹਿਲਾਂ ਵੱਤਰ ਕਰ
ਜ਼ਿਹਨ ਦੀ ਭੋਇੰ !

ਬੰਜਰ ਧਰਤ 'ਤੇ
ਅਜਾਈਂ ਨਾ ਡੋਹਲ
ਆਪਣਾ ਖ਼ੂਨ-ਪਸੀਨਾ
ਏਥੇ ਕੁਝ 'ਨੀ ਉੱਗਣਾ
ਥੋਹਰਾਂ ਤੋਂ ਸਿਵਾਏ
ਜਿਨ੍ਹਾਂ ਦੇ ਕੰਡੇ
ਤਾ-ਉਮਰ
ਲੂੰਹਦੇ ਰਹਿਣਗੇ
ਤੇਰੇ ਪੈਰਾਂ ਦੀਆਂ ਤਲੀਆਂ
ਤੇ ਤੇਰੀਆਂ ਕਿੰਨੀਆਂ ਹੀ ਪੁਸ਼ਤਾਂ ਨੂੰ
ਝੱਲਣੀ ਪੈਣੀ ਉਹ ਚੁਭਣ !

ਜੇ ਤੂੰ ਚਾਹੁੰਦਾ ਏਂ
ਲਹਿਰਾਉਂਦੇ ਬੂਟੇ
ਤੇ ਪੀੜ੍ਹੀਆਂ ਤੱਕ
ਉਹਨਾਂ ਦੀ ਛਾਂ
ਤਾਂ ਵੱਤਰ ਕਰ ਆਪਣੇ ਜ਼ਿਹਨ ਦੀ ਭੋਇੰ !

ਮਹਿਜ਼
'ਲੋਕਤੰਤਰ' ਦੀ ਪਰਿਭਾਸ਼ਾ ਨੇ ਨਹੀਂ ਕਰਨੀ
ਤੇਰੀ ਕਾਇਆ ਕਲਪ !

ਉਹ ਜੋ ਕਰਦੇ ਨੇ
ਤੇਰੀਆਂ ਪੀੜਾਂ ਦਾ ਜ਼ਿਕਰ
ਚਾਹ ਦੀਆਂ ਚੁਸਕੀਆਂ ਨਾਲ
ਤੇ ਏ. ਸੀ. ਕਮਰਿਆਂ 'ਚ ਬੈਠ
ਬਣਾਉਂਦੇ ਨੇ
ਚੋਣ ਮਨੋਰਥ-ਪੱਤਰ
ਜਿਸ ਵਿਚ ਨਹੀਂ ਹੁੰਦੀ
ਤੇਰੇ ਧੁੱਪ 'ਚ ਝੁਲਸੇ ਜੁੱਸੇ ਨੂੰ
ਮੱਲ੍ਹਮ ਲਾਉਣ ਦੀ ਗੱਲ
ਉਹ ਸਿਰਜਦੇ ਨੇ
ਮਹਿਜ਼ ਇਕ ਭਰਮ
ਤੇ ਸ਼ਬਦਾਂ ਦਾ ਜਾਲ !

ਇਹ ਜੋ ਤੂੰ
ਬਣ ਕੇ ਤਰਸ ਦਾ ਪਾਤਰ
ਆਪਣੇ ਹੱਕਾਂ ਲਈ-
ਅੱਡਦਾ ਏਂ ਝੋਲੀ
ਇਹ ਤੇਰੀ
ਮਰ ਚੁੱਕੀ ਰੂਹ ਦਾ ਸਬੂਤ ਹੈ !

ਕਿੰਨੀ ਦੇਰ ਹੋਰ ਦੱਬਦੀ ਰਹੂ
ਤੇਰੀ ਰੂਹ ਦੀ ਅਵਾਜ਼
ਬਾਬਰ ਦੇ ਮਹਿਲੀਂ
ਗੂੰਜਦੇ ਠਹਾਕਿਆਂ 'ਚ !

ਚੇਤਨਾ ਦੇ ਬੀਜ ਬੀਜਣ ਲਈ
ਵੱਤਰ ਕਰ ਜ਼ਿਹਨ ਦੀ ਭੋਇੰ-
ਹੁਣ ਕਰਨਾ ਹੀ ਪੈਣਾ ਹੈ
ਜਾਬਰ ਨੂੰ ਜ਼ਾਲਮ ਕਹਿਣ ਦਾ ਹੀਆ !

2. ਸਾਂਝੀਆਂ ਪੀੜਾਂ

ਉਹ ਕੁਪੋਸ਼ਿਤ ਅਫਰੀਕੀ ਬੱਚੀ...

ਉਹ ਸਹਿਮਿਆ ਸੀਰੀਆਈ ਬਾਲ
ਤੇ ਖੌਫ਼ਜ਼ਦਾ ਫਰਾਂਸੀਸੀ ਮਸੂਮ...

ਉਹ ਧੁਆਂਖਿਆ ਮਜ਼ਦੂਰ...

ਉਹ "ਰੈੱਡ ਲਾਈਟ ਏਰੀਏ" 'ਚ
ਮੁਸਕਰਾਹਟਾਂ ਦੇ ਮਖੌਟੇ 'ਚ ਲੁਕੀਆਂ
ਅਨੰਤ ਪੀੜਾਂ...

ਉਹ ਰੋਟੀ ਦੀ ਭਾਲ 'ਚ
ਗੁਆਚਿਆ ਬਚਪਨ....

ਧਰਤੀ ਦੇ ਮਤਰੇਏ ਪੁੱਤ ਜਿਹਾ
ਜੀਵਨ ਲੰਘਾਉਂਦੇ ਸ਼ਰਨਾਰਥੀ...

'ਸਾਂਝੀਆਂ ਪੀੜਾਂ' ਸੰਗ ਪਰੋਤੇ
ਕਿੰਨੇ ਇੱਕੋ ਜਿਹੇ ਨੇ ਸਭ !!??!!

3. ਜ਼ਹਿਰੀ ਰੱਤ ਦਾ ਫੈਲਾਅ

ਫੈਲ ਰਿਹਾ ਹੈ 'ਜ਼ਹਿਰੀ ਰੱਤ'
ਮਨੁੱਖਤਾ ਦੀਆਂ
ਕੱਟੀਆਂ-ਫਟੀਆਂ ਰਗਾਂ ਵਿਚ
ਦੌੜ ਰਿਹਾ ਹੈ ਨਿਰੰਤਰ
ਸਰਹੱਦੀ-ਰੇਖਾਵਾਂ ਵਿਚ
ਵਹਿ ਰਿਹਾ ਹੈ
ਪੂਰੀ ਊਰਜਾ ਨਾਲ
ਜਿਸ ਨਾਲ
ਜਗਾਏ ਜਾ ਸਕਦੇ ਨੇ ਬਲਬ
ਨਿਊਯਾਰਕ ਜਾਂ ਬੋਸਟਨ ਵਿਚ
ਜਿਸ ਨਾਲ ਜਗਮਗਾ ਸਕਦੈ
ਵਸ਼ਿੰਗਟਨ ਦਾ 'ਵਾਈਟ ਹਾਊਸ'

ਜਿਸ ਨਾਲ
ਬਾਲੇ ਜਾ ਸਕਦੇ ਨੇ ਭਾਂਬੜ
ਕਦੇ ਵੀ...ਕਿਤੇ ਵੀ
ਧਰਮ
ਆਸਥਾ
ਜਾਂ ਆਦਰਸ਼ ਦੇ
ਛੋਟੇ ਤੋਂ ਛੋਟੇ ਫਲੀਤੇ ਵਿਚ ...
ਇੱਕ ਪਲ ਹੀ ਕਾਫ਼ੀ ਹੈ
ਇਸ ਰੱਤ ਨੂੰ 'ਐਟਮ' ਬਣਨ ਲਈ...

ਇਸ ਰੱਤ ਦੇ ਐਟਮ ਬਣਨ ਨਾਲ
ਅਲੋਪ ਨਹੀਂ ਹੋਣਗੇ
'ਲੱਕੜਬੱਘੇ'
'ਭੇੜੀਏ'
ਤੇ 'ਘੜਿਆਲ' !
ਹਰੇ-ਭਰੇ ਰਹਿਣਗੇ 'ਕੈਕਟਸ' ਤੇ 'ਥੋਹਰ' !

ਇਸ ਜ਼ਹਿਰੀ ਰੱਤ ਦੀ ਲਪੇਟ 'ਚ
ਜਦ ਵੀ ਆਏਗਾ
'ਚਹਿਚਿਹਾਉਂਦਾ ਬੋਟ' ਆਏਗਾ !
'ਮਹਿਕਾਉਂਦਾ ਗੁਲਾਬ' ਆਏਗਾ !

4. ਸ਼ਹੀਦ ਦਾ ਬੁੱਤ

ਮੈਂ ਹੁਣੇ
ਜਿਸ ਬੁੱਤ ਦੇ ਕੋਲ ਖੜ੍ਹੀ ਹਾਂ
ਉਹ ਇੱਕ ਸ਼ਹੀਦ ਦਾ ਹੈ
ਮੈਂ ਉਸ ਨੂੰ ਨਿਹਾਰ ਰਹੀ ਹਾਂ
ਬਹੁਤ ਹੀ ਜੀਵੰਤ ਮੂਰਤੀ !

ਲਗਦਾ
ਹੁਣੇ ਇਹਦਾ ਹੱਥ ਉੱਠੇਗਾ
ਕਿਸੇ ਨਾਅਰੇ ਨੂੰ
ਪ੍ਰਗਟਾਉਣ ਲਈ !
ਹੁਣੇ ਇਹਦੇ ਮੁਖ 'ਚੋਂ ਨਿੱਕਲੇਗੀ
ਇੱਕ ਬੁਲੰਦ ਆਵਾਜ਼ !

ਸੋਚਦੀ ਹਾਂ
ਜਦ ਚੌਂਕ 'ਚ ਖਲੋ
ਵੇਖਦਾ ਹੋਣਾ ਇਹ
ਆਪਣੇ ਸੁਪਨਿਆਂ ਦਾ
ਘਾਣ ਹੁੰਦੇ
ਤਾਂ
ਕਿੰਝ ਕਰਦਾ ਹੋਣਾ ਬਰਦਾਸ਼ਤ !

ਇਹ ਸੋਚ
ਓਥੋਂ ਤੁਰ ਆਈ ਸਾਂ ਮੈਂ
ਮਲਕੜੇ ਜਿਹੇ-
ਮਤੇ ਇਹ
ਹੋ ਜਾਏ ਜੀਵਤ ਅਚਾਨਕ
ਤੇ ਮੈਨੂ ਹਥ ਫੜ ਆਖੇ,
''ਇਹੀ ਸਮਾਂ ਹੈ
ਸੰਘਰਸ਼ ਦਾ, ਜੂਝਣ ਦਾ''
ਤਾਂ ਮੈਂ ਕੀ ਕਰਾਂਗੀ ?
ਕੀ ਕਹਾਂਗੀ ਉਸਨੂੰ ?
ਕਿ
ਤੇਰੇ ਵੇਲਿਆਂ 'ਚ
ਸੰਘਰਸ਼ ਸੀ ਕਿਸੇ ਗ਼ੈਰ ਨਾਲ
ਤੇ ਪੂਰਾ ਭਾਰਤੀ ਆਵਾਮ
ਸੀ ਤੇਰੇ ਨਾਲ !

ਪਰ ਅੱਜ
ਆਪਣੇ ਹੀ ਬਣ ਬੈਠੇ ਫਿਰੰਗੀ
ਤਾਂ ਦੱਸ
ਟੁਕੜਿਆਂ 'ਚ ਵੰਡੇ
ਆਵਾਮ ਨੂੰ ਲੈ ਕੇ
ਕਿੰਝ ਜੂਝੀਏ ?
ਟੁਕੜਿਆਂ 'ਚ ਵੰਡੇ
ਆਵਾਮ ਨੂੰ ਲੈ ਕੇ
ਕਿੰਝ ਜੂਝੀਏ ?

5. ਆਵਾਜ਼

ਪੂਰੇ ਪੰਜ ਸਾਲ ਲਈ
ਅਸੀਂ ਵਿਕ ਜਾਂਦੇ ਹਾਂ
ਬੱਸ
ਪੰਜ ਸੌ ਦੇ ਨੋਟ ਬਦਲੇ !
ਤੀਹ ਕੁ ਪੈਸੇ ਪੈਂਦੀ ਹੈ
ਸਾਡੀ ਦਿਹਾੜੀ
ਜਿਸ ਨਾਲ
ਇੱਕ ਟਾਫੀ ਖਰੀਦਣਾ ਵੀ
ਨਾ-ਮੁਮਕਿਨ ਹੈ
ਆਪਣੇ ਬੱਚੇ ਲਈ !

ਫਿਰ ਭਲਾਂ
ਕਿੰਨਾ ਚਿਰ ਹੋਰ
ਸੁੱਤੇ ਰਹਿਣਾ ਅਸੀਂ

ਕੀ ਸੱਚਮੁੱਚ
ਸਾਡੀ ਸੋਚ ਜੰਗਾਲੀ ਗਈ

ਕਿਉਂ ਦੁਸ਼ਵਾਰੀਆਂ ਨੂੰ
ਬਣਾ ਲਿਆ ਅਸੀਂ
ਆਪਣੇ ਲੇਖਾਂ ਦੀ ਹੋਣੀ
ਸਖ਼ਤ ਜਾਨ
ਮਿਹਨਤਾਂ ਕਰ-ਕਰ
ਮੇਟ ਲਈਆਂ ਅਸੀਂ
ਜੋ ਆਪਣੇ ਹੱਥਾਂ ਦੀਆਂ ਲਕੀਰਾਂ !
ਹੁਣ ਵਰਤੀਏ
ਇਹਨਾਂ ਹੱਥਾਂ ਨੂੰ
ਮੇਟਣ ਲਈ
'ਉਸ' ਵੱਲੋਂ ਲਿਖੀਆਂ
ਆਪਣੇ ਮੱਥੇ ਦੀਆਂ ਲਕੀਰਾਂ!
ਆਓ ਪਹਿਚਾਣੀਏ !
ਬਹੁਤ ਤਾਕਤ ਹੈ
ਇਹਨਾਂ ਹੱਥਾਂ 'ਚ !

'ਲੋਕਤੰਤਰ'
ਬੁਰੇ ਹੱਥਾਂ 'ਚ ਜੋ
ਬਣ ਗਿਆ
'ਜੋਕਤੰਤਰ'
ਇਸ ਤੰਤਰ ਦੀਆਂ
ਲਹੂ-ਪੀਣੀਆਂ
ਜੋਕਾਂ ਨੂੰ ਉਖੇੜਨ ਲਈ
ਸਾਡੇ ਮਿਟੀਆਂ ਲੀਕਾਂ ਵਾਲੇ
ਖਰ੍ਹਵੇ ਹੱਥਾਂ ਦੀ ਲੋੜ ਹੈ !

ਸਮਾਜ ਸਿਰਜਣ ਲਈ
ਹੂੰਝਣਾ ਪੈਣਾ ਹੁਣ
ਨਾਪਾਕ ਇਰਾਦਿਆਂ ਵਾਲੇ ਝੁੰਡ ਨੂੰ !

6. ਚੋਣਾਂ ਦਾ ਪਿੜ

ਉਹ ਵਿਹੁ ਘੋਲਦਾ ਹੈ
ਸਿਰੀ ਵੀ ਚੁੱਕਦਾ ਹੈ
ਤੇ
ਚਿਰਾਂ ਤੋਂ ਇਕੱਠੀ ਹੋਈ
ਜ਼ਹਿਰ ਨੂੰ ਉਗਲਣ ਲਈ
ਤਰਲੋਮੱਛੀ ਵੀ ਹੁੰਦਾ ਹੈ !

ਪਰ
ਉਸਤੋਂ ਵੀ ਵਿਹੁਲੇ ਨਾਗ
ਜੋ ਪੁਸ਼ਤਾਂ ਤੋਂ ਬੈਠੇ 'ਨੇ
‘ਜਨਹਿੱਤਾਂ’ ਦੀ ਮਣੀ 'ਤੇ
ਮਾਰ ਕੇ ਕੁੰਡਲ
ਕਰ ਦਿੰਦੇ ਬੇਵੱਸ ਉਸਨੂੰ
ਤੇ ਉਹ
ਸਾਰੀ ਹੀ ਜ਼ਹਿਰ
ਆਪਣੇ ਅੰਦਰ ਸਮੇਟ ਕੇ
ਆਪਣਾ ਆਪਾ ਡੱਸਦਾ ਏ
ਤੇ ਨੀਲੇ ਹੋਏ ਅੰਗਾਂ ਸੰਗ
ਕਿਸੇ ਨੁੱਕਰੇ ਬਣੀ ਖੁੱਡ 'ਚ
ਜਾ ਵੜਦਾ ਹੈ ...

ਇੰਝ ਹੀ ਹੋ ਰਿਹਾ ਹੈ ਨਾ ਚੋਣਾਂ ਦੇ ਪਿੜ 'ਚ ?

7. ਵਜ਼ੀਰ ਦੀ ਸਲਾਹ

ਤਾਇਨਾਤ ਕਰ ਦੇਵੋ
ਭਾਰੀ ਫੋਰਸ ਉੱਥੇ
ਜਿੱਥੇ ਹਜ਼ੂਮ ਨੂੰ
ਸ਼ਬਦਾਂ,
ਤਕਰੀਰਾਂ
ਤੇ ਜਨ ਸੰਘਰਸ਼ ਦਾ
ਪਾਠ ਪੜ੍ਹਾਇਆ ਜਾਂਦਾ ਹੋਵੇ !
ਜਿੱਥੇ
ਬੌਧਿਕਤਾ
ਤੇ ਇਨਕਲਾਬ ਦੀ
ਗੂੰਜ ਪੈਂਦੀ ਹੋਵੇ !

ਕਲਮਾਂ ਵਾਲਿਆਂ ਲਈ
ਕਵਿਤਾ ਹੁਣ ਮਹਿਜ਼
ਹੀਰ ਤੇ ਰਾਂਝੇ ਦਾ ਰੁਮਾਂਸ
ਜਾਂ ਦੁਖਾਂ ਦਾ
ਅੰਤਹੀਨ ਵਿਰਲਾਪ ਨਹੀਂ ਰਹੀ-
ਇਹ ਬਣਦੀ ਜਾ ਰਹੀ ਹੈ
ਜੁੱਗਪਲਟੀ ਲਈ
ਹਿੱਸਾ ਪਾਉਣ ਦਾ
ਖ਼ਤਰਨਾਕ ਹਥਿਆਰ !

ਇਹ ਖ਼ਤਰਾ ਬਣ
ਲੱਗੀ ਹੈ ਮੰਡਰਾਉਣ
ਸਿਆਸਤ ਦੇ ਉਨ੍ਹਾਂ ਠਿਕਾਣਿਆਂ 'ਤੇ
ਜਿੱਥੇ
ਘੜੀਆਂ ਜਾਂਦੀਆਂ ਨੇ
ਜਨਸਮੂਹ ਨੂੰ
ਕੁਚਲਣ ਦੀਆਂ ਨੀਤੀਆਂ-

ਇਹ ਕਵਿਤਾ ਹੁਣ
ਸੱਤਾ ਦੀ ਦੁਖਦੀ ਰਗ ਨਾਲ ਵੀ
ਟਕਰਾਉਣ ਲੱਗੀ ਏ
ਸਮੇਂ ਸਿਰ ਕੁਝ ਕਰੋ
ਨਹੀਂ ਤਾਂ ਇਹ ਸਮਝੋ
ਅਵਾਮ ਨੂੰ
ਚੇਤਨਾ ਦਾ ਜਾਗ
ਲਾਉਣ ਲੱਗੀ ਹੈ-

ਇਹ ਆਮ ਆਦਮੀ ਦੇ
ਖੰਡਰ ਹੋਏ
ਸੁਪਨਿਆਂ ਦੇ ਮਲਬੇ ਵਿੱਚੋਂ
ਲੱਭ ਰਹੀ ਹੈ
ਸੁਪਨਿਆਂ ਨੂੰ ਮਲਬਾ ਕਰ ਦੇਣ ਵਾਲੇ
ਤੂਫ਼ਾਨਾਂ ਦਾ ਨਿਸ਼ਾਨ !

ਬਹੁਤ ਸੌਖੀ ਏ ਇਸਦੀ ਸ਼ਨਾਖਤ-
ਦੇਖਣ ਵਿਚ ਬਹੁਤ ਸਹਿਜ
ਸੰਗੀਤਮਈ
ਤੇ ਕਲਾਤਮਕ -
ਤੁਰਦੀ ਹੈ
ਨਿਤਾਣਿਆਂ ਵੱਲ ਥੋੜ੍ਹਾ ਝੁਕ ਕੇ-
ਸੁੱਤਿਆਂ ਨੂੰ ਹਲੂਣਦੀ ਹੈ -
ਜਾਗਦਿਆਂ ਨੂੰ
ਉਂਗਲ ਫੜ ਨਾਲ ਤੋਰਦੀ ਹੈ -

ਇਸ ਲਈ
ਕਵੀਆਂ, ਚਿੰਤਕਾਂ
ਜਾਗ ਰਹੇ ਤੇ ਲੜ ਰਹੇ
ਆਮ ਲੋਕਾਂ ਨੂੰ
ਕਿਸੇ ਤਰ੍ਹਾਂ
ਸੁਆਕੇ ਰੱਖਣ ਦੀ ਮੁਹਿੰਮ
ਤੇਜ਼ ਕਰ ਦੇਵੋ !

ਹੋ ਸਕੇ ਤਾਂ
ਸ਼ਰਾਬ ਦੀਆਂ ਭੱਠੀਆਂ
ਚਿੱਟੇ ਦੇ ਗੈਰਕਨੂੰਨੀ ਅੱਡਿਆਂ ਨੂੰ
ਪੂਰੀ ਤਰਾਂ ਮੁਕਤ ਕਰ ਦੇਵੋ !
ਚੰਗਾ ਹੋਵੇ
ਜੇ ਸੱਭੇ ‘ਨਿਆਂਮਤਾਂ’
ਇਹਨਾਂ ਦੇ ਨਾਮ ਕਰ ਦੇਵੋ !
ਸਸਤੇ ਮਨੋਰੰਜਨਾਂ,
ਨਗਨ ਪ੍ਰਦਰਸ਼ਨਾਂ
ਤੇ ਅਸ਼ਲੀਲ ਫਿਲਮਾਂ ਨੂੰ
ਅੰਧਾਧੁੰਦ
ਆਪਣੀ ਰਫ਼ਤਾਰ ਚੱਲਣ ਦੇਵੋ…

ਸੰਕਟ ਦੇ ਇਸ ਔਖੇ ਸਮੇਂ ਵਿਚ
ਗੱਭਰੂਆਂ ਤੇ ਮੁਟਿਆਰਾਂ ਨੂੰ
ਇਸ ਕਵਿਤਾ ਦੇ ਪ੍ਰਭਾਵ ਤੋਂ
ਵਿਰਵਾ ਰੱਖੋ
ਸੰਵੇਦਨਸ਼ੀਲ ਠਿਕਾਣਿਆਂ ਤੋਂ ਦੂਰ
ਚੇਤਨਾ ਦੇ ਜਾਗ ਤੋਂ ਸੱਖਣੇ-

ਤਦ ਤੱਕ ਉਨ੍ਹਾਂ ਨੂੰ
ਹਕੀਕਤੋਂ ਸੱਖਣੇ
ਇਤਿਹਾਸ ਵਿੱਚ ਉਲਝਾਈ ਰੱਖੋ
ਬੇਸਿਰੇ ਤੇ ਬੇਪੈਰ
ਮੁੱਦਿਆਂ ਨੂੰ ਲਟਕਾਈ ਰੱਖੋ
ਇਹੀ ਹੈ ਕਿ ਬੱਸ
ਮੰਜ਼ਿਲ ਵੱਲ ਨੂੰ ਜਾਂਦੇ
ਰਾਹਾਂ ਤੋਂ ਭਟਕਾਈ ਰੱਖੋ
ਇਹ ਕਵਿਤਾ ਹੁਣ ਮਹਿਜ਼
'ਵਾਹ-ਵਾਹ' ਦੀ ਮੁਥਾਜ ਨਹੀਂ ਰਹੀ
ਤੁਹਾਡੇ ਸਨਮਾਨਾਂ ਨੂੰ
ਠੁਕਰਾਉਣਾ ਵੀ ਜਾਣ ਗਈ ਹੈ !

8. ਹੇ ਨਾਨਕ

ਹੇ ਨਾਨਕ !
ਕਿਸੇ ਚਿਤਰਕਾਰ ਤੈਨੂੰ
ਅੱਖਾਂ ਬੰਦ,
ਹੱਥ 'ਚ ਮਾਲਾ ਫੜ੍ਹਾ
ਕੀ ਚਿਤਰ ਦਿੱਤਾ
ਕਿ ਤੇਰੇ ਸਿੱਖ
ਤੇਰੀ ਹੀ ਬਾਣੀ ਤੋਂ
ਅੱਖਾਂ ਮੂੰਦ ਬਹਿ ਗਏ !
ਉਹ ਪੜ੍ਹਦੇ ਨੇ ਤੇਰੀ ਬਾਣੀ
ਚੇਤਿਆਂ 'ਚੋਂ
...ਤੇ
ਮਾਲਾ ਦੇ ਮਣਕੇ ਗਿਣਦਿਆਂ
ਘਸਾ ਲੈਂਦੇ ਨੇ ਆਪਨੇ ਪੋਟੇ !

ਵਿਸ਼ਵ-ਕ੍ਰਾਂਤੀ ਦੇ ਸਮਰੱਥ
ਤੇਰੀ ਬਾਣੀ
ਮਾਨਵਤਾ ਦੇ ਲਖਾਇਕ
ਤੇਰੇ ਸਿਧਾਂਤ
ਉਹਨਾਂ ਬੰਦ ਕਰ ਰੱਖੇ
ਲੁਭਾਵਣੇ ਰੁਮਾਲਿਆਂ 'ਚ !

ਹੇ ਨਾਨਕ !
ਮੈਂ ਜਦ ਵੀ ਲੱਭਦੀ ਹਾਂ
ਤੇਰਾ ਅਕਸ,
ਤੇਰੇ ਗਰਜਦੇ ਬੋਲਾਂ 'ਚੋਂ-
ਤੂੰ ਮੈਨੂੰ
ਇਨਕਲਾਬੀ ਜਾਪਦਾ ਏਂ !
ਜਦ
ਬਾਬਰ ਢਾਹਿਆ ਸੀ ਜ਼ੁਲਮ
ਤੇਰੇ ਦਿਲ 'ਚੋਂ
ਨਿਕਲੀ ਸੀ ਧਾਹ !
....ਤੇ ਅੱਜ ਜਦ
ਹਰ ਪਾਸੇ ਜ਼ੁਲਮ ਦੀ ਸਿਖਰ ਹੈ
ਧੀਆਂ ਬੇਪੱਤ ਹੋ ਰਹੀਆਂ
ਭੇੜੀਏ ਨੋਚ ਰਹੇ
ਹਿਰਨਾਂ-ਹਿਰਨੋਟਿਆਂ ਤਾਈਂ
... ਤੇ ਇਨਕਲਾਬੀ ਧੀ
ਸਹਿ ਰਹੀ ਐ
ਤੇਜ਼ਾਬੀ ਹਮਲੇ
'ਕਾਨੂੰਨ ਦੇ ਰਖਵਾਲਿਆਂ' ਦੇ ਥੱਪੜ
ਤੇ ਖਿੱਚਾਧੂਹੀ-
ਤਾਂ ਕਿਉਂ ਸੁੱਤੇ ਪਏ ਨੇ ਤੇਰੇ ਸਿੱਖ ?

ਕਿਉਂ ਨਹੀਂ ਮਾਰਿਆ ਕਿਸੇ
ਹਾਅ ਦਾ ਨਾਹਰਾ?
ਕਿਉਂ ਤੇਰੇ ਸ਼ਬਦ
ਬਾਣ ਬਣ
ਨਹੀਂ ਵੱਜਦੇ ਉਹਨਾਂ ਦੇ ਸੀਨੇ?
ਬੱਸ!
ਧਾਰਮਿਕ ਸਮਾਗਮ ਰਚਾ
''ਜੈਕਾਰੇ'' ਛੱਡਣੇ
ਉਹਨਾਂ ਦਾ ਕਸਬ ਹੋ ਗਿਆ!
ਉਂਝ ਲੋੜ ਪੈਣ 'ਤੇ
ਉਹ ਖੁੱਡੀ ਜਾ ਵੜਦੇ ਨੇ!
ਉਹ ਸੱਚ ਲਈ ਨਹੀਂ ,
ਸੱਤਾ ਲਈ ਲੜਦੇ ਨੇ!

ਹੇ ਨਾਨਕ !
ਵਿਸ਼ਵ-ਨੂਰ ਤੇਰੀ ਬਾਣੀ
ਜੀਵਨ ਦੇ ਪਲ-ਪਲ ਦੀ
ਅਗਵਾਈ ਦੇ ਸਮੱਰਥ
ਤੇਰੇ ਆਪਣਿਆਂ ਹੀ
ਮਾਲਾ ਦੇ ਮਣਕਿਆਂ 'ਚ
ਕੈਦ ਕਰ ਦਿੱਤੀ!
ਹਰ ਦੂਸਰੇ ਵਾਦ ਨਾਲੋਂ
ਕਿਤੇ ਵੱਡਮੁੱਲਾ ਹੈ
ਤੇਰਾ ਨਾਨਕਪਥ!
ਭਾਈ ਲਾਲੋਆਂ ਤੋਂ ਪਹਿਲਾਂ
ਪਖੰਡੀਆਂ ਦੇ ਹੱਥੀਂ ਚੜ੍ਹ ਗਿਆ !

ਜੀਵਨ ਨੂੰ ਸਵਰਗ ਬਣਾਉਣ ਲਈ
ਤੂੰ ਦਿੱਤੇ ਜੋ 'ਗੁਰ'
ਉਹ ਇੱਕ ਵੀ ਸਾਡੇ ਅਮਲ 'ਚ ਨਹੀਂ !
ਅਸੀਂ ਤਾਂ ਜਪ ਰਹੇ ਹਾਂ ਤੇਰੀ ਬਾਣੀ
ਉਸ ਅਣਦਿਸਦੇ
ਸਵਰਗ ਦੀ ਚਾਹ 'ਚ !
ਦੁਆਲੇ ਵਾਪਰਦਾ ਨਰਕ
ਸਾਨੂੰ ਮਨਜ਼ੂਰ ਹੈ !

ਤੂੰ ਖੋਹਲਣੇ ਚਾਹੇ ਸਨ
ਬੰਦ ਸਿਰਾਂ ਦੇ ਕਵਾੜ
ਤੇਰੀ ਸੋਚ 'ਚ ਸੀ
ਤਰਕ
ਮਾਨਵਤਾ
ਇਨਕਲਾਬ
ਤੇ ਧਰਮ-ਨਿਰਪੱਖਤਾ !
ਪਰ ਵੇਖ ਸਾਡੀ ਕੱਟੜਤਾ !
ਕਿ ਕਿਵੇਂ ਅਸੀਂ
ਮਾਨਵਤਾ ਦੀਆਂ ਧੱਜੀਆਂ ਉਡਾਉਂਦੇ ਹਾਂ!
ਤਰਕ ਸਾਡੇ ਨੇੜੇ ਵੀ ਨਹੀਂ
ਪਰ ਅਸੀਂ ਤੇਰੇ ਸਿੱਖ ਕਹਾਉਂਦੇ ਹਾਂ !
ਅਸੀਂ
''ਸੱਚੇ-ਸਾਹਿਬ'' ਨੂੰ ਧਿਆਉਂਦੇ ਹਾਂ
ਪਰ 'ਕੂੜ' ਵੀ ਖੂਬ ਕਮਾਉਂਦੇ ਹਾਂ !
ਹੇ ਨਾਨਕ !
ਜੋ ਵੀ ਹੋਵੇ
ਅਸੀਂ ਤੇਰੇ ਤਾਂ ਸਿੱਖ ਕਹਾਉਂਦੇ ਹਾਂ !
ਤੇਰਾ ਨਾਮ ਵੀ ਜਪਾਉਂਦੇ ਹਾਂ !
ਅਸੀਂ ਤੇਰੇ ਤਾਂ ਸਿੱਖ ਕਹਾਉਂਦੇ ਹਾਂ !

9. ਗ਼ਰੀਬੀ-ਰੇਖਾ

ਕਿੰਨਾ ਅਜੀਬ ਹੈ
ਸਾਡਾ ਅਰਥ-ਵਿਗਿਆਨ
ਰਾਜਨੀਤੀ ਦਾ ਝੋਲੀ ਚੁੱਕ !
ਕਿੰਨੀ ਸ਼ਾਤਰਤਾ ਨਾਲ
ਘੜ ਲੈਂਦਾ ਹੈ ਜੋ
ਗ਼ਰੀਬੀ ਦੀ ਪਰਿਭਾਸ਼ਾ !

ਨਿੱਤ ਬਣਦੇ ਨੇ ਨਵੇਂ ਅਯੋਗ
ਏ. ਸੀ. ਕਮਰਿਆਂ 'ਚ ਬੈਠ
ਘੜਦੇ ਨੇ
ਬਹੁਜਨ ਨੂੰ
ਭਰਮਾਉਣ ਦੀਆਂ ਨੀਤੀਆਂ !

ਮਲਿਕ ਭਾਗੋਆਂ ਦੀ ਸਰਕਾਰ
ਬੜੇ ਚਾਅ ਨਾਲ
ਡੋਲ੍ਹਦੀ ਹੈ
ਇਹਨਾਂ ਅਯੋਗਾਂ ਤੇ ਪੈਸਾ
ਤੇ
ਤਤਪਰ ਹੋ ਉਡੀਕਦੀ ਹੈ
ਕਿ
ਕਦੋਂ ਖੁੱਲ੍ਹੇਗੀ
ਅਯੋਗ ਦੀ ਜਾਦੂ-ਪਟਾਰੀ
ਤੇ ਕੀ ਹੋਵੇਗੀ
ਗ਼ਰੀਬੀ ਦੀ ਨਵੀਂ ਪਰਿਭਾਸ਼ਾ ?
ਤਾਂ ਜੋ
ਅਸੀਂ ਘੋਸ਼ਿਤ ਕਰ ਸਕੀਏ
"ਖੁਸ਼ਹਾਲ ਭਾਰਤ "

ਬਿਸਲੇਰੀ ਬੋਤਲਾਂ ਦਾ
ਪਾਣੀ ਪੀਣ ਵਾਲੇ
ਆਪਣੀ ਜੂਠ ਤੋਂ ਵੀ ਥੋੜ੍ਹੇ
ਭੋਜਨ ਨੂੰ
"ਜੀਵਨ-ਨਿਰਬਾਹ" ਲਈ
ਦਸਦੇ ਨੇ "ਕਾਫੀ"
ਓਹਨਾਂ ਦੀ ਨਜ਼ਰ 'ਚ
ਮਨੁੱਖਤਾ ਦੀ ਹੋਂਦ ਦਾ ਮਸਲਾ
ਮਹਿਜ਼ ਜਿਉਂਦੇ ਰਹਿਣ ਲਈ ਖਾਣਾ !

ਗੰਦਗੀ ਦੇ ਢੇਰ ਫਰੋਲਦਾ
ਕਰਦਾ ਪੇਟ ਭਰਨ ਦਾ ਹੀਲਾ
ਨਹੀਂ ਇਹਨਾਂ ਦੀ ਨਜ਼ਰ 'ਚ
ਗ਼ਰੀਬੀ-ਰੇਖਾ ਤੋਂ ਥੱਲੇ
ਕਿਓਂ ਜੋ
ਮਿਲਦੀ ਹੈ ਉਸਨੂੰ
"ਪੂਰੀ ਕੈਲੋਰੀਜ਼" !
ਰੱਜ ਕੇ ਉੱਡਦੀ ਹੈ
ਓਹਦੇ ਮਨੁੱਖ ਹੋਣ ਦੀ ਖਿੱਲੀ !
ਜਾਨਵਰਾਂ ਦੇ ਤੁੱਲ
ਸਿਰਫ ਪੇਟ ਭਰਨਾ ਹੀ ਹੈ
ਉਹਦੀ ਜਿੰਦਗੀ ਦਾ ਮਕਸਦ !

ਹੋਰ ਸਭ ਵਰਤਾਰੇ
ਜੋ "ਮਨੁੱਖ" ਹੋਣ ਲਈ ਨੇ ਜਰੂਰੀ
ਭਲਾਂ ਉਹਦੇ ਕਿਸ ਕੰਮ
.....ਬੱਸ ਉਹ ਨਹੀਂ
ਗਰੀਬੀ-ਰੇਖਾ ਤੋਂ ਥੱਲੇ
ਕੀ ਇਹ ਕਾਫੀ ਨਹੀਂ ?!?

10. ਧਰਤੀ-ਮਾਂ

ਬਹੁਤ ਮਸਤ ਚਾਲ
ਘੁੰਮ ਰਹੀ ਸੀ ਧਰਤੀ
ਆਪਣੀ ਧੁਰੀ ਦੁਆਲੇ

ਖੁਮਾਰ ਸੀ ਉਸਨੂੰ
ਕਿ ਪੂਰੇ ਬ੍ਰਿਹਮੰਡ ਵਿੱਚ
ਉਸਦੇ ਹੀ ਹਿੱਸੇ ਆਇਆ
ਨਿੱਕੇ-ਵੱਡੇ ਜੀਵਾਂ ਨੂੰ
ਆਪਣੀ ਗੋਦੀ 'ਚ ਖਿਡਾਉਣਾ !

ਉਸਦੇ ਹੀ ਕਲਾਵੇ 'ਚ
ਅਠਖੇਲੀਆਂ ਕਰਦੇ
ਸ਼ੂਕਦੇ ਦਰਿਆ
ਉਹਦੀ ਕੁੱਖੋਂ ਹੀ
ਲੈਂਦੇ ਜਨਮ
ਇਹ ਹਰਿਆਵਲ ਦੇ ਅੰਬਾਰ !

ਪਰ ਅੱਜ ਇਹ
ਏਨੀ ਸਹਿਮੀ-ਸਹਿਮੀ
ਕਿਓਂ ਜਾਪੇ ?
ਲੱਗਦੈ
ਉਸਨੂੰ ਇਲਮ ਹੋ ਗਿਆ
ਕਿ
ਉਹ ਨੱਚ ਰਹੀ ਹੈ
ਬਰੂਦ ਦੇ ਢੇਰ 'ਤੇ
ਬੱਸ ਘੁੰਮ ਰਹੀ ਹੈ
ਮਿਸਾਇਲ ਦੀ ਨੋਕ 'ਤੇ
..ਤੇ ਮਾਨਵ ਨਾਮੀਂ ਸ਼ੈਅ ਨੇ
ਨੋਚ ਲਿਆ ਹੈ ਜਿਵੇਂ
ਉਸਦਾ ਸਾਰਾ ਤਨ-ਬਦਨ
ਹੁਣ ਅੰਦਰ ਤੱਕ ਖੋਖਲਾ
ਉਸਦਾ ਵਜ਼ੂਦ
ਕਦੇ ਵੀ ਸਕਦਾ ਡਗਮਗਾ

ਸਹਿਮੀ-ਸਹਿਮੀ ਧਰਤੀ ਮਾਂ
ਚਿੰਤਿਤ ਹੈ ਕਿ
ਕਪੁੱਤ ਹੋਏ ਪੁੱਤਾਂ ਦੀ
'ਅਮਿੱਟ ਭੁੱਖ' ਦਾ ਭਲਾ
ਕੀ ਹੋਏਗਾ ਹੀਲਾ ?

11. ਪਗਡੰਡੀਆਂ ਤੇ ਤੁਰਨ ਵਾਲੇ

ਪਗਡੰਡੀਆਂ ਤੇ ਤੁਰਨ ਵਾਲਿਆਂ ਨੂੰ
ਅਕਸਰ ਸਹਿਣੀ ਪੈਂਦੀ
ਕੰਡਿਆਂ ਦੀ ਚੁਭਣ..
ਤੇ ਤਨ-ਮਨ ਦੀ ਓਡਣੀ ਨੂੰ
ਛੱਲਣੀ ਕਰ ਛੱਡਦੀਆਂ
ਅਸੂਲਾਂ ਦੀਆਂ ਸੂਲ਼ਾਂ -

ਪਰ ਜਦ
ਖੀਵੀ ਹੋਈ ਰੂਹ ਦਾ ਸਰੂਰ
ਝਲਕਦਾ ਉਨ੍ਹਾਂ ਦੇ ਨੈਣੀਂ
ਤਾਂ ਇਹਨਾਂ ਕੰਡਿਆਂ ਤੇ ਸੂਲ਼ਾਂ ਦੇ
ਮੂੰਹ ਖੁੰਢੇ ਹੋ ਜਾਂਦੇ ।

12. ਅਦਾਲਤ ਜਾਰੀ ਹੈ...

ਘਰੋਂ ਜੋ ਤੁਰਦਾ ਹੈ
ਸੁਆਲਾਂ ਦੀ ਪੰਡ
ਮੋਢਿਆਂ 'ਤੇ ਰੱਖ ਕੇ
ਰੋਜ਼ ਪਰਤ ਆਉਂਦਾ ਉਹ
ਸੁੱਕੀਆਂ ਅੱਖਾਂ ਵਿੱਚ
ਅਣਸੁਲਝੇ ਸਵਾਲ ਲੈ ਕੇ !

ਘਰ ਤੋਂ ਅਦਾਲਤ ਤੱਕ ਦਾ ਰਾਹ
ਹੁਣ ਉਸਨੂੰ ਬਹੁਤ ਛੋਟਾ ਲੱਗਦਾ
ਬੱਸ
ਵੱਡੇ ਤਾਂ ਓਹ ਸਵਾਲ ਲਗਦੇ
ਜਿਨ੍ਹਾਂ ਦੇ ਜਵਾਬ ਲਈ
ਉਮਰ ਦਾ ਇੱਕ ਵੱਡਾ ਹਿੱਸਾ
ਇਨ੍ਹਾਂ ਰਾਹਾਂ ਨੇ ਖਾ ਲਿਆ !

ਉਹ ਅਕਸਰ ਸੋਚਦਾ,
"ਕੀ ਇਹ ਬੀਮਾਰ ਨਿਆਂਤੰਤਰ
ਦੇ ਸਕੇਗਾ ਮੇਰੇ ਸਵਾਲਾਂ ਦੇ ਜਵਾਬ
ਮੇਰੇ ਜਿਉਂਦੇ ਜੀਅ ?"

ਪਰ ਕਹਿੰਦੇ ਨੇ
ਰੌਲਾ ਨਾ ਪਾਓ,
'ਅਦਾਲਤ ਜਾਰੀ ਹੈ' ਭਾਵੇਂ
ਮਰ ਗਏ ਨੇ ਕਈ ਫਰਿਆਦੀ
ਵਿਕ ਗਏ ਨੇ ਸਭ ਗਵਾਹ
ਪਰ ਅਦਾਲਤ ਜਾਰੀ ਹੈ !

ਇਥੇ ਬੋਲਣ 'ਤੇ ਹੈ ਪਾਬੰਦੀ
ਠੰਡੇ ਸਾਹਾਂ ਦੀ ਵਾਰੀ ਹੈ
ਬੱਸ ਸਾਹ ਲੈ ਸਕਦੇ ਹੋ ਤੁਸੀਂ
ਪਰ ਉਸ ਵਿੱਚ ਬਗਾਵਤ ਨਾ ਹੋਵੇ
ਅਦਾਲਤ ਜਾਰੀ ਹੈ !

13. ਨਿਆਂ

ਇਹ ਨਿਆਂ ਹੈ
ਕਿ ਇਥੋਂ ਦੇ ਫ਼ੈਸਲੇ
ਫਿਰਕੂ ਧਾੜਵੀ ਕਰਨਗੇ
ਮੁਦੱਈ ਲੱਖ ਵਾਰ ਸੱਚ ਬੋਲੇ
-ਤਾਂ ਕੀ?

ਕੌਣ ਸੁਣਦਾ ਹੈ?
ਇਥੇ ਅਪਰਾਧ ਦਾ ਨਾਮ
'ਖਾਲੜਾ',
'ਸੋਰੀ'
ਤੇ 'ਇਰੋਮ ਸ਼ਰਮੀਲਾ' ਹੈ!
ਇਥੇ ਨਿਆਂ ਦਾ ਨਾਮ
'ਟਾਡਾ' ਤੇ 'ਅਫਸਪਾ'!!

14. ਇਤਿਹਾਸ ਦੀ ਸਿਰਜਣਾ

ਉਹ ਸਭ ਜੋ
ਜਿੱਤ ਕੇ ਵਾਪਸ ਪਰਤੇ ਹਨ
ਜ਼ਿੰਦਾ ਬਚੇ ਹਨ
ਸੱਚੇ ਹਨ,
ਦੇਸ ਭਗਤ ਹਨ

ਉਹ ਸਭ
ਜੋ ਹਾਰ ਗਏ
ਮਾਰੇ ਗਏ-
ਅੱਤਵਾਦੀ ਹਨ
ਗ਼ਦਾਰ ਹਨ !

ਇੰਝ ਹੀ ਤਾਂ ਅਕਸਰ
ਸਿਰਜਿਆ ਜਾਂਦਾ ਇਤਿਹਾਸ !

ਕੌਣ ਕਹਿੰਦਾ ਕਿ
ਸਚ ਜਿੱਤਦਾ ਹੈ ਸਦਾ !

ਮੈਂ ਦੇਖਿਆ ਹੈ
ਕੂੜ ਦੇ ਮਥੇ 'ਤੇ ਵੀ
ਲਗਦਾ ਜਿੱਤ ਦਾ ਤਿਲਕ !
ਕੂੜ ਦੇ ਮਲਬੇ 'ਚ
ਅੱਜ ਵੀ ਦਫ਼ਨ ਹੈ
ਮਨੁਖਤਾ ਦਾ
ਅਸਲੀ ਇਤਿਹਾਸ !

'ਵਿਸ਼ਵ-ਪਿੰਡ' ਦਾ ਥਾਣੇਦਾਰ
ਨਿਰਧਾਰਿਤ ਕਰਦਾ ਹੈ ਹੁਣ
ਸਾਡਾ ਕਿਰਦਾਰ !

ਉਸਦੇ ਕਹਿਣੇ 'ਚ ਰਹੋਗੇ
'ਅਮਨ-ਪਸੰਦ' ਕਹਾਓਗੇ
ਨਹੀਂ ਤਾਂ
ਐਲਾਨ ਦਿੱਤੇ ਜਾਓਗੇ
'ਅੱਤਵਾਦੀ' !

ਕੁਝ ਵੀ ਤਾਂ ਨਵਾਂ ਨਹੀਂ
ਬੱਸ !
ਵਧ ਗਿਆ ਹੈ
ਮਨੁਖ ਦੀ
ਗੁਲਾਮੀ ਦਾ ਘੇਰਾ
………………
ਤੇ 'ਬੌਖਲਾਏ ਭੇੜੀਏ' ਤੋਂ ਡਰਦੇ
ਅਸੀਂ ਕਬੂਲ ਲਿਆ
ਵਿਸ਼ਵੀਕਰਨ ਦਾ
ਹਰ ਵਰਤਾਰਾ !

…ਤੇ ਸਾਡੀ ਕੀਮਤ ਹੁਣ
ਵਿਸ਼ਵ-ਮੰਡੀ 'ਚ ਪੈਂਦੀ ਹੈ !

15. ਮੈਂ ਪੰਜਾਬ ਹਾਂ!

ਚਾਹੇ ਸੁੰਗੜ ਗਿਆ ਹੈ
ਮੇਰਾ ਆਕਾਰ!
ਪਰ ਕਹਿੰਦੇ ਨੇ ਕਿ
ਮੈਂ ਵਿਕਾਸ ਦੇ ਰਾਹ 'ਤੇ ਹਾਂ!
ਨਾ ਹੁਣ ਮੇਰੀ ਰਾਜਧਾਨੀ
ਨਾ ਮੇਰੀ ਪਾਣੀਆਂ 'ਤੇ ਮਾਲਕੀ
ਪਰ ਵੱਡ-ਆਕਾਰੀ ਬਿਲਡਿੰਗਾਂ
ਤੇ ਮਲਟੀਪਲੈਕਸਾਂ ਦੀ ਭਰਮਾਰ
ਵਿਕਾਸ ਨਹੀਂ ਤਾਂ-ਹੋਰ ਕੀ ਐ?

ਮੈਂ ਮਸਤ ਹਾਂ
ਰੌਸ਼ਨ ਪੰਜਾਬ ਹਾਂ
ਚਾਹੇ ਉਹ
ਮੇਰੇ ਸੀਨੇ ਬਲਦੀ ਲਾਟ ਹੀ ਹੋਵੇ ।
ਕੀ ਫ਼ਰਕ ਪੈਂਦਾ?
ਰੋਮ ਸੜ ਰਿਹਾ
ਤੇ ਨੀਰੋ ਵਜਾ ਰਿਹਾ ਬੰਸਰੀ!

ਪੱਛਮੀ ਧੁਨਾਂ 'ਤੇ ਨੱਚਦੇ-ਗਾਉਂਦੇ
ਸਾਡੇ ਗਾਇਕ
ਅੰਤਰਰਾਸ਼ਟਰੀ-ਪੱਧਰ 'ਤੇ
ਲੈ ਗਏ ਨੇ ਮੇਰੀ ਧੀ ਦਾ 'ਜੁਗਰਾਫ਼ੀਆ'!

ਮੇਰੇ ਨੇਤਾ ਖ਼ੁਸ਼ਹਾਲ
ਹੂਟਰਾਂ ਵਾਲੀਆਂ ਗੱਡੀਆਂ
ਹੈਲੀਕਾਪਟਰਾਂ ਦੇ ਨਜ਼ਾਰੇ
ਟੈਕਸ ਦੇ-ਦੇ ਕੇ ਚਾਹੇ
ਜਨਤਾ ਹੋ ਰਹੀ ਕੰਗਾਲ
ਪਰ ਮੇਰੇ ਨੇਤਾ ਖ਼ੁਸ਼ਹਾਲ
ਤਾਂ ਕੀ?
ਮੈਂ ਠੂਠਾ ਫੜ
ਕੇਂਦਰ ਅੱਗੇ ਜਾਵਾਂਗਾ
ਕੁੱਝ ਨਾ ਕੁੱਝ ਤਾਂ ਮੰਗ ਲਿਆਵਾਂਗਾ !

ਕੀ ਹੋਇਆ ਜੇ ਨਹੀਂ ਹੁਣ
ਮੇਰੇ ਵਿਹੜੇ 'ਚ
ਦੁੱਧ, ਮੱਖਣ ਤੇ ਲੱਸੀ ਦੀ ਭਰਮਾਰ
ਮੈਂ ਜਾਣਦਾ ਹਾਂ ਕਰਨੀ
'ਕੋਕਾ ਕੋਲਾ' ਤੇ 'ਪੈਪਸੀ' ਨਾਲ
ਪ੍ਰਾਹੁਣਾਚਾਰੀ!

ਕੀ ਹੋਇਆ ਜੇ ਨਹੀਂ ਬਲਦਾ
ਦੋ ਵਕਤ ਚੁੱਲ੍ਹਾ ਮੇਰੇ ਘਰ
ਪਰ ਮੈਂ
ਦੇਸ ਦਾ ਅੰਨਦਾਤਾ ਹਾਂ!
ਕੀ ਇਹ ਵਿਕਾਸ ਨਹੀਂ?

ਬੱਸ ਕੁਝ ਕੁ ਅਲਾਮਤਾਂ
ਪ੍ਰਦੂਸ਼ਣ, ਕੈਂਸਰ, ਮਲੀਨ ਪਾਣੀ
ਕਰਜ਼ਿਆਂ ਦੀ ਪੰਡ,
ਬੇਰੁਜ਼ਗਾਰੀ, ਨਿਕੰਮਾਪਣ
ਨਸ਼ੇ ਤੇ ਵਿਲਾਸਤਾ!
ਪਰ ਤਖ਼ਤਾਂ 'ਤੇ ਬੈਠੇ
ਮੇਰੇ ਸ਼ਹਿਨਸ਼ਾਹ ਦੱਸਦੇ ਨੇ
ਕਿ ਮਾੜਾ-ਮੋਟਾ ਤਾਂ
ਅਣਦੇਖਿਆ ਕਰਨਾ ਪੈਂਦਾ ਹੈ !
ਕੁੱਝ ਵੀ ਹੋਵੇ,
ਪੰਜਾਬ ਵਿਕਾਸ ਦੇ ਰਾਹਾਂ 'ਤੇ!
ਮੈਂ ਵਿਕਾਸ ਦੇ ਰਾਹਾਂ 'ਤੇ!

16. ਪੰਜਾਬ ਉਦਾਸ ਹੈ

ਪੰਜਾਬ ਉਦਾਸ ਹੈ
ਬਹੁਤ ਉਦਾਸ!
ਉਸ ਬਾਪ ਵਾਂਗਰਾਂ
ਜਿਹਦੇ ਪੁੱਤਰਾਂ
ਜੇ ਕੀਤਾ ਹੀਆ
ਇਨਕਲਾਬ ਦਾ-
ਤਾਂ ਲਾਵਾਰਸ ਲਾਸ਼ਾਂ ਬਣ
ਅਖਬਾਰਾਂ ਦੀਆਂ ਸੁਰਖੀਆਂ ਬਣ
ਰਾਖ ਦਾ ਢੇਰ ਹੋ ਗਏ !
....ਤੇ ਕੂੜ ਦੀ ਕਚਹਿਰੀ 'ਚ
ਅਜੇ ਵੀ ਰੁਲਦੀ ਐ
ਉਸ ਬਾਪ ਦੀ ਦਾਹੜੀ !
ਉਹਦੀ ਲਚਾਰੀ 'ਤੇ
'ਨਿਆਂ ਦੇ ਠੱਗ'
ਇੰਝ ਮੁਸਕਾਏ-
ਜਿੱਦਾਂ 'ਹਿਟਲਰ'
ਯਹੂਦੀਆਂ ਨੂੰ ਗੈਸ-ਭੱਠੀਆਂ 'ਚ ਸੁੱਟ
ਮੁੱਛਾਂ ਨੂੰ ਵੱਟ ਹੀ ਚਾੜ੍ਹ ਸਕਦੈ !

ਪੰਜਾਬ ਉਦਾਸ ਹੈ
ਬਹੁਤ ਉਦਾਸ !
ਜਿਸ 'ਦਿੱਲੀ' ਨੂੰ
ਸੁਹਾਗਣ ਰੱਖਣ ਲਈ
ਬਣਿਆ ਸਦਾ ਹੀ
ਇਹ 'ਖੜਗ-ਭੁਜਾ'
ਉਸੇ ਦਿੱਲੀ ਨੇ
ਇਹਦੀਆਂ ਭੱਜੀਆਂ ਬਾਹਾਂ ਵੇਖ
ਲਗਾਏ ਠਹਾਕੇ!
ਤੇ ਇਹਦੀ ਨਾਰ ਨੂੰ
ਵਿਧਵਾ ਕਰਨ ਲਈ
ਅੱਗ ਦਾ ਜਮਗਲ ਬਾਲ਼
ਲਾਈ ਹਰ ਵਾਹ !

ਪੰਜਾਬ ਉਦਾਸ ਹੈ
ਬਹੁਤ ਉਦਾਸ !
ਉਸ ਬਾਪ ਵਾਂਗਰਾਂ
ਜਿਹਦੇ ਪੁੱਤਰ
ਰੁੜ ਗਏ ਵਿੱਚ ਦਰਿਆ ਨਸ਼ੇ ਦੇ!
ਜਿਹਦੀਆਂ ਧੀਆਂ
ਰਹਿ ਗਈਆਂ ਬਣਕੇ
ਨੁਮਾਇਸ਼ ਦੀ ਵਸਤੂ!
ਜਿਹਦੀ ਜਰਖੇਜ਼ ਭੋਂਇੰ
ਬਣਦੀ ਜਾਏ ਬੰਜਰ!

ਜਿਹਦੇ 'ਮਾਝੇ' ਪੁੱਤ ਨੂੰ
ਵਿਸਰ ਗਈ ਆਪਣੀ 'ਸੂਰਮਗਤੀ'
'ਮਾਲਵੇ' ਨੂੰ ਚਿੰਬੜ ਗਈ
'ਕੈਂਸਰ-ਡੈਣ'
ਤੇ 'ਦੁਆਬੇ' ਨੂੰ ਚੜ੍ਹ ਗਿਆ
ਐਨ. ਆਰ. ਆਈ. ਹੋਣ ਦਾ ਬੁਖ਼ਾਰ!

ਹੁਣ ਦੱਸੋ ਭਲਾ!
ਉਹ ਸੂਰਮਾ ਪੁੱਤ ਕਿਸ ਨੂੰ ਆਖੇ?
ਕਿਥੋਂ ਲੱਭ ਲਿਆਵੇ
ਧੀ ਦੀਆਂ ਅੱਖਾਂ ਦੀ
ਗੁਆਚੀ ਸ਼ਰਮ?
ਜ਼ਹਿਰੀਲੀ-ਧਰਤ 'ਤੇ ਖਲੋ
ਦੂਸ਼ਿਤ ਹਵਾ 'ਚੋਂ
ਮਹਿਕ ਕਿੱਥੋਂ ਲੱਭੇ?

ਪੰਜਾਬ ਉਦਾਸ ਹੈ
ਬਹੁਤ ਉਦਾਸ !
ਸਰਬੱਤ ਦਾ ਭਲਾ
ਮੰਗਣ ਵਾਲਾ ਦਰਵੇਸ਼
ਅੱਜ ਆਪਣੇ ਹੀ ਘਰ 'ਚ
ਹੰਢਾ ਰਿਹਾ
ਬੇਗਾਨਗੀ ਦੀ ਜੂਨ!

ਉਹਦੇ ਸੀਨੇ ਬਲਦੀ ਲਾਟ
'ਮੇਰਾ ਭਾਰਤ ਮਹਾਨ' ਦੇ
ਗੀਤ ਕਿੰਝ ਫੇਰ ਗਾਵੇ?
ਇਸ ਵਿਚ ਉਹਦਾ ਦੋਸ਼ ਕੀ
ਜੇ ਉਹ
ਇਨਕਲਾਬ 'ਤੇ ਉੰਤਰ ਆਵੇ?

ਹਾੜ੍ਹਾ ਵੇ ਪੁੱਤਰੋ!
ਉਸ ਬਾਪ ਦਾ ਸਾਥ ਦੇਵੋ
ਉਸ 'ਖੜਗ-ਭੁਜਾ' ਨੂੰ
ਅੱਜ ਤੁਹਾਡੀਆਂ ਭੁਜਾਵਾਂ ਦੀ ਲੋੜ ਹੈ!
'ਛੇਵੇਂ -ਦਰਿਆ' 'ਚੋਂ ਨਿਕਲੋ
'ਢਾਈ -ਆਬ' ਦੀ ਪੜਤ ਬਚਾਵੋ!
ਪੰਜਾਬ ਉਦਾਸ ਹੈ
ਬਹੁਤ-ਬਹੁਤ ਉਦਾਸ!

17. ਵਸਤੂ ਦਾ ਕਲਚਰ

ਐ ਨਾਦਾਨ !
ਸਮਝ ਜਰਾ
ਇਸ ਨਗਰ 'ਚ ਵਸਦੇ
ਬਹੁਤੇ ਲੋਕ
"ਅੰਦਰੋਂ" ਨਹੀਂ
"ਬੁੱਲ੍ਹਾਂ" ' ਚੋਂ ਬੋਲਦੇ ਨੇ

ਇਹਨਾਂ ਦੇ ਬੋਲਾਂ 'ਚ ਹੈ
ਰੂਹਾਂ ਦੀ ਇਬਾਦਤ
ਪਰ
ਅੱਖਾਂ ਨਾਲ ਇਹ ਕਰਦੇ ਹਰਦਮ
ਜਿਸਮਾਂ ਦੀ ਪਰਿਕਰਮਾ !

ਵਸਤਾਂ ਦੀ ਬੋਲੀ ਕਰਦੇ-ਕਰਦੇ
"ਰੂਹਹੀਣ" ਹੋਏ ਵਪਾਰੀ
ਰੂਹਾਂ, ਭਾਵਾਂ
ਤੇ ਜਿਸਮਾਂ ਦਾ ਵੀ
ਮੁੱਲ ਲਾਉਂਦੇ ਨੇ !

ਇਹਨਾਂ ਲਈ
ਤਨ ਮੰਡੀ
ਮਨ ਮੰਡੀ
ਇਹਨਾਂ ਦੀਆਂ ਖੋਪੜੀਆਂ ਅੰਦਰ
ਬੱਸ "ਮੰਡੀ" ਦਾ ਖਾਕਾ !

ਦਿਲਾਂ ਵਾਲੀ ਗੱਲ ਦੀ ਇਹ
ਖਿੱਲੀ ਉਡਾਉਂਦੇ !
ਕਲਾ ਵਿਚੋਂ ਸੁਹਜ ਨਹੀਂ ਲਭਦੇ ਇਹ
ਕਲਾ ਨੂੰ ਮਹਿਜ਼
"ਉਤੇਜਨਾ " ਦਾ ਵਸੀਲਾ ਬਣਾਉਂਦੇ !

ਐ ਨਾਦਾਨ !
ਕਦੇ ਇਹਨਾਂ ਦੇ ਬੁੱਲ੍ਹਾਂ 'ਚੋਂ
ਕਿਰੇ ਬੋਲਾਂ ਨੂੰ
ਸਚ ਨਾ ਸਮਝ ਬੈਠੀਂ !

ਇਹ ਅੱਖੀਆਂ 'ਚ ਆਏ "ਪਾਣੀ" ਦਾ
ਨਾਂ ਨਹੀਂ ਜਾਣਦੇ !

18. ਹੈਵਾਨੀਅਤ

ਅਠਖੇਲੀਆਂ ਦੀ ਉਮਰੇ
ਤੋਤਲੀ ਭਾਸ਼ਾ ਦੀ
ਸੰਘੀ ਘੁੱਟੇ ਜਾਣਾ ...

ਸਰਹੱਦਾਂ, ਧਰਮਾਂ ਜਿਹੇ
ਵੱਡੇ ਸ਼ਬਦਾਂ ਦਾ
ਛੋਟੇ -ਛੋਟੇ ਚਾਵਾਂ ਨੂੰ ਲਿਤਾੜ ਦੇਣਾ ...
ਲੁੱਕਣਮੀਟੀ ਖੇਡਣ ਦੀ ਉਮਰੇ
ਖੂਨੀ -ਖੇਡ ਖੇਡਣਾ...

ਮਨ ਦੀਆਂ ਮਸੂਮ ਪਰਤਾਂ ਦਾ
ਖ਼ੌਫ਼ਨਾਕ ਦ੍ਰਿਸ਼ਾਂ ਨਾਲ
ਵਲੂੰਧਰੇ ਜਾਣਾ...

ਮਨੁਖਤਾ ਦੀ ਪਰਿਭਾਸ਼ਾ ਦਾ
ਚੀਥੜੇ -ਚੀਥੜੇ ਹੋ ਕੇ ਖਿੰਡ ਜਾਣਾ ...

ਵਿਸ਼ਵ-ਪਿੰਡ ਦੇ ਇੱਕ ਘਰ 'ਚ
ਲੱਗੀ ਅੱਗ 'ਤੇ
ਸਾਰੇ ਪਿੰਡ ਦਾ
ਸੁਸਰੀ ਵਾਂਗੂੰ ਸੌਂ ਜਾਣਾ ....

ਦੱਸੋ ਇਹ ਵਰਤਾਰਾ
ਕਿਹੜੇ ਖਾਤੇ ਪਾਈਏ ?
ਧਰਮ, ਕਾਇਰਤਾ
ਖੂੰਖਾਰਤਾ
ਪਸ਼ੂਪੁਣਾ
ਤੇ ਜਾਂ ਫਿਰ
ਵਿਸ਼ਵੀਕਰਨ ਦੇ ਇਸ ਦੌਰ ਦੀ
ਮਨੁੱਖਤਾ ਦੇ ਖਾਤੇ !?!

19. ਮਾਂ

ਮਾਂ ਤਾਂ ਬੱਸ ਇੱਕ ਧਰਤ ਨਿਰਾਲੀ
ਉਸਦਾ ਪਹਿਰਾ ਉਸ ਦਾ ਮਾਲੀ !

ਉਹ ਤਾਂ ਬੱਸ ਇੱਕ ਹੱਡ ਮਾਸ ਏ
ਇਸਦੇ ਵਿੱਚ ਕੀ ਗੱਲ ਖਾਸ ਏ

ਉਸਦੀ ਕੁੱਖ ਵਿੱਚ ਤੇਰਾ ਬੀਅ ਏ
ਉਸਨੇ ਤਾਂ ਨਾ ਕਰਨੀ ਸੀਅ ਏ

ਉਸ ਦੀ ਤਾਂ ਬੱਸ ਪੀੜ ਆਪਣੀ
ਕੁੱਖ-ਯੰਤਰ ਪਰ ਕੀ ਨਾਪਣੀ

ਤੇਰੇ ਬੀਅ ਜਦ ਬੂਟਾ ਬਣਨਾ
ਤੂੰ ਮਾਲਕ ਤੇ ਮੈਂ ਠੂਠਾ ਬਣਨਾ

ਉਸ ਨਾ ਮੇਰੀ ਛਾਵੇਂ ਬਹਿਣਾ
ਮੈਂ ਨਾ ਉਹਦੀ ਛਾਵੇਂ ਬਹਿਣਾ

ਅਜ਼ਲਾਂ ਦੀ ਇਹ ਤੜਫ਼ ਹੈ
ਪਤਾ ਨਹੀਂ ਇਸ ਕਦ ਤੱਕ ਰਹਿਣਾ ...!

20. ਲੋੜ

ਇਕੋ ਹੀ ਸਮੇਂ ਤੇ
ਬਹੁਤ ਕੁਝ ਕਰਨ ਦੀ ਲੋੜ ਹੈ...

ਇਕਸੁਰ
ਇਕਜੁੱਟ ਹੋਣ ਦੀ...

ਮਰ ਚੁੱਕੀਆਂ ਜ਼ਮੀਰਾਂ ਨੂੰ
ਝੰਜੋੜਨ ਦੀ...

ਵਸਤੂ ਕਲਚਰ ਨੂੰ
ਖ਼ਤਮ ਕਰਨ ਦੀ...

ਵਿਕਾਊ ਹੋਣ ਤੋਂ ਬਚਣ ਦੀ...
ਇੱਕ ਵੱਡੇ ਹੰਭਲੇ ਦੀ...
ਅੱਤ ਨੂੰ ਅੰਤ ਕਰ ਦੇਣ ਦੀ...!

21. ਹੁਣ

ਅਸੱਭਿਅਕ ਸ਼ਬਦਾਂ ਨਾਲ
ਉੱਕਰੇ ਜੋ ਤੂੰ
ਮੇਰੇ ਮਨ ਤੇ 'ਹਾਦਸੇ
ਸਾਲਾਂ ਬੱਧੀ
ਸਹਿਣ ਕੀਤੀ ਹੈ ਮੈਂ
ਉਹਨਾਂ ਦੀ ਜ਼ਿੱਲਤ…

ਹੁਣ ਉਹ
ਲਾਵਾ ਬਣ ਨਿਕਲੇਗੀ…
ਤੇ ਧੋਵੇਗੀ
ਮਨ 'ਤੇ ਉੱਕਰੇ
ਸਾਰੇ ਹੀ ਹਾਦਸੇ


ਮੈਂ ਹੁਣ ਹੋਰ ਨਹੀਂ ਰੋਵਾਂਗੀ…
ਹੁਣ ਮਨ ਦੀ ਧਰਤ ਨੂੰ ਧੋਵਾਂਗੀ…

ਹੁਣ ਉਹ ਲਾਵਾ
…ਤੈਨੂੰ ਭਸਮ ਕਰੇਗਾ


ਬਹੁਤ ਜਲ ਲਿਆ ਮੈਂ…
ਬਹੁਤ ਜਰ ਲਿਆ ਮੈਂ…
ਬੱਸ ! ਹੁਣ ਹੋਰ ਨਹੀਂ !
ਬੱਸ ! ਹੁਣ ਹੋਰ ਨਹੀਂ !

22. ਮੇਰਾ ਸਵਾਲ

ਐ ਦੇਵ-ਪੁਰਸ਼ !
ਕੀ ਦੱਸ ਸਕਦੈਂ ਮੈਨੂੰ
'ਦੇਵੀ' ਤੇ
'ਦੇਵ-ਦਾਸੀ' ਵਿਚਲਾ ਫ਼ਰਕ ?

ਮੈਂ ਬਾਖ਼ੂਬੀ ਦੱਸ ਸਕਦੀ ਹਾਂ ਤੈਨੂੰ
'ਭੇੜੀਏ' ਤੇ
'ਪਰਸ਼ੋਤਮ-ਪੁਰਸ਼' ਵਿਚਲਾ ਅੰਤਰ !

23. ਸੁਤੰਤਰ

ਕੌਣ ਸੀ ਸੁਤੰਤਰ ?
ਸੀਤਾ?
ਜੋ ਸੋਚ ਸਕਦੀ ਸੀ
ਸੰਸਕਾਰਾਂ ਤੋਂ ਪਾਰ
ਜਾਂ
ਰਾਮ ?
ਜਿਸਦੀ ਸੋਚ ਨੂੰ
ਲੋੜ ਪਈ
ਇੱਕ ਧਰਮ-ਗੁਰੂ ਦੀ
…ਤੇ ਬਦਲ ਗਈ ਜਿਸਨੂੰ
ਇੱਕ ਧੋਬੀ ਦੀ ਸੋਚ !

24. ਦਾਇਰੇ

'ਦੇਵੀ' ਤੇ 'ਦੇਵਦਾਸੀ' ਵਿਚ
ਲਕੀਰ ਖਿੱਚਣ ਵਾਲੇ 'ਦੇਵਪੁਰਸ਼'
ਅਕਸਰ ਵਿਚਰਦੇ ਨੇ
ਲਕੀਰਾਂ ਦੇ ਆਰ-ਪਾਰ
ਤੇ
ਕਰਦੇ ਨੇ ਫ਼ੁਰਮਾਨ ਜਾਰੀ-
"ਦੇਵੀ ਤੇ ਦੇਵਦਾਸੀ ਦਾ ਧਰਮ ਹੈ,
ਆਪਣੇ ਆਪਣੇ ਦਾਇਰਿਆਂ ਦੀ
ਉਲੰਘਣਾ ਨਾ ਕਰਨ ।"

25. ਹੈ ਨਾ!

ਮਰਦ ਦੀ ਸੰਪੱਤੀ ਹੀ ਰਹੀ
ਮੁੱਦਤਾਂ ਤੋਂ ਔਰਤ ...
ਤੇ ਆਪਣੀ ਸੰਪੱਤੀ ਨੂੰ
ਮਨਚਾਹੇ ਤਰੀਕਿਆਂ ਨਾਲ
ਵਰਤਦਾ ਰਿਹਾ ਪੁਰਸ਼ ..
ਨਹੀਂ ਤਾਂ
ਖ਼ੁਦ ਨੂੰ ਦਾਅ 'ਤੇ ਲਾ
ਜੂਏ 'ਚ ਹਾਰਿਆ ਯੁਧਿਸ਼ਟਰ
ਕੀ ਹੱਕ ਰੱਖਦੈ
ਕਿ ਉਹ
ਦ੍ਰੋਪਤੀ ਨੂੰ ਦਾਅ 'ਤੇ ਲਾਉਂਦਾ !?!

26. ਜੀਵਨ

ਤੂੰ ਉਸਨੂੰ
ਧਰਤੀ 'ਤੇ ਵਗਾਹ ਮਾਰਿਆ
ਮਸਲਿਆ...ਮਧੋਲਿਆ
ਤੇ ਵਿਚਰਦਾ ਰਿਹਾ
ਆਪਣੇ ਸਾਰੇ ਅਡੰਬਰਾਂ ਸਮੇਤ
ਗਿਰਗਟੀ ਰੰਗਾਂ ਦੀ ਓਟ 'ਚ
ਬਣਕੇ 'ਪ੍ਰਸ਼ੋਤਮ ਪੁਰਸ਼' !
...ਤੇ ਤੇਰਾ ਹਰ ਕਦਮ
ਤਤਪਰ ਰਿਹਾ ਸਦਾ ਹੀ
ਮਧੋਲ ਦੇਣ ਲਈ
ਧਰਤੀ 'ਤੇ ਸੁੱਟੇ
ਉਸ ਬੀਜ ਨੂੰ !

ਤੈਨੂੰ ਇਲਮ ਨਹੀਂ ਸ਼ਾਇਦ
ਕਿ
ਉਸ ਨੂੰ ਮੁੜ ਜੰਮਣ ਲਈ
ਏਸੇ ਮਿੱਟੀ ਦੀ
ਪਰਤ ਲੋੜੀਂਦੀ ਸੀ -
'ਇਲਜ਼ਾਮਾਂ ਭਰਪੂਰ ਪਰਤ'

ਵੇਖ !
ਉਹ ਫਿਰ ਉੱਗ ਰਿਹਾ ਹੈ !
ਉਹ ਫਿਰ ਵਿਗਸ ਰਿਹਾ ਹੈ !
ਉਹ ਨਹੀਂ ਭੁੱਲਿਆ
ਮਿੱਟੀ ਦਾ ਅਹਿਸਾਨ

ਗਿਰਗਟੀ ਰੰਗਾਂ ਵਰਗਿਆ !
ਜਦ ਬੀਜ ਪੁੰਗਰਦਾ ਹੈ ਤਾਂ
ਧਰਤੀ ਨੂੰ ਨਤਮਸਤਕ ਹੋਣ ਲਈ ਝੁਕਦਾ
ਤੇ ਜੀਵਨ ਦਾ ਆਗਾਜ਼ ਹੁੰਦਾ !

27. ਮੰਜ਼ਿਲ ਦੀਆਂ ਰਾਹਾਂ

ਭਾਵੇਂ ਹੰਢਾਏ ਨੇ ਅਸਾਂ
ਜ਼ਿੰਦਗੀ ਦੇ ਬਹੁਤ ਥੋੜ੍ਹੇ ਵਰ੍ਹੇ
ਪਰ ਜਾਚ ਅਸਾਂ ਸਿੱਖ ਲਈ ਏ
ਬਿਖੜੇ ਪੜਾਵਾਂ ਤੋਂ ਲੰਘ ਜਾਣ ਦੀ
ਖ਼ਾਰ ਡਾਹਢੇ ਚੁੱਭ ਰਹੇ ਨੇ
ਖੂਨ ਡਾਹਢਾ ਸਿੰਮ ਰਿਹਾ ਹੈ
ਸਦਕੇ ਮੈਂ ਜਾਵਾਂ
ਇਹਨਾਂ ਸੂਲਾਂ ਦੇ
ਬਦੌਲਤ
ਰਸਤਾ ਲੱਭ ਲੈਣਗੇ ਉਹ
ਸਾਡੇ ਘਰ ਤੱਕ ਦਾ !
ਸਾਡੇ ਪੈਰਾਂ ਦੇ ਨਿਸ਼ਾਨਾਂ 'ਤੇ
ਚੱਲ ਕੇ ਆਵੀਂ
ਰਾਹ ਮੁੱਕਣਗੇ
ਮੰਜ਼ਿਲਾਂ 'ਤੇ ਆਣ ਕੇ !
ਅਸੀਂ ਦੇਣਦਾਰ ਹਾਂ
ਓਹਨਾਂ ਸੂਲਾਂ ਦੇ
ਜਿਨ੍ਹਾਂ ਦੇ ਚੁੱਭਣ ਸਦਕਾ
ਅਸੀਂ ਲਹੂ ਨਾਲ ਲੱਥਪੱਥ
ਪੈੜਾਂ ਦੇ ਨਿਸ਼ਾਨ
ਉਲੀਕ ਆਏ ਹਾਂ
........ਤੇ ਤੈਨੂੰ
ਸਹਿਜ ਹੋ ਗਿਆ ਏ
ਸਾਡੇ ਘਰ ਤੱਕ ਪੁੱਜਣਾ !

28. ਕੀਮਤ

ਕਦੇ ਤੂੰ ਰੋਵੇਂ
ਕਿ ਅਹਿਸਾਸਾਂ ਦੀ
ਕੀਮਤ ਨਹੀਂ ਕੋਈ
ਤੇ ਕਦੇ ਤੇਰੀ ਅੱਖ ਭਰ ਆਵੇ
'ਆਲੂ-ਪਿਆਜ' ਦੀ ਕੀਮਤ ਸੁਣ ਕੇ !

…………
ਝੱਲਿਆ
ਅਜੇ ਤਾਂ ਉਹ ਵਕਤ ਆਉਣਾ
ਜਦੋਂ ਤੈਥੋਂ
ਰੋ ਵੀ ਨਹੀਂ ਹੋਣਾ..

ਕਿਓਂ ਜੋ
ਸੁਣਿਆ
ਇੱਕ ਵਕਤ ਆਉਣਾ
ਜਦ
ਅੱਥਰੂ ਹੀ ਹੋਣੈ
'ਸਭ ਤੋਂ ਮਹਿੰਗਾ'

29. ਸਵਾਲੀਆ ਨਜ਼ਰ

ਉਹ
ਚਿੱਟੇ ਪਹਿਰਨ ਪਹਿਨ
ਹੱਥਾਂ 'ਚ ਫੜ ਝਾੜੂ
ਮਨਾਉਂਦੇ ਨੇ 'ਸਫਾਈ-ਦਿਵਸ'
ਤੇ
ਹਰ ਹੀਲੇ
ਬਚਾਉਂਦੇ ਨੇ
ਆਪਣੇ ਚਿੱਟੇ ਕੱਪੜੇ
..........ਤੇ
ਬਣਦੇ ਨੇ ਅਖਬਾਰਾਂ ਦਾ ਸ਼ਿੰਗਾਰ
...........
...........
ਓਧਰ
ਸਾਡੇ ਪਿੰਡ ਦੇ ਝੰਡੂ ਨੂੰ
ਸਫਾਈ ਕਰਦਿਆਂ
ਲਭਦਾ ਅਖਬਾਰ ਦਾ ਓਹ ਟੁੱਕੜਾ
ਤਾਂ
ਨਜ਼ਰ ਜੋ 'ਸਵਾਲ' ਲੈ ਕੇ
ਦੇਖਦਾ ਉਹ ਤਸਵੀਰ
'ਦੁਧੀਆ ਕਪੜੇ ਤੇ ਝਾੜੂ' ਦਾ ਸੁਮੇਲ
ਤੇ ਇੱਕ ਨਜ਼ਰ
ਆਪਣੇ ਮੈਲੇ ਤਨ ਨੂੰ
ਤੇ
'ਲਿਬਾਸ' ਦੇ ਫਟੇ ਲੰਗਾਰਾਂ ਨੂੰ
.....
"ਓਹ ਸਵਾਲੀਆ ਨਜ਼ਰ"
ਧੁਰ ਅੰਦਰ ਤੱਕ ਚੀਰਦੀ ...
ਕੌਣ ਦੇਵੇਗਾ ਉਸਦਾ ਜਵਾਬ ..!?!

30. ਉੱਚ ਵਿਵਸਥਾ

ਅਸੀਂ ਉੱਚ-ਵਿਵਸਥਾ ਦਾ
ਦਿਖਾਵਾ ਕਰਦੇ ਹਾਂ
ਪਰ ਏਥੇ
ਹੰਸਾਂ ਦਾ ਮੁਲਾਂਕਣ
ਕਾਂ ਕਰਦੇ ਨੇ !

31. ਅਜ਼ਾਦੀ

ਉਹਦੇ ਸਿਰ 'ਤੇ ਛੱਤ
'ਖੁੱਲ੍ਹੇ ਅਸਮਾਨ' ਦੀ-
ਪਰ ਪੈਰਾਂ 'ਚ ਬੇੜੀਆਂ
ਇਕ ਇਹ ਵੀ ਤਾਂ ਹੈ
ਪਰਿਭਾਸ਼ਾ 'ਅਜ਼ਾਦੀ' ਦੀ !

32. ਸਾਜਿਸ਼ਾਂ ਭਰਿਆ ਜੰਗਲ

ਵਤਨ ਤੇਰਾ ਵੀ ਮਸੂਮ
ਵਤਨ ਮੇਰਾ ਵੀ ਮਸੂਮ

ਉਹੀ ਜ਼ਮੀਨ
ਉਹੀ ਅੰਬਰ
ਉਹੀ ਹਵਾ
ਉਹੀ ਪਾਣੀ
ਤੇ ਉਹੀ ਪਰਿੰਦੇ

ਫਿਰ ਕਿਥੋਂ ਉੱਗ ਆਇਆ ਇਹ
ਸਾਜ਼ਿਸ਼ਾਂ ਭਰਿਆ ਜੰਗਲ ???

33. ਵਚਿੱਤਰ ਭਾਸ਼ਾ

ਮੌਨ ਹੁੰਦੀਆਂ ਨੇ ਅੱਖੀਆਂ
ਮੌਨ ਹੁੰਦੀ ਐ ਦੀਵੇ ਦੀ ਲੋਅ
ਮੌਨ ਹੁੰਦੀ ਐ
ਖੁਸ਼ਬੂ ਫੁੱਲਾਂ ਦੀ
ਮੌਨ ਹੁੰਦੀ ਹੈ ਕਲਮ ਵੀ-
ਪਰ
ਬਹੁਤ ਕੁਝ ਕਹਿ ਜਾਂਦੀਆਂ ਨੇ
ਮੌਨ ਅੱਖਾਂ
ਦੀਵੇ ਦੀ ਲੋਅ
ਖੁਸ਼ਬੂ ਤੇ ਕਲਮ !

ਆਓ !
ਸਿੱਖ-ਸਮਝ ਲਈਏ
ਆਪਾਂ ਵੀ
ਇਹ 'ਵਚਿੱਤਰ ਭਾਸ਼ਾ'
ਮਤੇ ਕੁਝ ਰਹਿ ਜਾਵੇ
ਅਣਸੁਣਿਆ ਤੇ ਅਣਕਿਹਾ !

34. ਅੰਨਦਾਤਾ ਦਾ ਹਾਲ

ਮਹਾਂਨਗਰ ਦੇ ਵਾਸੀਓ !
ਕਿ ਤੁਸੀਂ ਜਾਣਦੇ ਹੋ
ਤੁਹਾਡੀ ਥਾਲੀ 'ਚ ਪਈ
ਰੋਟੀ ਦੀ ਗਾਥਾ ?

ਖੇਤਾਂ ਤੋਂ ਤੁਹਾਡੇ ਘਰਾਂ ਤੱਕ
ਕਿਵੇਂ ਅੱਪੜੀ
ਇਹ ਗਰਮ ਤੇ ਨਰਮ ਬੁਰਕੀ ?
ਕੌਣ ਜਾਣ ਸਕਦਾ
ਉਸ ਮਜਦੂਰ ਤੋਂ ਵਧ
ਜਿਸਨੇ ਥੱਕੇ ਤਨ
ਤੇ ਟੁੱਟੇ ਮਨ ਨਾਲ
ਅਕਸਰ ਪਰਤ ਜਾਣਾ ਹੁੰਦਾ
ਆਪਣੇ ਘਰ ਭੁੱਖੇ ਪੇਟ !

ਇਸ ਰੋਟੀ ਦੇ
ਹੋਂਦ 'ਚ ਆਉਣ ਤੱਕ
ਮਿਟ ਜਾਂਦੀ ਹੈ
ਕਿੰਨੇ ਹੀ ਮਿੱਟੀ ਜਾਇਆਂ ਦੀ ਹੋਂਦ !

ਖੁਦਕਸ਼ੀਆਂ ਉਹਨਾਂ ਦੀ ਹੋਣੀ !
ਉਮਰ ਭਰ ਕਰਜ਼ੇ ਦੀ ਪੰਡ ਢੋਂਦੇ
ਕਰਜ਼ -ਮੁਕਤ ਹੋਣ ਲਈ
ਮਿੱਟੀ ਨਾਲ ਮਿੱਟੀ ਹੁੰਦੇ ਜੋ
ਮਿਟਾ ਲੈਂਦੇ ਨੇ ਆਪਣੀ ਹੋਂਦ !

........ਤੇ ਅਕਸਰ ਹੀ
ਜਦ ਰੋਟੀ ਖਾਣ ਵਕ਼ਤ
ਇਹਨਾਂ ਦੇ ਘਰੀਂ
ਖਮੋਸ਼ ਛੱਤਾਂ ਦੇ ਹੇਠ
ਛਿੜ ਜਾਂਦਾ ਹੈ
ਕਰਜ਼ੇ ਦਾ ਜ਼ਿਕਰ
ਤਾਂ
ਰੋਟੀ ਦੀ ਇੱਕ ਬੁਰਕੀ ਵੀ
ਹੋ ਜਾਂਦੀ ਹੈ ਮੁਹਾਲ !
ਇਹ ਹੈ ਮੇਰੇ ਅੰਨਦਾਤਾ ਦਾ ਹਾਲ !
ਇਹ ਹੈ ਮੇਰੇ ਅੰਨਦਾਤਾ ਦਾ ਹਾਲ !

35. ਸੱਜਣ ਜੀ

ਸੱਜਣ ਜੀ !
ਚੱਲ ਧੁੱਪ ਦਾ ਇੱਕ ਟੁਕੜਾ ਬਣੀਏਂ
ਹੁੰਮਸ ਭਰੇ ਕਮਰਿਆਂ ਅੰਦਰ
ਝਾਤ ਮਾਰੀਏ
ਝੀਥਾਂ ਵਿਚੋਂ...

ਚੱਲ ਬਣੀਏਂ
ਇੱਕ ਜੁਗਨੂੰ ਆਪਾਂ
ਬਿਨਾਂ ਸੇਕ ਦੇ
ਨਿੱਘਾ-ਨਿੱਘਾ ਚਾਨਣ ਵੰਡੀਏ !

ਜਾਂ ਬਣੀਏਂ ਇੱਕ ਤਿਤਲੀ ਆਪਾਂ
ਇੱਕ ਫੁੱਲ ਦਾ ਚੁੰਮਣ
ਜਾ ਦੇ ਦਈਏ ਦੂਜੇ ਤਾਂਈ !

ਆ ਵੰਡੀਏ ਸੱਜਣ ਜੀਓ
ਮਹਿਕਾਂ.
ਪ੍ਰੀਤ
ਤੇ ਚਾਨਣ
ਨਾ ਕੋਈ ਹੋਵੇ ਜਿਸਦਾ
ਹੱਦ ਕਿਨਾਰਾ !

ਲੱਖ ਮਾਲੀ ਤੇ ਲੱਖ ਪਹਿਰੇ
ਰੋਕ ਸਕਣ ਨਾ
ਸਾਡੀ ਲੈਅ ਤੇ ਤਾਲ !
ਚੱਲ ਸੱਜਣ ਜੀ !
ਉੱਧਲ ਚੱਲੀਏ
ਹੱਦ-ਬੰਧਨਾਂ ਤੋਂ ਪਾਰ !

36. ਸੁਲਗਦਾ ਪੰਜਾਬ

ਕਿਸੇ ਦਾ ਸੀਨਾ ਕਿਸੇ ਦੀ ਸੰਗੀਨ,
ਇਹ ਮੌਸਮ ਮੇਰੇ ਗਰਾਂ ਦਾ ।
ਕਿਸੇ ਲਈ ਸੋਗੀ, ਕਿਸੇ ਲਈ ਰੰਗੀਨ,
ਇਹ ਮੌਸਮ ਮੇਰੇ ਗਰਾਂ ਦਾ ।

ਜ਼ਖ਼ਮਾਂ ਤੋਂ ਬਣ ਗਏ ਨਸੂਰ,
ਫੱਟ ਇਹਦੇ ਪਿੰਡੇ ਦੇ
ਆਹਾਂ ਦਬਾ ਹੋਇਆ ਹਸੀਨ,
ਇਹ ਮੌਸਮ ਮੇਰੇ ਗਰਾਂ ਦਾ ।

ਵਫ਼ਾ ਦਾ ਪਹਿਰਨ ਪਹਿਣ ਕੇ,
ਤੁਰਿਆ ਸੀ ਵੱਲ ਰਹਿਬਰਾਂ
ਪੱਲੇ ਪਾ ਬੇਵਫ਼ਾਈ ਹੋਇਆ ਹੀਣ,
ਇਹ ਮੌਸਮ ਮੇਰੇ ਗਰਾਂ ਦਾ ।

ਨਾਰਾਂ ਦੇ ਸੁਪਨੇ, ਭੈਣਾਂ ਦੀਆਂ ਸੱਧਰਾਂ
ਤੇ ਅੰਮੜੀ ਦੇ ਚਾਅ
ਬਣ ਹਾਉਂਕੇ ਹੋਇਆ ਗ਼ਮਗੀਨ,
ਇਹ ਮੌਸਮ ਮੇਰੇ ਗਰਾਂ ਦਾ ।

ਮੁਹੱਬਤ ਦੇ ਗੀਤਾਂ ਨੂੰ ਕਰਕੇ
ਪਰਦਾ ਕਫ਼ਨ ਦਾ ਸਾਕੀਆ
'ਕਰਮ' ਮੋਇਆਂ ਦੀ ਗਿਣਤੀ 'ਚ ਲੀਨ,
ਇਹ ਮੌਸਮ ਮੇਰੇ ਗਰਾਂ ਦਾ ।

37. ਬਾਗ਼ੀ ਸੁਰਾਂ

ਉਹ ਚਾਹੁੰਦੇ ਹਨ
ਬੁੱਲ੍ਹ ਸੀਤੇ ਰਹਿਣ
ਤੇ ਬੰਦ ਹੋ ਜਾਣ
ਬਾਗ਼ੀ ਸੁਰਾਂ-
ਨਾ ਲੱਗੇ ਨਾਅਰਾ ਕੋਈ
ਮਲਿਕ ਭਾਗੋਆਂ ਦੇ ਖ਼ਿਲਾਫ਼ !

ਚਾਹੁੰਦੇ ਹਨ ਉਹ
ਲੋਕ ਇੱਕ ਨਾ ਹੋਣ
ਦਿਲਾਂ ਵਿੱਚ ਸੁਲਗਦੀ ਚਿੰਗਾੜੀ
ਬਣੇ ਨਾ ਭਾਂਬੜ !

ਉਹ ਚਾਹੁੰਦੇ ਨੇ ਇਹ ਵੀ
ਅਹਿੱਲ ਹੋ ਜਾਣ ਇਹ ਕਦਮ-
'ਇੱਕ ਤਾਲ' ਵਿੱਚ ਨਾ ਉੱਠਣ
ਕਦੀ ਉੱਚੇ ਦਰਾਂ ਵੱਲ !

ਉਹ ਖੋਹ ਲੈਣਾ ਚਾਹੁੰਦੇ ਹਨ
ਹੱਕ ਜੀਉਣ ਦਾ
ਹੱਕ ਬੋਲਣ ਦਾ
ਤੇ ਵਿਰੋਧ ਕਰਨ ਦਾ !

ਕਿੰਨਾ ਦੁੱਖ ਹੁੰਦੈ
ਜਦੋਂ ਮੁਜ਼ਰਮ ਹੀ
ਬਣ ਜਾਂਦੇ ਨੇ ਇਸ ਧਰਤੀ ਦੇ ਆਗੂ !

ਮੈਂ ਏਥੇ ਦੇਸ਼ ਧਰੋਹੀਆਂ ਦਾ
ਸਵਾਗਤ ਹੁੰਦੇ ਦੇਖਿਆ ਹੈ
ਜੋ ਸਿਆਸਤ ਦਾ ਮਖੌਟਾ ਪਾ ਕੇ
ਦੁਸ਼ਮਣਾਂ ਨੂੰ ਵੇਚਦੇ ਨੇ
ਅਹਿਮ ਦਸਤਾਵੇਜ਼
ਤੇ ਆਪਣੀਆਂ ਪੁਸ਼ਤਾਂ ਲਈ
ਕਰਦੇ ਨੇ ਧਨ ਇਕੱਠਾ
ਵੇਚ ਕੇ ਆਪਣਾ ਦੇਸ਼ !

ਪੂਰਾ ਦੇਸ ਨਜ਼ਰ ਆਉਂਦੇ
ਲਾਸ਼ਾਂ ਦੀ ਮੰਡੀ !
ਦਿੱਲੀ ਦੰਗੇ,
ਗੁਜਰਾਤ ਦੰਗੇ
ਇਸ ਦੀ ਹਕੀਕਤ !
ਅਸੀਂ ਚਲਾ ਰਹੇ ਹਾਂ ਸਿੰਘਾਸਨ
'ਰਾਮ ਰਾਜ' ਦੇ
ਨਾਅਰਿਆਂ ਵਿੱਚ !
ਜਿਨ੍ਹਾਂ ਵਿਚੋਂ ਬੋਅ ਆਉਂਦੀ ਹੈ
ਫ਼ਿਰਕਾਪ੍ਰਸਤੀ ਦੀ !

ਇਹ ਕੁਰਸੀ ਦੇ ਲੋਭੀ
ਮਾਇਆ ਦੇ ਦੀਵਾਨੇ
ਸੱਤ ਸਮੁੰਦਰ ਪਾਰ
ਰਖਦੇ ਨੇ ਛੁਪਾਈ ਆਪਣੇ ਖਜ਼ਾਨੇ !

'ਬੁੱਧੀਜੀਵੀਆਂ' ਨੂੰ
ਮੇਰੀ ਕਵਿਤਾ
ਬਾਗ਼ੀ ਲੱਗ ਸਕਦੀ ਹੈ
ਸ਼ੈਲੀ ਕਾਵਿ-ਸੁਹਜ ਦੀ
ਕਾਤਲ ਲੱਗ ਸਕਦੀ ਹੈ
ਪਰ ਜਦ ਸੰਸਦ ਗੂੰਗੀ
ਸ਼ਾਸਨ ਬਹਿਰਾ ਹੋ ਜਾਂਦਾ ਹੈ
ਜਦ ਪੂਰਾ ਜਨ ਗਣ ਮਨ
ਘਿਰ ਜਾਂਦਾ ਹੈ
ਘੋਰ ਹਨੇਰਿਆਂ ਵਿੱਚ
ਫਿਰ ਲਲਕਾਰਨਾ ਹੀ ਪੈਂਦਾ
ਅੰਗਾਰਿਆਂ ਦੀ ਭਾਸ਼ਾ ਵਿੱਚ !

38. ਜਮਹੂਰੀਅਤ

ਮੇਜ਼ਾਂ ਥਪਥਪਾ ਕੇ
ਹੋ ਰਹੇ ਨੇ ਫ਼ੈਸਲੇ
ਪਰ ਤੁਸੀਂ ਚੁੱਪ ਰਹੋ
ਬੋਲੋਗੇ ਤਾਂ ਤੁੰਨ ਦਿੱਤੇ ਜਾਵੋਗੇ
ਇਹੀ ਤਾਂ ਹੈ ਦੁਨੀਆਂ ਦੀ
ਸਭ ਤੋਂ ਵੱਡੀ ਜਮਹੂਰੀਅਤ !

ਵਿਰੋਧੀ ਦਲ
ਉਖਾੜ ਕੇ ਮਾਈਕ
ਕੱਢ ਰਹੇ ਨੇ ਗਾਲ੍ਹਾਂ
ਦਿਖਾ ਰਹੇ ਨੇ
ਜਗਤ-ਤਮਾਸ਼ਾ
ਸੰਸਦ ਪੂਰਾ
ਸਬਜ਼ੀ ਮੰਡੀ ਦਾ ਦ੍ਰਿਸ਼ !
ਤੁਸੀਂ ਚੁੱਪ ਰਹੋ
ਬੋਲੋਗੇ ਤਾਂ ਤੁੰਨ ਦਿੱਤੇ ਜਾਵੋਗੇ
ਇਹੀ ਤਾਂ ਹੈ ਦੁਨੀਆਂ ਦੀ
ਸਭ ਤੋਂ ਵੱਡੀ ਜਮਹੂਰੀਅਤ !

ਏ.ਸੀ. ਕਮਰਿਆਂ 'ਚ ਬੈਠ ਕੇ
ਤੈਅ ਕੀਤੀਆਂ ਜਾ ਰਹੀਆਂ ਨੇ
ਗ਼ਰੀਬੀ ਦੀਆਂ ਰੇਖਾਵਾਂ
ਭੁੱਖ ਦੀਆਂ ਸੀਮਾਵਾਂ
ਪਰ ਤੁਸੀਂ ਚੁੱਪ ਰਹੋ
ਬੋਲੋਗੇ ਤਾਂ ਤੁੰਨ ਦਿੱਤੇ ਜਾਵੋਗੇ
ਇਹੀ ਤਾਂ ਹੈ ਦੁਨੀਆਂ ਦੀ
ਸਭ ਤੋਂ ਵੱਡਾ ਜਮਹੂਰੀਅਤ !

ਪਿਛਲੇ ਸਾਲ ਦੇ ਅੰਕੜਿਆਂ ਵਿਚ
ਕਰਕੇ ਕੁਝ ਹੇਰ ਫੇਰ
ਹੋ ਰਿਹਾ ਹੈ
ਗ਼ਰੀਬੀ ਦਾ ਸਰਵੇਖਣ
ਪਰ ਤੁਸੀਂ ਚੁੱਪ ਰਹੋ
ਬੋਲੋਗੇ ਤਾਂ ਤੁੰਨ ਦਿੱਤੇ ਜਾਵੋਗੇ
ਇਹੀ ਤਾਂ ਹੈ ਦੁਨੀਆਂ ਦਾ
ਸਭ ਤੋਂ ਵੱਡਾ ਲੋਕਤੰਤਰ !

ਲੋਕਤੰਤਰ ਹੋ ਗਿਆ ਹੈ
ਸਬਸਿਡੀ ਦਾ ਹਿੱਸਾ
ਨਸ਼ਿਆਂ ਤੇ ਨੋਟਾਂ 'ਤੇ
ਵਿਕ ਰਹੀ ਏ ਵੋਟ
ਬੰਦੇ ਸਮੇਤ ਬੰਦੇ ਦੀ ਮੱਤ
ਬੋਲੋਗੇ ਤਾਂ ਤੁੰਨ ਦਿੱਤੇ ਜਾਵੋਗੇ
ਇਹੀ ਹੈ ਦੁਨੀਆਂ ਦੀ
ਸਭ ਤੋਂ ਵੱਡੀ ਜਮਹੂਰੀਅਤ !

ਤੁਹਾਨੂੰ ਦਿੱਤੀ ਜਾ ਰਹੀ ਹੈ
ਭੁੱਖ ਤੋਂ ਸੁਰੱਖਿਆ ਦੀ ਗਰੰਟੀ
ਸਿੱਖਿਆ, ਕੰਮ, ਸੂਚਨਾ ਦੀ ਗਰੰਟੀ
ਇਹ ਵਾਅਦੇ ਤਾਂ
ਚੋਣ-ਮਨੋਰਥ ਪੱਤਰਾਂ ਦੀ
ਸ਼ਾਨ ਲਈ ਨੇ
ਇਹ ਕਦ ਪੂਰੇ ਹੋਣਗੇ !
ਬੋਲੋਗੇ ਤਾਂ ਤੁੰਨ ਦਿੱਤੇ ਜਾਵੋਗੇ
ਇਹੀ ਹੈ ਦੁਨੀਆਂ ਦੀ
ਸਭ ਤੋਂ ਵੱਡੀ ਜਮਹੂਰੀਅਤ !

39. ਇੰਝ ਹੀ ਹੈ ਨਾ

ਸਾਡੀ ਚੁੱਪ
ਸ਼ਾਂਤੀ
ਸਦਭਾਵਨਾ
ਹਵਾ ਦਾ ਰੁਖ਼
ਅਸੀਂ ਸਭ ਸਮਝਦੇ ਹਾਂ ਕਿ
ਕੀ ਸੱਚ ..ਕੀ ਝੂਠ !
ਅਸੀਂ ਸਭ ਜਾਣਦੇ ਹਾਂ
ਬੋਲਦੇ ਹਾਂ ਸੋਚ ਸਮਝ !
ਸਮਝਦੇ ਹਾਂ-
ਬੋਲਣ ਦੀ ਅਜ਼ਾਦੀ ਦਾ ਮਤਲਬ
ਨਿੱਜੀ ਹਿੱਤਾਂ ਲਈ
ਵੇਚਦੇ ਹਾਂ ਆਪਣੀ ਅਜ਼ਾਦੀ
ਸਿੱਖ ਲਿਆ ਅਸੀਂ
ਤਰਕਾਂ ਦੀਆਂ ਲੋਰੀਆਂ ਸੰਗ
ਖੌਲਦੇ ਲਾਵੇ ਨੂੰ ਦਬਾਉਣਾ
ਅਸੀਂ ਸਮਝਦੇ ਹਾਂ
ਆਰਥਿਕ ਲੁੱਟ
ਤੇ ਮਾਫ਼ੀਆ ਦਾ ਖਤਰਾ
ਅਸੀਂ ਵਾਲ-ਵਾਲ ਬਚਦੇ
ਖਤਰਿਆਂ ਤੋਂ ਪੱਲਾ ਬਚਾਉਂਦੇ
ਤੈਅ ਕਰਦੇ ਹਾਂ ਜ਼ਿੰਦਗੀ ਦਾ ਸਫ਼ਰ
ਕਰਦੇ ਹਾਂ ਸਦਾ ਸਮਝੌਤੇ ਹੀ
ਜਦ ਕਿ
ਪ੍ਰਤੀਰੋਧ ਹੈ ਲਾਜ਼ਮੀ
ਤੇ
ਸੰਘਰਸ਼ ਹੀ ਹੈ ਫ਼ੈਸਲਾਕੁੰਨ ਕਦਮ
ਠੱਲ੍ਹਣ ਲਈ ਅਲਾਮਤਾਂ ਦਾ ਹੜ੍ਹ
ਪਰ ਕਦੋਂ ਤੱਕ ?
ਕਦੋਂ ਤੱਕ ਢੋਵਾਂਗੇ
ਆਪਣੀ ਰੂਹ ਦੀ ਲਾਸ਼
ਆਪਣੇ ਹੀ ਮੋਢਿਆਂ 'ਤੇ?
ਕਦੋਂ ਤੱਕ ਕਰਾਂਗੇ ਸਮਝੌਤੇ ?
ਕਦੋਂ ਤੱਕ ਦੱਬਾਂਗੇ
ਅੰਦਰ ਖੌਲਦੇ ਲਾਵੇ ਤਾਈਂ ?
ਮਿੱਠੀਆਂ ਗੱਲਾਂ ਦੀ ਚਾਸ਼ਨੀ 'ਚ
ਲਿਪਟੇ ਧਰਵਾਸੇ
ਪਾ ਰਹੇ ਨੇ ਸਾਡੀ ਜੀਭ 'ਤੇ ਛਾਲੇ
ਤੇ ਕੰਨਾਂ 'ਚ ਸਿੱਕਾ !
ਇਸਤੋਂ ਪਹਿਲਾਂ ਕਿ
ਹੋਈਏ ਅਸੀਂ ਰੂਹ ਤੱਕ ਅਪਾਹਜ
ਵਿਸਰ ਜਾਈਏ
ਮਨੁੱਖ ਹੋਣ ਦਾ ਹੱਕ
ਅਜ਼ਾਦੀ ਦੇ ਅਰਥ
ਚੱਲੋ ਸਮਝੀਏ
ਕਿ
ਅਜ਼ਾਦੀ ਦੀ ਕੋਈ ਕੀਮਤ ਹੁੰਦੀ ਹੈ
ਜੋ ਅੱਜ ਉਤਾਰਾਂਗੇ
ਤੇ ਆਉਣ ਵਾਲੀਆਂ ਪੁਸ਼ਤਾਂ
ਉਸਦਾ ਮੁੱਲ ਪਾਉਣਗੀਆਂ !

40. ਮਸੀਹਾ

ਕਦੋਂ ਤੱਕ
ਕਰਦੇ ਰਹਾਂਗੇ ਅਸੀਂ
ਇੰਤਜ਼ਾਰ ਉਸ ਮਸੀਹੇ ਦਾ
ਜੋ ਅੰਬਰੋਂ ਉੱਤਰ ਆਏਗਾ
ਤੇ ਖੋਲ੍ਹੇਗਾ
ਸਾਡੀ ਮੁਕਤੀ ਦੇ ਕਵਾੜ !

ਨਿਆਂਪੂਰਨ ਸਮਾਜ ਦੀ
ਸਿਰਜਣਾ ਲਈ
ਪਹਿਲਾਂ ਸਿਰਜਣਾ ਪੈਣਾ ਖੁਦ ਨੂੰ
ਆਉਣਾ ਪੈਣਾ
'ਸੁਪਨ-ਦੁਨੀਆਂ' ਤੋਂ ਬਾਹਰ !

ਆਧੁਨਿਕ ਹੋਣ ਲਈ
ਬ੍ਰਾਡਾਂ ਦੀ ਲੋੜ ਨਹੀਂ
ਦੇਸੀ ਪਹਿਰਾਵੇ 'ਚ ਵੀ
ਹੋ ਸਕਦੇ ਹਾਂ ਅਸੀਂ ਆਧੁਨਿਕ !

ਆਓ ਲਾਹੀਏ
ਜ਼ਿਹਨ ਤੋਂ
ਗੁਲਾਮੀ ਦੀ ਪਰਤ !

ਅਧਕੱਜੇ ਝੁੰਡ 'ਚ
ਮਸਤ ਹੋ-
ਸ਼ਰਾਬਾਂ ਪੀ
ਮਨਾਉਣਾ 'ਵੀਕ-ਐਂਡ'
ਆਧੁਨਿਕਤਾ ਨਹੀਂ !

ਆਓ ਕਰੀਏ ਸੋਚ ਨੂੰ ਆਧੁਨਿਕ
ਜੋ ਦੇਖਦੀ ਹੈ
'ਪੱਛਮ' ਦੇ
ਹਰ ਵਰਤਾਰੇ 'ਚ
ਵਡੱਪਣ !

ਨਹੀਂ ਜਿੱਤ ਹੋਣਾ ਹੁਣ
ਮੋਢਿਆਂ ‘ਤੇ ਸ਼ੇਰ ਖੁਦਵਾ ਕੇ
‘ਪੰਜਾਬੀ-ਸ਼ੇਰ’ ਹੋਣ ਦਾ ਖਿਤਾਬ !

ਨਸ਼ਿਆਂ ਨਾਲ
ਖੋਖਲੇ ਹੋਏ ਤਨ ਤੋਂ
ਨਹੀਂ ਪੈਣੀਆਂ
ਹੁਣ ਕਬੱਡੀਆਂ !
...ਤੇ ਨਹੀਂ ਆਉਣਾ
ਕਿਸੇ ਮਸੀਹੇ
ਸਾਡੀ ਸਾਰ ਲੈਣ !

ਆਓ ਚੀਰੀਏ !
ਇਸ ਲੁਭਾਵਣੀ ਧੁੰਦ ਨੂੰ
ਤੇ ਸਿਰਜਣ ਲਈ
ਨਵਾਂ ਸਮਾਜ
ਪਹਿਲਾਂ ਸਿਰਜੀਏ ਖੁਦ ਨੂੰ !

41. ਇਕ ਵਾਰ

ਇਕ ਵਾਰ..ਸਿਰਫ਼ ਇਕ ਵਾਰ
ਹੋ ਕੇ ਮੁਕਤ
ਸਾਰੇ 'ਵਾਦ-ਵਿਵਾਦਾਂ' ਤੋਂ-
ਕਰ ਕੇ ਹਰ ਬਹਿਸ ਨੂੰ ਮੁਲਤਵੀ
ਆਓ ਕਲਮਾਂ ਵਾਲਿਓ !
ਅਣਹੋਇਆਂ 'ਚ
ਭਰੀਏ ਸਾਹਸ-
ਉਹ ਨਹੀਂ ਸਮਝ ਸਕਦੇ
ਸਾਡੇ 'ਬੌਧਾਤਮਕ' ਲੇਖ-
ਕਿਰਤੀ..ਕਾਮੇ..ਕੰਮੀ..ਕਮੀਨ..ਜਿਹੇ
ਨਾਵਾਂ ਨੂੰ ਦੱਸੀਏ
ਕਿ
ਇਹ ਸਾਡੀ ਹੋਣੀ ਨਹੀਂ…।

42. ਸਾਵੀਂ ਰੁੱਤ

ਦੋਵੇਂ ਹੀ ਹਾਲਾਤ
'ਤਪਦੇ ਤਿੱਖੜ ਦੁਪਹਿਰੇ'
ਤੇ 'ਯਖ ਠੰਡੀਆਂ ਰਾਤਾਂ'
ਨਾਖੁਸ਼ਗਵਾਰ ਨੇ
ਮਲੂਕ ਤਿੱਤਲੀ ਲਈ-

ਐ ਮਾਲੀ !
ਤੇਰੇ ਬਾਗ 'ਚ
'ਸਾਵੀਂ ਰੁੱਤ' ਕਦ ਆਏਗੀ ?

43. ਰੇਤ-ਕਣ

ਉਹ ਪਲ
ਜੋ ਜੀਵਨ ਦੀਆਂ ਤਲੀਆਂ 'ਤੇ
ਸਦਾ ਲਈ ਚਿਪਕ ਜਾਂਦੇ ਨੇ…
ਉਂਝ ਭਾਵੇਂ
ਨਹੀਂ ਫੜ ਪਾਉਂਦੇ ਅਸੀਂ
ਉਹਨਾਂ ਕਣਾਂ ਨੂੰ !
ਨਾ ਸਾਂਭ ਹੋਣੀ
ਮੁੱਠੀਆਂ ਵਿੱਚ ਰੇਤ-
ਨਾ ਫੜ ਹੋਣੇ ਪਰਛਾਵੇਂ-
ਚੱਲ ਤੁਰੀਏ ਅਗਲੇ ਸਫ਼ਰ 'ਤੇ
ਸਾਂਭ ਕੇ ਉਹਨਾਂ ਰੇਤ-ਕਣਾਂ ਨੂੰ
ਜੋ ਤਲੀਆਂ ਸੰਗ ਚਿਪਕੇ ਨੇ !

44. ਸ਼ਬਦ ਦਾ ਜਾਦੂ

ਤੂੰ ਲਿਖਿਆ ਸੀ
ਰਾਤ ਦੇ ਸਿਆਹ ਪੰਨੇ 'ਤੇ
ਜੁਗਨੂੰ ਵਰਗਾ
ਇੱਕ ਟਿਮਟਿਮਾਉਂਦਾ ਸ਼ਬਦ !

ਹਨੇਰੇ ਨੂੰ ਚੀਰਦੀਆਂ ਕਿਰਨਾਂ
ਦੂਰ ਤੱਕ ਪਸਰ ਗਈਆਂ
ਬੰਦ ਕਪਾਟ ਖੁੱਲ੍ਹਦੇ ਗਏ
ਆਪਣੇ -ਆਪ !

ਪੈਰਾਂ ਵਿਚ ਪਈਆਂ ਬੇੜੀਆਂ
ਖੁੱਲ੍ਹਣ ਲੱਗੀਆਂ
ਹੱਥਾਂ ਨੂੰ ਜੋ ਮਿਲਿਆ ਸੀ
ਸਰਾਪ ਬੱਝ ਜਾਣ ਦਾ
ਉਹ ਤਾਂਘ ਉਠੇ
ਆਜ਼ਾਦ ਹੋਏ ਜੀਵਨ ਦੇ
ਪੰਨਿਆਂ ਨੂੰ ਪਲਟਣ ਲਈ !

ਚੇਤਨਾ 'ਤੇ ਪਈ
ਧੁੰਦ ਦੀ ਚਾਦਰ ਹੋਈ ਅਲੋਪ
ਮਨ ਦੀ ਬੇਗਾਨਗੀ
ਦੂਰ ਹੁੰਦੀ ਜਾਪੇ
ਤੇਰੀ ਕਲਮ ਦਾ ਚਾਨਣ
ਮੇਰੇ ਧੁਰ ਅੰਦਰ ਪਸਰਿਆ
ਹਨ੍ਹੇਰ ਮਿਟਾ ਗਿਆ !

ਮੈਂ ਹੁਣ ਪੁੱਟਣੀ ਪੁਲੰਘ
ਤੇਰੇ ਰੌਸ਼ਨ ਕੀਤੇ ਰਾਹਾਂ 'ਤੇ
ਤੇ ਤਹਿ ਕਰਨਾ ਹੈ
ਯੁੱਗਾਂ ਦਾ ਫਾਸਲਾ ...!

45. ਵਕ਼ਤ ਆਪਣਾ ਹੀ ਹੋਵੇਗਾ

ਥੋੜ੍ਹਾ ਚਿਰ ਠਹਿਰ !
ਆਪਣੇ ਹਿੱਸੇ ਦੀ ਧੁੱਪ
ਨਾਂ ਲਵਾ ਲੈਣ ਦੇ
ਅਜੇ ਸਿਰੜ ਨਾਲ
ਨਵੀਆਂ ਲੀਕਾਂ ਉਘਾੜ ਲਵਾਂ
ਆਪਣੀਆਂ ਘਸ ਚੁੱਕੀਆਂ
ਤਲੀਆਂ 'ਤੇ !

ਕੁਝ ਵਕ਼ਤ ਲੱਗੇਗਾ-
ਪਰ ਆਏਗਾ ਇੱਕ ਵਕ਼ਤ
ਜਦ
ਤੇਰੀ ਪੱਗ
ਤੇ ਮੇਰੀ ਚੁੰਨੀ ਨੂੰ
ਕਿਸੇ ਝੱਖੜ ਦਾ ਡਰ ਨਹੀਂ ਹੋਣਾ !

ਫਿਰ ਭਾਵੇਂ-
ਕੇਸੂਆਂ ਦੇ ਬੱਦਲ ਬਣਾ ਲਵੀਂ
ਚਿਰੋਕਣੀ ਬੈਠਾ ਰਹੀਂ
ਆਗੋਸ਼ ਦੇ ਵਿਹੜੇ-
ਫੇਰ ਵਕ਼ਤ ਆਪਣਾ ਹੀ ਹੋਵੇਗਾ !

ਵਕ਼ਤ ਤਾਂ ਲਗਦਾ ਹੀ ਹੈ
ਮੁੜ੍ਹਕੇ ਨੂੰ ਮੋਤੀ ਰੂਪ ਹੋਣ ਲਈ !

46. ਸਕੂਨ

ਅੰਗਿਆਰ ਵਰਸਾਉਂਦੇ ਮੌਸਮਾਂ 'ਚ
ਯੱਖ਼ ਹੋ ਗਈਆਂ ਭਾਵਨਾਵਾਂ-
ਮੁੱਕ ਗਈਆਂ ਸੰਵੇਦਨਾਵਾਂ

ਦੁਰਲੱਭ ਹੁੰਦਾ ਜਾ ਰਿਹਾ
ਸ਼ਬਦ "ਮਨੁੱਖਤਾ"…

ਕਿਸੇ ਇੱਕ ਧਰਮ,
ਜਾਤੀ,
ਨਸਲ ਦਾ ਖ਼ਾਤਮਾ
ਦੂਸਰੇ ਲਈ ਬਣ ਗਿਆ
'ਧਰਮ-ਕਾਜ' !

ਕਰਕੇ ਅਜਿਹੇ ਕਾਜ
ਤੇ ਆਪਣੇ ਵਿਹੜੇ 'ਚ
ਮਨਾਉਣਾ ਜਸ਼ਨ
ਹੁਣ ਦਿੰਦਾ ਹੈ ਸਕੂਨ
ਮਨੁੱਖੀ ਜਾਮੇ 'ਚ ਸ਼ੈਤਾਨ ਨੂੰ ।

47. ਖ਼ੌਰੇ

ਹਵਾਵਾਂ,
ਪਰਿੰਦੇ
ਅਜਬ ਜਿਹੀ ਦਹਿਸ਼ਤ ' ਚ
ਸੋਚਦੇ:
ਹੱਦਾਂ - ਸਰਹੱਦਾਂ ਰਹਿਤ
ਕਿੰਨਾ ਸੋਹਣਾ
ਕਿੰਨਾ ਵਿਸ਼ਾਲ ਸੀ
ਸਾਡਾ ਘਰ !

ਪੂਰੀ ਧਰਤੀ ਸਾਡੀ ਸੀ
ਅਸੀਂ ਕਦੇ ਵੀ..ਕਿਤੇ ਵੀ
ਪਰਦੇਸੀ ਨਹੀਂ ਸਾਂ !
ਸ਼ਰਨਾਰਥੀ ਨਹੀਂ ਸਾਂ !

ਇਹ ਕੌਣ ਹੈ
ਮਨੁੱਖ ਨਾਮੀ ਸ਼ੈਅ ?
ਇਹ ਤਾਂ ਸਾਨੂੰ ਵੀ ਸੱਦਦੀ ਹੈ
ਅਜੀਬ ਜਿਹੇ ਨਾਵਾਂ ਨਾਲ !
'ਪਰਵਾਸੀ ਪੰਛੀ' ....'ਸਾਜ਼ਿਸ਼ੀ ਹਵਾਵਾਂ'

ਹੱਦਾਂ ਰਹਿਤ ਇਸ ਧਰਤ ਨੂੰ
ਕਿੰਝ ਵਲੂੰਧਰ ਦਿੱਤਾ
ਕਿ ਆਪਣੇ ਵਰਗਿਆਂ ਨੂੰ ਹੀ
ਸ਼ਰਨਾਰਥੀ ਦਸਦੇ ਨੇ !

ਚੱਲ ਨੀ ਹਵਾ !
ਅਛੋਪਲੇ ਜਿਹੇ ਘੋਲ ਦੇ
ਸਾਝਾਂ ਦਾ ਸੰਗੀਤ ਇਸ ਫ਼ਿਜ਼ਾਂ 'ਚ
ਚੱਲੋ ਵੇ ਪਰਿੰਦਿਓ !
ਗਾ ਦਿਓ ਕੋਈ ਗੀਤ ਮੁਹੱਬਤ ਵਾਲੜਾ
ਖੌਰੇ ਇਹ 'ਮਨੁੱਖ' ਵੀ
ਹੋ ਜਾਵੇ ਹਵਾਵਾਂ ਜਿਹਾ
ਪਰਿੰਦਿਆਂ ਜਿਹਾ!!!

48. ਦਾਮਿਨੀ

ਦਾਮਿਨੀ ਨੇ ਜਦੋਂ
ਦਮ ਤੋੜਿਆ ਹੋਵੇਗਾ
ਕਿਨ੍ਹੇ ਹੀ ਲਫ਼ਜ਼ਾਂ ਨੇ
ਤੋੜਿਆ ਹੋਣੈ ਦਮ
ਓਹਦੇ ਹੋਂਠਾਂ 'ਤੇ
ਓਹਦੀ ਜ਼ੁਬਾਨ 'ਤੇ
....ਤੇ
ਓਹਦੇ ਜ਼ਿਹਨ 'ਤੇ !
ਓਹਨੇ ਮਾਂ ਨੂੰ ਕੀ ਕਹਿਣਾ ਸੀ ?
ਓਹਦਾ ਬਾਪ ਲਈ ਕੀ ਤਰਲਾ ਸੀ?
ਕਿਹੜੇ ਸ਼ਬਦ ਸਨ
ਜੋ ਮੁੱਕ ਗਏ
ਓਹਦੇ ਮੁੱਕਣ ਨਾਲ ...
ਮੈਂ ਉਹਨਾਂ ਸ਼ਬਦਾਂ ਨੂੰ
ਮਿਲਣਾ ਲੋਚਦੀ ਹਾਂ
ਮੈਂ ਲੋਚਦੀ ਹਾਂ
ਓਹਨਾਂ ਸ਼ਬਦਾਂ ਨੂੰ ਸਾਹ ਦੇਣੇ
ਤਾਂ ਜੋ
ਸੁਣ ਲਏ
ਓਹਦੀ ਮਾਂ
ਓਹਦਾ ਬਾਪ
ਉਸ ਦੇ ਆਖਰੀ ਦਮ ਦੀ ਗਾਥਾ !
ਉਹਦੇ ਕੋਲੋਂ ਲੰਘਿਆ
ਬੇਗੈਰਤ ਲੋਕਾਂ ਦਾ ਝੁੰਡ
ਸੁਣ ਲਏ ਓਹਦੀ ਪੁਕਾਰ
.....ਤੇ ਕਿਸੇ ਹੋਰ ਦਾਮਿਨੀ ਕੋਲੋਂ
ਲੰਘੇ ਨਾ ਕੋਈ
ਅਣਦੇਖਿਆ ਕਰਕੇ !
ਉਹ ਜੋ ਬੇਵੱਸ
ਓਹਦਾ ਸਾਥੀ
ਸੁਣ ਸਕੇ
ਉਸ ਦਾ ਉਹ ਆਖਰੀ ਤਰਲਾ
ਜੋ ਸ਼ਾਇਦ ਉਹਨੇ
ਕੀਤਾ ਹੋਏਗਾ
ਕੁਝ ਇਹੋ ਜਿਹਾ ਹੀ
ਕਿ :
ਸਾਥੀ ! ਮੈਂ ਤੇਰੀ ਹੀ ਹਾਂ !!
ਮੇਰੀ ਪ੍ਰੀਤ ਦੇ
ਸੁੱਚੜੇ ਮੋਤੀ
ਚਾਹਿਆ ਸੀ
ਤੇਰੀ ਹੀ ਝੋਲੀ ਡਿੱਗਣਾ
ਪਰ ਕਲਮੂੰਹੇਂ ਰਾਹੀਆਂ
ਮੇਰੀ ਪ੍ਰੀਤ ਨੂੰ ਜੂਠ ਬਣਾ ਦਿੱਤਾ !
ਮੇਰੇ ਤਨ ਦਾ
ਮੇਰੀ ਰੂਹ ਦਾ
ਕੱਜਣ ਲਾਹ ਦਿੱਤਾ !
ਪਰ ਮੈਂ ਮਿਲਾਂਗੀ ਤੈਨੂੰ
ਆਪਣੇ ਉਸੇ ਜਲੌਅ 'ਚ
ਉਸੇ ਹੀ ਸ਼ਿੱਦਤ ਨਾਲ !
ਸਾਥੀ ! ਤੂੰ ਮੇਰਾ ਇੰਤਜ਼ਾਰ ਕਰੀਂ!!

49. ਕੌਣ ਕਹਿੰਦਾ ਕਿ

ਕੌਣ ਕਹਿੰਦਾ ਕਿ
ਮਹਿੰਗਾਈ ਹੈ ਇਸ ਦੇਸ਼ 'ਚ ???!!!
ਕਿੰਨੀ ਸਸਤੀ ਹੈ ਏਥੇ
ਅਣਜੰਮੀ ਧੀ ਦੀ ਜਾਨ -
ਲਾਚਾਰ ਔਰਤ ਦੀ ਇੱਜ਼ਤ -
ਕਿਸਾਨ ਦੀ ਜਿਣਸ -
ਮਜ਼ਦੂਰ ਦੀ ਦਿਹਾੜੀ -
ਸ਼ਹੀਦ ਦੀ ਕੁਰਬਾਨੀ -
ਗ਼ਰੀਬ ਦੀ ਵੋਟ
ਤੇ ਸਾਡੀ ਜ਼ਮੀਰ-

ਮਹਿੰਗੀ ਹੈ ਤਾਂ ਬਸ

ਜਵਾਨ ਧੀ ਦੇ
ਦਾਜ ਦੀ ਵਿਵਸਥਾ -
ਵਿੱਦਿਆ ਦੀਆਂ ਦੁਕਾਨਾਂ 'ਤੇ ਮਿਲਦੀ
'ਗਿਆਨ' ਦੀ ਗੁੱਥਲੀ -
ਇਨਸਾਫ਼ ਦੀ 'ਖ਼ੈਰਾਤ' -
ਕੁੱਲੀ, ਗੁੱਲੀ, ਜੁੱਲੀ
ਤੇ ਜਾਂ ਬਸ!
ਹਵਾ , ਪਾਣੀ ਤੇ ਰੇਤ -
ਉਂਝ ਬਹੁਤ ਸਸਤੀ ਹੈ ਏਥੇ
ਜਾਨ ਤੇ ਜ਼ਮੀਰ !

50. ਅੱਜ ਦਾ ਕਨੱਈਆ

ਅੱਜ ਦੇ ਕਨੱਈਆ ਦੇ ਹੱਥ
ਮੱਖਣ ਦੀਆਂ ਮਟਕੀਆਂ ਲਈ ਨਹੀਂ
ਹੱਕਾਂ ਲਈ ਉੱਠਣਗੇ-

ਅੱਜ ਨਹੀਂ ਭੰਨੇਗਾ ਉਹ
ਗੋਪੀਆਂ ਦੇ ਘੜੇ
ਉਹ ਤਾਂ ਭੰਨੇਗਾ ਚੁਰਸਤੇ 'ਚ
ਅਖੌਤੀ ਮਨੌਤਾਂ ਦਾ ਭਾਂਡਾ-

ਹੁਣ ਬੰਸਰੀ ਵਜਾ
ਨਹੀਂ ਰਿਝਾਉਣਾ ਉਸ ਨੇ
ਮਹਿਜ਼ ਗੋਪੀਆਂ ਦਾ ਮਨ
ਹੁਣ ਤਾਂ ਉਹਦੇ
ਖਰਵੇ ਬੋਲਾਂ ਵਿਚਲੇ ਤਰਕ ਨੇ
ਜਗਾਉਣਾ ਹੈ ਅਵਾਮ ਨੂੰ-

ਅੱਜ ਉਹ 'ਰਾਸਲੀਲਾ' ਨਹੀਂ
'ਬੋਧ ਲੀਲਾ' ਰਚਾਏਗਾ !

51. ਰਾਜ ਮੱਦ

ਫਿਰ ਬਣੇਗਾ ਕੋਈ ਨਵਾਂ ਰਾਜਾ
ਫਿਰ ਹੋਵੇਗਾ ਰਾਜ ਤਿਲਕ
ਫਿਰ ਸਜਣਗੇ ਚੌਂਕ
ਨਿੱਕਲਣਗੇ ਜਲੂਸ
ਗੂੰਜਣਗੇ ਬੈਂਡ-ਵਾਜੇ
ਨੱਚੇਗੀ ਪਰਜਾ
ਹੋਵੇਗੀ ਫੁੱਲਾਂ ਦੀ ਬਰਸਾਤ
ਰਾਜ ਮੱਦ ਨਾਲ
ਉੱਚੇ ਹੋਣਗੇ
ਮਸਤਕ ਚਾਪਲੂਸਾਂ ਦੇ
...ਤੇ
ਕੁਚਲ ਦਿੱਤੇ ਜਾਣਗੇ
ਅਸਹਿਮਤੀ ਦੇ ਸਿਰ
ਵਿਜੈ ਜਲੂਸ ਥੱਲੇ !

52. ਨਵੇਂ ਸਾਲ ਦੀ ਆਮਦ 'ਤੇ

(ਨਵੇਂ ਸਾਲ ਦੀ ਆਮਦ 'ਤੇ
ਅਰਜ਼ੋਈ ਸੁੱਚੜੇ ਸੂਰਜ ਨੂੰ :

ਹੇ ਸੂਰਜਾ !
ਵੇ ਚਾਨਣ ਦਿਆ ਕਟੋਰਿਆ !
ਪਰੀਤਾਂ ਸੰਗ ਪਰੋਤਿਆ !
ਰੁਸ਼ਨਾ ਦੇ ਧਰਤ ਦਾ
ਹਰ ਇੱਕ ਕੋਨਾ...
ਕੋਈ ਨੁੱਕਰ ਰਹੇ ਨਾ ਵਾਂਝੀ
ਤੇਰੇ ਨੂਰ ਤੋਂ. ..

ਉਸ ਦਹਿਲੀਜ਼ 'ਤੇ ਵੀ ਅੱਪੜ ਜਾ
ਜਿੱਥੇ ਚਿਰਾਂ ਤੋਂ ਦਸਤਕ ਨਹੀਂ ਹੋਈ...

ਦੇ ਜਾ ਕਿਰਨਾਂ ਦਾ ਛਿੱਟਾ
ਕੰਮੀਆਂ ਦੇ ਵਿਹੜੇ...

ਝਾਕ ਵੇ ਤੂੰ ਝੀਤਾਂ-ਝਰੋਖਿਆਂ ਵਿੱਚੋਂ
ਕਾਲਖ ਭਰੇ 'ਕਮਰਿਆਂ' ਅੰਦਰ ...

ਕਰ ਵੇ ਰੌਸ਼ਨ ਮਨ ਦੀ ਮਮਟੀ...
ਵਿਖਾ ਦੇ ਆਪਣੇ ਤੇਜ਼ ਸੰਗ
ਧਰਤ ਦੇ ਹਰ ਬਸ਼ਿੰਦੇ ਨੂੰ
'ਵੰਡੀਆਂ-ਰਹਿਤ' ਸਮਾਜ !!

53. ਰਾਮ-ਰਾਜ

ਇਸ 'ਰਾਮ-ਰਾਜ' 'ਚ
ਇਜ਼ਾਜ਼ਤ ਹੈ ਦੰਗਿਆਂ ਦੀ
ਬਲਾਤਕਾਰਾਂ ਦੀ-
ਇਜ਼ਾਜ਼ਤ ਹੈ
ਫਿਰਕੂ ਅੱਗ ਲਾਉਣ ਦੀ-
ਏਥੇ 'ਇਨਸਾਫ਼' ਦੇ ਬੂਹੇ 'ਤੇ
ਦਿੱਤੇ ਜਾਂਦੇ ਨੇ
ਪੀੜਤ ਨੂੰ ਚੁੱਪ ਰਹਿਣ ਦੇ ਆਦੇਸ਼-
ਏਥੇ ਹੁਣ ਲੋੜ ਨਹੀਂ
ਘਿਨਾਉਣੇ ਕਰਮ ਲਈ
ਲੁਕਵੇਂ ਥਾਵਾਂ ਦੀ-
'ਹਾਈਵੇ' 'ਤੇ ਵੀ
ਨਿਰਵਿਘਨ ਦੇ ਸਕਦੇ ਹੋ ਅੰਜ਼ਾਮ-
'ਸੁਰੱਖਿਆ-ਪ੍ਰਬੰਧ'
ਹਰ ਸਮੇਂ ਮੁਕੰਮਲ ਨੇ
ਦੰਗਾਕਾਰੀਆਂ
ਤੇ ਬਲਾਤਕਾਰੀਆਂ ਲਈ-
ਨਿਰਧਾਰਤ ਨੇ ਏਥੇ
'ਦੇਸ਼ਭਗਤੀ' ਲਈ ਮਾਪਦੰਡ
ਏਥੇ ਮਾਨਵਵਾਦੀ ਨਹੀਂ
'ਰਾਸ਼ਟਰਵਾਦੀ' ਹੋਣਾ ਲਾਜ਼ਮੀ ਹੈ ...!

54. ਮੂਰਥਲ-ਕਾਂਡ

ਮੂਰਥਲ-ਕਾਂਡ ਪੀੜਤ
ਜਿਸਦੀ ਮੁੜ ਕਦੇ
ਸਵੇਰ ਨਹੀਂ ਹੋਈ
ਕਦੇ ਚੀਕਦੀ
ਕਲਪਦੀ
ਆਪਣਾ ਹੀ ਚਿਹਰਾ ਨੋਚਦੀ
ਸਿਰ ਪਟਕਾਉਂਦੀ
ਕੰਧਾਂ ਸੰਗ ਟਕਰਾਉਂਦੀ
ਅਚਨਚੇਤ
ਚੁੱਪ ਹੋ ਜਾਂਦੀ
ਪਥਰਾ ਜਾਂਦੀ
ਉਹਦੀ ਨਜ਼ਰ...
ਹੰਝੂਓਂ ਸੱਖਣੀ
ਡੌਰ-ਭੌਰ ਤੱਕਣੀ...
ਆਪਣੇ ਜੇਹੀ
ਕਿਸੇ ਪੀੜਤ ਨੂੰ ਵੇਖ
ਬਿਨਾਂ ਜੁਬਾਨੋਂ
ਦਰਦ ਵੰਡਾਉਂਦੀ...
ਉਸਨੂੰ ਗਲ ਨਾਲ ਲਾਉਂਦੀ
ਫਿਰ ਫੁੱਟ ਪੈਂਦੀ
ਚੀਕ-ਚੀਕ ਕੇ
ਬੇਸੁੱਧ ਹੁੰਦੀ...
ਉਸ ਹਨੇਰੀ ਰਾਤ ਤੋਂ ਮਗਰੋਂ
ਉਹਦੀ ਕਦੇ ਸਵੇਰ ਨਾ ਹੋਈ
ਮਾਂ ਦੱਸਦੀ ਸੀ ਉਸਦੀ
ਹੁਣ ਨਹੀਂ ਕਦੇ ਉਹ
ਖਿਡਾਉਣਿਆਂ ਖਾਤਰ ਰੋਈ...
ਹੁਣ ਉਹ 'ਗੁੱਡੀ' ਗੁੰਮ ਰਹਿੰਦੀ ਹੈ
ਕਦੇ ਅਚਾਨਕ ਰਾਤਾਂ ਨੂੰ ਫਿਰ
ਚੀਕ ਮਾਰ ਕੇ ਉੱਠ ਬਹਿੰਦੀ ਹੈ...
ਵੇਖ ਚੁਫੇਰੇ 'ਰਾਤ ਕਾਲੀ'
ਮਾਂ ਦੀ ਚੁੰਨੀ ਵਿੱਚ ਲੁਕ ਜਾਂਦੀ...
ਅੰਬਰੀ ਉੱਡਣ ਦੀ ਰੁੱਤੇ
ਇਕ ਕਮਰੇ ਤੱਕ ਸਿਮਟ ਗਈ ਹੈ...
ਕਾਸ਼ ! ਇਹ ਕੋਈ ਭੈੜਾ ਸੁਪਨਾ ਹੁੰਦਾ
ਸੁਪਨਾ ਹੁੰਦਾ ਤਾਂ ਟੁੱਟ ਵੀ ਜਾਂਦਾ
ਅਸਰ ਉਸਦਾ ਮੁੱਕਦੇ- ਮੁੱਕਦੇ
ਮੁੱਕ ਵੀ ਜਾਂਦਾ...
ਇਹ ਹਕੀਕਤ ਸੁਪਨਿਓਂ ਭੈੜੀ
ਇਸ ਰਾਤ ਨੂੰ ਢਲਣ ਨਹੀਂ ਦਿੰਦੀ
ਨਾ ਮੁੱਕਣ ਵਾਲੀ ਰਾਤ ਇਹ ਚੰਦਰੀ
ਕੇਹੀ ਕਾਲਖ ਭਰ ਗਈ
ਅੱਲੜਪੁਣਾ ਉਸ ਅੱਲੜ ਦਾ ਖੋਹ ਕੇ
ਇਕ ਫੁੱਲ ਨੂੰ ਪੱਥਰ ਕਰ ਗਈ

55. ਗਗਨ ਦਮਾਮੇ ਦੀ ਤਾਲ

ਤੁਸੀਂ 'ਸ਼ਕਤੀ' ਤੇ 'ਅਜ਼ਾਦੀ' ਦਾ
ਦਿਵਸ ਮਨਾਉਂਦੇ ਰਹੇ
ਸ਼ਾਸਕ ਰਹੇ ਜਸ਼ਨ ਮਨਾਉਂਦੇ
ਨਸ਼ੇ ਵਿੱਚ 'ਉਹ'
ਉਤਸ਼ਾਹ ਵਿਚ 'ਤੁਸੀਂ' !

ਨਜ਼ਾਰਾ ਮਦਹੋਸ਼ੀ ਦਾ
ਪਸਰਿਆ ਰਿਹਾ
ਤੇ ਅੱਧੀ ਰਾਤ ਤੱਕ
ਲਿਤਾੜਦਾ ਰਿਹਾ
ਇਕ ਪਾਗਲ ਹਜ਼ੂਮ
ਸੱਚ ਨੂੰ ਪੈਰਾਂ ਤਲੇ-
ਤੇ ਉਹ ਰੁਲਦਾ ਰਿਹਾ
ਡਾਂਸ-ਫਲੋਰ 'ਤੇ
ਨਕਾਰੇ ਭਰੁਣ ਵਾਂਗਰਾਂ !

ਸੱਚ ਕਿਤੇ ਚੀਕਦਾ ਰਿਹਾ
ਇਕ ਨੁੱਕਰ 'ਚ ਬੈਠਾ
ਤੇ ਦੇਰ ਤੱਕ
ਦੱਬਦਾ ਰਿਹਾ
ਬੇਸੁਰੇ ਰਾਗਾਂ ਦਾ ਸ਼ੋਰ
ਗਗਨ ਦਮਾਮੇ ਦੀ ਤਾਲ ਨੂੰ

ਪਰ ਸੁਣਿਆ,
ਹਰ ਰਾਤ ਦੀ
ਸਵੇਰ ਹੁੰਦੀ ਐ !
ਸੱਚ ਦੇ ਸਾਹ
ਅਜੇ ਚਲਦੇ ਨੇ-
ਉਹ ਉਡੀਕੇਗਾ ਤੁਹਾਨੂੰ
ਤੁਹਾਡੀ ਹੋਸ਼ ਪਰਤਣ ਤੱਕ !

ਉਸ ਨੁੱਕਰ ''ਚੋਂ
ਫਿਰ ਗੂੰਜੇਗੀ
ਗਗਨ ਦਮਾਮੇ ਦੀ ਤਾਲ
ਫਿਰ ਉੱਠਣਗੇ
ਕੁਝ ਹੱਥ
ਗਗਨ ਦਮਾਮੇ ਦੀ ਤਾਲ 'ਤੇ !

ਕੁਝ ਸਾਜਿਸ਼ਾਂ ਵੀ ਬਣਨਗੀਆਂ
ਕਰਨ ਲਈ ਬੇਸੁਰਾ
ਇਸ ਤਾਲ ਨੂੰ
ਤੋੜਨ ਲਈ
ਇਹਨਾਂ ਹੱਥਾਂ ਨੂੰ !

ਜ਼ਾਲਮ ਫਿਰ ਖੇਡੇਗਾ
ਖ਼ੂਨੀ ਹੋਲੀ
ਪ..ਰ
ਅਸੀਂ ਫਿਰ ਉਗਾਗੇਂ
ਇਸ ਧਰਤ ''ਚੋਂ-

ਦੱਸ
ਫਿਰ ਕਿੱਥੇ ਦੱਬੇਂਗਾ ਓ ਜ਼ਾਲਮਾਂ
ਸਾਡੀ ਇਸ ਧਰਤ ਨੂੰ !!!???!!!

  • ਮੁੱਖ ਪੰਨਾ : ਕਾਵਿ ਰਚਨਾਵਾਂ, ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ