Fatehjit
ਫ਼ਤਿਹਜੀਤ

ਪੰਜਾਬੀ ਕਵਿਤਾ ਦੇ ਖੇਤਰ ਵਿੱਚ ਫ਼ਤਿਹਜੀਤ ਆਪਣੀ ਵਿਸ਼ੇਸ਼ ਥਾਂ ਰੱਖਦਾ ਹੈ ਜਿਸਨੇ ਮਾਨਵੀ ਮਨੋਭਾਵਾਂ, ਮਨੁੱਖੀ ਰਿਸ਼ਤਿਆਂ, ਸਮਾਜਿਕ ਤਾਣੇ -ਬਾਣੇ ਤੇ ਮਨੁੱਖੀ ਹੋਂਦ ਸਮੇਤ ਜ਼ਿੰਦਗੀ ਦੇ ਹੋਰ ਪਹਿਲੂਆਂ ਨੂੰ ਸੰਵੇਦਨਸ਼ੀਲਤਾ ਨਾਲ ਖੂਬਸੂਰਤ ਕਾਵਿਕ ਭਾਸ਼ਾ ਵਿੱਚ ਸਿਰਜਿਆ ਹੈ। ਜੀਵਨ ਨਿਰਵਾਹ ਲਈ ਅਧਿਆਪਨ ਕਿੱਤੇ ਦੀ ਚੋਣ ਇੱਕ ਸਬੱਬ ਸੀ ਜਿਸਨੇ ਫ਼ਤਿਹਜੀਤ ਨੂੰ ਪੱਛਮੀ, ਭਾਰਤੀ ਤੇ ਪੰਜਾਬੀ ਸਾਹਿਤ ਦਾ ਨਿੱਠ ਕੇ ਅਧਿਐਨ ਕਰਨ ਦੇ ਮੌਕੇ ਮੁਹੱਈਆ ਕਰਵਾਏ ਅਤੇ ਉਸਨੇ ਇਨ੍ਹਾਂ ਮੌਕਿਆਂ ਦਾ ਸਦਉਪਯੋਗ ਕੀਤਾ ਜਿਸਦੀ ਝਲਕ ਉਸ ਦੀਆਂ ਰਚਨਾਵਾਂ ਵਿੱਚ ਪੈਂਦੀ ਹੈ।

ਸ਼ਾਂਤ ਸੁਭਾਅ ਚੇਤੰਨ ਵਿਚਾਰਕ ਕਵੀ ਫ਼ਤਿਹਜੀਤ ਨੇ ਪੰਜਾਬੀ ਕਾਵਿ ਜਗਤ ਦੀ ਝੋਲੀ ਹੁਣ ਤੱਕ ਚਾਰ ਕਿਤਾਬਾਂ ਪਾਈਆਂ। ਉਸ ਦੀ ਕਵਿਤਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਰਥਕ ਸੋਚ ਦੇ ਨਾਲ ਨਾਲ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਵੀ ਦਿੰਦੀ ਹੈ। ਫ਼ਤਿਹਜੀਤ ਦੀ ਪਲੇਠੀ ਕਿਤਾਬ 'ਏਕਮ' ੧੯੬੭ ਵਿੱਚ ਛਪੀ, ਜਿਸ ਨਾਲ ਉਹ ਉਸ ਸਮੇਂ ਦੇ ਪੰਜਾਬੀ ਦੇ ਚੋਣਵੇਂ ਕਵੀਆਂ ਵਿੱਚ ਸ਼ਾਮਿਲ ਹੋ ਗਿਆ। ਉਸ ਦੀ ਕਵਿਤਾ ਨੂੰ ਨੌਜਵਾਨ ਵਰਗ ਦੇ ਨਾਲ ਨਾਲ ਕਵਿਤਾ ਦੇ ਗੰਭੀਰ ਪਾਠਕਾਂ ਨੇ ਵੀ ਸਰਾਹਿਆ। ਕਵੀ ਦੀ ਦੂਸਰੀ ਕਿਤਾਬ 'ਕੱਚੀ ਮਿੱਟੀ ਦੇ ਬੌਣੇ' ਸੰਨ ੧੯੭੩ ਵਿੱਚ ਆਈ ਜਿਸ ਵਿੱਚ ਕਵਿਤਾ ਜ਼ਰੀਏ ਬਹੁਤ ਸੂਖ਼ਮਤਾ ਨਾਲ ਸਮਾਜਿਕ, ਆਰਥਿਕ ਧਾਰਮਿਕ, ਰਾਜਨੀਤਿਕ ਤਾਣੇ ਬਾਣੇ ਦੀਆਂ ਗੰਢਾਂ ਨੂੰ ਬਿਆਨਿਆ ਗਿਆ। ਫ਼ਤਿਹਜੀਤ ਦੀ ਕਵਿਤਾ ਨੇ ਹਮੇਸ਼ਾਂ ਹੀ ਸਾਮਜਿਕ ਨਾ-ਬਰਾਬਰੀ ਵਿਰੁੱਧ ਆਵਾਜ਼ ਚੁੱਕੀ। ੧੯੮੨ ਵਿੱਚ ਆਈ ਕਵੀ ਦੀ ਤੀਸਰੀ ਕਿਤਾਬ 'ਨਿੱਕੀ ਜਿਹੀ ਚਾਣਨੀ' ਇਸੇ ਗੱਲ ਦੀ ਗਵਾਹੀ ਦਿੰਦੀ ਹੈ। ਛੱਤੀ ਵਰ੍ਹਿਆਂ ਬਾਅਦ ਆਈ ਚੌਥੀ ਕਿਤਾਬ 'ਰੇਸ਼ਮੀ ਧਾਗੇ' ਵੀ ਰਿਸ਼ਤਿਆਂ ਦੀ ਅਹਿਮੀਅਤ ਤੇ ਚੰਗੇ ਸਮਾਜ ਦੀ ਸਿਰਜਣਾ ਦੀ ਆਸ ਦੀ ਗੱਲ ਕਰਦੀ ਹੈ।

ਫ਼ਤਿਹਜੀਤ ਦਾ ਜਨਮ ੩ ਦਸੰਬਰ ੧੯੩੮, ਨੂੰ ਚੱਕ ਸਤਾਸੀ, ਜ਼ਿਲਾ ਲਾਇਲਪੁਰ, ਪਾਕਿਸਤਾਨ ਵਿੱਚ ਹੋਇਆ ਤੇ ਉਨ੍ਹਾਂ ਐਮ.ਏ. ਪੰਜਾਬੀ ਤੱਕ ਸਿੱਖਿਆ ਪ੍ਰਾਪਤ ਕੀਤੀ । ਉਨ੍ਹਾਂ ਦੀ ਜੀਵਨ ਸਾਥਣ ਦਾ ਨਾਂ ਸ੍ਰੀਮਤੀ ਰਣਧੀਰ ਕੌਰ ਹੈ । ਹੁਣ ਉਹ ਸ਼ਾਹਕੋਟ (ਜਲੰਧਰ) ਵਿਖੇ ਰਹਿ ਰਹੇ ਹਨ ।