Dohre : Mian Muhammad Bakhsh

ਦੋਹੜੇ : ਮੀਆਂ ਮੁਹੰਮਦ ਬਖ਼ਸ਼



ਬਾਗ਼ ਬਹਾਰਾਂ ਤੇ ਗੁਲਜ਼ਾਰਾਂ ਬਿਨ ਯਾਰਾਂ ਕਿਸ ਕਾਰੀ ?
ਯਾਰ ਮਿਲੇ ਦੁਖ ਜਾਣ ਹਜ਼ਾਰਾਂ ਸ਼ੁਕਰ ਕਹਾਂ ਲਖ ਵਾਰੀ
ਉੱਚੀ ਜਾਈ ਨੇਂਹੁੰ ਲਗਾਇਆ ਬਣੀ ਮੁਸੀਬਤ ਭਾਰੀ
ਯਾਰਾਂ ਬਾਜ੍ਹ ਮੁਹੰਮਦ ਬਖ਼ਸ਼ਾ ਕੌਣ ਕਰੇ ਗ਼ਮਖ਼ਾਰੀ



ਆ ਸਜਨਾ ਮੂੰਹ ਦਸ ਕਿਦਾਈਂ ਜਾਨ ਤੇਰੇ ਤੋਂ ਵਾਰੀ
ਤੂੰਹੇਂ ਜਾਨ ਈਮਾਨ ਦਿਲੇ ਦਾ ਤੁੱਧ ਬਿਨ ਮੈਂ ਕਿਸ ਕਾਰੀ
ਹੂਰਾਂ ਤੇ ਗਿਲਮਾਨ ਬਹਿਸ਼ਤੀ ਚਾਹੇ ਖ਼ਲਕਤ ਸਾਰੀ
ਤੇਰੇ ਬਾਜ੍ਹ ਮੁਹੰਮਦ ਮੈਨੂੰ ਨਾ ਕੋਈ ਚੀਜ਼ ਪਿਆਰੀ



ਦਮ ਦਮ ਜਾਨ ਲਬਾਂ ਪਰ ਆਵੇ ਛੋੜਿ ਹਵੇਲੀ ਤਨ ਦੀ
ਖਲੀ ਉਡੀਕੇ ਮਤ ਹੁਣ ਆਵੇ ਕਿਧਰੋਂ ਵਾ ਸਜਨ ਦੀ
ਆਵੀਂ ਆਵੀਂ ਨਾ ਚਿਰ ਲਾਵੀਂ ਦਸੀਂ ਝਾਤ ਹੁਸਨ ਦੀ
ਆਏ ਭੌਰ ਮੁਹੰਮਦ ਬਖ਼ਸ਼ਾ ਕਰ ਕੇ ਆਸ ਚਮਨ ਦੀ



ਸਦਾ ਨਾ ਰੂਪ ਗੁਲਾਬਾਂ ਉਤੇ ਸਦਾ ਨਾ ਬਾਗ਼ ਬਹਾਰਾਂ
ਸਦਾ ਨਾ ਭਜ ਭਜਿ ਫੇਰੇ ਕਰਸਨ ਤੋਤੇ ਭੌਰ ਹਜ਼ਾਰਾਂ
ਚਾਰ ਦਿਹਾੜੇ ਹੁਸਨ ਜਵਾਨੀ ਮਾਨ ਕੀਆ ਦਿਲਦਾਰਾਂ
ਸਿਕਦੇ ਅਸੀਂ ਮੁਹੰਮਦ ਬਖ਼ਸ਼ਾ ਕਿਉਂ ਪਰਵਾਹ ਨਾ ਯਾਰਾਂ



ਰੱਬਾ ਕਿਸ ਨੂੰ ਫੋਲਿ ਸੁਣਾਵਾਂ ਦਰਦ ਦਿਲੇ ਦਾ ਸਾਰਾ
ਕੌਣ ਹੋਵੇ ਅੱਜ ਸਾਥੀ ਮੇਰਾ ਦੁਖ ਵੰਡਾਵਣ-ਹਾਰਾ
ਜਿਸ ਦੇ ਨਾਲ ਮੁਹੱਬਤ ਲਾਈ ਚਾ ਲਿਆ ਗ਼ਮ-ਖਾਰਾ
ਸੋ ਮੂੰਹ ਦਿਸਦਾ ਨਹੀਂ ਮੁਹੰਮਦ ਕੀ ਮੇਰਾ ਹੁਣ ਚਾਰਾ ?



ਆਦਮ ਪਰੀਆਂ ਕਿਸ ਬਣਾਏ ਇਕੋ ਸਿਰਜਣ-ਹਾਰਾ
ਹੁਸਨ ਇਸ਼ਕ ਦੋ ਨਾਮ ਰਖਾਇਓਸੁ ਨੂਰ ਇਕੋ ਮੁੰਢ ਸਾਰਾ
ਮਹਬੂਬਾਂ ਦੀ ਸੂਰਤ ਉਤੇ ਉਸੇ ਦਾ ਚਮਕਾਰਾ
ਆਸ਼ਿਕ ਦੇ ਦਿਲ ਇਸ਼ਕ ਮੁਹੰਮਦ ਉਹੋ ਸਿਰੱ-ਨਿਆਰਾ



ਸਰਵ ਬਰਾਬਰ ਕਦ ਤੇਰੇ ਦੇ ਮੂਲ ਖਲੋ ਨਾ ਸਕਦਾ
ਫੁਲ ਗੁਲਾਬ ਤੇ ਬਾਗ਼-ਇਰਮ ਦਾ ਸੂਰਤ ਤਕ ਤਕਿ ਝਕਦਾ
ਯਾਸਮੀਨ ਹੋਵੇ ਸ਼ਰਮਿੰਦਾ ਬਦਨ-ਸਫ਼ਾਈ ਤਕਦਾ
ਅਰਗ਼ਵਾਨ ਡੁੱਬਾ ਵਿਚ ਲਹੂ ਚਿਹਰਾ ਵੇਖ ਚਮਕਦਾ

(ਸਰਵ=ਸਰੂ ਦਾ ਰੁੱਖ ਯਾਸਮੀਨ=ਚਮੇਲੀ ਅਰਗ਼ਵਾਨ=
ਲਾਲ ਰੰਗ ਦਾ ਫੁੱਲ)



ਕੁਝ ਵਿਸਾਹ ਨਾ ਸਾਹ ਆਏ ਦਾ ਮਾਨ ਕੇਹਾ ਫਿਰ ਕਰਨਾ
ਜਿਸ ਜੁੱਸੇ ਨੂੰ ਛੰਡ ਛੰਡਿ ਰਖੇਂ ਖ਼ਾਕ ਅੰਦਰ ਵੰਞਿ ਧਰਨਾ
ਲੋਇ ਲੋਇ ਭਰ ਲੈ ਕੁੜੀਏ ਜੇ ਤੁਧਿ ਭਾਂਡਾ ਭਰਨਾ
ਸ਼ਾਮ ਪਈ ਬਿਨ ਸ਼ਾਮ ਮੁਹੰਮਦ ਘਰਿ ਜਾਂਦੀ ਨੇ ਡਰਨਾ



ਕਸਤੂਰੀ ਨੇ ਜ਼ੁਲਫ਼ ਤੇਰੀ ਥੀਂ ਬੂ ਅਜਾਇਬ ਪਾਈ
ਮੂੰਹ ਤੇਰੇ ਥੀਂ ਫੁੱਲ ਗੁਲਾਬਾਂ ਲੱਧਾ ਰੰਗ ਸਫ਼ਾਈ
ਮਿਹਰ ਤੇਰੀ ਦੀ ਗਰਮੀ ਕੋਲੋਂ ਮਿਹਰਿ ਤਰੇਲੀ ਆਈ
ਲਿੱਸਾ ਹੋਇਆ ਚੰਨ ਮੁਹੰਮਦ ਹੁਸਨਿ ਮੁਹੱਬਤ ਲਾਈ

੧੦

ਤਲਬ ਤੇਰੀ ਥੀਂ ਮੁੜਸਾਂ ਨਾਹੀਂ ਜਬ ਲਗ ਮਤਲਬ ਹੋਂਦਾ
ਯਾ ਤਨ ਨਾਲ ਤੁਸਾਡੇ ਮਿਲਸੀ ਯਾ ਰੂਹ ਟੁਰਸੀ ਰੋਂਦਾ
ਕਬਰ ਮੇਰੀ ਪਟਿ ਦੇਖੀਂ ਸਜਨਾ ਜਾਂ ਮਰ ਚੁਕੋ ਸੁ ਭੌਂਦਾ
ਕੋਲੇ ਹੋਸੀ ਕਫ਼ਨ ਮੁਹੰਮਦ ਇਸ਼ਕ ਹੋਸੀ ਅਗ ਢੌਂਦਾ

੧੧

ਲੰਮੀ ਰਾਤ ਵਿਛੋੜੇ ਵਾਲੀ ਆਸ਼ਿਕ ਦੁਖੀਏ ਭਾਣੇ
ਕੀਮਤ ਜਾਣਨ ਨੈਨ ਅਸਾਡੇ ਸੁਖੀਆ ਕਦਰ ਨਾ ਜਾਣੇ
ਜੇ ਹੁਣ ਦਿਲਬਰ ਨਜ਼ਰੀਂ ਆਵੇ ਧੰਮੀਂ ਸੁਬਹੁ ਧਿੰਙਾਣੇ
ਵਿਛੜੇ ਯਾਰ ਮੁਹੰਮਦ ਬਖ਼ਸ਼ਾ ਰੱਬ ਕਿਵੇਂ ਅਜ ਆਣੇ

੧੨

ਜੇ ਮਹਬੂਬ ਮੇਰੇ ਮਤਲੂਬਾ ! ਤੂੰ ਸਰਦਾਰ ਕਹਾਇਆ
ਮੈਂ ਫ਼ਰਯਾਦੀ ਤੈਂ ਤੇ ਆਇਆ ਦਰਦ ਫ਼ਿਰਾਕ ਸਤਾਇਆ
ਇਕ ਦੀਦਾਰ ਤੇਰੇ ਨੂੰ ਸਿਕਦਾ ਰੂਹ ਲਬਾਂ ਪਰ ਆਇਆ
ਆ ਮਿਲ ਯਾਰ ਮੁਹੰਮਦ ਬਖ਼ਸ਼ਾ ਜਾਂਦਾ ਵਕਤ ਵਿਹਾਇਆ

੧੩

ਇਕ ਤਗਾਦਾ ਇਸ਼ਕ ਤੇਰੇ ਦਾ ਦੂਜੀ ਬੁਰੀ ਜੁਦਾਈ
ਦੂਰ ਵਸਣਿਆਂ ਸਜਨਾਂ ਮੈਨੂੰ ਸਖ਼ਤ ਮੁਸੀਬਤ ਆਈ
ਵਸ ਨਹੀਂ ਹੁਣ ਰਿਹਾ ਜੀਊੜਾ ਦਰਦਾਂ ਹੋਸ਼ ਭੁਲਾਈ
ਹੱਥੋਂ ਛੁੱਟੀ ਡੋਰ ਮੁਹੰਮਦ ਗੁੱਡੀ ਵਾਉ ਉਡਾਈ

੧੪

ਕਰ ਕਰਿ ਯਾਦ ਸਜਨ ਨੂੰ ਰੋਵਾਂ ਮੂਲ ਆਰਾਮ ਨਾ ਕੋਈ
ਢੂੰਡ ਥਕਾ ਜਗ ਦੇਸ ਤਮਾਮੀ ਰਿਹਾ ਮਕਾਮ ਨਾ ਕੋਈ
ਰੁੱਠਾ ਯਾਰ ਮਨਾਵੇ ਮੇਰਾ ਕੌਣ ਵਸੀਲਾ ਹੋਈ
ਲਾਇ ਸਬੂਨ ਮੁਹੱਬਤ ਵਾਲਾ ਦਾਗ ਗ਼ਮਾਂ ਦੇ ਧੋਈ

੧੫

ਜੱਗ ਪਰ ਜੀਵਣ ਬਾਜ੍ਹ ਪਿਆਰੇ ਹੋਇਆ ਮੁਹਾਲ ਅਸਾਨੂੰ
ਭੁਲ ਗਈ ਸੁਧ ਬੁਧ ਜਾਂ ਲਗਾ ਇਸ਼ਕ ਕਮਾਲ ਅਸਾਨੂੰ
ਬਾਗ਼ ਤਮਾਸ਼ੇ ਖੇਡਣ ਹਸਣ ਹੋਏ ਖ਼ਾਬ ਅਸਾਨੂੰ
ਜਾਵਣ ਦੁਖ਼ ਮੁਹੰਮਦ ਜਿਸ ਦਿਨ ਹੋਏ ਜਮਾਲ ਅਸਾਨੂੰ

੧੬

ਕੀ ਗਲ ਆਖਿ ਸੁਣਾਵਾਂ ਸਜਨਾ ! ਦਰਦ ਫ਼ਿਰਾਕ ਸਿਤਮ ਦੀ
ਆਇਆ ਹਰਫ਼ ਲਬਾਂ ਪਰ ਜਿਸ ਦਮ ਫਟ ਗਈ ਜੀਭ ਕਲਮ ਦੀ
ਚਿੱਟਾ ਕਾਗ਼ਜ਼ ਦਾਗ਼ੀ ਹੋਇਆ ਫਿਰੀ ਸਿਆਹੀ ਗ਼ਮ ਦੀ
ਦੁਖਾਂ ਕੀਤਾ ਜ਼ੋਰ ਮੁਹੰਮਦ ਲੱਈਂ ਖ਼ਬਰ ਇਸ ਦਮ ਦੀ

੧੭

ਪਰੀਏ ! ਖ਼ੌਫ਼ ਖ਼ੁਦਾ ਤੋਂ ਡਰੀਏ ਕਰੀਏ ਮਾਨ ਨਾ ਮਾਸਾ
ਜੋਬਨ ਹੁਸਨ ਨਾ ਤੋੜ ਨਿਬਾਹੂ ਕੀ ਇਸ ਦਾ ਭਰਵਾਸਾ
ਇਨ੍ਹਾਂ ਮੂੰਹਾਂ ਤੇ ਮਿੱਟੀ ਪੌਸੀ ਖ਼ਾਕ ਨਿਮਾਣੀ ਵਾਸਾ
ਮੈਂ ਮਰ ਚੁਕਾ ਤੇਰੇ ਭਾਣੇ ਅਜੇ ਮੁਹੰਮਦ ਹਾਸਾ

੧੮

ਜੋ ਬਾਤਿਨ ਉਸਿ ਨਾਮ ਮੁਹੱਬਤ ਜ਼ਾਹਿਰ ਹੁਸਨ ਕਹਾਵੇ
ਹੁਸਨ ਮੁਹੱਬਤ ਮਹਰਮ ਤੋੜੋਂ ਕਿਉਂ ਮਹਰਮ ਸ਼ਰਮਾਵੇ
ਮਹਰਮ ਨਾਲ ਮਿਲੇ ਜਦ ਮਹਰਮ ਅੰਗ ਨਿਸੰਗ ਲਗਾਵੇ
ਹੁਸਨ ਇਸ਼ਕ ਇਕ ਜ਼ਾਤ ਮੁਹੰਮਦ ਤੋੜੇ ਕੋਈ ਸਦਾਵੇ

੧੯

ਕੌਣ ਕਹੇ ਨਾ ਜਿਨਸ ਇਨ੍ਹਾਂ ਨੂੰ ? ਇਕਸੇ ਮਾਂ ਪਿਉ-ਜਾਏ
ਇਕੋ ਜ਼ਾਤ ਇਨ੍ਹਾਂ ਦੀ ਤੋੜੋਂ ਅਗੋਂ ਰੰਗ ਵਟਾਏ
ਇਕ ਕਾਲੇ ਇਕ ਸਬਜ਼ ਕਬੂਤਰ ਇਕ ਚਿੱਟੇ ਬਣਿ ਆਏ
ਚਿੱਟੇ ਕਾਲੇ ਮਿਲਣ ਮੁਹੰਮਦ ਨਾ ਬਣਿ ਬਹਿਣ ਪਰਾਏ

੨੦

ਹੁਸਨ ਮੁਹੱਬਤ ਸਭ ਜ਼ਾਤਾਂ ਥੀਂ ਉੱਚੀ ਜ਼ਾਤ ਨਿਆਰੀ
ਨਾ ਇਹ ਆਬੀ ਨਾ ਇਹ ਬਾਦੀ ਨਾ ਖ਼ਾਕੀ ਨਾ ਨਾਰੀ
ਹੁਸਨ ਮੁਹੱਬਤ ਜ਼ਾਤ ਇਲਾਹੀ ਕਿਆ ਚਿੱਬ ਕਿਆ ਚਮਿਆਰੀ
ਇਸ਼ਕ ਬੇ-ਸ਼ਰਮ ਮੁਹੰਮਦ ਬਖ਼ਸ਼ਾ ਪੁਛਿ ਨਾ ਲਾਂਦਾ ਯਾਰੀ

੨੧

ਜਿਨਸ-ਕੁ-ਜਿਨਸ ਮੁਹੱਬਤ ਮੇਲੇ ਨਹੀਂ ਸਿਆਨਪ ਕਰਦੀ
ਸੂਰਜ ਨਾਲ ਲਗਾਏ ਯਾਰੀ ਕਿਤ ਗੁਨ ਨੀਲੋਫ਼ਰ ਦੀ
ਬੁਲਬੁਲ ਨਾਲ ਗੁਲੇ ਅਸ਼ਨਾਈ ਖ਼ਾਰੋਂ ਮੂਲ ਨਾ ਡਰਦੀ
ਜਿਨਸ-ਕੁ-ਜਿਨਸ ਮੁਹੰਮਦ ਕਿੱਥੇ ਆਸ਼ਿਕ ਤੇ ਦਿਲਬਰ ਦੀ

੨੨

ਹੇ ਸੁਲਤਾਨ ਹੁਸਨ ਦੀ ਨਗਰੀ ਰਾਜ ਸਲਾਮਤ ਤੇਰਾ
ਮੈਂ ਪਰਦੇਸੀ ਹਾਂ ਫ਼ਰਯਾਦੀ ਅਦਲ ਕਰੀਂ ਕੁੱਝ ਮੇਰਾ
ਤੁਧ ਬਿਨ ਜਾਨ ਲਬਾਂ ਪਰ ਆਈ ਝੱਲਿਆ ਦਰਦ ਬਤੇਰਾ
ਦੇ ਦੀਦਾਰ ਅੱਜ ਵਕਤ ਮੁਹੰਮਦ ਜੱਗ ਪਰ ਹਿਕੋ ਫੇਰਾ

੨੩

ਇਸ਼ਕ ਫ਼ਿਰਾਕ ਬੇਤਰਸ ਸਿਪਾਹੀ ਮਗਰ ਪਏ ਹਰ ਵੇਲੇ
ਪਟੇ-ਬੰਧ ਸੁੱਟੇ ਵਿਚ ਪੈਰਾਂ ਵਾਂਗਰ ਹਾਥੀ ਪੇਲੇ
ਸਬਰ ਤਹੱਮੁਲ ਕਰਨ ਨਾ ਦਿੰਦੇ ਜ਼ਾਲਿਮ ਬੁਰੇ ਮਰੇਲੇ
ਤੁਧ ਬਿਨ ਐਵੇਂ ਜਾਣ ਮੁਹੰਮਦ ਜਿਉਂ ਦੀਵਾ ਬਿਨ ਤੇਲੇ

੨੪

ਬਿਸਤਰ ਨਾਮੁਰਾਦੀ ਉੱਤੇ ਮੈਂ ਬੀਮਾਰ ਪਏ ਨੂੰ
ਦਾਰੂ ਦਰਦ ਤੁਸਾਡਾ ਸੱਜਣਾ! ਲੈ ਆਜ਼ਾਰ ਪਏ ਨੂੰ
ਜ਼ਿਕਰ ਖ਼ਿਆਲ ਤੇਰਾ ਹਰ ਵੇਲੇ ਦਰਦਾਂ ਮਾਰ ਲਏ ਨੂੰ
ਹੈ ਗ਼ਮਖ਼ਾਰ ਹਿਕੱਲੀ ਜਾਈ ਬੇਗ਼ਮਖ਼ਾਰ ਪਏ ਨੂੰ

੨੫

ਚਿੰਤਾ ਫ਼ਿਕਰ ਅੰਦੇਸੇ ਆਵਣ ਬੰਨ੍ਹ ਬੰਨ੍ਹ ਸਫ਼ਾਂ ਕਤਾਰਾਂ
ਵੱਸ ਨਹੀਂ ਕੁੱਝ ਚਲਦਾ ਮੇਰਾ ਕਿਸਮਤ ਹੱਥ ਮੁਹਾਰਾਂ
ਪਾਸੇ ਪਾਸੇ ਚਲੀ ਜਵਾਨੀ ਪਾਸ ਨਾ ਸੱਦਿਆ ਯਾਰਾਂ
ਸਾਥੀ ਕੌਣ ਮੁਹੰਮਦ ਬਖ਼ਸ਼ਾ ਦਰਦ ਵੰਡੇ ਗ਼ਮਖ਼ਾਰਾਂ

੨੬

ਮਾਨ ਨਾ ਕੀਜੇ ਰੂਪ ਘਣੇ ਦਾ ਵਾਰਿਸ ਕੌਣ ਹੁਸਨ ਦਾ
ਸਦਾ ਨਾ ਰਹਿਸਣ ਸ਼ਾਖ਼ਾਂ ਹਰੀਆਂ ਸਦਾ ਨਾ ਫੁੱਲ ਚਮਨ ਦਾ
ਸਦਾ ਨਾ ਭੌਰ ਹਜ਼ਾਰਾਂ ਫਿਰਸਨ ਸਦਾ ਨਾ ਵਕਤ ਅਮਨ ਦਾ
ਮਾਲੀ ਹੁਕਮ ਨਾ ਦੇਇ ਮੁਹੰਮਦ ਕਿਉਂ ਅੱਜ ਸੈਰ ਕਰਨ ਦਾ

੨੭

ਸਦਾ ਨਾ ਰਸਤ ਬਾਜ਼ਾਰੀਂ ਵਿਕਸੀ ਸਦਾ ਨਾ ਰੌਣਕ ਸ਼ਹਿਰਾਂ
ਸਦਾ ਨਾ ਮੌਜ ਜਵਾਨੀ ਵਾਲੀ ਸਦਾ ਨਾ ਨਦੀਏ ਲਹਿਰਾਂ
ਸਦਾ ਨਾ ਤਾਬਿਸ਼ ਸੂਰਜ ਵਾਲੀ ਜਿਉਂ ਕਰ ਵਕਤ ਦੁਪਹਿਰਾਂ
ਬੇਵਫ਼ਾਈ ਰਸਮ ਮੁਹੰਮਦ ਸਦਾ ਇਹੋ ਵਿੱਚ ਦਹਿਰਾਂ

੨੮

ਸਦਾ ਨਾ ਲਾਟ ਚਿਰਾਗ਼ਾਂ ਵਾਲੀ ਸਦਾ ਨਾ ਸੋਜ਼ ਪਤੰਗਾਂ
ਸਦਾ ਉਡਾਰਾਂ ਨਾਲ਼ ਕਤਾਰਾਂ ਰਹਿਸਣ ਕਦ ਕੁਲੰਗਾਂ
ਸਦਾ ਨਹੀਂ ਹੱਥ ਮਹਿੰਦੀ ਰੱਤੇ ਸਦਾ ਨਾ ਛਣਕਣ ਵੰਗਾਂ
ਸਦਾ ਨਾ ਛੋਪੇ ਪਾ ਮੁਹੰਮਦ ਰਲਮਿਲ ਬਹਿਣਾ ਸੰਗਾਂ

੨੯

ਹੁਸਨ ਮਹਿਮਾਨ ਨਹੀਂ ਘਰ ਬਾਰੀ ਕੀ ਇਸ ਦਾ ਕਰ ਮਾਣਾਂ
ਰਾਤੀਂ ਲੱਥਾ ਆਣ ਸਥੋਈ ਫ਼ਜਰੀ ਕੂਚ ਬੁਲਾਣਾਂ
ਸੰਗ ਦੇ ਸਾਥੀ ਲੱਦੀ ਜਾਂਦੇ ਅਸਾਂ ਭੀ ਸਾਥ ਲੱਦਾਣਾਂ
ਹੱਥ ਨਾ ਆਵੇ ਫੇਰ ਮੁਹੰਮਦ ਜਾਂ ਇਹ ਵਕਤ ਵਿਹਾਣਾਂ

੩੦

ਸਦਾ ਨਹੀਂ ਮੁਰਗਾਈਆਂ ਬਹਿਣਾਂ ਸਦਾ ਨਹੀਂ ਸਰ ਪਾਣੀ
ਸਦਾ ਨਾ ਸੱਈਆਂ ਸੀਸ ਗੁੰਦਾਵਣ ਸਦਾ ਨਾ ਸੁਰਖ਼ੀ ਲਾਣੀ
ਲੱਖ ਹਜ਼ਾਰ ਬਹਾਰ ਹੁਸਨ ਦੀ ਖ਼ਾਕੂ ਵਿਚ ਸਮਾਣੀ
ਲਾ ਪਰੀਤ ਮੁਹੰਮਦ ਜਿਸ ਥੀਂ ਜੱਗ ਵਿਚ ਰਹੇ ਕਹਾਣੀ

  • ਮੁੱਖ ਪੰਨਾ : ਕਾਵਿ ਰਚਨਾਵਾਂ, ਮੀਆਂ ਮੁਹੰਮਦ ਬਖ਼ਸ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ