Dohre : Khwaja Ghulam Farid

ਦੋਹੜੇ : ਖ਼ਵਾਜਾ ਗ਼ੁਲਾਮ ਫ਼ਰੀਦ



ਵੱਡੜੇ ਵੇਲੇ ਉਠੀ ਕੇ ਸਈਆਂ ਸਾਜ਼ ਵਜ਼ੂ ਬੈਠੀਆਂ ਘਬਕਾਵਨ ਸੈਂ ਠਹਾਵਨ ।
ਤੇ ਜੜ ਜੜ ਲਾਂਵਨ ਮੈਲ ਮਖ਼ਨ ਪੈਂਡੀਆਂ ਡੋਲੇ ਡੇਨ ਸੁਗ਼ਾਤ ਚਲਾਵਨ ।
ਮੈਂ ਜੇਹੀਆਂ ਬਦਕਾਰ ਨਿਕੱਮੀਆਂ ਯਾਰ ਫ਼ਰੀਦ ਓਦੀਆਂ ਦਰ ਦਰ ਨੋਟ ਭਨਵਾਵਨ ।
ਅਜ਼ਲੋਂ ਭਾਗ ਤਿਨ੍ਹਾਂ ਦੇ ਮੱਥੇ ਜੇਹੜੀਆਂ ਸੇਜ ਤੇ ਯਾਰ ਮਨਾਵਨ ।



ਉੱਡ ਵੇ ਕਾਗਾ ਕਾਲਿਆ ਤੂੰ ਤਾਂ ਛੱਡ ਅਸਾਡੀ ਬੇਰ ।
ਤੂੰ ਤਾਂ ਬੈਠਾਂ ਕਰਦਾ ਹੈ ਬਾਤੀਆਂ ਮੈਂਡੇ ਅੰਲੜੇ ਜ਼ਖਮ ਨ ਛੇੜ ।
ਤੈਨੂੰ ਕੁੱਟ ਕੁੱਟ ਘਤਸਾਂ ਚੂਰੀਆਂ ਤੂੰ ਤਾਂ ਮੰਗੀ ਦੁਆਈਂ ਢੇਰ ।
ਫ਼ਰੀਦਾ ਉੱਡੀਨਾ ਰੱਬ ਕਰੇ ਚਲੇ ਵੰਜੋ ਮਦੀਨੇ ਦੀ ਸੈਰ ।



ਸਾਵਣ ਮਾਹ ਸੁਹੇਲਾ ਆਇਆ ਤੇ ਵਣਜਾਰੇ ਘੁੱਮੇ ਪਏ ਡੇਵਨ ਮਸਾਗ ਦੇ ਹੋਕੇ ।
ਉਹ ਮਸਾਗ ਖ਼ਰੀਦ ਕਰਨ ਜਿਨ੍ਹਾਂ ਦੇ ਪੱਲੇ ਰਕਮ ਰੋਕੇ ।
ਉਹ ਕੀ ਮਲਣ ਮਸਾਗ ਕਰਮਾਂ ਦੀਆਂ ਮਾਰੀਆਂ ਜਿਹੜੀਆਂ ਸੇਜ ਤੇ ਸੁੱਤੀਆਂ ਰੋ ਕੇ ।
ਯਾਰ ਫ਼ਰੀਦਾ ਚਲ ਵਤਨ ਚਲਾਹੀਂ ਕਿਉਂ ਲਾਈ ਪਰਦੇਸ ਵਿੱਚ ਝੋਕੇ ।



ਯਾਰ ਰੁਝਾਵਨ ਸਿਖ ਵੇ ਮੁਲਾਂ ਬਿਆਂ ਸੱਟ ਘਤ ਸਬ ਦਲੀਲਾਂ ।
ਇਸ਼ਕ ਮਜ਼ਾਜ਼ੀ ਤੇ ਮੁਸ਼ਕਲ ਬਾਜ਼ੀ ਕੰਮ ਨਹੀਂ ਬਖ਼ੀਲਾਂ ।
ਸਿਰ ਤੇ ਭੜਕੇ ਢਾਂਡ ਹਿਜਰ ਦਾ ਓ ਵੀ ਸਮਝੀ ਠੰਡੀਆਂ ਹੀਨਾਂ ।
ਯਾਰ ਫ਼ਰੀਦ ਜਥਾਂ ਅੱਖੀਆਂ ਲਗੀਆਂ ਅਥ ਹਾਜਤ ਨਹੀਂ ਵਕੀਲਾਂ ।



ਮੁਫ਼ਤ ਖ਼ਰੀਦ ਕਰੇ ਕੋਈ ਅਸਾ ਕੂੰ ਤੇ ਹਾਲ ਡੇਵੇ ਸਜਣਾਂ ਦਾ ।
ਜੈ ਡਿਹਾੜੇ ਦੇ ਸਜਣ ਲੱਡ ਸਿਧਾਏ ਵੈਂਦਾ ਜ਼ੋਫ਼ ਅੰਦਰ ਕੂੰ ਖਾਂਦਾ ।
ਸੈ ਮਲਮਾਂ ਪੱਟੀਆਂ ਬੰਨ੍ਹ ਬੰਨ੍ਹ ਹੱਟੀਆਂ ਤੇ ਜ਼ਖਮ ਖੜਾ ਚਚਲਾਂਦਾ ।
ਬਾਝੋਂ ਪੀਰ ਫ਼ਰੀਦਨ ਯਾਰ ਦੇ ਸਾਡੀ ਅਦਨ ਕੋਈ ਨਹੀਂ ਲਾਂਹਦਾ ।



ਇਸ਼ਕ ਤੈਂਡੇ ਦੀ ਨਹਰ ਵਗੇ ਕਈ ਤਰੀਆਂ ਕਰਮਾਂ ਵਾਲੜੀਆਂ ।
ਕਈ ਕੋਝੀਆਂ ਲੰਘ ਪਾਰ ਗਈਆਂ ਤੇ ਰੋਵਣ ਸ਼ਕਲਾਂ ਵਾਲੜੀਆਂ ।
ਸ਼ਕਲਾਂ ਡੇਖ ਨ ਭੁਲੀਂ ਬਾਹਰੋਂ ਚਿੱਟੀਆਂ ਤੇ ਅੰਦਰੋਂ ਕਾਲੜੀਆਂ ।
ਯਾਰ ਫ਼ਰੀਦ ਚਾ ਭਾਲ ਭਾਲੇ ਐਬਾਂ ਵਾਲੀਆਂ ਦੇ ਮੱਥੇ ਲਾਲੜੀਆਂ ।



ਅਜ਼ਲੋਂ ਡਾਜ ਢਿਆਵਨ ਅੱਮੜੀ ਅਖੀਂ ਨੀਰਾਂ ਨੀਰਾਂ ।
ਜ਼ੀਰਾ ਪਾਰ ਲਵੀਰਾ ਕੀਤਾ ਇਨ੍ਹਾਂ ਕੋਟ ਮਿੱਠਨ ਦਿਆਂ ਤੀਰਾਂ ।
ਲੋਕ ਆਖਨ ਹੀਰ ਰਾਂਝਣ ਦੀ ਮੈ ਪੀਰ ਫ਼ਰੀਦ ਦੀ ਹੀਰਾਂ ।
ਬਾਝੋਂ ਪੀਰ ਫ਼ਰੀਦਨ ਯਾਰ ਦੇ ਮੈਂਡੀਆਂ ਕੌਣ ਲਹਮ ਦਿਲ ਧੀਰਾਂ ।



ਚਾਚੜ ਵਾਂਗ ਮਦੀਨਾ ਜਾਤਮ ਅਤੇ ਕੋਟ ਮਿੱਠਨ ਬੇਤ ਅੱਲਾ ।
ਰੰਗ ਬਿਨਾ ਬੇਰੰਗੀ ਆਇਆ ਕੀਤਮ ਰੂਪ ਤਜੱਲਾ ।
ਜ਼ਾਹਰ ਦੇ ਵਿੱਚ ਮੁਰਸ਼ਦ ਹਾਦੀ ਬਾਤਨ ਦੇ ਵਿੱਚ ਅੱਲਾ ।
ਨਾਜ਼ਕ ਮੁੱਖੜਾ ਪੀਰ ਫ਼ਰੀਦ ਦਾ ਸਾਨੂੰ ਡਿਸਦਾ ਵਜਾ ਅੱਲਾ ।



ਵਕਤ ਜਨਾਜ਼ੇ ਮੀਆਂ ਰਾਂਝਾ ਮੈਂਡੀਆਂ ਆਪ ਪੜ੍ਹਾਈਂ ਤਕਬੀਰਾਂ ।
ਇਸ ਵੇਲੇ ਮੈਂ ਜੈਂਦੀ ਹੋਸਾਂ ਕਰਕੇ ਕਫ਼ਨ ਲਵੀਰਾਂ ।
ਲੀਰਾਂ ਦੀ ਬਹਿ ਕਫ਼ਨੀ ਸੀਵਾਂ ਰੁਲਾਂ ਹਾਲ ਫਕੀਰਾਂ ।
ਹਿਸਾਬ ਕਿਤਾਬ ਮੈਂਡਾ ਰਾਂਝਾ ਲੈਸੀ ਕੁਝ ਹਾਜਤ ਨਹੀਂ ਨਕੀਰਾਂ ।

੧੦

ਖ਼ੁਦਾ ਖ਼ੁਦਾ ਭੀ ਸੁਨਦੇ ਹਾ ਸੇ ਡੇਖਣ ਦੇ ਵਿੱਚ ਆਇਆ ।
ਇਨੀ ਤੇ ਮਨ ਇਨੀ ਬਣ ਆਪ ਨਬੀ ਫ਼ੁਰਮਾਇਆ ।
ਰਾਂਝੜੇ ਰਾਜ ਅਨੋਖੇ ਸਾਨੂੰ ਮਾਹੀ ਹੈ ਸਮਝਾਇਆ ।
ਨਾਜ਼ਕ ਵੀ ਦਿਲ ਲੁੱਟਣ ਕਾਰਨ ਬਣ ਪੀਰ ਫ਼ਰੀਦ ਨ ਆਇਆ ।

੧੧

ਘਰ ਘਰ ਦੇ ਵਿੱਚ ਧੁੱਮਾਂ ਪਈਆਂ ਹੁਸਨ ਰੰਝੇਟੇ ਯਾਰ ਦੀਆਂ ।
ਕਈ ਹੀਰਾਂ ਵਿੱਚ ਝੰਗ ਕੁਰਲਾਵਨ ਜਿਹੜੀਆਂ ਹੋਣੋ ਤਨ ਵਾਰ ਦੀਆਂ ।
ਕਈ ਸੱਸੀਆਂ ਰੁਲੀਆਂ ਵਿੱਚ ਥਲਾਂ ਦੇ ਜਿਹੜੀਆਂ ਤਾਲਬ ਹੁਣ ਦੀਦਾਰ ਦੀਆਂ ।
ਕਈ ਸੋਹਣੀਆਂ ਡੁੱਬੀਆਂ ਵਿੱਚ ਨੈ ਚੰਚਲ ਦੇ ਮਹੀਂਵਾਲ ਦਾ ਨਾਂ ਪੁਕਾਰ ਦੀਆਂ ।

੧੨

ਰੋਜ਼ ਅਜ਼ਲ ਦੀ ਦਰ ਦਿਲਬਰ ਦੀ ਕੀਮਤ ਇਸ਼ਕ ਗ਼ੁਲਾਮੇ ।
ਤਾਂਗ ਤੰਗੇਦੀ ਕਾਂਗ ਉਡੇਂਦੀ ਰੋਵਾਂ ਸੁਬਹ ਵ ਸ਼ਾਮੇ ।
ਨ ਕੋਈ ਖ਼ਤ ਦਿਲਦਾਰ ਦਾ ਆਇਆ ਨ ਕਾਸਦ ਪੈਗਾਮੇ ।
ਆਖ਼ ਫ਼ਰੀਦ ਦਿਲ ਦਰਦੋਂ ਮਾਂਦੀ ਹੁਣ ਮੁੱਠੜੀ ਬੇਆਰਾਮੇ ।

੧੩

ਇਸ਼ਕ ਮਜ਼ਾਜੀ ਨੂਰ ਹਜਾਜ਼ੀ ਬੋਸ ਕਨਾਰ ਦੇ ਤਮੀਂ ਬਿਆ ਕਿਆ ਕਮ ਏ ।
ਧੂਆਂ ਲਾਊਂ ਯਾਰ ਦੇ ਦਰ ਤੇ ਗਾਲੜਾਂ ਹੱਡ ਤੇ ਚੰਮੀਂ ਬਿਆ ਕਿਆ ਕਮ ਏ ।
ਦਿਲ ਵਿੱਚ ਸੋਜ਼ ਹਜ਼ਾਰ ਦੁਖਾਂ ਦੇ ਮਾਰ ਮੁਕਾਇਆ ਗ਼ਮੀਂ ਬਿਆ ਕਿਆ ਕਮ ਏ ।
ਆਖ ਫ਼ਰੀਦ ਮੈਂ ਜੋਗਨ ਬਣ ਤੇ ਫਿਰਸਾਂ ਉਭੇ ਲੰਮੀਂ ਬਿਆ ਕਿਆ ਕਮ ਏ ।

੧੪

ਸੁੰਜੜੀ ਕਿਸਮਤ ਨ ਯਾਰ ਆਇਆ ਤੇ ਪਈਆਂ ਖ਼ਬਰਾਂ ਦਿਲ ਦੀਆਂ ।
ਅੱਖੀਆਂ ਨੀਰ ਬਰਸਾਤ ਸਾਵਨ ਦੀ ਜਿਵੇਂ ਨਹਿਰਾਂ ਚਲਦੀਆਂ ।
ਦਰਦ ਫ਼ਰਾਕ ਤੇ ਸੋਜ਼ ਹਿਜਰ ਦੇ ਪਈ ਵਿੱਚ ਕੁਠਾਲੇ ਗਲਦੀਆਂ ।
ਆਖ ਫ਼ਰੀਦ ਰੱਬ ਖੁਸ਼ੀਆਂ ਡੇਵੇ ਅਜਾਂ ਮੁੰਝਾਂ ਨ ਪਈਆਂ ਟਲਦੀਆਂ ।

੧੫

ਸੁਰਖ਼ੀ ਕੱਜਲਾ ਨਾਜ਼ ਨਹੋੜੇ ਸਾਕੋ ਵਲ ਵਲ ਖੂਨ ਕਰੇਂਦੇ ।
ਕੀਤਾ ਕੈਦ ਮੁਹੱਬਤ ਸਾਕੋਂ ਚਾ ਦਿਲਬਰ ਮੂੰਹ ਲੋਕੇਂਦੇ ।
ਸੋਜ਼ੋਂ ਸੋਜ਼ ਤੇ ਦਰਦ ਪੁਕਾਰਾਂ ਨ ਦਿਲਬਰ ਗਲ ਲੈਂਦੇ ।
ਆਖ ਫ਼ਰੀਦ ਹੁਣ ਮੈਂ ਮੁੱਠੜੀ ਕੂੰ ਕਿਉਂ ਡੇਸ ਪ੍ਰਦੇਸ ਰੁਲੇਂਦੇ ।

੧੬

ਹਰ ਵੇਲੇ ਤਾਂਘ ਦਿਲਬਰ ਦੀ ਰੋ ਰੋ ਕਾਗ ਉਡਾਰਾਂ ।
ਫਾਲਾਂ ਪਾਵਾਂ ਕਾਸਦ ਭੇਜਾਂ ਥੀ ਗਿਆ ਹਾਲ ਬੀਮਾਰਾਂ ।
ਯਾਰ ਬਾਝੋਂ ਹੁਣ ਜੀਵਨ ਕੂੜੇ ਅੰਦਰ ਦਰਦ ਹਜ਼ਾਰਾਂ ।
ਗ਼ੁਲਾਮ ਫ਼ਰੀਦ ਮੈਂ ਰੋਵਾਂ ਏਵੇਂ ਜਿਵੇਂ ਵਿੱਛੜੀ ਕੂੰਜ ਕਤਾਰਾਂ ।

੧੭

ਹਿੱਕ ਹਿੱਕ ਨਾਜ਼ ਦਿਲਬਰ ਦੇ ਸਾਕੋਂ ਕੀਤਾ ਚਾ ਖ਼ਰੀਦੇ ।
ਰੁਖ ਦਿਲਬਰ ਦਾ ਸਾਡੇ ਵਾਸਤੇ ਚਾਂਦ ਮੁਬਾਰਕ ਈਦੇ ।
ਦਿਲਬਰ ਕੋਲ ਆਖੇਂਦੇ ਵਸਮ ਫਰਹਤ ਮਹਜ ਮਜ਼ੀਦੇ ।
ਬਾਂਦਾ ਬਰਦਾ ਤੈਂ ਦਿਲਬਰ ਦਾ ਹਰਦਮ ਗੁਲਾਮ ਫ਼ਰੀਦੇ ।

੧੮

ਕੱਜਲੇ ਸੁਰਖ਼ੀ ਮਾਰ ਮੁਕਾਇਆ ਚਾ ਦਿਲਬਰ ਦਿੱਲੜੀ ਲੁੱਟੀ ।
ਨੈਣ ਅਵੈੜੇ ਜਾਦੂਗਰ ਹਨ ਪਈ ਨਾਜ਼ਾਂ ਦੀ ਕੁੱਠੀ ।
ਆਰਾਮ ਤਮਾਮ ਗਿਆ ਕਾਈ ਏਝੀਂ ਬਰਛੀ ਇਸ਼ਕ ਦੀ ਛੁੱਟੀ ।
ਯਾਰ ਫ਼ਰੀਦ ਆ ਸੰਭਾਲੇ ਕਰੇ ਹਾਰ ਸੰਗਾਰ ਵਲ ਮੁੱਠੀ ।

੧੯

ਅੱਖੀਂ ਸਾਡੀਆਂ ਕਦਮ ਤੁਸਾਡੇ
ਬੱਧੀ ਵਫ਼ਾ ਦੀ ਕਸਮ ਖ਼ੁਦਾ ਦੀ ।
ਸੀਨਾ ਸਾਡਾ ਸੇਜ ਤੁਸਾਡੀ
ਲੇਟ ਸੋਹਣਾ ਦਿਲ ਆਹ ਦੀ ਕਸਮ ਖ਼ੁਦਾ ਦੀ ।
ਜਿੰਦੜੀ ਜਾਨ ਹਵਾਲੇ ਕੀਤਮ
ਜਾਨੀ ਜੱਮਦੀਂ ਲਾਦੀ ਕਸਮ ਖ਼ੁਦਾ ਦੀ ।
ਆਖ ਫ਼ਰੀਦ ਵਲ ਸਾਂਗੇ ਥੀਵਣ
ਹਾਸਲ ਫ਼ਰਹਤ ਜ਼ਿਆ ਦੀ ਕਸਮ ਖ਼ੁਦਾ ਦੀ ।

੨੦

ਲੱਖ ਲੱਖ ਵਾਰੀ ਸਦਕੇ ਥੀਵਾਂ ਦਿਲਬਰ ਯੂਸਫ਼ ਸਾਨੀ ।
ਦਿਲ ਦਾ ਮਹਰਮ ਰਾਜ਼ ਅਸਾਡਾ ਜ਼ਿੰਦ ਕਰਾਂ ਕੁਰਬਾਨੀ ।
ਡੇ ਦੀਦਾਰ ਲਾਚਾਰ ਫਿਰਾਂ ਮੈਂ ਲਾਇਓ ਹਿਜਰ ਦੀ ਕਾਨੀ ।
ਯਾਰ ਫ਼ਰੀਦ ਨੂੰ ਮਿਲ ਹਿੱਕ ਵਾਰੀਂ ਹੈਰਾਨ ਫਿਰਾਂ ਦਿਲ ਜਾਨੀ ।

੨੧

ਉੱਡ ਵੰਜ ਕਾਂਗਾ ਦਰ ਸਜਨਾਂ ਤੇ ਅੱਜ ਦਿੱਲੜੀ ਮੂੰਝੀ ਮਾਂਦੀ ।
ਫਾਲਾਂ ਪਾਵਾਂ ਨੀਰ ਵਹਾਵਾਂ ਕਈ ਦਿਲ ਦੀ ਖ਼ਬਰ ਨ ਆਂਦੀ ।
ਇੰਤਜ਼ਾਰੀ ਬੇਕਰਾਰੀ ਦਿਲ ਜੁਦਾਈ ਨ ਸਹਿੰਦੀ ।
ਯਾਰ ਫ਼ਰੀਦ ਆਵਮ ਹਿੱਕ ਵਾਰੀ ਵਤਾਂ ਕੂੰਜ ਵਾਂਗੇ ਕੀਰਨੇ ਕਰਦੀ ।

੨੨

ਬੱਠ ਪਿਆ ਸੁਰਮਾ ਸੁਰਖੀ ਕੱਜਲਾ ਬੱਠ ਪਿਆ ਹਾਰ ਸੰਗਾਰੇ ।
ਸੰਗੀਆਂ ਸੱਈਆਂ ਨਿੱਤ ਸਤਾਵਨ ਮਾ ਪਿਉ ਵੀਰਨ ਮਾਰੇ ।
ਸੈ ਸੈ ਮਿੱਨਤਾਂ ਜ਼ਾਰੀਆਂ ਕੀਤਮ ਰਹਿੰਦਾ ਯਾਰ ਬੇਜ਼ਾਰੇ ।
ਆਖ ਫ਼ਰੀਦ ਯਾਰ ਨੇ ਰੋਲਿਆ ਹੁਣ ਰੋਣੋਂ ਨਾਲ ਵਪਾਰੇ ।

੨੩

ਦਿਲਬਰ ਆਵੇ ਚਾ ਗਲ ਲਾਵੇ ਮੁੱਠੀ ਹਰਦਮ ਮੰਗਦੀ ਦੁਆਈਂ ।
ਕਿਸਮਤ ਭੈੜੀ ਡਿੱਤੜੇ ਰੋਲੇ ਨਿਕਲਣ ਦਰਦੋਂ ਆਹੀ ।
ਕਹੀਂ ਘੜੀ ਆਰਾਮ ਨ ਆਵੇ ਰੋਂਦੀ ਸੰਜ ਸਬਾਹੀਂ ।
ਆਖ ਫ਼ਰੀਦ ਨ ਕਹੀਂ ਦੇ ਸ਼ਾਲਾ ਨਿਖੜਨ ਯਾਰ ਕਡਾਹੀਂ ।

੨੪

ਦਿਲਬਰ ਆਵੇ ਚਾ ਗਲ ਲਾਵੇ ਮੁੱਠੀ ਹਰਦਮ ਮੰਗਦੀ ਦੁਆਈਂ ।
ਕਿਸਮਤ ਭੈੜੀ ਡਿੱਤੜੇ ਰੋਲੇ ਨਿਕਲਣ ਦਰਦੋਂ ਆਹੀ ।
ਕਹੀਂ ਘੜੀ ਆਰਾਮ ਨ ਆਵੇ ਰੋਂਦੀ ਸੰਜ ਸਬਾਹੀਂ ।
ਆਖ ਫ਼ਰੀਦ ਨ ਕਹੀਂ ਦੇ ਸ਼ਾਲਾ ਨਿਖੜਨ ਯਾਰ ਕਡਾਹੀਂ ।

੨੫

ਕਸਮ ਖ਼ੁਦਾ ਦੀ ਦਰ ਦਿਲਬਰ ਦਾ ਹਰਗਿਜ਼ ਛੋੜ ਨ ਵੈਸੂੰ ।
ਇਨਸ਼ਾਅਲਾ ਜੀਂਦੀਆਂ ਤਾਈਂ ਪੂਰੀ ਤੋੜ ਨਿਭੇਸੂੰ ।
ਦਿਲੋਂ ਬਜਾਨੋ ਜਿੰਦੜੀ ਸਦਕੇ ਅਸਲੋਂ ਫ਼ਰਕ ਨ ਪੈਸੂੰ ।
ਆਖ ਫ਼ਰੀਦ ਹਾਂ ਖ਼ਾਕ ਕਦਮਾਂ ਦੀ ਥੀ ਗ਼ੁਲਾਮ ਜਲੇਸੂੰ ।

੨੬

ਦਰਦਾਂ ਮਾਰੀ ਰੋ ਰੋ ਹਾਰੀ ਨਹੀਂ ਪਏ ਆਂਦੇ ਦੋਸਤ ਦਿਲੇਂਦੇ ।
ਜਿਵੇਂ ਦਿਲਬਰ ਮੈਂ ਨਾਲ ਕੀਤੀ ਇਵੇਂ ਦੁਸ਼ਮਣ ਨ ਕਰੇਂਦੇ ।
ਸੁੰਜਰ ਥਲ, ਹਬਲ ਦੇ ਵਿੱਚ ਕਿਉਂ ਵਲ ਵਲ ਰੋਲੇ ਡੇਂਦੇ ।
ਯਾਰ ਫ਼ਰੀਦਾ ਮੰਗਾਂ ਦੁਆਈਂ ਨ ਨਿਖੜਨ ਯਾਰ ਕਹੇਂਦੇ ।

੨੭

ਮੌਸਮ ਸਾਵਨ ਰੋਹੀ ਵੁੱਠੜੀ ਟੋਭਾ ਤਾਰ ਮਤਾਰਾਂ ।
ਮਾਲ ਮਵੈਸ਼ੀ ਬਕਰੀਆਂ ਗਾਈਂ ਛਿੜ ਦੀਆਂ ਥੀ ਕਤਾਰਾਂ ।
ਘੁੰਡ ਸੁਹਾਵਨ ਦਿਲ ਕੂੰ ਭਾਵਨ ਨਿਕਲਨ ਸੋਜ਼ ਤਵਾਰਾਂ ।
ਹਿਕ ਯਾਰ ਫ਼ਰੀਦ ਦਮ ਨਾਲ ਹੋਵੇ ਕਿਉਂ ਦਰਦੋਂ ਦਰਦ ਪੁਕਾਰਾਂ ।

੨੮

ਰੋਹੀ ਵੁਠੜੀ ਤੱਤੜੀ ਮੁੱਠੜੀ ਟੁਰ ਪੋਸਾਂ ਪੈਰ ਪਿਆਦੀ ।
ਉੱਚੜੇ ਟਿੱਬੜੇ ਹੁਣ ਕੋਹ ਤੂਰ ਤੇ ਦਿਲ ਕੂੰ ਫ਼ਰਹਤ ਜ਼ਿਆਦੀ ।
ਵੰਜ ਦਿਲਬਰ ਦੇ ਕਦਮੀਂ ਢੈਸਾਂ ਤੇ ਬੱਧੀ ਪ੍ਰੀਤ ਵਫ਼ਾਦੀ ।
ਗੱਠੜੀ ਇਜ਼ਜ ਨਿਆਜ਼ ਫ਼ਰੀਦਾ ਪ੍ਰੀਤਮ ਜੱਮਦੀ ਲਾਦੀ ।

੨੯

ਵਕਤ ਤਹਜਦ ਕਈ ਸੁਹਾਗਣੀ ਮੱਟੀਆਂ ਬਹਿ ਘਬਕਾਵਨ ।
ਲਾ ਇਲਾ ਇੱਲ ਲਿੱਲਾ ਡੇ ਜ਼ਰਬ ਮਖਨ ਕੂੰ ਚਾਵਨ ।
ਪਕੜ ਦਾਮਨ ਪੀਰ ਮਨਾਂਦਾ ਖੀਰ ਦੀ ਜਾਗ ਜਗਾਵਨ ।
ਗ਼ੁਲਾਮ ਫ਼ਰੀਦ ਪੀਰ ਕਾਮਲ ਬਾਝੋਂ ਵਿੱਚ ਗਫ਼ਲਤ ਡੁੱਧ ਪਠਾਵਨ ।

੩੦

ਇਸ਼ਕ ਮਜਾਜ਼ੀ ਰਾਜ਼ ਦੀ ਬਾਜ਼ੀ ਇਹੋ ਇਸ਼ਕ ਆਲਾ ਨੂਰੇ ।
ਬੱਠ ਪਈ ਦੁਨੀਆਂ ਦੌਲਤ ਸੌਕਤ ਸਾਕੂੰ ਇਸ਼ਕ ਮਨਜ਼ੂਰੇ ।
ਹੁਸਨ ਪ੍ਰਸਤੀ ਮਹਜ਼ ਇਬਾਦਤ ਦਿਲ ਬੇ ਵੱਸ ਮਜਬੂਰੇ ।
ਗ਼ੁਲਾਮ ਫ਼ਰੀਦਾ ਸਮਝਨ ਆਰਫ ਦਰਅਸਲ ਹਕੀਕਤ ਦੂਰੇ ।

੩੧

ਸੁੰਜੜੀ ਰੋਹੀ ਦਿਲ ਨੂੰ ਮੋਹੀ ਫਿਰਦੀ ਕਮਲੀਆਂ ਵਾਂਗੇ ।
ਯਾਰ ਮੁੱਠੀ ਦਾ ਨਜ਼ਰ ਨ ਆਦਾ ਡੇਖਾਂ ਹਾਲ ਦੇ ਲਾਂਘੇ ।
ਨਜ਼ਰ ਮਿਹਰ ਦੀ ਦਿਲਬਰ ਭਾਲੇ ਰੋਹੀ ਪੰਧ ਅੜਾਂਗੇ ।
ਗ਼ੁਲਾਮ ਫ਼ਰੀਦ ਯਾਰ ਮਿਲਮ ਹੁਣ ਰਬ ਜੋੜੇ ਚਾ ਸਾਂਗੇ ।

੩੨

ਟੋਭੇ ਅਸਾਡੇ ਦਿਲ ਕੂੰ ਭਾਵਨ ਖਪ ਝੌਪੜ ਖੁਸ਼ ਜਾਈਂ ।
ਲਾਨੜੀ ਫੋਗ ਕਰੜੇ ਕੰਡਾ ਬੋਈਂ ਕਤਰਨ ਇਤਰ ਹਵਾਈਂ ।
ਰੋਹੀ ਗੁਲਜ਼ਾਰ ਡਸੀਜਮ ਦਿਲ ਕੂੰ ਲੱਖ ਲੱਖ ਚਾਈਂ ।
ਆਖ ਫ਼ਰੀਦ ਦਿਲ ਦਿਲਬਰ ਲੁੱਟੜੀ ਨ ਥੀਸਾਂ ਦੂਰ ਕਡਾਹੀਂ ।

੩੩

ਮੁੰਝ ਮਜ਼ੀਦ ਸ਼ਹੀਦ ਹਮੇਸ਼ਾ ਦਿਲਬਰ ਡਿੱਤੜੇ ਰੋਲੇ ।
ਭੁੱਲ ਗਈ ਸੁਰਖ਼ੀ ਕੱਜਲਾ ਸਾਕੂੰ ਹਿਜਰ ਕਨੂੰ ਤਨ ਕੋਲੇ ।
ਕੱਪੜੇ ਮੈਲੇ ਲੀਰ ਕਤੀਰਾਂ ਰੁਲ ਗਏ ਬੋਛਨ ਚੋਲੇ ।
ਏ ਜਿੰਦੜੀ ਕੁਰਬਾਨ ਫ਼ਰੀਦਾ ਅਜੇ ਖ਼ਿਲ ਹੱਸ ਯਾਰ ਚਾ ਬੋਲੇ ।

੩੪

ਬੱਠ ਪਈ ਸੁਰਖ਼ੀ ਬੱਠ ਪਿਆ ਕੱਜਲਾ ਬੱਠ ਪਿਆ ਹਾਰ ਸਿੰਗਾਰੇ ।
ਕਿਆ ਧਾਵਾਂ ਤੇ ਫਲ ਪਾਵਾਂ ਦਿੱੜੀ ਦਰਦ ਪੂਕਾਰੇ ।
ਸੈ ਜਤਨ ਸੈ ਹੀਲੇ ਕੀਤਮ ਨ ਮਿਲਿਮ ਸਾਂਵਲ ਯਾਰੇ ।
ਯਾਰ ਫ਼ਰੀਦ ਕੂੰ ਕਹਿੰਦੀ ਮਰਸਾਂ ਜਗ ਡਿਸਦਾ ਧੂੰਆਂ ਅੰਧਾਰੇ ।

੩੫

ਹਿੱਕੋ ਅਲਫ ਕਾਫ਼ੀ ਮੁਲਾਂ ਬੇ ਦੀ ਗਰਜ਼ ਨ ਕਾਈ ।
ਅੱਵਲ ਆਖ਼ਰ ਜ਼ਾਹਰ ਬਾਤਨ ਨਾਲ ਅਲਫ਼ ਦੇ ਲਾਈ ।
ਨ ਡੇ ਡਰ ਕੇ ਅਲਫ਼ ਕੂੰ ਫੜਕੇ ਰਮਜ਼ ਅਲਫ਼ ਸਮਝਾਈ ।
ਗ਼ੁਲਾਮ ਫ਼ਰੀਦ ਦਿਲ ਅਲਫ਼ ਲੁਟੀ ਵਾਹ ਮੀਮ ਕੀਤੀ ਰੁਸ਼ਨਾਈ ।

੩੬

ਇਸ਼ਕ ਮਜਾਜ਼ੀ ਰਾਜ਼ ਅਨੋਖੇ ਕਿਆ ਜਾਨੜਨ ਮੁਲਾਂ ਮਲਵਾਨੜੀਂ ।
ਰਮਜ਼ ਹਕੀਕੀ ਆਰਫ਼ ਸਮਝਨ ਨਾਜ਼ ਦਿਲਬਰ ਦੇ ਭਾਨੜੀਂ ।
ਹਾਂ ਮੈਂ ਕੁਤੜੀ ਯਾਰ ਦੇ ਦਰ ਦੀ ਜਾਨੜੀਂ ਯਾਰ ਨ ਜਾਨੜੀਂ ।
ਆਖ ਫ਼ਰੀਦ ਮੈਡੀ ਲੂੰ ਲੂੰ ਵਿੱਚ ਚਾ ਕੀਤੇ ਇਸ਼ਕ ਟਿਕਾਨੜੀਂ ।

੩੭

ਜਮਦੀਂ ਲਾਦੀ ਇਸ਼ਕ ਦੀ ਗੱਠੜੀ ਸ਼ੌਕ ਪਿਆਲੇ ਪੀਤੇ ।
ਜੀਂਦੀ ਮੋਈਂ ਹਿੱਕ ਯਾਰ ਦੇ ਰਹਿਸੋਂ ਸੱਚੀ ਪੀਤ ਪ੍ਰੀਤੇ ।
ਦਰ ਦਿਲਬਰ ਦਾ ਛੋੜ ਨ ਵੈਸੂੰ ਇਸ਼ਕ ਸਿਖਾਈ ਰੀਤੇ ।
ਆਖ ਫ਼ਰੀਦ ਦਿਲ ਦਿਲਬਰ ਲੁੱਟੜੀ ਵਿਸਰੇ ਚਾਚੜ ਸਦਕੇ ਕੀਤੇ ।

੩੮

ਸਿੰਧੜੋਂ ਦਿੱਲੜੀ ਥਈ ਉਚਾਕੇ ਡੇਖਾਂ ਰੋਹੀ ਸੰਜਬਰ ਕੂੰ ।
ਦਿਲਬਰ ਨਾਲ ਅੱਖ਼ੀਂ ਦੇ ਡੇਖਾਂ ਨਹੀਂ ਕਰਾਰ ਸਬਰ ਕੂੰ ।
ਚਾਚੜ ਮਹਜ਼ ਨ ਭਾਂਦੇ ਦਿਲ ਕੂੰ ਰਹਿੰਦਾ ਸੋਜ਼ ਜਿਗਰ ਕੂੰ ।
ਆਖ ਫ਼ਰੀਦ ਟੁਰ ਪੈਰ ਪਿਆਦੀ ਹੁਣ ਸੱਟ ਘਤ ਜਰੂਰ ਘਰ ਕੂੰ ।

੩੯

ਮਰਵੇਸਾਂ ਕੁਰਲਾਂਦੀ ਮੁੱਠੜੀ ਅਖੀਂ ਸਾਵਨ ਬਰਸਾਤੇ ।
ਸੇਜ ਸੂਲਾਂ ਦੀ ਲਗਨ ਕੰਡੜੇ ਸੋਜ ਹਿਜਰ ਡੇਂਹ ਰਾਤੇ ।
ਜਿਹੜੇ ਤਾਅਨੇ ਸ਼ਹਿਰ ਖਵਾਰੀ ਡਿੱਤੜੇ ਇਸ਼ਕ ਬਰਾਤੇ ।
ਫ਼ਰੀਦਾ ਜਮਦੀ ਮਰ ਵੰਜਾਂ ਹਾ ਇਹਾ ਜਿੰਦੜੀ ਸੂਲਾਂ ਵਾਤੇ ।

੪੦

ਸੁਰਖ਼ੀ ਕੱਜਲਾ ਹਾਰ ਸ਼ਿੰਗਾਰ ਤੇ ਬੱਠ ਪਈ ਸੇਜ ਫੁਲਾਂ ਦੀ ।
ਲਗਨ ਕੰਡੜੇ ਢੈ ਢੈ ਪਵਾਂ ਦਰਦ ਦੀ ਬਾਂਹ ਸਰਾਂਦੀ ।
ਬਹਿਰ ਗ਼ਮਾਂ ਵਿੱਚ ਲੁੜ੍ਹਦੀ ਬੁਡ੍ਹਦੀ ਸੈ ਸੈ ਗੋਤੇ ਖਾਂਦੀ ।
ਗ਼ੁਲਾਮ ਫ਼ਰੀਦਾ ਦਰਦ ਕੋਕੇਸਾਂ ਨ ਸਲ ਕਨੂੰ ਥੀਅਮ ਵਾਂਦੀ ।

੪੧

ਨਾਜ਼ ਨਿਹੋੜੇ ਇਸ਼ਕ ਦੇ ਗ਼ਮਜ਼ੇ ਡੱਸ ਕੀਂ ਉਸਤਾਦ ਸਿਖਾਏ ।
ਬੇ ਪਰਵਾਹੀ ਤਰੀੜ੍ਹੀ ਮੱਥੇ ਕੀ ਏ ਜੀਂਹ ਸਬਕ ਪੜ੍ਹਾਏ ।
ਸੁਰਖ਼ੀ ਖ਼ੂਨ ਜਿਗਰ ਦਾ ਪੀਂਦੀ ਚਾ ਕੱਜਲਾ ਫ਼ੌਜ ਚੜ੍ਹਾਏ ।
ਸਮਝ ਫ਼ਰੀਦ ਕੂੰ ਖ਼ਾਕ ਕਦਮਾਂ ਦੀ ਇਹਾ ਦਿੱਲੜੀ ਮਹਜ਼ ਫ਼ਿਦਾ ਏ ।

੪੨

ਥੀਵਾਂ ਹਾਰ ਤੈਂਡੇ ਗਲ ਦਾ ਦਿਲਬਰ ਅਸਲੋਂ ਦੂਰ ਨ ਥੀਵਾਂ ।
ਯਾ ਤੈਡੇ ਪੈਰਾਂ ਦੀ ਥੀਵਾਂ ਜੁੱਤੀ ਕਦਮਾਂ ਹੇਠ ਮੰਡੀਵਾਂ ।
ਇਜਜ਼ ਨਿਆਜ਼ ਦੀ ਮਡੀ ਸਾਡੀ ਨਿੱਤ ਬਾਂਦੀ ਯਾਰ ਸਦੀਵਾਂ ।
ਆਖ ਫ਼ਰੀਦ ਤੈਂ ਰੁਖ ਦਿਲਬਰ ਦਾ ਹਰ ਦਮ ਡੇਖ ਤੇ ਜੀਵਾਂ ।

੪੩

ਮੇਂਘ ਮਲ੍ਹਾਰਾਂ ਬਾਰਸ ਬਾਰਾਂ ਰੋਹੀ ਰੱਬ ਵਸਾਈ ।
ਬੂਟੇ ਬੂਟੇ ਘੁੰਡ ਸੁਹਾਵਣ ਸਬਜੀਆਂ ਖਤਗੀ ਚਾਈ ।
ਫੋਗ ਬੂਟੀ ਤੇ ਲਾਨੜੀਂ ਖਪ ਵਾਹ ਨਾਜ਼ ਕਰੇਂਦੀ ਲਾਈ ।
ਯਾਰ ਫ਼ਰੀਦ ਵਸਮ ਪੀਆ ਕੋਲੋਂ ਫਰਹਤ ਰੋਜ਼ ਸਵਾਈ ।

੪੪

ਯਾਰ ਦੀਆਂ ਝੋਕਾਂ ਕਿਬਲਾ ਕਾਬਾ ਸਾਡਾ ਇਸ਼ਕ ਇਮਾਮੇ ।
ਦਿਲ ਵਿੱਚ ਹਰਦਮ ਯਾਰ ਦੇ ਦੇਰੇ ਕਿਆ ਸੁਬਹ ਕਿਆ ਸ਼ਾਮੇ ।
ਬਾਝ ਦੀਦਾਰ ਵਸਾਲ ਦਿਲਬਰ ਦੇ ਨੈਣਾ ਨੰਦਰ ਹਰਾਮੇ ।
ਦਰ ਦਿਲਬਰ ਦੀ ਬਾਂਦੀ ਬਰਦੀ ਥੀਆ ਫ਼ਰੀਦ ਗੁਲਾਮੇ ।

੪੫

ਸੋਹਣਿਆਂ ਦੇ ਵਿੱਚ ਨਾਜ਼ ਨਜ਼ਾਕਤ ਸੋਹਣੇ ਨਾਜ ਨਿਹੋੜੇ ।
ਇਸ਼ਕ ਦੇ ਗਮਜ਼ੇ ਸੁਰਖ਼ੀ ਕੱਜਲਾ ਹੁਸਨ ਸ਼ਬਾਬ ਦਾ ਜ਼ੋਰੇ ।
ਹਾਰ ਸਿੰਗਾਰ ਤੇ ਜ਼ੇਵਰ ਕੱਪੜੇ ਵਾਹ ! ਵਾਹ !! ਨਾਜ਼ਕ ਟੋਰੇ ।
ਇਸ਼ਕ ਫ਼ਰੀਦਾ ਮਾਰ ਮੁਕਾਇਮ ਹੁਣ ਯਾਰ ਕਰਮ ਚਾ ਗੌਰੇ ।

੪੬

ਮੈਂ ਰੁੱਸਾਂ ਤਾਂ ਕੈਂ ਦਰ ਵੱਸਾਂ ਜੇ ਯਾਰ ਰੁੱਠਾ ਮਰਵੇਸਾਂ ।
ਕਸਮ ਖ਼ੁਦਾ ਦੀ ਜਿੰਦ ਦਿਲਬਰ ਵਿੱਚ ਮੈਂ ਕਦਮਾਂ ਵਿੱਚ ਜਲੇਸਾਂ ।
ਰੁਸਨ ਮੂਲ ਨ ਡੇਸਾਂ ਹਰਗਿਜ਼ ਪੈਰ ਿਪੈ ਮਨੇਸਾਂ ।
ਗ਼ੁਲਾਮ ਫ਼ਰੀਦਾ ਇਸ਼ਕ ਦਿਲਬਰ ਵਿੱਚ ਮੈਂ ਪੂਰੀ ਤੋੜ ਨਿਭੇਸਾਂ ।

੪੭

ਸੋਹਣੀ ਲੁੜ੍ਹ ਪਈ ਬਹਿਰ ਗ਼ਮਾਂ ਵਿੱਚ ਲੁੜਦੀ ਬੁਡਦੀ ਵੈਂਦੀ ।
ਸਿਕ ਮਹੀਂਵਾਲ ਬੇਹਾਲ ਕੀਤਸ ਤੇ ਸੈ ਸੈ ਬਾਨੜ ਮਰੈਦੀ ।
ਗ਼ੋਤੇ ਖਾਵੇ ਬਾਂਹ ਉਲਾਰੇ ਆਖ਼ਰੀ ਵਿਦਾ ਕਰੇਂਦੀ ।
ਯਾਰ ਫ਼ਰੀਦ ਮਹੀਂਵਾਲ ਦਾ ਕਲਮਾ ਪੜ੍ਹ ਜਿੰਦੜੀ ਪਈ ਮੁਕੇਂਦੀ ।

੪੮

ਰਾਂਝਾ ਤਖਤ ਹਜ਼ਾਰੇ ਦਾ ਆਇਆ ਖ਼ਾਤਰ ਹੀਰ ਸਿਆਲੇ ।
ਝੰਗ ਵਿੱਚ ਦੇਰੇ ਮਾਲ ਚਰਾਇਸ ਮੰਝੀ ਬਾਗ ਸਾਲੇ ।
ਜੋਗੀ ਬਣ ਕੇ ਕੰਨ ਪੜਵਾਇਸ ਕੀਤਾ ਇਸ਼ਕ ਕਮਾਲੇ ।
ਡੇਖ ਫ਼ਰਦਿ ਫ਼ਕੀਰ ਦੀ ਪਾਲੀਸ ਜੋ ਵਾਹ ਜੋਗੀ ਲਜ ਪਾਲੇ ।

੪੯

ਕਿਬਲਾ ਖਵਾਜਾ ਨੂਰ ਮੁਹਮਦ ਸਾਹਿਬ ਸ਼ਹਿਰ ਮੁਹਾਰਾਂ ।
ਹਿੰਦ ਸਿੰਧ ਪੰਜਾਬ ਦੇ ਵਿੱਚ ਚਾ ਕੀਤੋ ਫੈਜ਼ ਹਜ਼ਾਰਾਂ ।
ਚਿਸ਼ਤ ਬਹਿਸ਼ਤ ਗੁਲਜ਼ਾਰ ਅਜਾਇਬ ਚਲਾਈਆਂ ਫੈਜ਼ ਦੀਆਂ ਨਹਿਰਾਂ ।
ਗ਼ੁਲਾਮ ਫ਼ਰੀਦ ਹਮ ਦੋਸਤ ਦਿਲੇਂਦਾ ਸਰ ਸਦਕਾ ਜਿੰਦੜੀ ਵਾਰਾਂ ।

੫੦

ਕਾਸਦਾ ਮੱਨ ਨਾਮ ਖ਼ੁਦਾ ਦਾ ਵੰਜ ਮੈਂਡੇ ਯਾਰ ਦੀ ਖਿਦਮਤ ।
ਬੇ ਪਰਵਾਹ ਪੁਰ ਨਾਜ਼ ਦਿਲਬਰ ਹੈ ਵੰਜ ਮੈਂਡੇ ਦਿਲਦਾਰ ਦੀ ਖਿਦਮਤ ।
ਇਜਜ਼ ਨਿਆਜ਼ ਤੇ ਹਾਲ ਹਕੀਕਤ ਡੇ ਗ਼ਮ ਧਵਾਰ ਦੀ ਖਿਦਮਤ ।
ਰਹਾਂ ਗੁਲਾਮ ਫ਼ਰੀਦ ਦਿਲ ਚਾਂਹਦੀ ਗੁਲ ਰੁਖਸਾਰ ਦੀ ਖਿਦਮਤ ।

੫੧

ਜੁਲਫਾਂ ਕਾਲੀਆਂ ਹੁਸਨ ਅਜਾਇਬ ਕੀਤਾ ਇਸ਼ਕ ਖ਼ਰੀਦੇ ।
ਕਾਤਲ ਚਸ਼ਮਾਂ ਸੁਰਖ਼ੀ ਕੱਜਲਾ ਕੀਤਮ ਦੀਦ ਸਹੀਦੇ ।
ਨਾਜ਼ਕ ਟੋਰੇ ਨਾਜ਼ ਨਹੋੜੇ ਲੁਟਰੀ ਦਿਲ ਫ਼ਰੀਦੇ ।
ਬਾਂਦਾ ਬਰਦਾ ਤੈਂ ਦਿਲਬਰ ਦਾ ਥੀਆ ਗ਼ੁਲਾਮ ਫ਼ਰੀਦੇ ।

੫੨

ਵੰਜਾਂ ਮੁੱਠੜੀ ਰੋਹੀ ਵੁੱਠੜੀ ਟੋਭਾ ਤਾਰ ਮਤਾਰਾਂ ।
ਡੇਖਾਂ ਵੰਜ ਕਰ ਮਾਲ ਦੇ ਲਾਂਘੇ ਘੰਡ ਘੰਡ ਵਿੱਚ ਤਵਾਰਾਂ ।
ਭੇਡਾਂ ਬਕਰੀਆਂ ਗਾਈਂ ਡੇਖਾਂ ਸਹਿਜੋਂ ਅੰਗਨ ਬਹਾਰਾਂ ।
ਯਾਰ ਫ਼ਰੀਦ ਮਤਾਂ ਗਲ ਲਾਵਮ ਏਥੇ ਮੈਲੇ ਵੇਸ ਉਤਾਰਾਂ ।

੫੩

ਅਲਸਤ ਕਨੂੰ ਦਿਲ ਮਸਤ ਹੋਇਮ ਜਾਂ ਸੁਣਿਅਮ ਅਲਸਤੀ ਕੌਲੇ ।
'ਕਾਲੂ ਬਲਾ' ਇਕਰਾਰ ਅਸਾਡਾ ਬਾ ਸਿਦਕ ਸਫ਼ਾ ਰੂਹ ਬੋਲੇ ।
ਅਹਦੋਂ ਅਹਿਮਦ ਬਣ ਕਰ ਆਇਆ ਹਿੱਕ ਮੀਮ ਖੜਾ ਵਿੱਚ ਓਲੇ ।
ਗ਼ੁਲਾਮ ਫ਼ਰੀਦ ਦੀ ਦਿਲ ਚਾ ਲੁੱਟੜੀ ਓ ਸੋਹਣੇ ਅਰਬੀ ਢੋਲੇ ।

੫੪

ਮਰਵੇਸਾਂ ਇਹ ਦਰਦ ਕੂਕੇਂਦੀ ਕਿਉਂ ਦਿਲਬਰ ਦਿੱਲੜੀ ਚਾਤੀ ।
ਨੀਰ ਹਜ਼ਾਰਾਂ ਠੰਡੇ ਸਾਹ ਹੁਣ ਨਿੱਤ ਹਿਜਰ ਦੀ ਕਾਤੀ ।
ਤੋੜੇ ਸੈ ਸੈ ਮਿਨਤਾਂ ਕੀਤਮ ਆ ਪਾਈ ਯਾਰ ਨ ਝਾਤੀ ।
ਯਾਰ ਫ਼ਰੀਦ ਆਇਮ ਵੇੜੇ ਹੁਣ ਸਾਡੀ ਖ਼ਤਮ ਹਯਾਤੀ ।

੫੫

ਵੰਜ ਵੇ ਕਾਸਦ ਯਾਰ ਦੀ ਖ਼ਿਦਮਤ ਸਾਡਾ ਰੋ ਰੋ ਹਾਲ ਸੁਣਾਵੀਂ ।
ਸਾਡੀ ਕਹੀਂ ਕਸੂਰੇ ਮਾਣ ਭਰਿਆ ਆ ਰੋਂਦੀ ਕੂੰ ਗਲ ਲਾਂਵੀਂ ।
ਕੋਝਾ ਹਾਲ ਅਸਾਡਾ ਤੈ ਬਿਨ ਚਾ ਕਦਮ ਮੁਬਾਰਕ ਪਾਂਵੀਂ ।
ਗ਼ੁਲਾਮ ਫ਼ਰੀਦ ਮਤਾਂ ਮਰ ਵੰਜਾਂ ਚਾ ਦੀਦਾਰ ਡਖਾਵੀਂ ।

੫੬

ਆ ਸਜਨ ਮਨ ਨਾਮ ਖੁਦਾ ਦਾ
ਖੁਲੀ ਮੌਸਮ ਚੇਤਰ ਬਹਾਰਾਂ ।
ਸੰਗੀਆਂ ਸਈਆਂ ਦਰ ਗਲ ਲਾਏ
ਮੈਂ ਖੁਲ੍ਹੀ ਕਰਾਂ ਪੁਕਾਰਾਂ ।
ਸੇਜ ਫੁਲਾਂ ਦੀ ਮੂਲ ਨ ਭਾਂਦੀ
ਨਿੱਤ ਗਾਂਦੀ ਸੋਜ਼ ਦੀਆਂ ਵਾਰਾਂ ।
ਯਾਰ ਫ਼ਰੀਦ ਅੰਗਨ ਪਾਉਂ ਪਾਂਵੀਂ
ਤਾਂ ਮੈਂ ਭੀ ਸ਼ੁਕਰ ਗੁਜ਼ਾਰਾਂ ।

੫੭

ਕੇਚੀ ਹੋਤ ਪੁੱਨਲ ਕੂੰ ਘਨ ਗਏ ਹਾਇ ਤੇਜ਼ ਰਫਤਾਰ ਉਠਾਂ ਦੀ ।
ਥੀ ਬੇਦਾਰ ਸੱਸੀ ਸੱਡ ਮਾਰੇ ਵੰਜੇ ਕੂੰਜ ਵਾਂਗ ਕੁਰਲਾਂਦੀ ।
ਡੇਖੇ ਪੈਰਿ ਪੌਵਨ ਘੇਰੇ ਤੱਤੀ ਜ਼ਾਲਮ ਰੇਤ ਥਲਾਂ ਦੀ ।
ਆਖ ਫ਼ਰੀਦ ਸੱਸੀ ਮੋਈ ਥਲਾਂ ਵਿੱਚ ਕਫ਼ਨ ਬੋਛਨ ਬਾਹ ਸਰਾਂਦੀ ।

੫੮

ਆਖਾਂ ਖਲੀ ਸਾਡੇ ਲਿੜੇ
ਆ ਰਾਂਝਣ ਮਾਲ ਚਰਾਂਈ ਹਾ ।
ਕੱਟੀਆਂ ਤੈਂ ਬਿਨ ਬੈਠੀਆਂ ਰਹਿੰਦੀਆਂ
ਆ ਆਪਣੇ ਭਾਂੜ ਵਸਾਈ ਹਾ ।
ਲਾ ਇਲਾ ਹਾ ਇੱਲ ਲਿੱਲਾ ਦੀ
ਵੰਜਲੀ ਆਨ ਸੁਣਾਈ ਹਾ ।
ਆਖ਼ ਫ਼ਰੀਦ ਮੁਹਮਦ ਰਸੂਲ ਅੱਲਾ
ਸਾਡੀ ਤਨ ਮਨ ਜੋਤ ਜਗਾਈ ਹਾ ।

੫੯

ਰਾਤ ਡੇਹਾਂ ਫ਼ਰਿਆਦ ਹਮੇਸ਼ਾ ਏਹਾ ਦਿੱਲੜੀ ਦਰਦ ਪੁਕਾਰੇ ।
ਦਰਦ ਫ਼ਰਾਕ ਹਿਜਰ ਕਨੂੰ ਹੁਣ ਹਰ ਦਮ ਸੋਜ਼ ਦੇ ਨਾਅਰੇ ।
ਸੇਜ ਸੂਲਾਂ ਦੀ ਨੰਦਰ ਨ ਆਂਦੀ ਰੱਬ ਡੇਵੇ ਸੁਖ ਦੇ ਵਾਰੇ ।
ਯਾਰ ਗ਼ੁਲਾਮ ਫ਼ਰੀਦ ਬਾਝੋਂ ਜਗ ਡਿੱਸਦਾ ਧੂਆਂ ਅੰਧਾਰੇ ।

੬੦

ਸੋਹਣਾ ਬੇਲਾ ਸਾਵੇ ਟਿੱਲੜੇ ਇਸ਼ਕ ਰਾਂਝਾ ਜਾਗੀਰੇ ।
ਮੰਝੀਆਂ ਕੱਟੀਆਂ ਕੂੰ ਧਨਵਾਏ ਆ ਨਜ਼ਰ ਤੈਂਡੀ ਅਕਸੀਰੇ ।
ਮੱਟੀਆਂ ਦੁਧ ਵਲੋੜਾਂ ਕਿਵੇਂ ਤੈਂ ਬਿਨ ਹੀਰ ਜ਼ਹੀਰੇ ।
ਆਖ ਫ਼ਰੀਦ ਦਿਲ ਹਿਜਰ ਨ ਸਹਿੰਦੀ ਡੱਸ ਹੀਰ ਦੀ ਕਿਆ ਤਕਸੀਰੇ ।

੬੧

ਅਰਬ ਸ਼ਰੀਫ ਦਾ ਮੁਲਕ ਅਜਾਇਬ ਜਥਾਂ ਅਰਬੀ ਢੋਲ ਪਿਆ ਵੱਸਦਾ ।
ਦਿੱਲੜੀ ਅਰਬੀ ਯਾਰ ਪੁਕਾਰੇ ਜਿਵੇਂ ਆਵਾਜ਼ ਜਰਸ ਦਾ ।
ਰਹਿੰਦਾ ਦਿਲਬਰ ਮੀਮ ਦੇ ਓਲੇ ਲੁਕ ਛੁਪ ਭੇਤ ਨ ਡੱਸਦਾ ।
ਯਾਰ ਫ਼ਰੀਦਾ ਅਰਜ਼ ਮਨਜ਼ੂਰ ਕਰੇ ਚਾ ਈਂ ਆਜਜ਼ ਬੇਕਸਦਾ ।

੬੨

ਸਾਵਣ ਮਦ ਸੁਹਾਗ ਦੀ ਸੋਹਣੀ ਆਰਫ਼ ਇਬਰਤ ਖਾਦੇ ।
ਖਿਮਨ ਖ਼ਿਮਦੀ ਬਦਲ ਗਜ਼ਕਾਰਾਂ ਕਈ ਆਂਦੇ ਤੇ ਕਈ ਜਾਂਦੇ ।
ਯਾਰ ਜਿਨ੍ਹਾਂ ਦੇ ਕੋਲ ਪਏ ਵੱਸਦੇ ਹਾਰ ਸਿੰਗਾਰ ਪੈ ਠਾਂਦੇ ।
ਯਾਰ ਫ਼ਰੀਦ ਆ ਸੀਨੇ ਲਾਈਏ ਡੱਸ ਬਾਕੀ ਕਿਆ ਚਾਂਹਦੇ ।

੬੩

ਸੁਰਖੀ ਕੱਜ਼ਲਾ ਡਿਤਮ ਮਥੇ ਕਪੜੇ ਮੈਲ ਕਚੇਲੇ ।
ਕਿਆ ਧਾਂਵਾ ਕਿਆ ਜ਼ੇਵਰ ਕਪੜੇ ਕਿਆ ਲਾਉਂ ਤੇਲ ਫੁਲੇਲੇ ।
ਯਾਰ ਬਾਝੋਂ ਹੁਣ ਜੀਵਨ ਕੂੜੇ ਮੌਤ ਮਾਰਮ ਚਾ ਪਹਲੇ ।
ਆਬ ਹਯਾਤ ਹੈ ਰੁਖ ਦਿਲਬਰ ਦਾ ਫ਼ਰੀਦ ਕਰੇ ਰੱਬ ਮੇਲੇ ।

੬੪

ਇਸ਼ਕ ਲੇਲਾ ਵਿੱਚ ਮਜਨੂੰ ਕਾਮਲ ਖੜਾ ਲੇਲਾ ਯਾਦ ਕਰੇਂਦਾ ।
ਬਾਰਾਂ ਸਾਲ ਜੰਗਲ ਦੇ ਵਿੱਚ ਚੰਮ ਬਦਨ ਖੜਾ ਸੁਕੇਂਦਾ ।
ਸਗ ਲੇਲਾ ਦਾ ਬਾਹਰ ਆਇਆ ਪਿਆ ਮਜਨੂੰ ਪੈਰ ਚੁੰਮੇਂਦਾ ।
ਸਾਦਕ ਇਸ਼ਕ ਫ਼ਰੀਦ ਜਿਨ੍ਹਾਂ ਕੂੰ ਜੈਂਦੀਂ ਮੋਈਂ ਤੋੜ ਨਿਭੇਂਦਾ ।

੬੫

ਹੁਸਨ ਪਰਸਤੀ ਰਮਜ਼ ਅਜਾਇਬ
ਹਾਸਲ ਇਸ਼ਕ ਮਜਾਜ਼ੀ ।
ਦਰ ਹਕੀਕਤ ਇਸ਼ਕ ਹਕੀਕੀ
ਦਰ ਪਰਦੇ ਕਸਰਤ ਸਾਜ਼ੀ ।
ਆਸ਼ਕ ਸਾਦਕ ਵਾਸਲ ਬਿਲਾ
ਰਾਜ਼ ਰਮੂਜ਼ ਦੀ ਬਾਜ਼ੀ ।
ਮਜ਼ਹਰ ਨੂਰ ਜਮਾਲ ਵਸਾਲ ਥੀਆ
ਯਾਰ ਫ਼ਰੀਦ ਤੇ ਰਾਜ਼ੀ ।

੬੬

ਲੱਖ ਸ਼ੁਕਰਾਨਾ ਪੜ੍ਹਾਂ ਦੋਗਾਨਾ ਅਰਬੀ ਮੈਂ ਘਰ ਆਇਆ ਬਖ਼ਤ ਸਿਵਾਇਆ ।
ਸਦਕੇ ਵੈਂਦੀ ਕਦਮ ਚੁੰਮੇਂਦੀ ਰੱਬ ਦੀਦਾਰ ਡਖਾਇਆ ਬਖ਼ਤ ਸਿਵਾਇਆ ।
ਡੋਹੀਂ ਜਹਾਨ ਕੁਰਬਾਨ ਕਰਾਂ ਜੈ ਤਾਜ ਲੌਲਾਕੀ ਪਾਇਆ ਬਖ਼ਤ ਸਿਵਾਇਆ ।
ਬੇਸ਼ਕ ਯਾਰ ਫ਼ਰੀਦ ਸੋਹਨਾ ਹੈ ਆਇਆ ਨਹੀਂ ਵਲਾਇਆ ਬਖ਼ਤ ਸਿਵਾਇਆ ।

੬੭

ਕੋਟ ਮਿੱਠਨ ਹੈ ਕਿਬਲਾ ਕਾਬਾ ਜ਼ਾਹਰ ਨੂਰ ਇਰਫਾਨ ਆਇਆ ।
ਕੁਤਬੀ ਗੌਸੀਆ ਖ਼ਾਸ ਮਦਾਰਜ ਮਾਰਫ਼ਤ ਦਾ ਸਾਮਾਨ ਆਇਆ ।
ਚਿਸ਼ਤ ਬਹਿਸ਼ਤ ਹੈ ਨੂਰ ਮੁਹਮਦੀ ਅਜਬ ਮਜ਼ਹਰ ਜ਼ੀਸ਼ਾਂ ਆਇਆ ।
ਗ਼ੁਲਾਮ ਫ਼ਰੀਦਾ ਦਿਲ ਲੁਟਨ ਕੀਤੇ ਬਣ ਕਰ ਫ਼ਖਰ ਜਹਾਂ ਆਇਆ ।

੬੮

ਕੋਟ ਸ਼ਰੀਫ ਹੈ ਨੂਰ ਖੁਦਾਈ ਫ਼ਖਰ ਰੌਸ਼ਨ ਜਮੀਰੇ ਕਾਮਲ ਪੀਰੇ ।
ਕਸਮ ਖੁਦਾ ਦੀ ਮੁਰਸ਼ਦ ਹਾਦੀ ਨਜ਼ਰ ਜੈਂਦੀ ਅਕੇਰੇ ਕਾਮਲ ਪੀਰੇ ।
ਵਾਕਫ਼ ਰਾਜ ਰਮੂਜ਼ ਰਬਾਨੀ ਸਾਹਿਬ ਫ਼ੈਜ ਮੇਨਰੇ ਕਾਮਲ ਪੀਰੇ ।
ਯਾਰ ਫ਼ਰੀਦ ਨ ਲਹਮ ਸੰਭਾਲ ਥੀਆ ਸਿਦਕੋਂ ਦਿਲਗੀਰੇ ਕਾਮਲ ਪੀਰੇ ।

੬੯

ਫ਼ਖਰ ਨ ਕਰਵੇ ਐਡਾ ਬੰਦਿਆ ਫ਼ਖਰ ਕੀਤੇ ਕੀ ਕੰਮ ਆਵਨਾਈ ।
ਤੈਂਡੇ ਨਾਲ ਦੇ ਸਾਨੀ ਲੱਡ ਸਿਧਾਏ ਉਦਰੇ ਤੂ ਵੀ ਲੱਡ ਸਧਾਵਨਾ ਈਂ ।
ਕੁਝ ਮਸਲਮ ਨਹੀਂ ਬੰਦਿਆ ਨਾਲ ਤੈਂਡੇ ਵਕਤ ਗੁਜ਼ਾਰ ਕੇ ਪਛੋਤਾਵਨਾਈਂ ।
ਪੜ੍ਹ ਕਲਮਾ ਤੇ ਆਖ ਫ਼ਰੀਦ ਬੰਦਿਆ ਔਖੇ ਸੌਖੇ ਵੇਲੇ ਕੰਮ ਆਵਨਾਈ ।

੭੦

ਸ਼ਰਮ ਰਸੂਲ ਕਰੀਮ ਸਾਈਂ ਨੂੰ ਮੈਂਡਾ ਬੇੜਾ ਟਾਂਗ ਤੇ ਲਾਵਨਾਈ ।
ਘੁਮਰ ਘੇਰ ਗੁਨਾਹ ਦਾ ਫੇਰ ਪੋਵਨ ਲਾਇਲਾ ਦਾ ਪੱਖ ਚੜ੍ਹਾਵਨਾਈ ।
ਚਪੇ ਬਣ ਕੇ ਨੂਰ ਸ਼ਫਾਇਤ ਵਾਲੇ ਇਲ ਲਿੱਲਾ ਦਾ ਵੰਜ ਲਗਾਵਨਾਈ ।
ਮੈਡਾ ਪੀਰ ਫ਼ਰੀਦ ਅਰਜ਼ ਕਰੇ ਸਾਰੀ ਉੱਮਤ ਨੂੰ ਪਾਰ ਲੰਘਾਵਨਾਈ ।

੭੧

ਮੈਂ ਵਲ ਅੱਖੀਆਂ ਮੂਲ ਨ ਭਾਲੀਂ ਤੈਂਡੇ ਨੈਣ ਮਰੇਂਦੇ ਕਾਤੀ ।
ਹਿਕ ਡੇਂਹ ਭੁਲ ਭੁਲੇਕੇ ਲਾਇਮ ਅਤੇ ਚੀਰ ਸੁਟਿਓ ਨੇ ਛਾਤੀ ।
ਪੁੱਛਾਂ ਹਕੀਮ ਜੱਰਾਹ ਸਿਆਨੇ ਪੱਟੀਆਂ ਬੱਧਾਂ ਡੇਂਹ ਰਾਤੀ ।
ਸਦਕਾ ਪੀਰ ਫ਼ਰੀਦ ਦਾ ਸਾਈਂ ਕਡਾਂ ਰਾਂਝਣ ਪੈਸੀ ਝਾਤੀ ।

੭੨

ਬਾਗ ਤੈਡੇ ਦਾ ਸੰਗਤਰਾ ਹੋਵਾਂ ਮੈ ਤਾ ਸ਼ਾਖੋਂ ਤਰੋੜ ਕੇ ਨੀਵਾਂ ।
ਆਵਾਂ ਹੱਥ ਮਾਸ਼ੂਕਾਂ ਦੇ ਮੈਂ ਤਾਂ ਡੱਲੀਆਂ ਡੱਲੀਆਂ ਥੀਵਾਂ ।
ਚੋਪਨ ਚੋਪ ਕੇ ਸੱਟਨ ਵਿੱਚ ਗਲੀਆਂ ਮੈਂ ਤਾਂ ਪੈਰਾਂ ਹੇਠ ਮੰਡੀਵਾਂ ।
ਡੇਵਨ ਬੁਹਾਰੀਆਂ ਸਾੜਨ ਮੈਕੂੰ ਤੂੰ ਸੇਕੀਂ ਤੇ ਮੈਂ ਜੀਵਾਂ ।

੭੩

ਇਸ਼ਕ ਤੇ ਬਾਹਿ ਬਰੋਬਰ, ਇਸ਼ਕ ਦਾ ਤਾ ਤਖੇਰਾ ।
ਬਾਹਿ ਸੜੇਂਦੀ ਕੱਖ ਕਾਨੇ ਨੂੰ ਇਸ਼ਕ ਸੜੇਂਦਾ ਜੇਅੜਾ ।
ਬਾਹਿਰ ਸਾਮੇ ਨਾਲ ਪਾਣੀ ਦੇ,ਇਸ਼ਕ ਦਾ ਦਾਰੂ ਕਿਹੜਾ ।
ਯਾਰ ਮੈਡੇ ਉੱਥੇ ਚਾਹਿ ਨਾ ਰੱਖੀਂ, ਜਿੱਥੇ ਇਸ਼ਕ ਲਾਇੰਦਾ ਡੇਰਾ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਖ਼ਵਾਜਾ ਗ਼ੁਲਾਮ ਫ਼ਰੀਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ