ਭੇਤ ਵਾਲੀ ਗੱਲ ਸੰਤੋਖ ਸਿੰਘ ਧੀਰ
ਭੇਤ ਵਾਲੀ ਗੱਲ
ਵਿਹੜੇ ਦੀ ਵਲਗਣ ਉਤੋਂ ਉੜ ਕੇ, ਮੌਕਾ ਬਚਾਂਦਿਆਂ, ਜ਼ੈਲਦਾਰਾਂ ਦੀ ਹਰਿਪ੍ਰਕਾਸ਼, ਗਲੀ ਵਿੱਚੋਂ ਲੰਘੇ ਜਾਂਦੇ ਵਿਰਕਾਂ ਦੇ ਪਰਮਿੰਦਰ ਵੱਲ ਤੱਕਦੀ ਕਿਤੇ ਹਲਕਾ ਜਿਹਾ ਮੁਸਕਰਾ ਪਈ ਕਿ ਅਚਣਚੇਤ, ਮੋੜ ਉਤੋਂ ਆ ਧਮਕੇ, ਬਾਰੀਆਂ ਦੇ ਤਿਲਕੂ ਨੇ ਟੇਢੀਂ ਅੱਖੀਂ ਵੇਖ ਲਿਆ। ਇੱਕ ਤਾਂ ਇਸ਼ਕ ਮੁਸ਼ਕ, ਲੁਕਾਇਆਂ, ਸਹੁਰੇ ਲੁਕਦੇ ਵੀ ਤਾਂ ਨਹੀਂ ਹਨ।
ਬਾਰੀਆਂ ਦੇ ਤਿਲਕੂ ਨੂੰ ਜਿਵੇਂ ਕੁੱਝ ਲੱਭ ਪਿਆ ਹੋਵੇ, ਥੋੜਾ ਥੋੜਾ ਖੰਘਦਾ ਅਤੇ ਮੁਸਕਰਾਂਦਾ ਉਹ ਆਇਰਨ ਹਾਲੀ ਆਇਆ। ਸੁੱਚਾ ਲੁਹਾਰ ਉਹਦਾ ਜਿਗਰੀ ਯਾਰ ਸੀ। ਪਰ ਆਇਰਨ ਹਾਲੀ ਉਤੇ ਟੁੱਟ-ਮੁਰੰਮਤ ਕਰਾਉਣ ਅਤੇ ਫਾਲੇ ਆਦਿ ਡੰਗਾਉਣ ਵਾਲੇ ਕਿਸਾਨਾਂ ਦਾ ਇਕੱਠ ਜਿਹਾ ਸੀ। ਉਹ ਪੈਰ ਜਿਹੇ ਮਲਦਾ ਖਲੋ ਗਿਆ। ਭਖਦੇ ਲੋਹੇ ਉਤੇ ਘਣ ਦੀਆਂ ਸੱਟਾਂ ਥੰਮਦਿਆਂ ਸੁੱਚੇ ਲੁਹਾਰ ਨੇ ਐਵੇਂ ਜ਼ਰਾ ਸਾਹ ਲੈਣ ਦੇ ਬਹਾਨੇ ਪੁੱਛਿਆ, “ਸੁਣਾ, ਕਿੱਧਰ ਆਇਆ ਵੈਲੀਆ, ਅੱਜ ਤਾਂ ਬੜੇ ਦੰਦ ਨਿਕਲਦੇ ਨੇ, ਕੋਈ ਖ਼ੁਸ਼ਖਬਰੀ ਮਿਲ ਗਈ?”
“ਓਏ ਆਪਾਂ ਤਾਂ ਸਦਾ ਖ਼ੁਸ਼ ਰਹਿਨੇ ਆਂ ਮਿਸਤਰੀ, ਸਦਾ ਖ਼ੁਸ਼, ਤੇਰੇ ਮਾਂਗਣ ਧੰਦ ਨ੍ਹੀਂ ਪਿੱਟਦੇ ਸਾਰਾ ਦਿਨ।”
ਭਖਦੇ, ਸੂਹੇ ਲੋਹੇ ਉਤੇ ਹਲਕੀ ਜੇਹੀ ਛਾਈ ਦਿਸਣ ਲੱਗੀ, “ਨਾ ਮਖਾਂ ਗੱਲ ਐ ਕੋਈ?” ਸੁੱਚੇ ਨੇ ਤਾਓ ਜਾਂਦਾ ਦੇਖ, ਹਾਸੀ ਨੂੰ ਛਡਦਿਆਂ, ਮਤਲਬ ਦੀ ਗੱਲ ਪੁੱਛੀ।
“ਤੂੰ ਕੰਮ ਕਰ ਹਾਲੇ, ਫੇਰ ਕਰਨ ਵਾਲੀ ਐ ਗੱਲ, ਵਿਹਲ ਸਮੇਂ, ਆਹੋ………।” ਤੇ ਤਿਲਕੂ ਸੈਨਤ ਜਿਹੀ ਸੁਟਦਾ ਉਥੋਂ ਤੁਰ ਗਿਆ।
ਤਿਲਕੂ ਬਾਰੀਏ ਨੇ ਸੁੱਚੇ ਲੁਹਾਰ ਨੂੰ ਭਾਵੇਂ ਤਕੜਾਈ ਨਾਲ ਆਖਿਆ ਸੀ ਕਿ ਗੱਲ ਉਸ ਤੋਂ ਬਾਹਰ ਨਹੀਂ ਜਾਣੀ ਚਾਹੀਦੀ; ਪਰ ਸੁੱਚੇ ਲੁਹਾਰ ਲਈ ਰਾਮ ਸਿੰਘ ਫੌਜੀ ਤਾਂ ਕੋਈ ਓਪਰਾ ਨਹੀਂ ਸੀ। ਬਚਪਨ ਦੇ ਆੜੀ, ਇੱਕ ਦੂਜੇ ਦੇ ਭੇਤੀ, ਖਾਣ ਪੀਣ ਦੇ ਸਾਂਝੀ। ਅਜੇਹੇ ਮਿੱਤਰ ਨੂੰ ਦੱਸ ਦੇਣ ਨਾਲ ਕੀ ਫ਼ਰਕ ਪੈ ਚੱਲਿਆ ਹੈ? ਜੇਹੀ ਗੱਲ ਉਹਦੇ ਕੋਲ, ਤੇਹੀ ਆਪਣੇ ਕੋਲ। ਤੇ ਸੁੱਚੇ ਲੁਹਾਰ ਨੇ ਏਨਾ ਕਹਿੰਦਿਆਂ ਕਿ ‘ਦੇਖੀਂ, ਤੇਰੇ ਕੋਲ ਰਹੇ……”, ਰਾਮ ਸਿੰਘ ਫੌਜੀ ਦੇ ਕੰਨ ਵਿੱਚ ਫੂਕ ਮਾਰ ਹੀ ਦਿੱਤੀ।
ਰਾਮ ਸਿੰਘ ਫੌਜੀ ਨੂੰ ਜਾਣੋਂ ਮਸੀਂ ਦਿਨ ਲੰਘਿਆ। ਭਾਵੇਂ ਉਹ ਸੁਭਾ ਦਾ ਡੂੰਘਾ ਅਤੇ ਗੰਭੀਰ ਸੀ, ਪਰ ਇਹ ਮਨੁੱਖ ਦਾ ਮਨ ਹੈ; ਇੱਕ ਪਹਾੜ ਦਾ ਭਾਰ ਭਾਵੇਂ ਇਹ ਸੌਖੀ ਤਰ੍ਹਾਂ ਝੱਲ ਲਵੇ, ਪਰ ਇੱਕ ਗੱਲ ਦਾ ਭਾਰ ਝੱਲਣਾ ਇਹਦੇ ਲਈ, ਕਈ ਵਾਰ ਔਖਾ ਹੋ ਜਾਂਦਾ ਹੈ। ਰਾਤੀਂ ਸੌਣ ਲੱਗਿਆਂ ਰਾਮ ਸਿੰਘ ਫੌਜੀ ਨੇ ਆਪਣੀ ਵਹੁਟੀ, ਹਰਭਜਨੋ, ਕੋਲ ਏਨੀ ਗੱਲ ਕਰ ਹੀ ਦਿੱਤੀ ਕਿ ਉਹਨੇ ਉਡਦੀ ਉਡਦੀ ਕੁੱਝ ਏਹੋ ਜਿਹੀ ਸੋਅ ਸੁਣੀ ਹੈ। ਤੇ ਨਾਲ ਹੀ ਤਾਕੀਦ ਕਰ ਦਿੱਤੀ ਕਿ ਅੱਗੇ ਕਿਸੇ ਨੂੰ ਵੀ ਕੰਨ ਵਲੇਲ ਨਹੀਂ ਪੈਣੀ ਚਾਹੀਦੀ। ਵਹੁਟੀ ਕੋਲ ਤਾਂ ਏਹੋ ਜਿਹੀ ਗੱਲ ਕਰਨ ਦਾ ਕੋਈ ਹਰਜ ਨਹੀਂ ਸੀ। ਵਹੁਟੀ ਤੇ ਗੱਭਰੂ ਵੀ ਜੇ ਆਪੋ ਵਿੱਚ ਇਸ ਤਰ੍ਹਾਂ ਦੀ ਗੱਲ ਨਾ ਕਰ ਸਕਣ, ਤਾਂ ਹੋਰ ਕੌਣ ਕਰੇ? ਵਹੁਟੀ ਤੇ ਗੱਭਰੂ ਨਾਲੋਂ ਵਧ ਕੇ ਹੋਰ ਕੌਣ ਇੱਕ ਦੂਜੇ ਦਾ ਮਹਿਰਮ ਹੋ ਸਕਦਾ ਹੈ?
ਸੁਣ ਕੇ, ਥੋੜ੍ਹਾ ਵਿਅੰਗ ਨਾਲ ਮੁਸਕਰਾਂਦਿਆਂ, ਹਰਭਜਨੋ ਬੋਲੀ, “ਦੇਖ ਲੈ ਸਰਦਾਰ ਜੀ, ਤੇਰੇ ਪਿੰਡ ਦੀਆਂ ਕੁੜੀਆਂ……ਤੇ ਜੇ ਕਿਸੇ ਨੂੰਹ ਕੋਲੋਂ ਮਾੜੀ ਜਿੰਨੀ ਖੁਨਾਮੀ ਹੋ ਜਾਵੇ ਤਾਂ ਉਹਦੇ ਪੇਕਿਆਂ ਤੱਕ ਜਾ ਕੇ ਖਾਖਾਂ ਪੁੱਟ ਆਓ ਸਾਰੇ।”
ਪਰ ਫੌਜੀ ਨੇ ਇੱਕ ਨਿੱਕੀ ਜਿਹੀ ਤਿਊੜੀ ਪਾ ਕੇ ਮਿੱਠਾ ਜਿਹਾ ਘੂਰਿਆ, “ਦੇਖ ਭਜਨੋ, ਮੈਥੋਂ ਬੁਰਾ ਕੋਈ ਨ੍ਹੀਂ, ਜੇ ਅੱਗੇ ਗੱਲ ਗਈ ਐ!”
“ਸਾਨੂੰ ਕੀ ਜੀ……”, ਵਹੁਟੀ ਨੇ ਨਹੋਰਾ ਕੀਤਾ, “ਕੋਈ ਅੱਗ ਖਾਵੇ, ਅੰਗਿਆਰ……”
“ਬੱਸ, ਮੈਂ ਤੈਨੂੰ ਕਹਿ ਦਿੱਤਾ, ਖ਼ਬਰਦਾਰ……!” ਫੌਜੀ ਥੋੜਾ ਜਿਹਾ ਹੋਰ ਤਣ ਗਿਆ।
“ਨਾ ਬੀਰ ਦੀ ਸਹੁੰ, ਮੈਂ ਤਾਂ ਹਸਦੀ ਆਂ, ਮੈਨੂੰ ਕੀ ਲੋੜ।” ਭਜਨੋ ਨੇ ਸੱਚੋਂ ਹੀ ਆਖ ਦਿੱਤਾ।
ਪਰ, ਸਾਰੀ ਰਾਤ ਭਜਨੋ ਦੇ ਦਿਲ ਵਿੱਚ ਇੱਕ ਲੂਹਣ ਜੇਹੀ ਲੱਗੀ ਰਹੀ। ਇਹੋ ਜੇਹੀ ਗੱਲ ਕਰਨ ਵਿੱਚ ਇੱਕ ਤਰ੍ਹਾਂ ਦਾ ਆਨੰਦ ਵੀ ਤਾਂ ਮਿਲਦਾ ਹੈ। ਦੂਜੇ ਦਿਨ, ਪੱਠੇ ਲੈਣ ਚੱਲੇ ਚੁਬਾਰੇ ਵਾਲਿਆਂ ਦੇ ਬੰਤੂ ਨੂੰ, ਗੁਤਾਵਾ ਕਰਦੀ ਭਜਨੋ ਨੇ ਵਾਜ ਮਾਰ ਕੇ ਵਿਹੜੇ ਵਿੱਚ ਸੱਦ ਲਿਆ। ਖੁੱਲ੍ਹੇ ਸੁਭਾ ਦੀ ਹੋਣ ਕਾਰਨ ਦਿਓਰਾਂ ਜੇਠਾਂ ਨਾਲ ਇਹੋ ਜਿਹੀਆਂ ਗੱਲਾਂ ਉਹ ਖੁੱਲ੍ਹੀਆਂ ਕਰ ਲੈਂਦੀ ਸੀ। ਪਤਲੇ ਪਤਲੇ ਬੁਲ੍ਹਾਂ `ਚੋਂ ਮੁਸਕ੍ਰਾਂਦੀ ਭਜਨੋ ਅੱਖਾਂ ਵਿੱਚ ਇੱਲਤ ਭਰ ਕੇ ਤੱਕਣ ਲੱਗੀ।
“ਹਾਂ, ਕੀ ਕਹਿਨੀ ਐਂ ਭਾਬੀ………?” ਅੰਦਰ ਵੜਦਿਆਂ, ਮਨ ਵਿੱਚ ਗੁਦਗੁਦਾਂਦਾ ਬੰਤੂ ਬੋਲਿਆ। ਉਹਨੂੰ ਜਾਪਿਆ ਜਿਵੇਂ ਅੱਜ ਤਾਂ ਭਾਬੀ ਦਿਆਲ ਹੋਈ ਪਈ ਹੈ। ਖੁਰਲੀ ਕੋਲ, ਉਹ, ਕਿੱਲੇ ਉਤੇ ਪੈਰ ਧਰਦਾ ਭਜਨੋ ਉਤੇ ਨੂੰ ਥੋੜ੍ਹਾ ਉਲਰ ਕੇ ਖਲੋ ਗਿਆ।
“ਵੇ…ਬੱਕਰਿਆ……ਥੋੜਾ ਪਰ੍ਹਾਂ ਹੋ ਕੇ ਖਲੋ, ਹੁਣੇ ਭਾਵੇਂ ਤੇਰਾ ਬਾਈ ਆ ਜਾਵੇ ਉੱਤੋਂ।” ਝੂਠ ਮੂਠ ਦੇ ਗੁੱਸੇ ਨਾਲ ਭਜਨੋ ਬੋਲੀ। ਪਰ ਬੰਤੂ ਨੇ ਇਸ ਗੱਲ ਨੂੰ ਗੌਲਿਆ ਹੀ ਨਾ, ਤੇ ਸਗੋਂ ਪੋਲਾ ਜਿਹਾ ਹੱਥ ਭਜਨੋ ਦੇ ਮੋਢੇ ਉਤੇ ਰੱਖਦਾ ਬੋਲਿਆ, “ਅੱਜ ਤਾਂ ਦੀਂਹਦਾ ਭਾਬੀ ਜਾਣੋ ਮੂੰਹ ਮਿੱਠਾ ਕਰਾਇੰਗੀ……”
ਭਜਨੋ ਪਾਰੇ ਵਾਂਗ ਥਰਕ ਉੱਠੀ, “ਚਲ ਵੇ, ਲੱਗਿਐ ਲਾਲ਼ਾਂ ਛੱਡਣ, ਦੇਖ ਲੈ, ਜਾਣਦਾ ਰਿਹੈਂ ਜੇ ਅੱਗੇ ਵਧਿਐਂ, ਮੇਰੇ ਕੋਲ ਵੀ ਸੰਨ੍ਹੀ ਦਾ ਲਿੱਬੜਿਆ ਹੱਥ ਐ- ਇਹਨਾਂ ਗੱਲਾਂ ਖ਼ਾਤਰ ਤਾਂ ਨ੍ਹੀਂ ਸੱਦਿਆ ਮੈਂ ਤੈਨੂੰ……!”
ਬੰਤੂ ਕੰਬ ਕੇ ਥੋੜਾ ਪਿੱਛੇ ਹਟ ਗਿਆ ਤੇ ਸਿਰੋਂ ਪੈਰਾਂ ਤੱਕ ਕੱਚਾ ਹੋਇਆ ਕੰਨ ਉਤੇ ਖਾਜ ਜੇਹੀ ਕਰਨ ਲੱਗਾ। ਧਰਤੀ ਉਹਦੇ ਪੈਰਾਂ ਹੇਠ ਤੇਜ਼ ਤੇਜ਼ ਘੁੰਮ ਰਹੀ ਸੀ।
ਭਜਨੋ ਨੂੰ ਉਹਦੀ ਹਾਲਤ ਉਤੇ ਤਰਸ ਆ ਗਿਆ, “ਮੈਂ ਤਾਂ ਸੋਚਿਆ, ਲੈ ਬੰਤੇ ਨੂੰ ਇੱਕ ਗੱਲ ਦੱਸੂੰਗੀ……!”
ਧਰਤੀ, ਹੌਲੀ ਹੌਲੀ ਹੁੰਦੀ, ਬੰਤੂ ਦੇ ਪੈਰਾਂ ਵਿੱਚ ਅਡੋਲ ਟਿਕ ਕੇ ਖੜੋ ਗਈ। ਭਾਬੀ ਪੂਰੀ ਤਰ੍ਹਾਂ ਗੁੱਸੇ ਨਾ ਸੀ ਹੋਈ। “ਤੂੰ ਭਾਬੀ ਗੱਲ ਦੱਸ, ਹੁਣ ਤਾਂ ਮਾਫ਼ੀ ਦੇਹ, ਅੱਗੇ ਨੂੰ ਨ੍ਹੀਂ ਕਰਦਾ ਐਕਣ!”
“ਜਾਹ ਵੇ ਜਾਹ ਲੁੱਚਿਆ, ਹੁਣ ਨ੍ਹੀਂ ਬੋਲਣਾ ਤੇਰੇ ਨਾਲ।”
“ਬਈ ਮਿੰਨਤ ਨਾਲ ਭਾਬੀ, ਲੈ, ਹੱਥ ਬੰਨ੍ਹ ਦਿੰਨਾਂ!”
“ਨਾ, ਹੁਣ ਨ੍ਹੀਂ ਦੱਸਣੀ ਤੈਨੂੰ।”
“ਨਾ ਭਾਬੀ, ਹਾੜ੍ਹੇ ਹਾੜ੍ਹੇ……।”
“ਤੇਰਾ ਕੀ ਐ ਵੇ ਹੋਛੇ ਦਾ, ਭਾਵੇਂ ਸਾਰੇ ਪਿੰਡ ਵਿੱਚ ਖਿੰਡਾਉਂਦਾ ਫਿਰੇਂ।”
ਬੰਤੂ ਦੇ ਦਿਲ ਵਿੱਚ ਅੱਚਵੀ ਲੱਗ ਗਈ, “ਬਈ ਭਾਬੀ, ਹੁਣ ਮੈਂ ਤੈਨੂੰ ਕਿਵੇਂ ਜਕੀਨ ਦੁਆਮਾਂ……?”
ਭਜਨੋ ਝੂਠੇ ਨਹੋਰੇ ਨੂੰ ਬਹੁਤਾ ਚਿਰ ਨਾ ਰੱਖ ਸਕੀ; ਮਸਤ ਹੋ ਕੇ ਸਿਰ ਹਿਲਾਉਂਦੀ ਬੋਲੀ, “ਪਹਿਲਾਂ ਸਹੁੰ ਖਾ ਵੇ ਮੇਰੀ, ਕਿਸੇ ਕੋਲ ਗਾਹਾਂ ਤਾਂ ਨ੍ਹੀਂ ਕਰੇਂਗਾ?” ਉਹਦੇ ਕੰਨਾਂ ਦੀਆਂ ਵਾਲੀਆਂ ਨਿੱਕਾ ਨਿੱਕਾ ਹਿਲਣ ਲੱਗੀਆਂ।
ਉਤਸੁਕਤਾ ਨਾਲ ਬੰਤੂ ਦਾ ਦਿਲ ਧੱਕ ਧੱਕ ਕਰਨ ਲੱਗਾ, “ਬਈ ਭਾਬੀ, ਤੇਰੀਓ ਸਹੁੰ, ਮੈਂ ਐਡਾ ਈ ਮਰ ਜਾਂ ਜੇ ਕਿਸੇ ਕੋਲ ਸਾਹ ਵੀ ਕੱਢਾਂ!”
“ਹਾਏ ਹਾਏ ਵੇ ਚੰਦਰਿਆ, ਦਫੇ ਹੋਣਾ, ਕਿਹੋ ਜਿਹੀਆਂ ਗਾਲ੍ਹਾਂ ਖਾਂਦੈ……!” ਪਿਆਰ ਦੀ ਝਲਕ ਨਾਲ ਭਜਨੋ ਬੋਲੀ, ਤੇ ਫੇਰ ਮੁਸਕਣੀਆਂ ਵਿੱਚ ਮਹਿਕਦੀ ਤੇ ਬੁਲ੍ਹ ਮਰੋੜਦੀ ਭਾਬੀ ਨੇ ਸੁਣੀ ਸੁਣਾਈ ਗੱਲ ਦਿਓਰ ਦੇ ਕੰਨ ਵਿੱਚ ਚੋਅ ਦਿੱਤੀ।
ਘਰ ਨੀਰੇ ਦੀ ਭਰੋਟੀ ਸੁਟ ਕੇ ਚਾਓਲਾ ਚਾਓਲਾ ਤੁਰਦਾ ਬੰਤੂ ਚਾਚੀ ਕਿਰਪਾਲੋ ਦੇ ਘਰ ਪੁੱਜਿਆ। ਚਾਚੀ ਕਿਰਪਾਲੋ ਐਵੇਂ ਇੱਕ ਥੰਮ ਵੱਡਾ ਹੋਣ ਕਰਕੇ ਸਾਰਿਆਂ ਦੀ ਚਾਚੀ ਲਗਦੀ ਸੀ, ਪਰ ਚਾਚੀ ਬਣ ਕੇ ਉਹ ਕਿਸੇ ਦੀ ਵੀ ਨਹੀਂ ਸੀ ਰਹਿੰਦੀ। ਉਹਦਾ ਬੜਾ ਜੀਅ ਕਰਦਾ, ਪਰ ਉਹਦੀ ਵਾਹ ਨਹੀਂ ਸੀ ਚਲਦੀ; ਇਸ ਲਈ ਉਹ ਸਾਰੇ ਮੁੰਡਿਆਂ ਖੁੰਡਿਆਂ ਨਾਲ ਹਰ ਤਰ੍ਹਾਂ ਦੀਆਂ ਗੱਲਾਂ ਨਿਝੱਕ ਕਰਦੀ ਤੇ ਹੱਸ ਤੁਸ ਲੈਂਦੀ ਸੀ। ਪੱਚੀਆਂ ਵਰਿ੍ਹਆਂ ਦੀ ਬੁਲਬੁਲ ਵਰਗੀ ਜੱਟੀ ਪੰਜਾਹਾਂ ਵਰਿ੍ਹਆਂ ਦੇ ਢੋਡਰ ਕਾਂ ਨਾਲ ਪਿੰਜਰੇ ਵਿੱਚ ਬੰਦ ਕੀਤੀ ਪਈ ਸੀ। ਚਾਚਾ ਵਰਿਆਮਾ ਬੁੱਢਾ ਹੋਣ ਤੋਂ ਬਿਨਾਂ ਸਿਰੇ ਦਾ ਅਫ਼ੀਮੀ ਪੋਸਤੀ ਵੀ ਸੀ। ਹੋਰ ਤਾਂ ਹੋਰ, ਅਫ਼ੀਮ ਦੀ ਪੀਨਕ ਵਿਚੋਂ ਜਾਗਦਾ ਸੌ ਘੋਰੀਆਂ ਦਾ ਘੋਰੀ ਚਾਚਾ ਜਦ ਨੱਕ ਵਿੱਚ ਬੋਲ ਕੇ ਆਪਣੀ ਕਿਰਪਾਲੋ ਨੂੰ ਵਾਜ ਮਾਰਦਾ ਤਾਂ ਚਾਚੀ ਵਿਚਾਰੀ ਨੂੰ ਧੁੜਧੁੜੀ ਆ ਜਾਂਦੀ। ਜ਼ਿੰਦਗੀ ਦੇ ਜ਼ਹਿਰ ਨਾਲ ਦਿਲੋਂ ਭਾਵੇਂ ਚਾਚੀ ਫੁਕ ਕੇ ਰਹਿ ਗਈ ਸੀ, ਪਰ ਫੁਕੇ ਦਿਲ ਨਾਲ ਵੀ ਤਾਂ ਕਈ ਵਾਰ ਜੀਊਣਾ ਹੀ ਪੈਂਦਾ ਹੈ। ਸਾਹਮਣੇ, ਫਾਟਕ ਦੀ ਚੂਲ ਚੀਕੀ ਤਾਂ ਵਿਹੜੇ ਵਿੱਚ ਇਕੱਲੀ ਕਪਾਹ ਵੇਲਦੀ ਚਾਚੀ ਨੇ ਵੇਖਿਆ, ਕਿਸ਼ਨੇ ਬਲਿਆਣੇ ਦਾ ਬੰਤੂ ਕਾਲੀ ਗਾਨੀ ਦੀ ਤਵੀਤੀ ਉੱਤੇ ਨਿੰਮ੍ਹਾ ਨਿੰਮ੍ਹਾ ਮੁਸਕ੍ਰਾਂਦਾ ਆ ਰਿਹਾ ਹੈ, “ਆ ਵੇ ਬੰਤਿਆ, ਤੂੰ ਤਾਂ ਈਦ ਦਾ ਈ ਚੰਦ ਬਣ ਗਿਆ ਦੋਜਕੀਆ, ਅੱਖ `ਚ ਪਾਉਣ ਨੂੰ ਨ੍ਹੀਂ ਮਿਲਦਾ ਕਿਤੇ, ਅੱਜ ਤਾਂ ਡੁਲ੍ਹ ਡੁਲ੍ਹ ਜਾਨੈ ਵੇ, ਕੁਸ ਲੱਥ ਗਿਆ ਕਿਤੋਂ?”
“ਬਈ ਚਾਚੀ, ਬਈ ਗੱਲ ਐ ਇਕ, ਪਰ ਗਾਹਾਂ ਕਰਨ ਵਾਲੀ ਨਹੀਂ।”
ਝੱਟ ਵੇਲਣਾ ਥੰਮ ਕੇ ਚਾਚੀ ਬੋਲੀ, “ਅੱਗੇ ਤੇਰੀਆਂ ਕਿਹੜੀਆਂ ਕੀਤੀਆਂ ਵੇ ਗਾਹਾਂ?” ਤੇ ਫੇਰ ਉਹ ਅਸਲ ਨਾਲੋਂ ਹੌਲੀ ਆਵਾਜ਼ ਬਣਾਉਂਦੀ ਬੋਲੀ, “ਬੜੀਆਂ ਬੜੀਆਂ ਗੱਲਾਂ ਪਚਾਈਆਂ ਅਸੀਂ ਸੋਹਣਿਆਂ! ਮੇਰੇ ਵਰਗਾ ਹਾਜਮਾ ਕੀਹਦਾ ਹੋਣੈ? ਬਰੂਦ ਮਾਂਗਣ ਭਰੀ ਪਈ ਐ ਹਿੱਕ ਮੇਰੀ……।” ਕਹਿੰਦਿਆਂ, ਠੰਡਾ ਜਿਹਾ ਸਾਹ ਭਰ ਕੇ ਚਾਚੀ ਚੁੱਪ ਹੋ ਗਈ।
ਇਕ ਪਲ ਰੁਕ ਕੇ ਬੰਤਾ ਬੋਲਿਆ, “ਸੱਚ, ਚਾਚਾ ਕਿੱਥੇ ਐ?”
“ਹੁਣੇ ਗਿਐ ਬਾਹਰ ਨੂੰ, ਡੋਡੇ ਪੀ ਕੇ।”
“ਬਈ ਚਾਚੀ, ਬਈ ਹੋਰ ਤਾਂ ਕੁਸ ਨ੍ਹੀਂ, ਬਈ ਕਹੀ ਗੱਲ ਦੂਰ ਤੱਕ ਚਲੀ ਜਾਂਦੀ ਐ……।”
“ਲੈ ਤੂੰ ਨਾ ਦੱਸ ਵੇ, ਰੱਖ ਆਪਦੇ ਈ ਕੋਲ……!” ਤੇ ਹਰਖ ਨਾਲ ਕਾਹਲੀ ਕਾਹਲੀ ਚਾਚੀ ਦਾ ਵੇਲਣਾ ਚੀਕੂੰ ਚੀਕੂੰ ਕਰਨ ਲੱਗਾ।
“ਨਹੀਂ ਚਾਚੀ……”, ਬੰਤੂ ਨੇ ਚਾਚੀ ਦਾ ਹੱਥ ਰੋਕਦਿਆਂ ਕਿਹਾ, “ਮੈਂ ਤਾਂ ਏਹੀ ਕਹਿਨਾ, ਬਈ ਜਿੰਨਾ ਕਿਸੇ ਦਾ ਪੜਦਾ ਬਣਿਆ ਰਹੇ, ਓਨਾ ਚੰਗਾ।”
“ਦੇਖ……”, ਚਾਚੀ ਨੇ ਗਰਦਨ ਉਤੇ ਉਂਗਲੀ ਫੇਰਦਿਆਂ ਆਖਿਆ, “ਆਹ ਸਿਰ ਭਾਵੇਂ ਚਲਿਆ ਜਾਵੇ, ਪਰ ਸਿਦਕ ਨਾ ਜਾਵੇ, ਅਸੀਂ ਤਾਂ ਬਸ ਇਹ ਜਾਣਦੇ ਆਂ। ਸਾਡੇ ਸਿਰ `ਤੇ ਮੱਲਾ, ਭਾਵੇਂ ਖੂਹ ਪੁੱਟ, ਮਜਾਲ ਐ ਦੂਜੇ ਕੰਨ ਖ਼ਬਰ ਵੀ ਹੋਵੇ।” ਚਾਚੀ ਨੇ ਦਿਲਾਂ ਦੀ ਮਹਿਰਮ ਬਣ ਕੇ ਆਖਿਆ। ਕਾਸ਼ਣੀ ਦੁਪੱਟੇ ਹੇਠ ਉਹਦੀਆਂ ਅੱਖਾਂ ਦੇ ਸ਼ਰਬਤੀ ਡੋਰੇ ਹੋਰ ਗੂਹੜੇ ਹੋ ਗਏ ਤੇ ਬਦਾਮੀ ਠੋਡੀ ਉਤੇ ਖੁਣਿਆਂ ਗੂਹੜਾ ਨੀਲਾ ਤਿਲ ਹੋਰ ਪਿਆਰਾ ਦਿੱਸਣ ਲੱਗਾ।
“ਨਹੀਂ ਚਾਚੀ, ਜੋ ਤੂੰ ਸਮਝੀ ਐਂ, ਉਹ ਗੱਲ ਨਹੀਂ।”
“ਤਾਂ ਫੇਰ ਕਿਹੜੀ ਐ ਵੇ? ਦੱਸਦਾ ਕਿਉਂ ਨਹੀਂ? ਗੱਡ ਹੋਣਾ, ਛਿੱਕਲੀ ਦੇਈ ਬੈਠੈਂ ਮੂੰਹ ਨੂੰ।”
“ਲੈ ਖੋਲ੍ਹ ਦਿੰਨਾਂ ਛਿੱਕਲੀ………।”
ਤੇ ਫੇਰ ਜਿਹੜੀ ਵੀ ਗੱਲ ਸੀ, ਬੰਤੂ ਨੇ ਥੋੜਾ ਥੋੜਾ ਹੱਸਦਿਆਂ ਤੇ ਰਸ ਲੈਂਦਿਆਂ ਸਾਰੀ ਦੀ ਸਾਰੀ ਚਾਚੀ ਨੂੰ ਦੱਸ ਦਿੱਤੀ।
ਚਾਚੀ ਭਾਵੇਂ ਸਾਰੀ ਗੱਲ ਵਿੱਚ ਮਿੱਠਾ ਮਿੱਠਾ ਹੁੰਗਾਰਾ ਭਰਦੀ ਰਹੀ ਸੀ, ਪਰ ਜਦ ਬੰਤੂ ਜਾਣ ਲੱਗਿਆ ਤਾਂ ਈਰਖਾ ਦੇ ਅਚੇਤ ਭਾਵ ਨਾਲ ਥੋੜ੍ਹਾ ਚੱਬ ਕੇ ਕਹਿਣ ਲੱਗੀ, “ਦੇਖ ਲੈ, ਬੜੇ ਘਰਾਂ ਦੀਆਂ ਗੱਲਾਂ, ਬਾਪ ਜੈਲਦਾਰ ਕਹਾਉਂਦੈ, ਧੀ ਐਹ ਚੱਜ ਕਰਦੀ ਐ!”
“ਬੱਸ ਬੱਸ, ਦੇਖ ਚਾਚੀ, ਗੱਲ ਐਥੇ ਈ ਰੱਖੀਂ, ਗਾਹਾਂ ਨ੍ਹੀਂ ਬੋਲਣਾ ਆਪਾਂ।” ਬੂਹੇ ਉਤੇ ਮੁੜ ਕੇ ਤੱਕਦਿਆਂ ਬੰਤੂ ਨੇ ਉਂਗਲੀ ਮਾਰੀ।
“ਨਾ ਐਂ ਤਾਂ ਬੇ-ਚਿੰਤ ਰਹੁ, ਐਂ ਨ੍ਹੀਂ ਮੈਂ ਕੱਚੀ।” ਚਾਚੀ ਨੇ ਹਾਮੀ ਓਟੀ।
ਬੰਤੂ ਚਲਿਆ ਗਿਆ, ਪਰ ਚਾਚੀ ਦੇ ਦਿਲ ਵਿੱਚ ਧੁਖਧੁਖੀ ਲਗ ਗਈ। ਕਿੰਨੀ ਵਾਰ ਉਹ ਖ਼ਿਆਲ ਵਿੱਚ ਆਪਣੇ ਆਪ ਨਾਲ ਮੁਸਕਰਾਈ।
ਚਾਚੀ ਦਾ ਘਰ ਕੀ ਸੀ, ਕਬੂਤਰਖ਼ਾਨਾ ਸੀ। ਚਾਚਾ ਤਾਂ ਡੋਡਿਆਂ ਦੀ ਚਾਹ ਨਾਲ ਅਫ਼ੀਮ ਦਾ ਮਾਵਾ ਚਾੜ੍ਹ ਕੇ ਬਾਹਰ ਚੌਂਤਰੇ ਉਤੇ ਜਾ ਕੇ ਊਂਘਣ ਲਗ ਜਾਂਦਾ, ਤੇ ਪਿਛੇ ਕੋਈ ਨਾ ਕੋਈ ਕਬੂਤਰ ਉਡ ਕੇ ਚਾਚੀ ਕੋਲ ਵਿਹੜੇ ਵਿੱਚ ਆ ਜਾਂਦਾ। ਦੋ ਪਲ ਗੁਟਕਦਾ, ਦਿਲ ਦੀਆਂ ਗੱਲਾਂ ਕਰਦਾ ਤੇ ਫੇਰ ਹੌਲਾ ਫੁੱਲ ਹੋ ਕੇ ਉਡਾਰੀ ਮਾਰ ਜਾਂਦਾ। ਪਤਾ ਨਹੀਂ ਚਾਚੀ ਵਿੱਚ ਕਿਹੜੀ ਖਿੱਚ ਸੀ ਕਿ ਦਮੜੀ ਦਾ ਸੱਕ ਮਲ ਕੇ ਪਿੰਡ ਦੇ ਸਾਰੇ ਤਵੀਤੀਆਂ ਵਾਲੇ ਉਸਨੇ ਮੋਹ ਲਏ ਸਨ। ਦੀਵੇ ਦੀ ਲਾਟ ਉਤੇ ਜਿਵੇਂ ਭੰਬਟ ਡਿਗ ਡਿਗ ਪੈਂਦੇ ਹਨ, ਸਾਰੇ ਗਭਰੀਟ ਮਰ ਜਾਂਦੇ। ਜਦੋਂ ਬੋਲਦੀ, ਜਾਨ ਕੱਢ ਲੈਂਦੀ।
ਚਾਚੀ ਨੇ ਲੱਖ ਜਤਨ ਕੀਤਾ ਕਿ ਗੱਲ ਨੂੰ ਢਿੱਡੋਂ ਬਾਹਰ ਨਾ ਕੱਢੇ, ਪਰ ਉਹਨੂੰ ਜਾਪਦਾ ਜਿਵੇਂ ਪੋਟਲੀ `ਚ ਬੰਨ੍ਹੀ ਹੋਈ ਵਾਸ਼ਨਾ ਗੁੱਠਾਂ, ਕੋਨਿਆਂ ਵਿਚੋਂ ਆਪੇ ਬਾਹਰ ਨਿਕਲ ਜਾਂਦੀ ਹੈ। ਇਸ਼ਕ ਹੁਸਨ ਦੇ ਭੇਤ ਇੱਕ ਮਿੱਠੀ ਜਿਹੀ ਵਾਸ਼ਨਾ ਹੀ ਤਾਂ ਹੁੰਦੇ ਹਨ। ਤੇ ਇਹ ਵਾਸ਼ਨਾ ਚਾਚੀ ਕੋਲੋਂ ਖਿੱਲਰ ਹੀ ਗਈ ਤੇ ਖਿੱਲਰੀ ਵੀ ਏਕਣ ਜਿਵੇਂ ਦੀਵੇ ਨਾਲ ਦੀਵਾ ਲਗਦਾ ਹੋਵੇ।
ਅੰਦਰੇ ਅੰਦਰ, ਪਿੰਡ ਦੇ ਹਰ ਤਰ੍ਹਾਂ ਦੇ ਲੋਕਾਂ ਵਿੱਚ ਖਿਚੜੀ ਪੱਕਣ ਲੱਗੀ:
ਮੁਸ਼ਕੇ ਹੋਏ ਗਭਰੀਟ ਕੰਨਾਂ ਵੱਲੋਂ ਡੁਲ੍ਹਦੇ ਹਾਸਿਆਂ ਨੂੰ ਰੋਕ ਰੋਕ ਇੱਕ ਦੂਜੇ ਨੂੰ ਮਿਲਦਿਆਂ ਰਮਜ਼ਾਂ ਸੁੱਟਦੇ, “ਨਵੇਂ ਚੰਨ ਦੀ ਰਾਮ ਬਈ……!” ਤੇ ਫੇਰ ਨਿੱਕੀ ਜੇਹੀ ਘੁਸਰ ਮੁਸਰ ਕਰ ਕੇ ਸਿਰ ਮਾਰਦੇ ਤੁਰ ਜਾਂਦੇ।
ਪੱਕੇ ਹੋਏ ਬੀਂਬੜ ਕਹਿੰਦੇ, "ਓਏ ਆਪਾਂ ਨੇ ਰੌਲਾ ਕਾਹਨੂੰ ਪਾਉਣੈਂ, ਭੇਲੀ ਫੁੱਟੂ ਤਾਂ ਗੁੜ ਦੀ ਰੋੜੀ ਸਾਨੂੰ ਵੀ ਮਿਲੂ।”
ਬੁੱਢੇ ਠੇਰੇ ਇੱਕ ਦੂਜੇ ਤੋਂ ਸੁਣ ਕੇ ਹਉਕਾ ਭਰਦੇ, “ਕਲਜੁਗ ਆ ਗਿਆ ਕਲਜੁਗ, ਅਸੀਂ ਵੀਹ ਵੀਹ ਸਾਲ ਦੇ ਕੁੜੀਆਂ ਮੁੰਡੇ ਨੰਗੇ ਹੀ ਖੇਡਦੇ ਰਹਿੰਦੇ ਸੀ ਰਲਕੇ, ਕੋਈ ਜਾਣਦਾ ਵੀ ਨਹੀਂ ਸੀ ਹੁੰਦਾ ਇਹ ਗੱਲਾਂ।”
ਤੇ ਬੁੱਢੀਆਂ ਮਾਈਆਂ ਸਿਰ ਜੋੜ ਜੋੜ ਬੁਰਾ ਜਿਹਾ ਮੂੰਹ ਬਣਾ ਕੇ ਹੱਥ ਫਿਟਕਾਰਦੀਆਂ ਘੁਰ ਘੁਰ ਕਰਦੀਆਂ, “ਨਾ ਭਾਈ, ਖਲਾਉਣ ਦਾ ਲਾਡ, ਪਨ੍ਹਾਉਣ ਦਾ ਲਾਡ, ਇਹੋ ਜੇਹੀ ਧੀ ਦਾ ਤਾਂ ਜੰਮਦੀ ਦਾ ਹੀ ਗਲ ਘੁੱਟ ਦੇਵੇ। ਐਹ ਨਤੀਜੇ ਨੇ ਦੋ ਦੋ ਗੁੱਤਾਂ ਦੇ। ਹੋਰ ਪੜ੍ਹਾਉਣ ਦਸਮੀਆਂ। ਅਜੇ ਤਾਂ ਬੱਈਆ ਪਾਸ ਕਰਾਉਣੈ!”
ਭਾਵੇਂ ਇਹ ਗੱਲਾਂ ਕਰਦਿਆਂ ਲੋਕੀਂ, ਆਪੋ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਹੋਰ ਬਣਾਉਂਦੇ ਸਨ, ਪਰ ਇੱਕ ਗੱਲ ਉਤੇ, ਆਪਣੇ ਆਪ ਹੀ, ਉਹ ਸਾਰੇ ਇੱਕ ਸਨ ਕਿ ਪਿੰਡ ਵਿੱਚ ਇੱਕ ਦੀ ਇੱਜ਼ਤ ਸਾਰਿਆਂ ਦੀ ਇੱਜ਼ਤ ਹੈ। ਇਸ ਲਈ ਹਰ ਕੋਈ, ਗੱਲ ਨੂੰ ਸਿਰਫ਼ ਆਪਣੇ ਕੋਲ ਹੀ ਰੱਖਣ ਲਈ, ਹਰ ਕਿਸੇ ਨੂੰ ਜ਼ੋਰ ਦੇ ਕੇ ਆਪਣਾ ਆਪਣਾ ਫ਼ਰਜ਼ ਸਮਝਦਾ ਸੀ।
ਤਾਂ ਵੀ, ਰੂੰ ਵਾਂਗ ਪੋਲੇ ਪੋਲੇ ਪੈਰ ਧਰਦੀ ਇਹ ਗੱਲ ਕਿਸੇ ਤਰ੍ਹਾਂ ਨੰਦੀ ਸਮਰਾਲੋ ਤੱਕ ਜਾ ਪਹੁੰਚੀ। ਨੰਦੀ ਸਮਰਾਲੋ ਜ਼ੈਲਦਾਰਾਂ ਦੀ ਸ਼ਰੀਕਣੀ ਸੀ, ਜੋ ਪਹਿਲਾਂ ਕਿਸੇ ਹੋਰ ਥਾਂ ਵਿਆਹੀ ਹੋਈ ਸੀ, ਪਰ ਕਿਸੇ ਗੱਲੋਂ ਛੁੱਟੜ ਹੋ ਕੇ, ਬਾਰਾਂ ਵਰ੍ਹੇ ਪੇਕਿਆਂ ਦੇ ਘਰ ਬੈਠਣ ਮਗਰੋਂ ਅਖ਼ੀਰ ਬੁੱਢੇ ਪੈਨਸ਼ਨੀਏ, ਜ਼ੈਲਦਾਰ ਦੇ ਚਾਚੇ ਦੇ ਪੁੱਤ, ਚੇਤ ਸਿੰਘ ਜਮਾਦਾਰ ਨਾਲ ਕਰੇਵਾ ਕਰ ਕੇ ਆ ਗਈ ਸੀ। ਹੁਣ ਤਾਂ ਆਈ ਨੂੰ ਵੀ ਵੀਹ ਵਰ੍ਹੇ ਹੋ ਚੁੱਕੇ ਸਨ। ਪਰ ਅਜੇ ਵੀ ਸ਼ਰੀਕੇ ਵਾਲੇ, ਜਮਾਦਾਰ ਦੇ ਘਰ ਨੰਦੀ ਦੇ ਆਉਣ ਨਾਲ, ਨੰਦੀ ਨੂੰ ਆਪਣੇ ਵਰਗਾ ਉੱਚਾ ਹੋਇਆ ਸਮਝਣ ਦੀ ਥਾਂ ਉਹ ਜਮਾਂਦਾਰ ਨੂੰ ਹੀ ਨੰਦੀ ਵਰਗਾ ਨੀਵਾਂ ਹੋਇਆ ਗਿਣਦੇ ਸਨ: "ਖਬਰੇ ਕਿਥੋਂ ਕਿਥੋਂ ਉੱਧਲ ਕੇ ਆਈ ਐ, ਚੂਹੜੀ ਐ ਕਿ ਚਮਾਰੀ, ਕੋਈ ਸਿਹਰਿਆਂ ਦੀ ਬੰਨ੍ਹ ਤਾਂ ਨਹੀਂ…!” ਵੀਹ ਵਰਿ੍ਹਆਂ ਦੀ ਖੁਆਰੀ ਤੇ ਵੀਹ ਵਰਿ੍ਹਆਂ ਦੀਆਂ ਚੋਭਾਂ ਨਾਲ ਨੰਦੀ ਦਾ ਦਿਲ ਅੰਬਿਆ ਪਿਆ ਸੀ। ਜਦ ਕਦੇ ਕੋਈ ਛੇੜ ਛਿੜ ਜਾਂਦਾ ਤੇ ਨੰਦੀ ਦਿਲ ਦਾ ਗੁਬਾਰ ਕੱਢਣ ਲਈ ਬਾਹਾਂ ਉਲਾਰ ਉਲਾਰ, ਚਿਣਗਾਂ ਛੇੜਨ ਵਾਲਿਆਂ ਦਾ ਅੱਗਾ ਪਿੱਛਾ ਪੁਣਦੀ ਤਾਂ ਸਾਰਾ ਸ਼ਰੀਕਾ ਥਰ ਥਰ ਕੰਬਣ ਲਗ ਜਾਂਦਾ। ਭਾਵੇਂ ਸ਼ਰੀਕਣੀਆਂ ਨੇ ਭੰਡ ਭੰਡ ਉਹਨੂੰ ‘ਛੱਟੀ ਹੋਈ’ ਧੁਮਾ ਛੱਡਿਆ ਸੀ, ਪਰ ਨੰਦੀ ਏਨੀ ਬੁਰੀ ਨਹੀਂ ਸੀ, ਜਿੰਨੀ ਉਹਨੂੰ ਬਣਾਇਆ ਗਿਆ ਸੀ। ਅਤੇ ਇਸ ਕੰਮ ਵਿੱਚ ਜ਼ੈਲਦਾਰਾਂ ਦਾ ਘਰ ਸਾਰੇ ਸ਼ਰੀਕੇ ਨਾਲੋਂ ਅੱਗੇ ਸੀ।
ਇਕ ਵਾਰ ਤਾਂ ਨੰਦੀ ਨੂੰ ਜਾਪਿਆ ਜਿਵੇਂ ਉਹਦੇ ਹੱਥ ਕੋਈ ਚੰਗਾ ਹਥਿਆਰ ਆ ਗਿਆ ਹੈ, ਜਿਸ ਨਾਲ ਉਹ ਬੜੇ ਨੱਕ ਵਾਲਿਆਂ ਦਾ ਹੁਣ ਨੱਕ ਭੰਨ ਸਕੇਗੀ। ਪਰ ਫੇਰ ਉਹਨੇ ਸੋਚਿਆ, ਹੱਥ ਵਿੱਚ ਮਸੀਂ ਆਏ ਹਥਿਆਰ ਨੂੰ ਐਵੇਂ ਤੱਤ ਭੜੱਤ ਵਿੱਚ ਵਰਤ ਕੇ ਹੀ ਖੁੰਢਾ ਨਹੀਂ ਕਰ ਲੈਣਾ ਚਾਹੀਦਾ। ਤੇਲ ਦੇਖੋ, ਤੇਲ ਦੀ ਧਾਰ ਦੇਖੋ।
ਅਗਲੇ ਦਿਨ ਉਹ ਕੋਈ ਸੌਦਾ ਲੈਣ ਦੇ ਬਹਾਨੇ ਬਿਰਜੂ ਬਾਹਮਣ ਦੀ ਹੱਟੀ ਉਤੇ ਆਈ। ਬਿਰਜੂ ਬਾਹਮਣ ਜਮਾਦਾਰ ਚੇਤ ਸਿੰਘ ਦਾ ਹੀ ਨਹੀਂ, ਨੰਦੀ ਸਮਰਾਲੋ ਦਾ ਵੀ ਮੁਲਾਹਜ਼ੇਦਾਰ ਸੀ। ਤਖ਼ਤੇ ਦੇ ਓਹਲੇ ਖੜੋ ਕੇ ਉਹ ਕਿੰਨਾ ਕਿੰਨਾ ਚਿਰ ਗੱਲਾਂ ਕਰ ਲੈਂਦੇ ਸਨ। ਬਿਰਜੂ ਬਾਹਮਣ ਜਿਥੇ ਮਹਾਂਬੀਰ ਨੂੰ ਪੂਜਦਾ ਅਤੇ ਗੀਤਾ ਗਾਇਤਰੀ ਦਾ ਪਾਠ ਕਰਦਾ ਸੀ, ਉਥੇ ਵਾਰਿਸ ਸ਼ਾਹ ਦੀ ਹੀਰ ਅਤੇ ਆਸ਼ਕਾਂ ਦੇ ਹੋਰ ਕਿੱਸੇ ਵੀ ਬੜੀ ਲਟਕ ਨਾਲ ਗਾਉਂਦਾ ਸੀ। ਨੰਦੋ ਦੀ ਗੱਲ ਸੁਣੀ ਤਾਂ ਸੰਘਣੀਆਂ ਸਲੇਟੀ ਮੁੱਛਾਂ ਵਿਚੋਂ ਮੁਸਕ੍ਰਾ ਕੇ ਬੜੇ ਪ੍ਰੇਮ ਨਾਲ ਬੋਲਿਆ, “ਦੇਖ ਨੰਦ ਕੁਰੇ, ਕਚੀਰਾ ਨਾ ਕਰੀਂ, ਧੀ ਭੈਣ ਸਭ ਦੀ ਸਾਂਝੀ, ਦੁਨੀਆਂ ਈ ਮੁਲਾਹਜ਼ੇ ਪੂਰਦੀ ਐ, ਕੀ ਹੋਇਆ ਜੇ ਐਵੇਂ ਕਿਤੇ ਨਿਆਣੇ ਹੱਸ ਕੇ ਬੋਲ ਪਏ।”
“ਇਕ ਵਾਰੀ ਤਾਂ ਦਾਦੀ ਦਾ ਚੂੰਡਾ ਹਲੂਣ ਕੇ ਛੱਡਣੈ……!” ਨੰਦੋ ਅੰਗੂਠਾ ਦਿਖਾਉਂਦੀ ਮੁੱਕੀ ਨੂੰ ਹਵਾ ਵਿੱਚ ਹਿਲਾਉਂਦੀ ਬੋਲੀ, “ਬਣੀ ਫਿਰਦੀ ਐ ਰਕਾਨ, ਦਾਨੀ ਦੁਆਰਕਾਂ, ਲੋਕਾਂ ਦੀਆਂ ਗੱਲਾਂ ਬਣਾਉਂਦੀ ਐ, ਜਣੀ ਖਣੀ ਨੂੰ ਬੁਲ੍ਹ ਕੱਢਦੀ ਐ, ਨੱਕ ਹੇਠ ਈ ਨ੍ਹੀਂ ਆਉਂਦਾ ਕੋਈ, ਹੁਣ ਫੇਰੇ ਤਾਂ ਆਪਣੇ ਮੰਜੇ ਹੇਠ ਸੋਟੀ……!” ਨੰਦੋ, ਜ਼ੈਲਦਾਰ ਦੇ ਘਰਵਾਲੀ, ਆਪਣੀ ਸ਼ਰੀਕਣੀ, ਹਰ ਕੌਰ ਬੇਬੇ ਉਤੇ ਘੁਰੀ ਹੋਈ ਸੀ।
“ਨਾ ਬਈ ਸਰਦਾਰਨੀ, ਤੱਤ ਨਾ ਕਰ ਬਹੁਤਾ, ਦੇਖ ਸਿਆਣੇ ਕੀ ਕਹਿੰਦੇ ਨੇ: ਅਖੇ, ਵਾਰੇ ਸ਼ਾਹ ਨਾ ਭੇਤ ਸੰਦੂਖ ਖੁਲ੍ਹੇ, ਭਾਵੇਂ ਜਾਨ ਦਾ ਜਿੰਦਰਾ ਟੁੱਟ ਜਾਏ………ਬੱਸ, ਐਨੀਓਂ ਅਰਜ ਹੈ ਸਾਡੀ।” ਬਿਰਜੂ ਬਾਹਮਣ ਵਿੱਚ ਵੱਸਦਾ ਆਸ਼ਕ ਮਿੰਨਤਦਾਰ ਹੋ ਕੇ ਬੋਲਿਆ।
“ਤੇਰੀ ਤਾਂ ਨਿੱਤ ਕੋਈ ਨਾ ਕੋਈ ਅਰਜ ਰਹਿੰਦੀ ਐ, ਕਿਹੜੀ ਕਿਹੜੀ ਮੰਨਾਂ?”
“ਹੁਣ ਤਾਂ ਐਨੀਓਂ ਮੰਨ ਲੈ, ਨੰਦ ਕੁਰੇ, ਕੁੜੀ ਦੀ ਬਦਨਾਮੀ ਹੋ ਜੂ!”
“ਇਕ ਵਾਰੀ ਹਰ ਕੁਰ ਨਾਲ ਗੱਲਾਂ ਦੋ ਜਰੂਰ ਕਰਨੀਆਂ!”
“ਉਹਦੇ ਨਾਲ ਜਿੱਕਣ ਮਰਜੀ ਆੜ ਰੱਖ, ਪਰ ਗਾਹਾਂ ਵਾਜ ਨਾ ਕੱਢੀਂ!”
“ਚਲ ਨਹੀਂ ਕੱਢਦੀ,” ਨੰਦੀ ਅੱਧੇ ਕੁ ਦਿਲ ਨਾਲ ਬੋਲੀ, ਤੇ “ਐਨਾ ਵੀ ਤੇਰੇ ਮੂੰਹ ਨੂੰ ਐ ਪਰ” ਕਹਿੰਦਿਆਂ ਚਲੀ ਗਈ।
ਨੰਦੋ ਸਮਰਾਲੋ ਨੂੰ ਲਲ੍ਹਕ ਤਾਂ ਕਈ ਵਾਰ ਉੱਠੀ ਕਿ ਖਸਮਾਂ ਨੂੰ ਖਾਵੇ ਬਿਰਜੂ ਬਾਹਮਣ, ਐਨ ਚੁਰਾਹੇ ਵਿੱਚ ਭਾਂਡਾ ਭੰਨ ਕੇ ਇੱਕ ਵਾਰੀ ਤਾਂ ਜ਼ੈਲਦਾਰੀ ਦਾ ਭਾਰ ਹਲਕਾ ਕਰ ਦੇਵੇ। ਪਰ ਫੇਰ ਉਹਦਾ ਅੰਦਰਲਾ ਹੀ ਉਹਨੂੰ ਕਿਵੇਂ ਨਾ ਕਿਵੇਂ ਮੋੜ ਦਿੰਦਾ, ‘ਕਾਹਨੂੰ ਅੱਗਾ ਮਾਰਨੈ ਸਿਆਣੀ ਧੀ ਦਾ।’ ਪਰ ਨੰਦੀ, ਆਪਣੀ ਜੇਠਾਣੀ, ਹਰ ਕੌਰ ਜ਼ੈਲਦਾਰਨੀ ਨਾਲ ਦੋ ਗੱਲਾਂ ਜ਼ਰੂਰ ਕਰਨੀਆਂ ਚਾਹੁੰਦੀ ਸੀ। ਸੋ ਇੱਕ ਦਿਨ ਘਗਰਾ ਪਾ ਕੇ ਉਹ ਜ਼ੈਲਦਾਰਨੀ ਵਲ ਚਲੀ ਹੀ ਗਈ, “ਪੈਰੀਂ ਪੈਨੀਆਂ ਬੇਬੇ।”
“ਸਾਈਂ ਜੀਵੇ, ਬੀਰ ਜੀਵੇ, ਦੇਹ ਨਰੋਈ, ਬੁਢ ਸੁਹਾਗਣ……।” ਹਰ ਕੌਰ ਨੇ ਬੁੱਲ੍ਹਾਂ ਵਿੱਚ ਅਸੀਸ ਬੁੜਬੁੜਾਈ, “ਪੀੜ੍ਹੀ ਲੈ ਲੈ ਨੰਦ ਕੁਰੇ!”
ਪੀਹੜੀ ਉੱਤੇ ਬਹਿੰਦਿਆਂ, ਆਲਾ ਦੁਆਲਾ ਦੇਖ ਕੇ, ਨੰਦ ਕੌਰ ਹੌਲੀ ਵਾਜ ਵਿੱਚ ਬੋਲੀ, “ਇਕ ਗੱਲ ਕਰਨ ਆਈ ਆਂ ਮੈਂ ਤਾਂ……ਤੈਂ ਨ੍ਹੀਂ ਕੁਸ ਸੁਣਿਆ ਬੇਬੇ?”
“ਨਾ ਬਹੂ……!” ਹਰ ਕੌਰ ਬੇਬੇ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ।
“ਦੇਖ ਬੇਬੇ, ਗੁੱਸਾ ਤਾਂ ਨਾ ਕਰੀਂ, ਜੇ ਦੁੱਖ ਮੰਨੀਦੈ ਤਾਂਹੀ ਆਹ ਨਿਕਲਦੀ ਐ, ਆਪਾਂ ਭਾਵੇਂ ਕਿਵੇਂ ਰਹੀਏ, ਪਰ ਧੀ ਜੇਹੀ ਤੇਰੀ, ਤੇਹੀ ਮੇਰੀ……।”
ਹਰ ਕੌਰ ਦਾ ਕਾਲਜਾ ਧੱਕ ਧੱਕ ਕਰਨ ਲੱਗਾ, “ਲੈ ਕਿਤੇ ਦੋ ਤਾਂ ਨ੍ਹੀਂ ਕਮਲੀਏ।” ਉਹਨੇ ਖ਼ੁਸ਼ਕ ਹੁੰਦੇ ਸੰਘ ਵਿਚੋਂ ਮਸੀਂ ਆਖਿਆ।
ਨੰਦੀ ਭਾਵੇਂ ਇਸ ਗੱਲ ਲਈ ਤਿਆਰ ਹੋ ਕੇ ਵੀ ਆਈ ਸੀ ਕਿ ਜੇ ਸੁਣਕੇ ਜ਼ੈਲਦਾਰਨੀ ਉਲਟਾ ਅੱਗੋਂ ਸਿਰ ਨੂੰ ਆਈ ਤਾਂ ਅੱਜ ਉਹ ਵੀ ਚੰਗੀ ਤਰ੍ਹਾਂ ਉਹਦੀ ਛੋਤ ਝਾੜ ਕੇ ਹੀ ਛੱਡੇਗੀ। ਪਰ ਤਾਂ ਵੀ ਉਹਨੇ ਹੌਲੀ ਹੌਲੀ ਬੋਲ ਕੇ, ਅਪਣੱਤ ਭਰੇ ਢੰਗ ਨਾਲ, ਭੇਤ ਵਾਲੀ ਸਾਰੀ ਗੱਲ, ਜਿਵੇਂ ਉਹਨੇ ਸੁਣੀ ਸੀ, ਸਾਰੀ, ਉਹਨੂੰ ਕਹਿ ਸੁਣਾਈ।
ਹਰ ਕੌਰ ਬੇਬੇ ਨੇ, ਸੁਣਦਿਆਂ ਹੀ, ਸਿਰ ਦਾ ਦੁਪੱਟਾ ਲਾਹ ਕੇ ਨੰਦ ਕੌਰ ਦੇ ਪੈਰਾਂ ਵਿੱਚ ਰੱਖ ਦਿੱਤਾ, “ਮੇਰੀ ਇੱਜ਼ਤ ਤੇਰੇ ਪੈਰਾਂ ਵਿਚ, ਦੇਖੀਂ ਨੰਦ ਕੁਰੇ, ਪਿੰਡ ਵਿੱਚ ਕੂਰ ਕੂਰ ਨਾ ਹੋ ਜਾਵੇ।”
ਨੰਦੀ ਸਮਰਾਲੋ ਦੀਆਂ ਅੱਖਾਂ ਭਰ ਆਈਆਂ, ਉਹ ਥਿੜਕੀ ਅਵਾਜ਼ ਵਿੱਚ ਬੋਲੀ, ‘ਮੇਰੇ ਸਿਰ ਪਾਪ ਨਾ ਚੜ੍ਹਾ ਬੇਬੇ, ਮੈਂ ਕਾਹਨੂੰ ਕਹਿਣੈ ਕਿਸੇ ਕੋਲ, ਮੇਰਾ ਘਰ ਤੇਰੇ ਨਾਲ ਨ੍ਹੀਂ ਮੱਚੂ। ਇੱਕ ਤੇਰੇ ਤਾਈਂ ਚੱਲ ਕੇ ਜਰੂਰ ਆ ਗਈ।”
“ਮੇਰੇ ਕੋਲ ਚੱਲ ਕੇ ਤੂੰ ਜੰਮ ਜੰਮ ਆ, ਆਹ ਤੇਰੇ ਸਾਹਮਣੇ ਮੇਰਾ ਧੌਲਾ ਝਾਟਾ, ਮਨੁੱਖਾਂ ਦੇ ਕੰਨੀਂ ਗੱਲ ਨਾ ਚੜ੍ਹੇ, ਤੂੰ ਅੰਦਰ ਵੜ ਕੇ ਮੇਰੇ ਭਾਮੇਂ ਸੌ ਛਿੱਤਰ ਮਾਰ ਲੈ।”
“ਐਂ ਨਾ ਕਹੁ ਬੇਬੇ, ਐਂ ਨਾ ਕਹੁ, ਮੈਂ ਤਾਂ ਸਾਰੀ ਉਮਰ ਸੀਖਾਂ ਉਤੇ ਭੁੱਜਦੀ ਰਹੀ ਆਂ, ਮੇਰਾ ਦਿਲ ਜਾਣਦੈ, ਕਿੰਨਾ ਸੱਲ ਹੁੰਦੈ ਬਦਨਾਮੀ ਦੇ ਜੀਊਣ ਦਾ।”
“ਨੰਦ ਕੁਰੇ, ਤੂੰ ਬੜੀ ਮੈਂ ਛੋਟੀ…।” ਹਰ ਕੌਰ ਦੇ ਬੁੱਲ੍ਹ ਕੰਬਣ ਲੱਗੇ।
“ਮਾਹਾਂ ਮੋਠਾਂ `ਚ ਕੌਣ ਬੜਾ ਛੋਟਾ ਬੇਬੇ।”
“ਨੰਦ ਕੁਰੇ, ਅਸੀਂ ਤੇਰੇ ਨਾਲ ਬੜੀਆਂ ਕੀਤੀਆਂ!” ਹਰ ਕੌਰ ਵਰਗਾ ਨਿਮਾਣਾ ਅੱਜ ਕੋਈ ਨਹੀਂ ਸੀ।
“ਤੂੰ ਮੇਰਾ ਵਿਸਾਹ ਕਰ ਬੇਬੇ- ਤੂੰ ਮੈਨੂੰ ਆਪਣੀ ਜਾਣ- ਬੱਸ, ਤੂੰ ਮੈਨੂੰ ਆਪਣੀ ਜਾਣ……।” ਭਰੇ ਗਲੇ ਨਾਲ ਕਹਿੰਦਿਆਂ, ਨੰਦੀ, ਮੂੰਹ ਉਤੇ ਵਗ ਤੁਰੀਆਂ ਪਾਣੀ ਦੀਆਂ ਘਰਾਲਾਂ ਪੂੰਝਣ ਲੱਗੀ।
ਲੱਖ ਰੰਜੀਆਂ ਦੇ ਹੁੰਦਿਆਂ ਵੀ ਅਪਣਾਏ ਜਾਣ ਲਈ ਤਰਸਦੀ ਨੰਦੋ ਨੇ ਕਦੇ ਵਿਸਾਹਘਾਤ ਨਾ ਕੀਤਾ। ਵਿੱਚੋ ਵਿੱਚ ਸੁਲਘਦੀ ਗੱਲ ਭਾਵੇਂ ਸਾਰੇ ਪਿੰਡ ਵਿੱਚ ਫੈਲ ਚੁੱਕੀ ਸੀ; ਪਰ ਅਸ਼ਕੇ ਪਿੰਡ ਦੇ, ਜੋ ਕਿਸੇ ਨੇ ਵੀ ਧੁਖਦੀ ਨੂੰ ਹਵਾ ਦੇਣ ਦਾ ਜਤਨ ਕੀਤਾ ਹੋਵੇ। ਹਰ ਕਿਸੇ ਨੇ, ਵਾਹ ਲਗਦੀ, ਇਹ ਭੇਤ ਆਪਣੇ ਕੋਲ ਸਾਂਭਿਆ ਹੋਇਆ ਸੀ।
ਪੰਜਾਬੀ ਕਹਾਣੀਆਂ (ਮੁੱਖ ਪੰਨਾ) |