Bhagtan Di Vaar : Bhai Gurdas Ji

ਭਗਤਾਂ ਦੀ ਵਾਰ : ਭਾਈ ਗੁਰਦਾਸ ਜੀ

1

ਧ੍ਰੂ ਹਸਦਾ ਘਰ ਆਇਆ ਕਰ ਪਿਆਰ ਪਿਉ ਕੁਛੜ ਲੀਤਾ ॥
ਬਾਹੋਂ ਪਕੜ ਉਠਾਲਿਆ ਮਨ ਵਿਚ ਰੋਸ ਮਤ੍ਰੇਈ ਕੀਤਾ ॥
ਡੁਡਹੁਲਿਕਾ ਮਾਂ ਪੁਛੇ ਤੂੰ ਸਾਵਾਣੀ ਹੈ ਕਿ ਸਰੀਤਾ ॥
ਸਾਵਾਣੀ ਹਾਂ ਜਨਮ ਦੀ ਨਾਮ ਨ ਭਗਤੀ ਕਰਮ ਦ੍ਰਿੜੀਤਾ ॥
ਕਿਸ ਉਦੱਮ ਤੇ ਰਾਜ ਮਿਲੈ ਸਤ੍ਰੂ ਤੇ ਸਭ ਹੋਵਨ ਮੀਤਾ ॥
ਪਰਮੇਸ਼ਰ ਆਰਾਧੀਐ ਜਿੰਦੂ ਹੋਈਐ ਪਤਿਤ ਪੁਨੀਤਾ ॥
ਬਾਹਰ ਚਲਿਆ ਕਰਨ ਤਪ ਮਨ ਬੈਰਾਗੀ ਹੋਇ ਅਤੀਤਾ ॥
ਨਾਰਦਮੁਨਿ ਉਪਦੇਸ਼ਿਆ ਨਾਮ ਨਿਧਾਨ ਅਮਿਉਰਸ ਪੀਤਾ ॥
ਪਿਛਹੁ ਰਾਜੇ ਸਦਿਆ ਅਬਚਲ ਰਾਜ ਕਰਹੁ ਨਿਤ ਨੀਤਾ ॥
ਹਾਰ ਚਲੇ ਗੁਰਮੁਖ ਜਗ ਜੀਤਾ ॥1॥

2

ਘਰ ਹਰਨਾਖਸ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ ॥
ਪੜ੍ਹਨ ਪਠਾਯਾ ਚਾਟਸਾਲ ਪਾਂਧੇ ਚਿਤ ਹੋਆ ਅਹਿਲਾਦ ॥
ਸਿਮਰੈ ਮਨ ਵਿਚ ਰਾਮ ਨਾਮ ਗਾਵੈ ਸ਼ਬਦ ਅਨਾਹਦ ਨਾਦ ॥
ਭਗਤਿ ਕਰਨ ਸਭ ਚਾਟੜੇ ਪਾਂਧੇ ਹੋਇ ਰਹੇ ਵਿਸਮਾਦ ॥
ਰਾਜੇ ਪਾਸ ਰੂਆਇਆ ਦੋਖੀ ਦੈਂਤ ਵਧਾਇਆ ਵਾਦ ॥
ਜਲ ਅਗਨੀ ਵਿਚ ਘਤਿਆ ਜਲੈ ਨ ਡੁਬੈ ਗੁਰ ਪਰਸਾਦ ॥
ਕਢ ਖੜਗ ਸਦ ਪੁਛਿਆ ਕਉਣ ਸੁ ਤੇਰਾ ਹੈ ਉਸਤਾਦ ॥
ਥੰਮ ਪਾੜ ਪਰਗਟਿਆ ਨਰ ਸਿੰਘ ਰੂਪ ਅਨੂਪ ਅਨਾਦ ॥
ਬੇਮੁਖ ਪਕੜ ਪਛਾੜਿਅਨ ਸੰਤ ਸਹਾਈ ਆਦਿ ਜੁਗਾਦ ॥
ਜੈ ਜੈ ਕਾਰ ਕਰਨ ਬ੍ਰਹਮਾਦ ॥2॥

3

ਬਲਿ ਰਾਜਾ ਘਰਿ ਆਪਣੈ ਅੰਦਰ ਬੈਠਾ ਜਗ ਕਰਾਵੈ ॥
ਬਾਵਣ ਰੂਪੀ ਆਇਆ ਚਾਰ ਬੇਦ ਮੁਖ ਪਾਠ ਸੁਣਾਵੈ ॥
ਰਾਜੇ ਅੰਦਰ ਸਦਿਆ ਮੰਗ ਸੁਆਮੀ ਜੋ ਤੁਧ ਭਾਵੈ ॥
ਅਛਲ ਛਲਣ ਤੁਧੁ ਆਇਆ ਸ਼ੁਕ੍ਰ ਪਰੋਹਤ ਕਹਿ ਸਮਝਾਵੈ ॥
ਕਰੌ ਅਢਾਈ ਧਰਤਿ ਮੰਗ ਪਿਛਹੁੰ ਦੇ ਤ੍ਰਿਹੁ ਲੋਅ ਨ ਮਾਵੈ ॥
ਦੁਇ ਕਰਵਾ ਕਰ ਤਿੰਨ ਲੋਅ ਬਲਿਰਾਜਾ ਲੈ ਮਗਰੁ ਮਿਣਾਵੈ ॥
ਬਲ ਛਲ ਆਪ ਛਲਾਇਅਨ ਹੋਇ ਦਯਾਲ ਮਿਲੈ ਗਲ ਲਾਵੈ ॥
ਦਿਤਾ ਰਾਜ ਪਤਾਲ ਦਾ ਹੋਇ ਅਧੀਨ ਭਗਤ ਜਸ ਗਾਵੈ ॥
ਹੋਇ ਦਰਵਾਨ ਮਹਾਂ ਸੁਖੁ ਪਾਵੈ ॥3॥

4

ਅੰਬਰੀਕ ਮੁਹਿ ਵਰਤ ਹੈ ਰਾਤ ਪਈ ਦੁਰਬਾਸ਼ਾ ਆਯਾ ॥
ਭੀੜਾ ਓਸ ਉਪਾਰਣਾ ਉਹ ਉਠ ਨ੍ਹਾਵਣ ਨਦੀ ਸਿਧਾਯਾ ॥
ਚਰਣੋਦਕ ਲੈ ਪੋਖਿਆ ਓਹ ਸਰਾਪ ਦੇਣ ਨੋਂ ਧਾਯਾ ॥
ਚਕ੍ਰ ਸੁਦਰਸ਼ਨ ਕਾਲ ਰੂਪ ਹੋਇ ਭੀਹਾਵਲ ਗਰਬ ਗਵਾਯਾ ॥
ਬ੍ਰਾਹਮਣ ਭੰਨਾ ਜੀਉ ਲੈ ਰਖ ਨ ਹੰਘਨ ਦੇਵ ਸਬਾਯਾ ॥
ਇੰਦ੍ਰਲੋਕ ਸ਼ਿਵਲੋਕ ਤਜ ਬ੍ਰਹਮ ਲੋਕ ਬੈਕੁੰਠ ਤਜਾਯਾ ॥
ਦੇਵਤਿਆਂ ਭਗਵਾਨ ਸਣ ਸਿਖ ਦੇਇ ਸਭਨਾਂ ਸਮਝਾਯਾ ॥
ਆਇ ਪਇਆ ਸਰਨਾਗਤੀ ਮਾਰੀਦਾ ਅੰਬਰੀਕ ਛਡਾਯਾ ॥
ਭਗਤ ਵਛਲ ਜਗ ਬਿਰਦ ਸਦਾਯਾ ॥4॥

5

ਭਗਤ ਵਡਾ ਰਾਜਾ ਜਨਕ ਹੈ ਗੁਰਮੁਖ ਮਾਯਾ ਵਿਚ ਉਦਾਸੀ ॥
ਦੇਵ ਲੋਕ ਨੋਂ ਚਲਿਆ ਗਣ ਗੰਧਰਬ ਸਭਾ ਸੁਖਵਾਸੀ ॥
ਜਮਪੁਰ ਗਇਆ ਪੁਕਾਰ ਸੁਣ ਵਿਲਲਾਵਨ ਜੀ ਨਰਕ ਨਿਵਾਸੀ ॥
ਧਰਮਰਾਇ ਨੋ ਆਖਿਓਨੁ ਸਭਨਾ ਦੀ ਕਰ ਬੰਦ ਖਲਾਸੀ ॥
ਕਰੇ ਬੇਨਤੀ ਧਰਮਰਾਇ ਹਉ ਸੇਵਕ ਠਾਕੁਰ ਅਬਿਨਾਸੀ ॥
ਗਹਿਣੇ ਧਰਿਅਨੁ ਇਕ ਨਾਉਂ ਪਾਪਾਂ ਨਾਲ ਕਰੈ ਨਿਰਜਾਸੀ ॥
ਪਾਸੰਗ ਪਾਪ ਨ ਪੁਜਨੀ ਗੁਰਮੁਖ ਨਾਉਂ ਅਤੁਲ ਨ ਤੁਲਾਸੀ ॥
ਨਰਕਹੁੰ ਛੁਟੇ ਜੀਆ ਜੰਤ ਕਟੀ ਗਲਹੁ ਸਿਲਕ ਜਮਫਾਸੀ ॥
ਮੁਕਤਿ ਜੁਗਤਿ ਨਾਵੈਂ ਕੀ ਦਾਸੀ ॥5॥

6

ਸੁਖ ਰਾਜੇ ਹਰੀਚੰਦ ਘਰ ਨਾਰ ਸੁ ਤਾਰਾ ਲੋਚਨ ਰਾਣੀ ॥
ਸਾਧ ਸੰਗਤਿ ਮਿਲ ਗਾਂਵਦੇ ਰਾਤੀਂ ਜਾਇ ਸੁਣੈ ਗੁਰਬਾਣੀ ॥
ਪਿਛੋਂ ਰਾਜਾ ਜਾਗਿਆ ਅੱਧੀ ਰਾਤ ਨਿਖੰਡ ਵਿਹਾਣੀ ॥
ਰਾਣੀ ਦਿਸ ਨ ਆਵਈ ਮਨ ਵਿਚ ਵਰਤ ਗਈ ਹੈਰਾਣੀ ॥
ਹੋਰਤੁ ਰਾਤੀਂ ਉੱਠਕੈ ਚਲਿਆ ਪਿਛੈ ਤਰਲ ਜੁਆਣੀ ॥
ਰਾਣੀ ਪਹੁਤੀ ਸੰਗਤੀਂ ਰਾਜੇ ਖੜੀ ਖੜਾਂਉ ਨੀਸਾਣੀ ॥
ਸਾਧ ਸੰਗਤਿ ਆਰਾਧਿਆ ਜੋੜੀ ਜੁੜੀ ਖੜਾਉਂ ਪੁਰਾਣੀ ॥
ਰਾਜੇ ਡਿਠਾ ਚਲਿਤ ਇਹ ਖੜਾਂਵ ਹੈ ਚੋਜ ਵਿਡਾਣੀ ॥
ਸਾਧ ਸੰਗਤ ਵਿਟਹੁ ਕੁਰਬਾਣੀ ॥6॥

7

ਆਇਆ ਸੁਣਿਆ ਬਿਦਰ ਦੇ ਬੋਲੇ ਦੁਰਜੋਧਨ ਹੋਇ ਰੁਖਾ ॥
ਘਰ ਅਸਾਡੇ ਛੱਡਕੇ ਗੋਲੇ ਦੇ ਘਰ ਜਾਹਿ ਕਿ ਸੁਖਾ ॥
ਭੀਖਮ ਦ੍ਰੋਣਾ ਕਰਨ ਤਜ ਸਭਾ ਸੀਂਗਾਰ ਵਡੇ ਮਾਨੁਖਾ ॥
ਜੁਗੀ ਜਾਇ ਵਲਾਇਓਨ ਸਬਨਾਂ ਦੇ ਜੀਅ ਅੰਦਰ ਧੁਖਾ ॥
ਹਸ ਬੋਲੇ ਭਗਵਾਨ ਜੀ ਸੁਣਹੋ ਰਾਜਾ ਹੋਇ ਸਨਮੁਖਾ ॥
ਤੇਰੇ ਭਾਉ ਨ ਦਿਸਈ ਮੇਰੇ ਨਾਹੀਂ ਅਪਦਾ ਦੁਖਾ ॥
ਭਾਉ ਜਿਵੇਹਾ ਬਿਦਰ ਦੇ ਹੋਰੀ ਦੇ ਚਿਤ ਚਾਉ ਨ ਚੁਖਾ ॥
ਗੋਵਿੰਦ ਭਾਉ ਭਗਤ ਦਾ ਭੁਖਾ ॥7॥

8

ਅੰਦਰ ਸਭਾ ਦੁਸਾਸਨੈ ਮਥੈ ਵਾਲ ਦ੍ਰੋਪਤੀ ਆਂਦੀ ॥
ਦੂਤਾਂ ਨੋ ਫੁਰਮਾਇਆ ਨੰਗੀ ਕਰਹੁ ਪੰਚਾਲੀ ਬਾਂਦੀ ॥
ਪੰਜੇ ਪਾਂਡੋ ਵੇਖਦੇ ਅਉਘਟ ਰੁਧੀ ਨਾਰਿ ਜਿਨਾਂ ਦੀ ॥
ਅਖੀਂ ਮੀਟ ਧਿਆਨ ਧਰ ਹਾਹਾ ਕ੍ਰਿਸ਼ਨ ਕਰੇ ਵਿਲਲਾਂਦੀ ॥
ਕਪੜ ਕੋਟ ਉਸਾਰਿਓਨ ਥਕੇ ਦੂਤ ਨ ਪਾਰ ਵਸਾਂਦੀ ॥
ਹਥ ਮਰੋੜਨ ਸਿਰ ਧੁਣਨਿ ਪਛੋਤਾਨ ਕਰਨ ਜਾਹ ਜਾਂਦੀ ॥
ਘਰ ਆਈ ਠਾਕੁਰ ਮਿਲੇ ਪੈਜ ਰਹੀ ਬੋਲੇ ਸ਼ਰਮਾਂਦੀ ॥
ਨਾਥ ਅਨਾਥਾਂ ਬਾਣ ਧੁਰਾਂਦੀ ॥8॥

9

ਬਿਪ ਸੁਦਾਮਾ ਦਾਲਦੀ ਬਾਲ ਸਖਾਈ ਮਿਤ੍ਰ ਸਦਾਏ ॥
ਲਾਗੂ ਹੋਈ ਬਾਮ੍ਹਣੀ ਮਿਲ ਜਗਦੀਸ ਦਲਿਦ੍ਰ ਗਵਾਏ ॥
ਚਲਿਆ ਗਿਣਦਾ ਗਟੀਆਂ ਕਿਓਂ ਕਰ ਜਾਈਏ ਕੌਣ ਮਿਲਾਏ ॥
ਪਹੁਤਾ ਨਗਰ ਦੁਆਰਕਾ ਸਿੰਘ ਦੁਆਰ ਖਲੋਤਾ ਜਾਏ ॥
ਦੂਰਹੁੰ ਦੇਖ ਡੰਡਉਤ ਕਰ ਛੱਡ ਸਿੰਘਾਸਣ ਹਰਿ ਜੀ ਆਏ ॥
ਪਹਿਲੇ ਦੇ ਪਰਦਖਣਾ ਪੈਰੀਂ ਪੈ ਕੇ ਲੈ ਗਲ ਲਾਏ ॥
ਚਰਣੋਦਕ ਲੈ ਪੈਰ ਧੋਇ ਸ਼ਿੰਘਾਸਣ ਉਪਰ ਬੈਠਾਏ ॥
ਪੁਛੇ ਕੁਸਲ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਏ ॥
ਲੈਕੇ ਤੰਦਲ ਚਬਿਓਨ ਵਿਦਾ ਕਰੇ ਅਗੇ ਪਹੁਚਾਏ ॥
ਚਾਰ ਪਦਾਰਥ ਸਕੁਚ ਪਠਾਏ ॥9॥

10

ਪ੍ਰੇਮ ਭਗਤਿ ਜੈਦੇਉ ਕਰ ਗੀਤ ਗੋਬਿੰਦ ਸਹਜ ਧੁਨਿ ਗਾਵੈ ॥
ਲੀਲ੍ਹਾ ਚਲਿਤ ਵਖਾਣਦਾ ਅੰਤਰ ਜਾਮੀ ਠਾਕੁਰ ਭਾਵੈ ॥
ਅੱਖਰ ਇਕ ਨ ਆਵੜੈ ਪੁਸਤਕ ਬੰਨ ਸੰਧਿਆ ਕਰ ਆਵੈ ॥
ਗੁਣ ਨਿਧਾਨ ਘਰ ਆਇਕੈ ਭਗਤ ਰੂਪ ਲਿਖ ਲੇਖ ਬਨਾਵੈ ॥
ਅਖਰ ਪੜ੍ਹ ਪਰਤੀਤ ਕਰ ਹੁਇ ਵਿਸਮਾਦ ਨ ਅੰਗ ਸਮਾਵੈ ॥
ਵੇਖੇ ਜਾਇ ਉਜਾੜ ਵਿਚ ਬਿਰਖ ਇਕ ਆਚਰਜ ਸੁਹਾਵੈ ॥
ਗੀਤ ਗੋਬਿੰਦ ਸਪੂਰਣੋ ਪਤ ਪਤੁ ਲਿਖਿਆ ਅਮਤੁ ਨ ਪਾਵੈ ॥
ਭਗਤ ਹੇਤੁ ਪਰਗਾਸ ਕਰ ਹੋਇ ਦਇਆਲ ਮਿਲੈ ਗਲ ਲਾਵੈ ॥
ਸੰਤ ਅਨੰਤ ਨ ਭੇਦ ਗਣਾਵੈ ॥10॥

11

ਕੰਮ ਕਿਤੇ ਪਿਉ ਚਲਿਆ ਨਾਮਦੇਵ ਨੋਂ ਆਖ ਸਿਧਾਯਾ ॥
ਠਾਕੁਰ ਦੀ ਸੇਵਾ ਕਰੀਂ ਦੁਧ ਪੀਆਵਣ ਕਹਿ ਸਮਝਾਯਾ ॥
ਨਾਮਦੇਉ ਇਸ਼ਨਾਨ ਕਰ ਕਪਲ ਗਾਇ ਦੁਹਿਕੈ ਲੈ ਆਯਾ ॥
ਠਾਕੁਰ ਨੋਂ ਨ੍ਹਾਵਾਲਕੈ ਚਰਣੋਦਕ ਲੈ ਤਿਲਕ ਚੜ੍ਹਾਯਾ ॥
ਹਥ ਜੋੜ ਬਿਨਤੀ ਕਰੇ ਦੁਧ ਪੀਅਹੁ ਜੀ ਗੋਬਿੰਦ ਰਾਯਾ ॥
ਨਿਹਚਉ ਕਰ ਆਰਾਧਿਆ ਹੋਇ ਦਯਾਲ ਦਰਸ ਦਿਖਲਾਯਾ ॥
ਭਰੀ ਕਟੋਰੀ ਨਾਮਦੇਵ ਲੈ ਠਾਕੁਰ ਨੋਂ ਦੁਧ ਪੀਆਯਾ ॥
ਗਾਇ ਮੁਈ ਜੀਵਾਲੀਓਨ ਨਾਮਦੇਉ ਦਾ ਛਪਰ ਛਾਯਾ ॥
ਫੇਰ ਦੇਹੁਰਾ ਰੱਖਿਓਨ ਚਾਰ ਵਰਨ ਲੈ ਪੈਰੀਂ ਪਾਯਾ ॥
ਭਗਤ ਜਨਾਂ ਦਾ ਕਰੈ ਕਰਾਯਾ ॥11॥

12

ਦਰਸ਼ਣ ਵੇਖਣ ਨਾਮਦੇਵ ਭਲਕੇ ਉੱਠ ਤ੍ਰਿਲੋਚਨ ਆਵੈ ॥
ਭਗਤਿ ਕਰਨ ਮਿਲ ਦੁਇ ਜਣੇ ਨਾਮਦੇਉ ਹਰਿ ਚਲਤ ਸੁਣਾਵੈ ॥
ਮੇਰੀ ਭੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ ॥
ਠਾਕੁਰ ਜੀ ਨੋਂ ਪੁਛਿਓਸ ਦਰਸ਼ਨ ਕਿਵੈਂ ਤ੍ਰਿਲੋਚਨ ਪਾਵੈ ॥
ਹਸਕੈ ਠਾਕੁਰ ਬੋਲਿਆ ਨਾਮਦੇਉ ਨੋਂ ਕਹਿ ਸਮਝਾਵੈ ॥
ਹਥ ਨ ਆਵੈ ਭੇਟ ਸੋ ਤੁਸ ਤ੍ਰਿਲੋਚਨ ਮੈਂ ਮੁਹਿ ਲਾਵੈ ॥
ਹਉਂ ਅਧੀਨ ਹਾਂ ਭਗਤ ਦੇ ਪਹੁੰਚ ਨ ਹੰਘਾਂ ਭਗਤੀ ਦਾਵੈ ॥
ਹੋਇ ਵਿਚੋਲਾ ਆਣ ਮਿਲਾਵੈ ॥12॥

13

ਬਾਮ੍ਹਣ ਪੂਜੈ ਦੇਵਤੇ ਧੰਨਾ ਗਊ ਚਰਾਵਣ ਆਵੈ ॥
ਧੰਨੈ ਡਿਠਾ ਚਲਿਤ ਏਹ ਪੁਛੈ ਬਾਮ੍ਹਣ ਆਖ ਸੁਣਾਵੈ ॥
ਠਾਕੁਰ ਦੀ ਸੇਵਾ ਕਰੇ ਜੋ ਇਛੇ ਸੋਈ ਫਲ ਪਾਵੈ ॥
ਧੰਨਾ ਕਰਦਾ ਜੋਦੜੀ ਮੈਂ ਭਿ ਦੇਹ ਇਕ ਜੋ ਤੁਧ ਭਾਵੈ ॥
ਪੱਥਰ ਇਕ ਲਪੇਟ ਕਰ ਦੇ ਧੰਨੇ ਨੋਂ ਗੈਲ ਛੁਡਾਵੈ ॥
ਠਾਕੁਰ ਨੋਂ ਨ੍ਹਾਵਾਲਕੇ ਛਾਹਿ ਰੋਟੀ ਲੈ ਭੋਗ ਚੜ੍ਹਾਵੈ ॥
ਹਥ ਜੋੜ ਮਿੰਨਤ ਕਰੇ ਪੈਰੀਂ ਪੈ ਪੈ ਬਹੁਤ ਮਨਾਵੈ ॥
ਹਉਂ ਬੀ ਮੂੰਹ ਨ ਜੁਠਾਲਸਾਂ ਤੂੰ ਰੁਠਾ ਮੈਂ ਕਿਹੁ ਨ ਸੁਖਾਵੈ ॥
ਗੋਸਈਂ ਪਰਤੱਖ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ ॥
ਭੋਲਾ ਭਾਉ ਗੋਵਿੰਦ ਮਿਲਾਵੈ ॥13॥

14

ਗੁਰਮੁਖ ਬੇਣੀ ਭਗਤਿ ਕਰ ਜਾਇ ਇਕਾਂਤ ਬਹੈ ਲਿਵ ਲਾਵੈ ॥
ਕਰਮ ਕਰੈ ਅਧਿਆਤਮੀ ਹੋਰਸੁ ਕਿਸੈ ਨ ਅਜਰ ਲਖਾਵੈ ॥
ਘਰ ਆਯਾ ਜਾਂ ਪੁਛੀਐ ਰਾਜ ਦੁਆਰ ਗਇਆ ਆਲਾਵੈ ॥
ਘਰ ਸਭ ਵਥੂੰ ਮੰਗੀਅਨ ਵਲ ਛਲ ਕਰਕੈ ਝਤ ਲੰਘਾਵੈ ॥
ਵਡਾ ਸਾਂਗ ਵਰਤਦਾ ਓਹ ਇਕ ਮਨ ਪਰਮੇਸ਼ਰ ਧਿਆਵੈ ॥
ਪੈਜ ਸਵਾਰੈ ਭਗਤ ਦੀ ਰਾਜਾ ਹੋਇਕੈ ਘਰ ਚਲ ਆਵੈ ॥
ਦੇਇ ਦਿਲਾਸਾ ਤੁਸਕੈ ਅਨਗਣਤੀ ਖਰਚੀ ਪਹੁਚਾਵੈ ॥
ਓਥਹੁੰ ਆਯਾ ਭਗਤ ਪਾਸ ਹੋਇ ਦਿਆਲ ਹੇਤ ਉਪਜਾਵੈ ॥
ਭਗਤ ਜਨਾ ਜੈਕਾਰ ਕਰਾਵੈ ॥14॥

15

ਹੋਇ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ ॥
ਅੰਮ੍ਰਿਤ ਵੇਲੇ ਉਠਕੇ ਜਾਂਦਾ ਗੰਗਾ ਨ੍ਹਾਵਣ ਤਾਈ ॥
ਅਗੋਂ ਹੀ ਦੇ ਜਾਇਕੇ ਲੰਮਾ ਪਿਆ ਕਬੀਰ ਤਿਥਾਈ ॥
ਪੈਰੀਂ ਟੁੰਬ ਉਠਾਲਿਆ ਬੋਲਹੁ ਰਾਮ ਸਿਖ ਸਮਝਾਈ ॥
ਜਿਉਂ ਲੋਹਾ ਪਾਰਸ ਛੁਹੇ ਚੰਦਨ ਵਾਸ ਨਿੰਮ ਮਹਿਕਾਈ ॥
ਪਸੂ ਪਰੇਤਹੁੰ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ ॥
ਅਚਰਜ ਨੋ ਅਚਰਜ ਮਿਲੈ ਵਿਸਮਾਦੇ ਵਿਸਮਾਦ ਮਿਲਾਈ ॥
ਝਰਣਾ ਝਰਦਾ ਨਿਝਰਹੁੰ ਗੁਰਮੁਖ ਬਾਣੀ ਅਘੜ ਘੜਾਈ ॥
ਰਾਮ ਕਬੀਰੈ ਭੇਦ ਨ ਭਾਈ ॥15॥

16

ਸੁਣ ਪਰਤਾਪ ਕਬੀਰ ਦਾ ਦੂਜਾ ਸਿਖ ਹੋਆ ਸੈਣ ਨਾਈ ॥
ਪ੍ਰੇਮ ਭਗਤਿ ਰਾਤੀਂ ਕਰੈ ਭਲਕੇ ਰਾਜ ਦੁਆਰੈ ਜਾਈ ॥
ਆਏ ਸੰਤ ਪਰਾਹੁਣੇ ਕੀਰਤਨ ਹੋਆ ਰੈਣ ਸਬਾਈ ॥
ਛਡ ਨ ਸਕੈ ਸੰਤ ਜਨ ਰਾਜ ਦੁਆਰ ਨ ਸੇਵ ਕਮਾਈ ॥
ਸੈਣ ਰੂਪ ਹਰਿ ਹੋਇਕੈ ਆਇਆ ਰਾਣੇ ਨੋਂ ਰੀਝਾਈ ॥
ਸਾਧ ਜਨਾਂ ਨੋਂ ਵਿਦਾ ਕਰ ਰਾਜਦੁਆਰ ਗਇਆ ਸ਼ਰਮਾਈ ॥
ਰਾਣੇ ਦੂਰਹੁੰ ਸਦਕੈ ਗਲਹੁੰ ਕਵਾਇ ਖੋਲ੍ਹ ਪੈਨ੍ਹਾਈ ॥
ਵਸ ਕੀਤਾ ਹਉਂ ਤੁਧ ਅਜ ਬੋਲੈ ਰਾਜਾ ਸੁਣੈ ਲੁਕਾਈ ॥
ਪਰਗਟ ਕਰੈ ਭਗਤ ਵਡਿਆਈ ॥16॥

17

ਭਗਤ ਭਗਤ ਜਗ ਵਜਿਆ ਚਹੁੰ ਚਕਾਂ ਦੇ ਵਿਚ ਚਮਰੇਟਾ ॥
ਪਾਣਾ ਗੰਢੇ ਰਾਹ ਵਿਚ ਕੁਲਾ ਧਰਮ ਢੋਇ ਢੋਰ ਸਮੇਟਾ ॥
ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ ॥
ਚਹੁੰ ਵਰਨਾਂ ਉਪਦੇਸ਼ ਦਾ ਗਯਾਨ ਧਯਾਨ ਕਰ ਭਗਤ ਸਹੇਟਾ ॥
ਨ੍ਹਾਵਣ ਆਯਾ ਸੰਗ ਮਿਲ ਬਾਨਾਰਸ ਕਰ ਗੰਗਾ ਥੇਟਾ ॥
ਕਢ ਕਸੀਰਾ ਸਉਂਪਿਆ ਰਵਿਦਾਸੈ ਗੰਗਾ ਦੀ ਭੇਟਾ ॥
ਲਗਾ ਪੁਰਬ ਅਭੀਚ ਦਾ ਡਿਠਾ ਚਲਿਤ ਅਚਰਜ ਆਮੇਟਾ ॥
ਲਇਆ ਕਸੀਰਾ ਹਥ ਕਢ ਸੂਤ ਇਕ ਜਿਉਂ ਤਾਣਾ ਪੇਟਾ ॥
ਭਗਤ ਜਨਾਂ ਹਰਿ ਮਾਂ ਪਿਉ ਬੇਟਾ ॥17॥

18

ਗੋਤਮ ਨਾਰ ਅਹਿਲਿਆ ਤਿਸਨੋਂ ਦੇਖ ਇੰਦ੍ਰ ਲੋਭਾਣਾ ॥
ਪਰ ਘਰ ਜਾਇ ਸਰਾਪ ਲੈ ਹੋਇ ਸਹਸ ਭਗ ਪਛੋਤਾਣਾ ॥
ਸੁੰਞਾ ਹੋਆ ਇੰਦ੍ਰਲੋਕ ਲੁਕਿਆ ਸਰਵਰ ਮਨ ਸ਼ਰਮਾਣਾ ॥
ਸਹਸ ਭਗਹੁ ਲੋਇਣ ਸਹਸ ਲੈਂਦੋਈ ਇੰਦ੍ਰਪੁਰੀ ਸਿਧਾਣਾ ॥
ਸਤੀ ਸਤਹੁੰ ਟਲ ਸਿਲਾ ਹੋਇ ਨਦੀ ਕਿਨਾਰੇ ਬਾਝ ਪਰਾਣਾ ॥
ਰਘੁਪਤਿ ਚਰਣ ਛੁਹੰਦਿਆ ਚਲੀ ਸੁਰਗਪੁਰ ਬਣੇ ਬਿਬਾਣਾ ॥
ਭਗਤ ਵਛਲ ਭਲਯਾਈਅਹੁੰ ਪਤਿਤ ਉਧਾਰਣ ਪਾਪ ਕਮਾਣਾ ॥
ਗੁਣਨੋਂ ਗੁਣ ਸਭਕੋ ਕਰੈ ਅਉਗਣ ਕੀਤੇ ਗੁਣ ਤਿਸ ਜਾਣਾ ॥
ਅਵਿਗਤ ਗਤਿ ਕਿਆ ਆਖ ਵਖਾਣਾ ॥18॥

19

ਵਾਟੇ ਮਾਣਸ ਮਾਰਦਾ ਬੈਠਾ ਬਾਲਮੀਕ ਬਟਵਾੜਾ ॥
ਪੂਰਾ ਸਤਿਗੁਰ ਸੇਵਿਆ ਮਨ ਵਿਚ ਹੋਆ ਖਿੰਜੋਤਾੜਾ ॥
ਮਾਰਣ ਨੋਂ ਲੋਚੈ ਘਣਾ ਕਢ ਨ ਹੰਘੈ ਹੱਥ ਉਘਾੜਾ ॥
ਸਤਿਗੁਰ ਮਨੂਆ ਰਖਿਆ ਹੋਇ ਨ ਆਵੈ ਉਛੋਹਾੜਾ ॥
ਅਉਗਣ ਸਭ ਪਰਗਾਸਿਅਨੁ ਰੋਜ਼ਗਾਰੁ ਹੈ ਇਹ ਅਸਾੜਾ ॥
ਘਰ ਵਿਚ ਪੁਛਣ ਘਲਿਆ ਅੰਤਕਾਲ ਹੈ ਕੋਇ ਅਸਾੜਾ ॥
ਕੋੜਮੜਾ ਚਉਖੰਨੀਐ ਕੋਇ ਨ ਬੇਲੀ ਕਰਦੇ ਝਾੜਾ ॥
ਸਚ ਦ੍ਰਿੜਾਇ ਉਧਾਰਿਅਨੁ ਟਪ ਨਿਕਥਾ ਉਪਰ ਵਾੜਾ ॥
ਗੁਰਮੁਖ ਲੰਘੇ ਪਾਪ ਪਹਾੜਾ ॥19॥

20

ਪਤਿਤ ਅਜਾਮਲ ਪਾਪ ਕਰ ਜਾਇ ਕਲਾਵਤਣੀ ਦੇ ਰਹਿਆ ॥
ਗੁਰ ਤੇ ਬੇਮੁਖ ਹੋਇਕੈ ਪਾਪ ਕਮਾਵੇ ਦੁਰਮਤਿ ਦਹਿਆ ॥
ਬ੍ਰਿਥਾ ਜਨਮ ਗਵਾਇਅਨੁ ਭਵਜਲ ਅੰਦਰ ਫਿਰਦਾ ਵਹਿਆ ॥
ਛਿਅ ਪੁਤ ਜਾਏ ਵੇਸਵਾ ਪਾਪਾਂ ਦੇ ਫਲ ਇਛੇ ਲਹਿਆ ॥
ਪੁਤ੍ਰ ਉਪੰਨਾ ਸਤਵਾਂ ਨਾਉਂ ਧਰਣ ਨੋਂ ਚਿਤ ਉਮਹਿਆ ॥
ਗੁਰੂ ਦੁਆਰੈ ਜਾਇਕੈ ਗੁਰਮੁਖ ਨਾਉਂ ਨਰਾਇਣ ਕਹਿਆ ॥
ਅੰਤਕਾਲ ਜਮਦੂਤ ਵੇਖ ਪੁਤ ਨਰਾਇਣ ਬੋਲੈ ਛਹਿਆ ॥
ਜਮਗਣ ਮਾਰੇ ਹਰਿਜਨਾਂ ਗਇਆ ਸੁਰਗ ਜਮ ਡੰਡ ਨ ਸਹਿਆ ॥
ਨਾਇ ਲਏ ਦੁਖ ਡੇਰਾ ਢਹਿਆ ॥20॥

21

ਗਨਕਾ ਪਾਪਨ ਹੋਇਕੈ ਪਾਪਾਂ ਦਾ ਗਲ ਹਾਰ ਪਰੋਤਾ ॥
ਮਹਾਂ ਪੁਰਖ ਅਚਾਣਚਕ ਗਣਕਾ ਵਾੜੇ ਆਇ ਖਲੋਤਾ ॥
ਦੁਰਮਤਿ ਦੇਖ ਦਇਆਲ ਹੋਇ ਹਥਹੁੰ ਉਸਨੋਂ ਦਿਤੋਸੁ ਤੋਤਾ ॥
ਰਾਮ ਨਾਮ ਉਪਦੇਸ ਕਰ ਖੇਲ ਗਿਆ ਦੇ ਵਣਜ ਸਉਤਾ ॥
ਲਿਵ ਲਾਗੀ ਤਿਸ ਤੋਤਿਅਹੁੰ ਨਿਤ ਪੜ੍ਹਾਏ ਕਰੈ ਅਸੋਤਾ ॥
ਪਤਿਤ ਉਧਾਰਣ ਰਾਮ ਨਾਮ ਦੁਰਮਤਿ ਪਾਪ ਕਲੇਵਰ ਧੋਤਾ ॥
ਅੰਤਕਾਲ ਜਮ ਜਾਲ ਤੋੜ ਨਰਕੈ ਵਿਚ ਨ ਖਾਧੁਸ ਗੋਤਾ ॥
ਗਈ ਬੈਕੁੰਠ ਬਿਬਾਣ ਚੜ੍ਹ ਨਾਉ ਨਾਰਾਇਣ ਛੋਤ ਅਛੋਤਾ ॥
ਥਾਉਂ ਨਿਥਾਵੇਂ ਮਾਣ ਮਣੋਤਾ ॥21॥

22

ਆਈ ਪਾਪਣਿ ਪੂਤਨਾਂ ਦੁਹੀਂ ਥਣੀਂ ਵਿਹੁ ਲਾਇ ਵਹੇਲੀ ॥
ਆਇ ਬੈਠੀ ਪਰਵਾਰ ਵਿਚ ਨੇਹੁੰ ਲਾਇ ਨਵਹਾਣਿ ਨਵੇਲੀ ॥
ਕੁਛੜ ਲਏ ਗੋਬਿੰਦ ਰਾਇ ਕਰਿ ਚੇਟਕ ਚਤੁਰੰਗ ਮਹੇਲੀ ॥
ਮੋਹਣ ਮੌਮੇ ਪਾਇਓਨ ਬਾਹਰ ਆਈ ਗਰਬ ਗਹੇਲੀ ॥
ਦੇਹ ਵਧਾਇ ਉਚਾਇਨੁ ਤਿਹ ਚਰਿਆਰ ਨਾਰ ਅਠਖੇਲੀ ॥
ਤਿਹ ਲੋਆਂ ਦਾ ਭਾਰ ਦੇ ਚੰਮੜਿਆ ਗਲ ਹੋਇ ਦੁਹੇਲੀ ॥
ਖਾਇ ਪਛਾੜ ਪਹਾੜ ਵਾਂਗ ਜਾਇ ਪਈ ਓਜਾੜ ਧਕੇਲੀ ॥
ਕੀਤੀ ਮਾਊ ਤੁਲ ਸਹੇਲੀ ॥22॥

23

ਜਾਇ ਸੁਤਾ ਪਰਭਾਸ ਵਿਚ ਗੋਡੇ ਉਤੇ ਪੈਰ ਪਸਾਰੇ ॥
ਚਰਣ ਕਮਲ ਵਿਚ ਪਦਮ ਹੈ ਝਿਲਮਿਲ ਝਲਕੈ ਵਾਂਗੀ ਤਾਰੇ ॥
ਬੱਧਕ ਆਯਾ ਭਾਲਦਾ ਮਿਰਗੈ ਜਾਣ ਬਾਣ ਲੈ ਮਾਰੇ ॥
ਦਰਸ਼ਨ ਡਿਠੋਸੁ ਜਾਇਕੈ ਕਰਨ ਪਲਾਵ ਕਰੈ ਪੂਕਾਰੇ ॥
ਗਲ ਵਿਚ ਲੀਤਾ ਕ੍ਰਿਸ਼ਨ ਜੀ ਅਵਗੁਣ ਕੀਤੇ ਹਰ ਨ ਚਿਤਾਰੇ ॥
ਕਰ ਕਿਰਪਾ ਸੰਤੋਖਿਆ ਪਤਿਤ ਉਧਾਰਣ ਬਿਰਧ ਬੀਚਾਰੇ ॥
ਭਲੇ ਭਲੇ ਕਰ ਮੰਨੀਅਨਿ ਬੁਰਿਆਂ ਦੇ ਹਰਿ ਕਾਜ ਸਵਾਰੇ ॥
ਪਾਪ ਕਰੰਦੇ ਪਤਿਤ ਉਧਾਰੇ ॥23॥10॥

  • ਮੁੱਖ ਪੰਨਾ : ਕਾਵਿ ਰਚਨਾਵਾਂ, ਭਾਈ ਗੁਰਦਾਸ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ