Bhagat Ramanand Ji

ਭਗਤ ਰਾਮਾਨੰਦ ਜੀ

ਭਗਤ ਰਾਮਾਨੰਦ ਜੀ (੧੩੬੬-੧੪੬੭) ਨੂੰ ਸਵਾਮੀ ਰਾਮਾਨੰਦ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ । ਉਨ੍ਹਾਂ ਦੇ ਜਨਮ ਅਤੇ ਜਨਮ-ਸਥਾਨ ਬਾਰੇ ਵਿਦਵਾਨਾਂ ਦੀ ਵੱਖ-ਵੱਖ ਰਾਇ ਹੈ । ਕਈ ਉਨ੍ਹਾਂ ਨੂੰ ਦੱਖਣੀ ਭਾਰਤ ਦਾ ਜੰਮਪਲ ਮੰਨਦੇ ਹਨ ਅਤੇ ਕਈ ਉੱਤਰੀ ਭਾਰਤ ਦਾ । ਕਈ ਉਨ੍ਹਾਂ ਦਾ ਜਨਮ ਕਾਸ਼ੀ ਵਿਖੇ ਹੋਇਆ ਮੰਨਦੇ ਹਨ, ਕਈ ਪ੍ਰਯਾਗ (ਅਲਾਹਾਬਾਦ) । ਉਨ੍ਹਾਂ ਦੇ ਪਿਤਾ ਦਾ ਨਾਂ ਭੂਰਿ ਕਰਮਾ ਜਾਂ ਸਦਨ ਸ਼ਰਮਾ ਅਤੇ ਮਾਂ ਦਾ ਨਾਂ ਸੁਸ਼ੀਲਾ ਮੰਨਿਆਂ ਜਾਂਦਾ ਹੈ । ਆਪ ਅਚਾਰੀਆ ‘ਰਾਮਾਨੁਜ’ ਜੀ ਦੁਆਰਾ ਚਲਾਈ ਗਈ ‘ਸ੍ਰੀ ਸੰਪਰਦਾ’ ਦੇ ਉੱਘੇ ਪ੍ਰਚਾਰਕ ਸਵਾਮੀ ‘ਰਾਘਵਾਨੰਦ’ ਦੇ ਚੇਲੇ ਸਨ । ਆਮ ਧਾਰਣਾ ਮੁਤਾਬਿਕ ਪਹਿਲਾਂ ਉਹ ਸਰਗੁਣ ਬ੍ਰਹਮ ਦੇ ਉਪਾਸ਼ਕ ਸਨ ਤੇ ਬਾਅਦ ਵਿੱਚ ਨਿਰਗੁਣ ਦੀ ਉਪਾਸਨਾ ਕਰਨ ਲੱਗੇ ।ਉਨ੍ਹਾਂ ਨੇ ਦੱਖਣੀ ਭਾਰਤ ਤੋਂ ਸ਼ੁਰੂ ਹੋਈ ਭਗਤੀ ਲਹਿਰ ਨੂੰ ਉੱਤਰੀ ਭਾਰਤ ਵਿੱਚ ਫੈਲਾਇਆ । ਉਹ ਬ੍ਰਾਹਮਣ ਪਰਿਵਾਰ ਵਿੱਚ ਪੈਦਾ ਹੋ ਕੇ ਵੀ ਬ੍ਰਾਹਮਣਵਾਦੀ ਧਾਰਨਾਂ ਦੀ ਸੋਚ ਦੇ ਧਾਰਨੀ ਨਹੀਂ ਸਨ ।ਉਨ੍ਹਾਂ ਨੇ ਔਰਤਾਂ ਅਤੇ ਪਛੜੀਆਂ ਜਾਤੀਆਂ ਲਈ ਵੀ ਭਗਤੀ ਦੇ ਬੂਹੇ ਖੋਲ੍ਹ ਦਿੱਤੇ। ਉਨ੍ਹਾਂ ਨੇ ਸੰਸਕ੍ਰਿਤ ਦੀ ਥਾਂ ਹਿੰਦੀ ਸਧੂਕੜੀ ਭਾਸ਼ਾ ਰਾਹੀਂ ਆਪਣਾ ਪ੍ਰਚਾਰ ਕੀਤਾ। ਸੰਸਕ੍ਰਿਤ ਵਿੱਚ ਆਪ ਦੇ ਨਾਂ ਤੇ ਕਈ ਰਚਨਾਵਾਂ ਮਿਲਦੀਆਂ ਹਨ ।ਉਨ੍ਹਾਂ ਦੀਆਂ ਰਚਨਾਵਾਂ ਵਿੱਚ ਵੈਸ਼ਣਵਮਤਾਬਜ ਭਾਸਕਰ, ਸ੍ਰੀ ਰਾਮਾਚਰਣ ਪੱਧਤੀ ਸ਼ਾਮਿਲ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦਾ ਇੱਕ 'ਸ਼ਬਦ ਬਸੰਤ ਰਾਗ ਵਿੱਚ ਦਰਜ ਹੈ। ਆਪਦੇ ਚੇਲਿਆਂ ਵਿੱਚੋਂ ਮੁੱਖ ਭਗਤ ਕਬੀਰ ਜੀ, ਭਗਤ ਰਵੀਦਾਸ ਜੀ, ਭਗਤ ਪੀਪਾ ਜੀ, ਭਗਤ ਸੈਣ ਜੀ ਤੇ ਭਗਤ ਧੰਨਾ ਜੀ ਹਨ ।

ਸ਼ਬਦ ਭਗਤ ਰਾਮਾਨੰਦ ਜੀ

1. ਕਤ ਜਾਈਐ ਰੇ ਘਰ ਲਾਗੋ ਰੰਗੁ

ਰਾਮਾਨੰਦ ਜੀ ਘਰੁ ੧ ੴ ਸਤਿਗੁਰ ਪ੍ਰਸਾਦਿ ॥
ਕਤ ਜਾਈਐ ਰੇ ਘਰ ਲਾਗੋ ਰੰਗੁ ॥
ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥
ਏਕ ਦਿਵਸ ਮਨ ਭਈ ਉਮੰਗ ॥
ਘਸਿ ਚੰਦਨ ਚੋਆ ਬਹੁ ਸੁਗੰਧ ॥
ਪੂਜਨ ਚਾਲੀ ਬ੍ਰਹਮ ਠਾਇ ॥
ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥
ਜਹਾ ਜਾਈਐ ਤਹ ਜਲ ਪਖਾਨ ॥
ਤੂ ਪੂਰਿ ਰਹਿਓ ਹੈ ਸਭ ਸਮਾਨ ॥
ਬੇਦ ਪੁਰਾਨ ਸਭ ਦੇਖੇ ਜੋਇ ॥
ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥
ਸਤਿਗੁਰ ਮੈ ਬਲਿਹਾਰੀ ਤੋਰ ॥
ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥
ਰਾਮਾਨੰਦ ਸੁਆਮੀ ਰਮਤ ਬ੍ਰਹਮ ॥
ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥1195॥

(ਕਤ=ਹੋਰ ਕਿੱਥੇ? ਰੇ=ਹੇ ਭਾਈ! ਰੰਗੁ=ਮੌਜ,
ਘਰ=ਹਿਰਦੇ-ਰੂਪ ਘਰ ਵਿਚ ਹੀ, ਨ ਚਲੈ=
ਭਟਕਦਾ ਨਹੀਂ ਹੈ, ਪੰਗੁ=ਪਿੰਗਲਾ, ਦਿਵਸ=
ਦਿਨ, ਉਮੰਗ=ਚਾਹ,ਤਾਂਘ, ਘਸਿ=ਘਸਾ ਕੇ,
ਚੋਆ=ਅਤਰ, ਬਹੁ=ਕਈ, ਸੁਗੰਧ=ਸੁਗੰਧੀਆਂ,
ਬ੍ਰਹਮ ਠਾਇ=ਠਾਕੁਰ ਦੁਆਰੇ, ਜੋਇ=ਖੋਜ ਕੇ,
ਤਹ=ਉਥੇ, ਜਲ ਪਖਾਨ=(ਤੀਰਥਾਂ ਤੇ) ਪਾਣੀ,
(ਮੰਦਰਾਂ ਵਿਚ) ਪੱਥਰ, ਸਮਾਨ=ਇੱਕੋ ਜਿਹਾ,
ਊਹਾਂ=ਤੀਰਥਾਂ ਤੇ ਮੰਦਰਾਂ ਵਲ, ਤਉ=ਤਾਂ ਹੀ,
ਜਉ=ਜੇ, ਈਹਾਂ=ਇਥੇ ਹਿਰਦੇ ਵਿਚ, ਬਲਿਹਾਰੀ
ਤੋਰ=ਤੈਥੋਂ ਸਦਕੇ, ਜਿਨਿ=ਜਿਸ ਨੇ, ਬਿਕਲ=
ਕਠਨ, ਭ੍ਰਮ=ਵਹਿਮ,ਭੁਲੇਖੇ, ਮੋਰ=ਮੇਰੇ,
ਰਾਮਾਨੰਦ ਸੁਆਮੀ=ਰਾਮਾਨੰਦ ਦਾ ਪ੍ਰਭੂ,
ਰਮਤ=ਸਭ ਥਾਂ ਮੌਜੂਦ ਹੈ, ਕੋਟਿ=ਕ੍ਰੋੜਾਂ,
ਕਰਮ=(ਕੀਤੇ ਹੋਏ ਮੰਦੇ) ਕੰਮ)