Barah Maha Maanjh : Guru Arjan Dev Ji

ਬਾਰਹ ਮਾਹਾ ਮਾਂਝ : ਗੁਰੂ ਅਰਜਨ ਦੇਵ ਜੀ

ਬਾਰਹ ਮਾਹਾ

ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥
ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥
ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥
ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥
ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ॥
ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥
ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ ॥
ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ॥
ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ॥
ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ ॥੧॥

(ਕਿਰਤਿ=ਕਮਾਈ, ਕੇ=ਅਨੁਸਾਰ, ਰਾਮ=ਹੇ ਪ੍ਰਭੂ,
ਕੁੰਟ=ਕੂਟ,ਪਾਸਾ, ਦਹਦਿਸ=ਦਸ ਪਾਸੇ, (ਉੱਤਰ,
ਪੱਛਮ, ਦੱਖਣ, ਪੂਰਬ, ਚਾਰ ਨੁੱਕਰਾਂ, ਉਪਰਲਾ
ਪਾਸਾ, ਹੇਠਲਾ ਪਾਸਾ), ਸਾਮ=ਸਰਨ, ਧੇਨੁ=ਗਾਂ,
ਬਾਹਰੀ=ਬਿਨਾ, ਸਾਖ=ਖੇਤੀ,ਫ਼ਸਲ, ਦਾਮ=ਪੈਸੇ,
ਨਾਹ=ਖਸਮ, ਕਤ=ਕਿਵੇਂ,ਕਿਥੇ, ਬਿਸਰਾਮ=ਸੁਖ,
ਜਿਤੁ ਘਰਿ=ਜਿਸ ਹਿਰਦੇ-ਘਰ ਵਿਚ, ਭਠਿ=ਤਪਦੀ
ਭੱਠੀ, ਸੇ=ਵਰਗੇ, ਗ੍ਰਾਮ=ਪਿੰਡ, ਸ੍ਰਬ=ਸਾਰੇ, ਤੰਬੋਲ=
ਪਾਨ ਦੇ ਬੀੜੇ, ਸਣੁ=ਸਣੇ,ਸਮੇਤ, ਦੇਹੀ=ਸਰੀਰ,
ਖਾਮ=ਕੱਚੇ,ਵਿਅਰਥ, ਸਭਿ=ਸਾਰੇ, ਜਾਮ=ਜਮ,
ਜਿੰਦ ਦੇ ਵੈਰੀ, ਸੰਗਿ=ਨਾਲ, ਧਾਮ=ਟਿਕਾਣਾ)


ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥
ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥
ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ ॥
ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ ॥
ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ ॥
ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ ॥
ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ ॥
ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥
ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ॥੨॥

(ਘਣਾ=ਬਹੁਤ, ਰਸਨਾ=ਜੀਭ, ਭਣਾ=ਉਚਾਰਨ,
ਜਿਨਿ=ਜਿਸ ਮਨੁੱਖ ਨੇ, ਤਿਸਹਿ=ਉਸ ਨੂੰ, ਆਏ
ਗਣਾ=ਆਇਆ ਸਮਝੋ, ਜਣਾ=ਜਾਣੋ, ਮਹੀਅਲਿ=
ਮਹੀ ਤਲਿ,ਧਰਤੀ ਦੇ ਤਲ ਉੱਤੇ, ਆਕਾਸ਼ ਵਿਚ,
ਮਣਾ=ਮਣਾ-ਮੂੰਹੀਂ,ਬਹੁਤ, ਕੰਉ=ਨੂੰ, ਮਨਾ=ਮਨ
ਵਿਚ, ਤਿਸ ਕੈ ਪਾਇ=ਉਸ ਮਨੁੱਖ ਦੇ ਪੈਰੀਂ,
ਲਗਾ=ਲੱਗਾਂ,ਮੈਂ ਲੱਗਦਾ ਹਾਂ)


ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥
ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥
ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥
ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥
ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥
ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥
ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥
ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥
ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥

(ਕਿਉ ਧੀਰਨਿ=ਕਿਵੇਂ ਧੀਰਜ ਕਰਨ, ਵਾਢੀਆ=
ਪਤੀ ਤੋਂ ਵਿੱਛੁੜੀਆਂ ਹੋਈਆਂ, ਪ੍ਰੇਮ ਬਿਛੋਹੁ=ਪ੍ਰੇਮ
ਦੀ ਅਣਹੋਂਦ, ਮਾਇਆ ਧੋਹੁ=ਧੋਹ ਰੂਪ ਮਾਇਆ,
ਕਲਤ੍ਰ=ਇਸਤ੍ਰੀ, ਪਲਚਿ=ਉਲਝ ਕੇ, ਸਗਲੀ=ਸਾਰੀ
ਸ੍ਰਿਸ਼ਟੀ, ਧੰਧੈ ਮੋਹੁ=ਧੰਧੇ ਦਾ ਮੋਹ, ਖੋਹਿ ਲਈਅਹਿ=
ਖੋਹੇ ਜਾਂਦੇ ਹਨ, ਆਗੈ=ਪਹਿਲਾਂ ਹੀ, ਦਯੁ=ਪਿਆਰਾ
ਪ੍ਰਭੂ, ਵਿਗੁਚਣਾ=ਖ਼ੁਆਰ ਹੋਈਦਾ ਹੈ, ਸੋਇ=ਸੋਭਾ,
ਪਰਾਪਤਿ ਹੋਇ=ਜਿਸ ਨਾਲ ਮੇਰੇ ਦਿਲ ਦੀ ਰੀਝ ਪੂਰੀ
ਹੋ ਜਾਏ, ਭੇਟੈ=ਮਿਲਿ ਪਏ)


ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥
ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥
ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ ॥
ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥
ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥
ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ ॥
ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ ॥
ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ॥
ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥੪॥

(ਹਰਿ ਜੁੜੰਦਾ ਲੋੜੀਐ=ਪ੍ਰਭੂ ਚਰਨਾਂ ਵਿਚ ਜੁੜਨਾ
ਚਾਹੀਦਾ ਹੈ, ਸਭਿ=ਸਾਰੇ ਜੀਵ, ਨਿਵੰਨਿ=ਨਿਊਂਦੇ
ਹਨ, ਸਜਣ ਦਾਵਣਿ=ਸੱਜਣ ਦੇ ਦਾਮਨ ਵਿਚ,ਪੱਲੇ
ਵਿਚ, ਕਿਸੈ...ਬੰਨਿ=ਕਿਸੇ ਨੂੰ ਬੰਨ੍ਹਣ ਨਹੀਂ ਦੇਂਦਾ,
ਰੰਗ ਜੇਤੇ=ਜਿਤਨੇ ਭੀ ਰੰਗ ਹਨ, ਨਾਰਾਇਣੈ=
ਪਰਮਾਤਮਾ ਦੇ, ਭਾਵੰਨਿ=ਪਿਆਰੇ ਲੱਗਦੇ ਹਨ,
ਕਰੰਨਿ=ਕਰਦੇ ਹਨ, ਕਹੀਅਹਿ=ਕਹੇ ਜਾਂਦੇ ਹਨ,
ਵਿੱਛੁੜਿ=ਪ੍ਰਭੂ ਤੋਂ ਵਿਛੁੜ ਕੇ, ਸਾਧੂ ਸੰਗੁ=ਗੁਰੂ ਦਾ
ਸਾਥ, ਤਿਸੁ=ਉਸ ਮਨੁੱਖ ਨੂੰ, ਜਿਸ ਕੈ ਮਥੰਨਿ=
ਜਿਸ ਦੇ ਮੱਥੇ ਉੱਤੇ)


ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥
ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥
ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥
ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥
ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥
ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥
ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ॥
ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥
ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥੫॥

(ਨਾਹੁ=ਖਸਮ, ਜਗ ਜੀਵਨ ਪੁਰਖੁ=ਜਗਤ ਦਾ
ਸਹਾਰਾ ਪ੍ਰਭੂ, ਸੰਦੀ=ਦੀ, ਦੁਯੈ ਭਾਇ=ਪ੍ਰਭੂ ਤੋਂ
ਬਿਨਾ ਕਿਸੇ ਦੂਜੇ ਪਿਆਰ ਵਿਚ, ਵਿਗੁਚੀਐ=
ਖ਼ੁਆਰ ਹੋਈਦਾ ਹੈ, ਲੁਣੈ=ਵੱਢਦਾ ਹੈ, ਰੈਣਿ=
ਰਾਤ,ਉਮਰ, ਕੌ=ਨੂੰ, ਭੇਟੀਐ=ਮਿਲਦਾ ਹੈ,
ਸਾਧੂ=ਗੁਰੂ, ਖਲਾਸੁ=ਸੁਰਖ਼ਰੂ,ਆਦਰ-ਜੋਗ,
ਹੋਇ=ਬਣੀ ਰਹੇ, ਨਿਰਾਸ=ਟੁੱਟੇ ਹੋਏ ਦਿਲ ਵਾਲਾ)


ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥
ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥
ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥
ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥
ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥
ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥
ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥
ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬॥

(ਸਰਸੀ=ਸ+ਰਸੀ,ਰਸ ਵਾਲੀ,ਹਰਿਆਵਲੀ, ਕਾਮਣੀ=
ਜੀਵ-ਇਸਤ੍ਰੀ, ਸਚ ਰੰਗਿ=ਸੱਚੇ ਦੇ ਪਿਆਰ ਵਿਚ,
ਆਧਾਰੁ=ਆਸਰਾ, ਬਿਖਿਆ ਰੰਗ=ਮਾਇਆ ਦੇ ਰੰਗ,
ਛਾਰੁ=ਸੁਆਹ, ਪੀਵਣਹਾਰ=ਪੀਣ ਜੋਗਾ, ਤਿਣੁ=ਘਾਹ,
ਮਉਲਿਆ=ਹਰਿਆ-ਭਰਿਆ, ਕਰਮਿ=ਮਿਹਰ ਨਾਲ,
ਮਇਆ=ਦਇਆ, ਉਰਿ=ਹਿਰਦੇ ਵਿਚ)


ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥
ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥
ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥
ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥
ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥
ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥
ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥
ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥੭॥

(ਭਾਦੁਇ=ਭਾਦਰੋਂ ਦੇ ਮਹੀਨੇ ਵਿਚ, ਭਰਮਿ=ਭਟਕਣਾ
ਵਿਚ, ਭੁਲਾਣੀਆ=ਕੁਰਾਹੇ ਪੈ ਜਾਂਦੀ ਹੈ, ਹੇਤੁ=ਹਿਤ,
ਪਿਆਰ, ਕੇਤੁ ਕਾਰਜਿ=ਕਿਸੇ ਕੰਮ ਵਿਚ, ਜਿਤੁ=ਜਿਸ
ਵਿਚ, ਦੇਹ=ਸਰੀਰ, ਕਹਸਨਿ=ਆਖਣਗੇ, ਬਿਨਸਸੀ=
ਬਿਨਸੇਗੀ, ਪ੍ਰੇਤ=ਗੁਜ਼ਰ ਚੁਕਿਆ,ਅਪਵਿਤ੍ਰ, ਪਕੜਿ=
ਫੜ ਕੇ, ਨ ਦੇਨੀ=ਨਹੀਂ ਦੇਂਦੇ, ਸਿਆਹਹੁ=ਕਾਲੇ ਰੰਗ
ਤੋਂ, ਸੇਤੁ=ਚਿੱਟਾ, ਕਪੇ=ਕੱਪੀਦਾ ਹੈ, ਲੁਣੈ=ਵੱਢਦਾ ਹੈ,
ਖੇਤੁ=ਪੈਲੀ, ਸੰਦੜਾ=ਦਾ, ਬੋਹਿਥ=ਜਹਾਜ਼, ਪਾਈਅਹਿ=
ਪਾਏ ਜਾਂਦੇ, ਹੇਤੁ=ਹਿਤੂ,ਪਿਆਰ ਕਰਨ ਵਾਲਾ)


ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥
ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥
ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥
ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥
ਜਿੰਨ੍ਹ੍ਹੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥
ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥
ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥
ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥
ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥੮॥

(ਉਮਾਹੜਾ=ਉਛਾਲਾ, ਜਾਇ=ਜਾ ਕੇ, ਕਿਉਂ=ਕਿਵੇਂ,
ਕਿਸੇ ਨ ਕਿਸੇ ਤਰ੍ਹਾਂ, ਘਣੀ=ਬਹੁਤ, ਆਣਿ=ਲਿਆ
ਕੇ, ਹਉ=ਮੈਂ, ਤਿਨ ਕੈ ਪਾਇ=ਉਹਨਾਂ ਦੀ ਚਰਨੀਂ,
ਜਾਇ=ਥਾਂ, ਰਸੁ=ਸੁਆਦ,ਆਨੰਦ, ਰਹੇ ਆਘਾਇ=
ਰੱਜ ਗਏ, ਲੜਿ=ਲੜ ਵਿਚ,ਪੱਲੇ, ਕੰਤਿ=ਕੰਤ ਨੇ,
ਕਤਹਿ=ਕਿਸੇ ਹੋਰ ਥਾਂ, ਮਇਆ=ਮਿਹਰ)


ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥
ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥
ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥
ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ ॥
ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥
ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥
ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ ॥
ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ ॥
ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥੯॥

(ਕਾਹੂ ਜੋਗੁ=ਕਿਸੇ ਦੇ ਜ਼ਿੰਮੇ, ਵਿਆਪਨਿ=ਜ਼ੋਰ
ਪਾ ਲੈਂਦੇ ਹਨ, ਰਾਮ ਤੇ=ਰੱਬ ਤੋਂ, ਲਗਨਿ=ਲੱਗ
ਜਾਂਦੇ ਹਨ, ਜਨਮ ਵਿਜੋਗ=ਜਨਮਾਂ ਦੇ ਵਿਛੋੜੇ,
ਮਾਇਆ ਭੋਗ=ਮਾਇਆ ਦੀਆਂ ਮੌਜਾਂ, ਵਿਚੁ=
ਵਿਚੋਲਾ ਪਨ, ਕਿਸ ਥੈ=ਹੋਰ ਕਿਸ ਕੋਲ, ਰੋਜ=
ਨਿਤ, ਕੀਤਾ=ਆਪਣਾ ਕੀਤਾ, ਧੁਰਿ=ਧੁਰ ਤੋਂ,
ਪ੍ਰਭੂ ਦੀ ਹਜ਼ੂਰੀ ਤੋਂ, ਬਿਓਗ=ਵਿਛੋੜੇ ਦੇ ਦੁੱਖ,
ਕਉ=ਨੂੰ, ਬੰਦੀ ਮੋਚ=ਹੇ ਕੈਦ ਤੋਂ ਛੁਡਾਣ ਵਾਲੇ,
ਬਿਨਸਹਿ=ਨਾਸ ਹੋ ਜਾਂਦੇ ਹਨ, ਸੋਚ=ਫ਼ਿਕਰ)


ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥
ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥
ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥
ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥
ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ ॥
ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ॥
ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ ॥
ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ॥
ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ॥੧੦॥

(ਮਾਹਿ=ਮਹੀਨੇ ਵਿਚ, ਪਿਰ ਸੰਗਿ=ਪਤੀ ਦੇ ਨਾਲ,
ਕਿਆ ਗਣੀ=ਬਿਆਨ ਨਹੀਂ ਹੋ ਸਕਦੀ, ਜਿ=ਜਿਨ੍ਹਾਂ
ਨੂੰ, ਰਾਮ ਸਿਉ=ਪਰਮਾਤਮਾ ਨਾਲ, ਸਾਧ ਸਹੇਲੜੀਆਹ
ਸੰਗਿ=ਸਤ ਸੰਗੀਆਂ ਨਾਲ, ਬਾਹਰੀ=ਬਿਨਾ, ਤੇ=ਤੋਂ,
ਦਿਸਹਿ=ਦਿੱਸਦੀਆਂ ਹਨ, ਖੜੀਆਹ=ਸਾਵਧਾਨ,
ਸੁਚੇਤ, ਕੰਠਿ=ਗਲ ਵਿਚ, ਬਾਂਛੈ=ਮੰਗਦਾ ਹੈ, ਦਰਿ=
ਦਰ ਉਤੇ, ਬਹੁੜਿ=ਮੁੜ,ਫਿਰ)


ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥
ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥
ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥
ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥
ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥
ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥
ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥
ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥
ਪੋਖੁ ਸਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥

(ਤੁਖਾਰੁ=ਕੱਕਰ,ਕੋਰਾ, ਨ ਵਿਆਪਈ=ਜ਼ੋਰ ਨਹੀਂ
ਪਾਂਦਾ, ਕੰਠਿ=ਗਲ ਵਿਚ, ਹਿਰਦੇ ਵਿਚ, ਨਾਹੁ=
ਨਾਥ, ਪਤੀ, ਬੇਧਿਆ=ਵਿੰਨ੍ਹਿਆ ਜਾਂਦਾ ਹੈ,
ਚਰਨਾਰਬਿੰਦ=ਚਰਨ+ਅਰਬਿੰਦ,ਚਰਨ ਕਮਲ,
ਦਰਸਨਿ=ਦੀਦਾਰ ਵਿਚ, ਸਾਹੁ=ਇਕ ਇਕ
ਸਾਹ,ਬ੍ਰਿਤੀ, ਲਾਹੁ=ਲਾਭ, ਬਿਖਿਆ=ਮਾਇਆ,
ਗੁਣ ਗਾਹੁ=ਗੁਣਾਂ ਦੀ ਵਿਚਾਰ, ਜਹ ਤੇ=ਜਿਸ
ਪ੍ਰਭੂ ਤੋਂ, ਸਮਾਹੁ=ਲਿਵ, ਕਰੁ=ਹੱਥ, ਗਹਿ=ਫੜ
ਕੇ, ਬਾਰਿ ਜਾਉ=ਮੈਂ ਵਾਰਨੇ ਜਾਂਦੀ ਹਾਂ, ਬੇਰੀਆ=
ਵਾਰੀ, ਅਗਮ=ਅਪਹੁੰਚ, ਅਗਾਹੁ=ਅਗਾਧ,
ਸਰਮ ਪਈ=ਇੱਜ਼ਤ ਰੱਖਣੀ ਪਈ, ਦਰਿ=
ਦਰ ਉਤੇ, ਸੋਹੰਦਾ=ਸੋਹਣਾ ਲੱਗਦਾ ਹੈ)


ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥
ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥
ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ॥
ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥
ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥
ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥
ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥

(ਮਾਘਿ=ਮਾਘ ਮਹੀਨੇ ਵਿਚ, (ਨੋਟ=ਇਸ ਮਹੀਨੇ ਦਾ
ਪਹਿਲਾ ਦਿਨ ਹਿੰਦੂ-ਸ਼ਾਸਤ੍ਰਾਂ ਅਨੁਸਾਰ ਬੜਾ ਪਵਿਤ੍ਰ ਹੈ,
ਮਜਨੁ=ਚੁੱਭੀ, ਦਾਨੁ=ਨਾਮੁ ਦਾ ਦਾਨ, ਜਨਮ ਕਰਮ ਮਲੁ=
ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ
ਦੀ ਮੈਲ, ਗੁਮਾਨੁ=ਅਹੰਕਾਰ, ਮੋਹੀਐ=ਠੱਗੇ ਜਾਈਦਾ,
ਸੁਆਨੁ=ਕੁੱਤਾ, ਮਾਰਗਿ=ਰਸਤੇ ਉੱਤੇ, ਉਸਤਤਿ=ਸੋਭਾ,
ਅਠਸਠਿ=ਅਠਾਹਠ, ਪਰਵਾਨੁ=ਮੰਨਿਆ-ਪ੍ਰਮੰਨਿਆ,
ਕਰਿ=ਕਰ ਕੇ, ਸੁਜਾਨੁ=ਸਿਆਣਾ, ਕਾਂਢੀਅਹਿ=
ਆਖੇ ਜਾਂਦੇ ਹਨ)


ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥
ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥
ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ ॥
ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ ॥
ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ ॥
ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ ॥
ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ ॥
ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ ॥
ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ ॥
ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ ॥੧੩॥

(ਫਲਗੁਣਿ=ਫੱਗਣ ਮਹੀਨੇ ਵਿਚ, ਉਪਾਰਜਨਾ=ਉਪਜ,
ਪ੍ਰਕਾਸ਼, ਰਾਮ ਕੇ ਸਹਾਈ=ਪਰਮਾਤਮਾ ਨਾਲ ਮਿਲਣ
ਵਿਚ ਸਹਾਇਤਾ ਕਰਨ ਵਾਲੇ, ਸੇਜ=ਹਿਰਦਾ, ਜਾਇ=
ਥਾਂ, ਵਰੁ=ਖਸਮ-ਪ੍ਰਭੂ, ਗਾਵਹੀ=ਗਾਵਹਿ,ਗਾਂਦੀਆਂ
ਹਨ, ਮੰਗਲੁ=ਖ਼ੁਸ਼ੀ ਦਾ ਗੀਤ, ਅਲਾਇ-ਉਚਾਰ ਕੇ,
ਦਿਸਈ=ਦਿੱਸਦਾ, ਲਵੈ ਨ ਲਾਇ=ਲਵੈ ਲਾਉਣੇ ਨਹੀਂ,
ਬਰਾਬਰੀ ਕਰਨ ਜੋਗਾ ਨਹੀਂ, ਹਲਤੁ=ਇਹ ਲੋਕ,
ਪਲਤੁ=ਪਰ ਲੋਕ, ਸਵਾਰਿਓਨੁ=ਉਸ ਪ੍ਰਭੂ ਨੇ ਸਵਾਰ
ਦਿੱਤਾ, ਦਿਤੀਅਨੁ=ਉਸ ਪ੍ਰਭੂ ਨੇ ਦਿੱਤੀ, ਜਾਇ=ਥਾਂ,
ਤੇ=ਤੋਂ, ਰਖਿਅਨੁ=ਉਸ ਨੇ ਰੱਖ ਲਏ, ਧਾਇ=ਧਾਈ,
ਭਟਕਣਾ, ਪਾਇ=ਪੈ ਕੇ, ਤਿਲੁ=ਰਤਾ ਭੀ, ਤਮਾਇ=
ਤਮ੍ਹਾ,ਲਾਲਚ)


ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ ॥
ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ ॥
ਸਰਬ ਸੁਖਾ ਨਿਧਿ ਚਰਣ ਹਰਿ ਭਉਜਲੁ ਬਿਖਮੁ ਤਰੇ ॥
ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ ॥
ਕੂੜ ਗਏ ਦੁਬਿਧਾ ਨਸੀ ਪੂਰਨ ਸਚਿ ਭਰੇ ॥
ਪਾਰਬ੍ਰਹਮੁ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ ॥
ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥
ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥੧੪॥੧॥੧੩੩-੧੩੬॥

(ਜਿਨਿ=ਜਿਸ ਮਨੁੱਖ ਨੇ, ਸਰੇ=ਨੇਪਰੇ ਚੜ
ਜਾਂਦੇ ਹਨ, ਖਰੇ=ਸੁਰਖ਼ਰੂ, ਦਰਗਹ ਸਚਿ=
ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ
ਵਿਚ, ਨਿਧਿ=ਖ਼ਜ਼ਾਨਾ, ਬਿਖਮੁ=ਔਖਾ,
ਭਉਜਲੁ=ਸੰਸਾਰ-ਸਮੁੰਦਰ, ਤਿਨ=ਉਹਨਾਂ
ਬੰਦਿਆਂ ਨੇ, ਬਿਖਿਆ=ਮਾਇਆ, ਜਰੇ=
ਸੜਦੇ, ਕੂੜ=ਵਿਅਰਥ ਝੂਠੇ ਲਾਲਚ,
ਦੁਬਿਧਾ=ਦੁਚਿੱਤਾ-ਪਨ, ਭਰੇ=ਟਿਕੇ
ਰਹਿੰਦੇ ਹਨ, ਧਰੇ=ਧਰ ਕੇ, ਮਾਹ=
ਮਹੀਨੇ, ਦਿਵਸ=ਦਿਹਾੜੇ, ਮੂਰਤ=
ਮੁਹੂਰਤ, ਜਿਨ ਕਉ=ਜਿਨ੍ਹਾਂ ਉੱਤੇ,
ਹਰੇ=ਹੇ ਹਰੀ)


  • ਮੁੱਖ ਪੰਨਾ : ਬਾਣੀ, ਗੁਰੂ ਅਰਜਨ ਦੇਵ ਜੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ