Ashraf Sharfi
ਅਸ਼ਰਫ਼ ਸ਼ਰਫ਼ੀ

ਪੰਜਾਬੀ ਗ਼ਜ਼ਲਾਂ ਅਸ਼ਰਫ਼ ਸ਼ਰਫ਼ੀ

੧. ਲਾਲਚ ਦੇ ਸਭ ਲੈਣੇ ਦੇਣੇ, ਲਾਲਚ ਦੇ ਸਭ ਧੰਦੇ

ਲਾਲਚ ਦੇ ਸਭ ਲੈਣੇ ਦੇਣੇ, ਲਾਲਚ ਦੇ ਸਭ ਧੰਦੇ ।
ਦੁਨੀਆਂ ਵਾਲੇ ਉੱਤੋਂ ਸੋਹਣੇ, ਵਿੱਚੋਂ ਨੌਂਹ-ਨੌਂਹ ਗੰਦੇ ।

ਸੌਹਰੇ ਘਰ ਲੈ ਜਾਵਣ ਦੇ ਲਈ, ਲੈਫ਼ ਤਲਾਈਆਂ ਤਾਈਂ,
ਜਿੰਦੜੀ ਮਹਿੰਦੀ ਰੰਗੇ ਹੱਥ ਨਾਲ, ਦਿੰਦੀ ਰੋਜ਼ ਨਗੰਦੇ ।

ਬਾਗ਼ਾਂ ਦੇ ਵਿੱਚ ਮੁੜ ਕੇ ਆਈਆਂ, ਸਾਵੀਆਂ ਰੁੱਤਾਂ ਸੱਜਨਾਂ,
ਲਗਦਾ ਏ ਹੁਣ ਫਿਰ ਜਾਵਣਗੇ, ਸਭਾਂ ਦੇ ਦਿਨ ਮੰਦੇ ।

ਭੋਲਿਆ ਹੁਣ ਤੇ ਮੁਸ਼ਕਲ ਹੋਇਆ, ਬਚ ਕੇ ਏਥੋਂ ਜਾਣਾ,
ਮੋੜ ਮੋੜ ਤੇ ਸੂਲੀਆਂ ਗੱਡੀਆਂ, ਗਲੀ-ਗਲੀ ਤੇ ਫੰਦੇ ।

ਏਹੋ ਜੇਹੇ ਵੀ ਹੱਡ ਹਰਾਮੀਂ, ਦੇਖਣ ਦੇ ਵਿਚ ਆਏ,
ਪੇਟ ਦੀ ਖਾਤਰ ਦੀਨ ਦੇ ਨਾਂ 'ਤੇ, ਮੰਗਦੇ ਫਿਰਦੇ ਚੰਦੇ ।

ਨਫ਼ਰਤ, ਵੈਰ ਕਰੋਧ ਦੀ ਹਰ ਇਕ, ਗੰਢ ਨੂੰ ਜੜ੍ਹੋਂ ਮੁਕਾਉ,
ਦਿਲ ਦੀ ਅੱਖੜ ਲੱਕੜੀ ਉੱਤੇ, ਫੇਰ ਕੇ ਪਿਆਰ ਦੇ ਰੰਦੇ ।

ਚੱਲ 'ਸ਼ਰਫ਼ੀ' ਹੁਣ ਹੋਰ ਕਿਤੇ ਹੀ, ਚੱਲ ਕੇ ਧੂਣੀ ਲਾਈਏ,
ਕੀ ਰਹਿਣਾ ਏ ਉੱਥੇ ਜਿੱਥੇ, ਰੱਬ ਸਦਾਵਣ ਬੰਦੇ ।

੨. ਬਣ ਕੇ ਨੂਰ ਨਜ਼ਾਰੇ ਰਾਤ

ਬਣ ਕੇ ਨੂਰ ਨਜ਼ਾਰੇ ਰਾਤ ।
ਵੰਡਦੀ ਚੈਨ ਸਹਾਰੇ ਰਾਤ ।

ਹੁੰਮ ਹੁਮਾ ਕੇ ਨ੍ਹੇਰੇ ਆਵਣ,
ਜ਼ੁਲਫ਼ਾਂ ਜਦੋਂ ਖਿਲਾਰੇ ਰਾਤ ।

ਇਹ 'ਤੇ ਚਿੱਟਾ ਦਿਨ ਦੱਸੇਗਾ,
ਕੀ ਕੁੱਝ ਕਰ ਗਈ ਕਾਰੇ ਰਾਤ ।

ਲੈ ਲੈ ਬਾਹਾਂ ਵਿੱਚ ਇਕਲਾਪੇ,
ਚੰਨ ਨੂੰ ਵਾਜਾਂ ਮਾਰੇ ਰਾਤ ।

ਦਿਨ ਵੀ ਲੰਘਿਆ ਯਾਦਾਂ ਦੇ ਵਿੱਚ,
ਕੱਟੀ ਗਿਣ ਗਿਣ ਤਾਰੇ ਰਾਤ ।

ਵੰਡਦੀ ਰਹਿੰਦੀ ਮੇਰੇ ਦੁੱਖੜੇ,
ਆ ਕੇ ਨਦੀ ਕਿਨਾਰੇ ਰਾਤ ।

'ਸ਼ਰਫ਼ੀ' ਵਾਂਗੂੰ ਵਿੱਚ ਫ਼ਿਰਾਕਾਂ,
ਰੋ ਰੋ ਰਾਤ ਗੁਜ਼ਾਰੇ ਰਾਤ ।

੩. ਜਦ ਦੀ ਚੰਨ ਨਾਲ ਯਾਰੀ ਏ

ਜਦ ਦੀ ਚੰਨ ਨਾਲ ਯਾਰੀ ਏ ।
ਖੋਲ੍ਹ ਕੇ ਰੱਖੀ ਬਾਰੀ ਏ ।

ਸਿਰ 'ਤੇ ਦੁੱਖਾਂ ਦਰਦਾਂ ਦੀ,
ਸਭ ਨੇ ਚਾਈ ਖਾਰੀ ਏ ।

ਸਾਡੇ ਘਰ ਵਿੱਚ ਅਜਲਾਂ ਤੋਂ
ਨ੍ਹੇਰਿਆਂ ਦੀ ਸਰਦਾਰੀ ਏ ।

ਜੰਗਲ ਜਿਹੜਾ ਆਇਆ ਹੈ,
ਉਸ ਦੇ ਹੱਥ ਵਿੱਚ 'ਆਰੀ' ਏ ।

ਦਿਨ ਵੀ ਰੋ ਰੋ ਕੱਟਿਆ ਹੈ,
ਰਾਤ ਵੀ ਕੱਲਿਆਂ ਭਾਰੀ ਏ ।

ਉਹੋ ਡਿੱਗੀ ਸਾਡੇ 'ਤੇ,
ਜਿਹੜੀ ਕੰਧ ਉਸਾਰੀ ਏ ।

ਉਹ ਵੀ ਕਿਹੜਾ ਸੁੱਖੀ ਏ,
ਜਿਸ ਨੂੰ ਹਵਸ ਬੀਮਾਰੀ ਏ ।

੪. ਨਿੱਕੀ ਉਮਰੇ ਅੱਜ ਦੇ ਬਾਲ

ਨਿੱਕੀ ਉਮਰੇ ਅੱਜ ਦੇ ਬਾਲ ।
ਟੱਪਦੇ ਦੇਖੇ ਚੌੜੇ ਖਾਲ ।

ਸਾਡੇ ਰਾਖੇ ਬਣ ਗਏ ਚੋਰ,
ਹੋਇਆ ਸਾਡਾ ਭੈੜਾ ਹਾਲ ।

ਚੰਗੇ ਨੂੰ ਦੇਹ ਦਿਲ ਵਿੱਚ ਥਾਂ,
ਭੈੜੇ ਨੂੰ ਤੂੰ ਕੋਲੋਂ ਟਾਲ ।

ਜੇ ਨਾ ਸੁਰਤ ਸੰਭਾਲੀ ਤੂੰ,
ਆਉਂਦੇ ਰਹਿਣੇ ਨਿੱਤ ਭੁਚਾਲ ।

ਮਨ ਦਾ ਦੀਵਾ ਬਾਲੀ ਰੱਖ,
ਮੁੱਕੇ ਚਾਨਣ ਦਾ ਹੁਣ ਕਾਲ ।

ਕਿਉਂ ਡੋਲਣ ਪਏ ਤੇਰੇ ਪੈਰ ?
'ਸ਼ਰਫ਼ੀ' ਅਪਣਾ ਆਪ ਸੰਭਾਲ ।

੫. ਕਣਕ ਜਾਵਾਂ ਦਾ ਵੱਢ ਓ ਜੱਟਾ

ਕਣਕ ਜਾਵਾਂ ਦਾ ਵੱਢ ਓ ਜੱਟਾ ।
ਸਿਫ਼ਤਾਂ ਅੱਡੋ ਅੱਡ ਓ ਜੱਟਾ ।

ਨਵੀਂ ਫ਼ਸਲ ਦੀ ਗੱਲ ਚਲਾ ਤੂੰ,
ਪਹਿਲੀਆਂ ਗੱਲਾਂ ਛਡ ਓ ਜੱਟਾ ।

ਦੋ ਧਾਰੀ ਤਲਵਾਰ ਏ ਦੁਨੀਆਂ,
ਵਕਤ ਨਿਵਾਕੇ ਕੱਢ ਓ ਜੱਟਾ ।

ਜਿਹੜਾ ਆਉਂਦਾ ਡਿਗਦਾ ਜਾਂਦਾ,
ਜੱਗ ਏ ਡੂੰਘੀ ਖੱਡ ਓ ਜੱਟਾ ।

ਮਿਹਨਤ ਦਾ ਹਲ ਕਿਹੜਾ ਵਾਹਵੇ,
ਭੰਨ ਕੇ ਅਪਣੇ ਹੱਡ ਓ ਜੱਟਾ ।

ਚੰਨ ਤੇ ਤੁਰ ਗਏ ਸੱਜਣ 'ਸ਼ਰਫ਼ੀ'
ਤੈਨੂੰ ਕੱਲਿਆਂ ਛੱਡ ਓ ਜੱਟਾ ।