Punjabi Stories/Kahanian  Punjabi Kahani

Alochana : Ratan Singh Jaggi

ਆਲੋਚਨਾ : ਡਾ. ਰਤਨ ਸਿੰਘ ਜੱਗੀ

ਆਲੋਚਨਾ ਸ਼ਬਦ ਦੀ ਉਤਪੱਤੀ 'ਲੋਚ ਧਾਤੂ' ਤੋਂ ਹੋਈ ਹੈ । 'ਲੋਚ' ਦਾ ਅਰਥ ਵੇਖਣਾ ਹੈ ਤੇ ਆਲੋਚਨਾ ਦਾ ਅਰਥ ਕਿਸੇ ਵਸਤੂ ਜਾਂ ਰਚਨਾ ਉਪਰ ਸਰਵਪੱਖੀ ਝਾਤ ਮਾਰਨਾ ਅਤੇ ਉਸ ਦੀ ਵਿਆਖਿਆ ਜਾਂ ਮੁਲਾਂਕਣ ਕਰਨਾ ਹੈ । ਆਲੋਚਨਾ ਕਰਨ ਵਾਲਾ ਆਲੋਚਕ ਕਿਸੇ ਸਾਹਿੱਤ-ਰਚਨਾ ਦੀ ਪਰਖ ਤੇ ਪਤਚੋਲ ਕਰਦਾ ਹੈ । ਆਲੋਚਕ ਇਕ ਤਰ੍ਹਾਂ ਨਾਲ ਪਾਠਕ ਤੇ ਲੇਖਕ ਜਾਂ ਕਲਾਕਾਰ ਦੇ ਵਿਚਕਾਰ ਇਕ ਪੁਲ ਦੀ ਤਰ੍ਹਾਂ ਹੈ । ਆਲੋਚਕ ਦੁਆਰਾ ਪਾਠਕ ਨੂੰ ਕਿਸੇ ਸਾਹਿੱਤ ਰਚਨਾ ਜਾਂ ਕਲਾ-ਕਿਰਤ ਦੇ ਉੱਤਮ ਜਾਂ ਨਿਖਿਧ ਹੋਣ ਦਾ ਪਤਾ ਲਗਦਾ ਹੈ । ਆਲੋਚਨਾ ਨੂੰ ਸਮਾਲੋਚਨਾ, ਸਮੀਕਸ਼ਾ (ਸਮੀਖਿਆ), ਪਰਖ ਅਤੇ ਪੜਚੋਲ ਵੀ ਆਖਦੇ ਹਨ । ਉਰਦੂ ਵਾਲੇ ਇਸ ਨੂੰ 'ਤਕਨੀਕ' ਕਹਿੰਦੇ ਹਨ ।
ਕਲਾ-ਕਿਰਤ ਜਾਂ ਸਾਹਿੱਤ-ਰਚਨਾ ਰਚਨਹਾਰ ਦੇ ਭਾਵਾਂ ਦਾ ਪ੍ਰਗਟਾਵਾ ਹੁੰਦੀ ਹੈ । ਬਾਹਰਲੇ ਅਨੁਭਵਾਂ ਨੂੰ ਕਲਾਕਾਰ ਅਥਵਾ ਸਾਹਿੱਤਕਾਰ ਆਪਣੇ ਅੰਦਰ ਜਾਂ ਆਪਣੇ ਮਨ, ਬੁੱਧੀ, ਕਲਪਨਾ ਆਦਿ ਦੀ ਕੁਠਾਲੀ ਵਿਚ ਗਾਲਦਾ ਹੈ । ਗਲਣ ਪਿਛੋਂ ਇਨ੍ਹਾਂ ਅਨੁਭਵਾਂ ਦਾ ਰੰਗ ਰੂਪ ਬਿਲਕੁਲ ਨਵੇਂ ਤੇ ਕਲਾਤਮਕ ਢੰਗ ਨਾਲ ਬਾਹਰ ਨਿਕਲਦਾ ਹੈ । ਆਲੋਚਨਾ ਦਾ ਇਕ ਕੰਮ ਇਹ ਵੀ ਹੈ ਕਿ ਸਾਹਿੱਤਕਾਰ ਦੇ ਮਨ, ਬੁੱਧੀ ਤੇ ਕਲਪਨਾ ਦੇ ਉਨ੍ਹਾਂ ਸੰਚਿਆਂ ਦੇ ਦਰਸ਼ਨ ਵੀ ਕਰਵਾ ਦੇਵੇ ਜਿਨ੍ਹਾਂ ਵਿਚ ਸਿਰਜਨਾਤਮਕ ਪ੍ਰਕ੍ਰਿਆ ਢਲ ਕੇ ਨੇਪਰੇ ਚੜ੍ਹੀ ਹੈ ਜਾਂ ਕਲਾ-ਕਿਰਤ ਅਥਵਾ ਸਾਹਿੱਤ-ਰਚਨਾ ਪ੍ਰਗਟ ਹੋਈ ਹੈ । ਕੇਵਲ ਸਾਹਿੱਤ ਜਾਂ ਕਲਾ ਦੇ ਰੂਪ ਪੱਖ, ਭਾਸ਼ਾ, ਰਸ, ਅਲੰਕਾਰ, ਰੰਗ ਜਾਂ ਅਨੁਪਤ, ਤਾਲ, ਤੋਲ ਆਦਿ ਦੀ ਵਿਆਖਿਆ ਹੀ ਆਲੋਚਨਾ ਨਹੀਂ ਹੈ, ਸਗੋਂ ਆਲੋਚਨਾ ਦਾ ਕੰਮ ਇਹ ਵੇਖਣਾ ਵੀ ਹੈ ਕਿ ਕਲਾਕਾਰ ਵਿਚ ਸੁੰਦਰਤਾ ਨੂੰ ਮਾਣਨ ਤੇ ਬਿਆਨਣ ਦਾ ਕਿੰਨਾ ਕੁ ਬਲ ਹੈ । ਸਾਹਿੱਤ ਜੇ ਜੀਵਨ ਦੀ ਵਿਆਖਿਆ ਹੈ ਤਾਂ ਆਲੋਚਨਾ ਇਸ ਵਿਆਖਿਆ ਦੀ ਵੀ ਵਿਆਖਿਆ ਹੈ ।
ਆਲੋਚਨਾ ਲਈ ਇਕ ਸੁਲਝੇ ਦਿਮਾਗ਼ ਤੇ ਗੰਭੀਰ ਚਿੰਤਨ ਦੀ ਬੜੀ ਲੋੜ ਹੈ । ਸੱਚੀ ਆਲੋਚਨਾ ਤਾਂ ਜੀਵਨ ਤੇ ਕਲਾ ਵਿਚ ਕੋਈ ਫ਼ਰਕ ਨਹੀਂ ਵੇਖਦੀ । ਸੱਚ ਤਾਂ ਇਹ ਹੈ ਕਿ ਆਲੋਚਨਾ ਵੀ ਕਲਾ ਦਾ ਹੀ ਇਕ ਅੰਗ ਹੈ ਕਿਉਂਕਿ ਆਲੋਚਨਾ ਦਾ ਮੁੱਖ ਕਰਤੱਵ ਦੀ ਉਹੀ ਹੈ ਜੋ ਕਲਾ ਦਾ ਹੈ, ਅਰਥਾਤ ਮਨੁੱਖੀ ਜੀਵਨ ਨੂੰ ਸਜਗ ਤੇ ਵਧੇਰੇ ਸੁੰਦਰ ਬਣਾਉਣਾ ।

ਆਲੋਚਨਾ ਦਾ ਕੰਮ ਜਿੱਥੇ ਇਹ ਵੇਖਣਾ ਹੈ ਕਿ ਕਲਾਕਾਰ ਨੇ ਕੀ ਸਿਰਜਿਆ ਜਾਂ ਪ੍ਰਗਟ ਕੀਤਾ ਹੈ ਉੱਥੇ ਇਹ ਪਤਾ ਕਰਨਾ ਵੀ ਹੈ ਕਿ ਉਹ ਅਜਿਹਾ ਕਰਨ ਵਿਚ ਕਿਸ ਹੱਦ ਤਕ ਸਫਲ ਰਿਹਾ ਹੈ ਅਤੇ ਜੋ ਕੁਝ ਪ੍ਰਗਟ ਹੋਇਆ ਹੈ ਕੀ ਇਹ ਪ੍ਰਗਟ ਹੋਣ ਯੋਗ ਵੀ ਸੀ । ਉਨ੍ਹੀਵੀਂ ਸਦੀ ਵਿਚ ਵਿਕਟਰ ਹਿਊਗੋ ਅਨੁਸਾਰ ਆਲੋਚਨਾ ਦਾ ਕੰਮ ਇਹ ਦੱਸਣਾ ਹੈ ਕਿ ਕੋਈ ਕਲਾ-ਕਿਰਤ ਜਾਂ ਸਾਹਿੱਤ ਰਚਨਾ ਚੰਗੀ ਹੈ ਜਾਂ ਮਾੜੀ । ਵੱਖ ਵੱਖ ਚਿੰਤਕਾਂ ਨੇ ਆਲੋਚਨਾ ਦੇ ਵੱਖ ਵੱਖ ਪਹਿਲੂਆਂ ਉਤੇ ਵਿਚਾਰ ਕੀਤੇ ਹਨ । ਲੌਂਜਾਈਨਸ ਨੇ ਆਲੋਚਨਾ ਨੂੰ ਬਹੁਤੀ ਮਿਹਨਤ ਦਾ ਫਲ ਆਖਿਆ ਹੈ । ਪੋਪ ਦਾ ਵਿਚਾਰ ਹੈ ਕਿ ਕਾਵਿ-ਪ੍ਰਤਿਭਾ ਵਾਂਗ ਆਲੋਚਨਾ-ਪ੍ਰਤਿਭਾ ਵੀ ਜਨਮਜਾਤ ਹੁੰਦੀ ਹੈ ।
ਕਈ ਵਾਰ ਆਲੋਚਨਾ ਰਾਜਨੀਤੀ, ਸਮਾਜ, ਆਰਥਿਕਤਾ ਜਾਂ ਵਿਗਿਆਨ ਤੋਂ ਪ੍ਰਭਾਵ ਲੈ ਕੇ ਤੁਰਦੀ ਹੈ । ਇੱਥੇ ਆਲੋਚਨਾ ਦੇ ਇਸ ਖ਼ਾਸ ਪ੍ਰਭਾਵ ਨੂੰ ਵੀ ਅੱਖੋਂ ਉਹਲੇ ਨਹੀਂ ਕਰ ਸਕਦੇ ਕਿਉਂਕਿ ਹੋ ਸਕਦਾ ਹੈ ਇਸ ਖ਼ਾਸ ਪ੍ਰਭਾਵ ਨੇ ਆਲੋਚਕ ਦੀਆਂ ਨਿੱਜੀ ਧਾਰਣਾਵਾਂ ਨੂੰ ਹੀ ਬਦਲ ਦਿੱਤਾ ਹੋਵੇ ਤੇ ਉਸ ਦੁਆਰਾ ਕੀਤੀ ਆਲੋਚਨਾ ਇੰਜ ਇਕ-ਪੱਖੀ ਰਹਿ ਗਈ ਹੋਵੇ । ਆਲੋਚਨਾ ਨੂੰ ਕਿਸੇ ਇਕ ਜਾਤ, ਧਰਮ, ਵਰਗ ਆਦਿ ਦੀ ਚੀਜ਼ ਵੀ ਨਹੀਂ ਸਮਝਿਆ ਜਾ ਸਕਦਾ । ਇਹ ਇਨ੍ਹਾਂ ਸਭ ਤੋਂ ਉੱਚੀ ਹੈ, ਅਰਥਾਤ ਆਲੋਚਕ ਕੰਵਲ ਦੇ ਫੁੱਲ ਵਾਂਗ ਪਾਣੀ ਵਿਚ ਰਹਿੰਦਾ ਹੋਇਆ ਪਾਣੀ ਤੋਂ ਨਿਰਲੇਪ ਰਹਿੰਦਾ ਹੈ ।

ਆਲੋਚਨਾ ਦਾ ਜਨਮ ਸਿਰਜਨਾਤਮਕ ਸਾਹਿੱਤ ਦੇ ਜਨਮ ਤੋਂ ਮਗਰੋਂ ਹੁੰਦਾ ਹੈ । ਭਾਰਤੀ ਆਲੋਚਨਾ ਵੀ ਉਸ ਵੇਲੇ ਹੋਂਦ ਵਿਚ ਆਈਂ ਜਦੋਂ ਚੋਖਾ ਸਾਹਿੱਤ ਲਿਖਿਆ ਜਾ ਚੁੱਕਾ ਸੀ । ਰਸ, ਅਲੰਕਾਰ, ਧ੍ਵਨੀ ਆਦਿ ਸੰਪ੍ਰਦਾਵਾਂ ਦਾ ਮਗਰੋਂ ਜਨਮ ਹੋਇਆ । ਇਸੇ ਤਰ੍ਹਾਂ ਪੱਛਮ ਦੇ ਪ੍ਰਸਿੱਧ ਚਿੰਤਕਾਂ ਡਾ. ਜਾਨਸਨ, ਐਡੀਸਨ, ਡਰਾਈਡਨ, ਹੇਗਲ, ਕਾਲਰਿਜ, ਵਿਕਟਰ ਹਿਊਗੋ, ਮੈਥੀਊ ਆਰਨਲਡ, ਕਜ਼ਾਮੀਆ, ਆਈ. ਏ. ਰਿਚਰਡਜ਼, ਟੀ. ਐਸ. ਏਲੀਅਨ ਆਦਿ ਨੇ ਆਲੋਚਨਾ ਸੰਬੰਧੀ ਆਪਣੇ ਆਪਣੇ ਮਤ ਉਸ ਵੇਲੇ ਪੇਸ਼ ਕੀਤੇ ਹਨ ਜਦੋਂ ਕਿ ਉਨ੍ਹਾਂ ਦੇ ਸਾਹਿੱਤ ਦਾ ਭੰਡਾਰ ਚੋਖਾ ਭਰਪੂਰ ਹੋ ਚੁੱਕਾ ਸੀ ।

ਅੱਜ ਦੇ ਵਿਗਿਆਨ ਯੁੱਗ ਵਿਚ ਆਲੋਚਨਾ ਨੇ ਕਿਸੇ (ਕਲਾ-ਕਿਰਤ) ਦੀ ਨਿਰੀ ਵਾਹ ਵਾਹ ਕਰਨ ਵਾਲੇ ਰੌਂ ਨੂੰ ਲਗਭਗ ਤਜ ਦਿੱਤਾ ਹੈ । ਆਲੋਚਨਾ ਦਿਨੋਂ ਦਿਨ ਨਿਰਪੱਖ ਹੁੰਦੀ ਜਾ ਰਹੀ ਹੈ ।
ਸਾਹਿੱਤ ਆਲੋਚਨਾ ਕਈ ਤਰ੍ਹਾਂ ਦੀ ਹੈ ਜਿਵੇਂ ਭਾਰਤੀ ਕਾਵਿ ਸ਼ਾਸਤ੍ਰੀ, ਸਿਧਾਂਤਿਕ, ਅਨੁਸੰਧਾਨਾਤਮਕ, ਸ਼ਾਸਤ੍ਰੀ, ਸਿਰਜਨਾਤਮਕ, ਵਿਵਹਾਰਿਕ, ਤੁਲਨਾਤਮਕ, ਮਾਰਕਸਵਾਦੀ, ਪ੍ਰਭਾਵਾਤਮਕ, ਭੌਤਿਕਵਾਦੀ, ਮਨੋ-ਵਿਗਿਆਨਕ, ਵਿਆਖਿਆਤਮਕ, ਵਿਗਿਆਨ ਆਦਿ । ਇਨ੍ਹਾਂ ਤੋਂ ਇਲਾਵਾ ਕਈ ਨਵੀਆਂ ਸਾਹਿੱਤ ਅਧਿਐਨ ਵਿਧੀਆਂ ਜਾਂ ਆਲੋਚਨਾ ਪ੍ਰਣਾਲੀਆਂ ਵੀ ਸਾਹਮਣੇ ਆਈਆਂ ਹਨ; ਵਿਸ਼ੇਸ਼ ਕਰਕੇ ਇਹ ਪ੍ਰਸਿੱਧ ਹਨ-ਸੁਹਜਵਾਦੀ, ਰੂਪਵਾਦੀ, ਸੰਰਚਨਾਵਾਂਦੀ, ਭਾਸ਼ਾ, ਵਿਗਿਆਨਕ, ਸ਼ੈਲੀ ਵਿਗਿਆਨਕ, ਚਿੰਨ੍ਹ ਵਿਗਿਆਨਕ, ਥੀਮ ਵਿਗਿਆਨਕ, ਲੋਕ-ਯਾਨਿਕ, ਮਿਥ-ਵਿਗਿਆਨਕ, ਸ੍ਰਿਸ਼ਟੀ ਆਦਿ ।

ਪੰਜਾਬੀ ਵਿਚ ਸਾਹਿੱਤ-ਆਲੋਚਨਾ ਦਾ ਪਿੜ ਦਿਨੋ ਦਿਨ ਮੋਕਲਾ ਹੋ ਰਿਹਾ ਹੈ । ਇਸ ਦਾ ਆਰੰਭ ਪੁਰਾਣੇ ਸਾਹਿੱਤ ਦੀ ਖੋਜ ਤੇ ਸੰਭਾਲ ਨਾਲ ਹੋਇਆ । ਭਾਈ ਵੀਰ ਸਿੰਘ ਹੋਰਾਂ ਨੇ ਭਾਈ ਸੰਤੋਖ ਸਿੰਘ ਤੇ ਭਾਈ ਮਨੀ ਸਿੰਘ ਦੁਆਰਾ ਰਚਿਤ ਸਾਹਿੱਤ ਦੇ ਨਾਲ ਨਾਲ ਜਨਮਸਾਖੀ ਸਾਹਿੱਤ ਨੂੰ ਸੰਭਾਲਣ ਤੇ ਸੰਪਾਦਨ ਦਾ ਕੰਮ ਕੀਤਾ । ਬਾਵਾ ਬੁੱਧ ਸਿੰਘ ਨੇ ਵੀ ਲਗਭਗ ਅਜਿਹਾ ਕੰਮ ਹੀ ਕੀਤਾ ਅਤੇ 'ਹੰਸ ਚੋਗ', 'ਬੰਬੀਹਾ ਬੋਲ', 'ਕੋਇਲ ਕੂ' ਆਦਿ ਆਲੋਚਨਾਤਮਮਕ ਪੁਸਤਕਾਂ ਲਿਖੀਆਂ । 'ਪੰਜਾਬ ਦੇ ਹੀਰੇ' ਤੇ 'ਪੰਜਾਬੀ ਸ਼ਾਇਰਾਂ ਦਾ ਤਜ਼ਕਰਾ' ਕ੍ਰਿਤ ਮੌਲਾ ਬਖ਼ਸ ਕੁਸ਼ਤਾ ਇਸੇ ਲੜੀ ਦੀਆਂ ਹੋਰ ਪੁਸਤਕਾਂ ਹਨ ।
ਡਾ. ਮੋਹਨ ਸਿੰਘ ਨੇ ਪੰਜਾਬੀ ਸਾਹਿੱਤ ਦੇ ਇਤਿਹਾਸ ਨੂੰ ਆਲੋਚਨਾਤਮਕ ਢੰਗ ਨਾਲ ਲਿਖਿਆ । ਇਸ ਤੋਂ ਬਿਨਾਂ 'ਕਾਫ਼ੀਆਂ ਸ਼ਾਹ ਹੁਸੈਨ', 'ਸੂਫੀਆਂ ਦਾ ਕਲਾਮ', 'ਹੀਰ ਵਾਰਿਸ' ਆਦਿ ਦਾ ਸੰਪਾਦਨ ਕੀਤਾ । ਪ੍ਰਿੰਸੀਪਲ ਤੇਜਾ ਸਿੰਘ ਨੇ ਕਈ ਮੁੱਖਬੰਧਾਂ ਤੇ ਰੀਵਿਊਆਂ ਦੁਆਰਾ ਪੰਜਾਬੀ ਸਾਹਿੱਤ ਆਲੋਚਨਾ ਵਿਚ ਨਵੇਂ ਪੂਰਨੇ ਪਾਏ । ਪ੍ਰੋਫ਼ੈਸਰ ਪੂਰਨ ਸਿੰਘ ਦੁਆਰਾ ਭਾਈ ਵੀਰ ਸਿੰਘ ਦੀਆਂ ਕਈ ਰਚਨਾਵਾਂ ਦੇ ਮੁੱਖਬੰਧ ਲਿਖੇ ਗਏ ਜੋ ਸਿਰਜਨਾਤਮਕ ਆਲੋਚਨਾ ਦੀ ਸੁਚੱਜੀ ਮਿਸਾਲ ਹਨ । ਇੰਜ 1947 ਈ. ਤਕ ਪੰਜਾਬੀ ਸਾਹਿੱਤ-ਆਲੋਚਨਾ ਵਧੇਰੇ ਪ੍ਰਸ਼ੰਸਾਤਮਕ ਹੀ ਰਹੀ । ਸ. ਸ. ਅਮੋਲ, ਸੁਰਿੰਦਰ ਸਿੰਘ ਨਰੂਲਾ, ਗੋਪਾਲ ਸਿੰਘ ਦਰਦੀ, ਸੁਰਿੰਦਰ ਸਿੰਘ ਕੋਹਲੀ, ਕਿਰਪਾਲ ਸਿੰਘ ਕਸੇਲ ਅਤੇ ਪਰਮਿੰਦਰ ਸਿੰਘ ਆਦਿ ਨੇ ਡਾ. ਮੋਹਨ ਸਿੰਘ ਦੇ ਪਾਏ ਪੂਰਨਿਆਂ ਤੇ ਤੁਰਨ ਦੇ ਯਤਨ ਜਾਰੀ ਰੱਖੇ । ਸੰਤ ਸਿੰਘ ਸੇਖੋਂ ਪ੍ਰਗਤੀਸ਼ੀਲ ਸਾਹਿੱਤ ਆਲੋਚਨਾ ਮੋਢੀ ਹਨ ।

ਕਈ ਪੱਤਰ-ਪਤ੍ਰਿਕਾਵਾਂ ਨੇ ਪੰਜਾਬੀ ਸਾਹਿੱਤ ਆਲੋਚਨਾ ਵਿਚ ਚੋਖਾ ਹਿੱਸਾ ਪਾਇਆ ਹੈ ਜਿਵੇਂ ਕਿ 'ਪ੍ਰੀਤਮ' (1923 ਈ.), 'ਫੁਲਵਾੜੀ' (1924 ਈ.), 'ਹੰਸ' (1928 ਈ.), 'ਪੰਜਾਬੀ ਦਰਬਾਰ' (1928 ਈ.), 'ਸਾਰੰਗ' (1931 ਈ.), 'ਪ੍ਰੀਤ ਲੜੀ' (1933 ਈ.), 'ਲਿਖਾਰੀ' (1934 ਈ.), 'ਪੰਜ ਦਰਿਆ' (1942 ਈ.), 'ਲੋਕ ਸਾਹਿੱਤ' (1950 ਈ.), 'ਪੰਜਾਬੀ ਦੁਨੀਆਂ' (1950 ਈ.) 'ਸਾਹਿੱਤ ਸਮਾਚਾਰ' (1951 ਈ.) 'ਕਹਾਣੀ' (1951 ਈ.) 'ਕਵਿਤਾ' (1952 ਈ.) ਅਤੇ ਆਲੋਚਨਾ (1955 ਈ.) । ਪੰਜਾਬ ਯੂਨੀਵਰਸਿਟੀ ਵਲੋਂ 'ਪਰਖ', ਪੰਜਾਬੀ ਯੂਨੀਵਰਸਿਟੀ ਵਲੋਂ 'ਖੋਜ ਪਤ੍ਰਿਕਾ', ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ 'ਖੋਜ ਦਰਪਣ' ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਵਲੋਂ 'ਖੋਜ' (ਉਰਦੂ ਅੱਖਰ) ਨਾਂ ਦੀਆਂ ਪਤ੍ਰਿਕਾਵਾਂ ਪੰਜਾਬੀ ਆਲੋਚਨਾ ਅਤੇ ਖੋਜ ਦੇ ਵਿਕਾਸ ਵਿਚ ਮਹੱਤਵਪੂਰਣ ਯੋਗਦਾਨ ਦੇ ਰਹੀਆਂ ਹਨ । ਇਨ੍ਹਾਂ ਵਿਚੋਂ ਕਈ ਹੁਣ ਵੀ ਬੜੀ ਕਾਮਯਾਬੀ ਨਾਲ ਚਲ ਰਹੇ ਹਨ । ਆਲ ਇੰਡੀਆ ਰੇਡੀਓ ਦੇ ਜਲੰਧਰ ਦੇ ਦਿੱਲੀ ਸਟੇਸ਼ਨਾਂ ਨੇ ਵੀ ਪੰਜਾਬੀ ਆਲੋਚਨਾ ਨੂੰ ਪ੍ਰਸਾਰਣ ਵਿਚ ਆਪਣਾ ਹਿੱਸਾ ਪਾਇਆ ਹੈ । ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਓਰੋ (1948 ਈ.), ਭਾਸ਼ਾ ਵਿਭਾਗ, ਪੰਜਾਬ ਪਟਿਆਲਾ, ਭਾਰਤੀ ਸਾਹਿੱਤ ਅਕਾਡਮੀ, ਪੰਜਾਬੀ ਸਾਹਿੱਤ ਅਕਾਦਮੀ, ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿੱਤ ਸਮੀਖਿਆ ਬੋਰਡ, ਪੰਜਾਬੀ ਯੂਨੀਵਰਸਿਟੀ, ਪੰਜਾਬੀ ਅਕਾਦਮੀ ਦਿੱਲੀ, ਆਦਿਕ ਸੰਸਥਾਵਾਂ ਨੇ ਪੰਜਾਬੀ ਆਲੋਚਨਾ ਨੂੰ ਵਿਕਾਸ ਦੇਣ ਵਿਚ ਆਪਣੀ ਆਪਣੀ ਥਾਂ ਖ਼ਾਸ ਕੰਮ ਕੀਤਾ ਹੈ ਅਤੇ ਕਰ ਵੀ ਰਹੀਆਂ ਹਨ ।
ਸਾਹਿੱਤ ਦੇ ਸਿਧਾਂਤਾਂ ਪੁਰ ਵੀ ਕਈ ਪੁਸਤਕਾਂ ਲਿਖੀਆਂ ਗਈਆਂ ਜਿਵੇਂ 'ਪੰਜਾਬੀ ਸਾਹਿੱਤ ਵਸਤੂ ਤੇ ਵਿਚਾਰ' ( ਸੁਰਿੰਦਰ ਸਿੰਘ ਕੋਹਲੀ ), 'ਸਾਹਿੱਤ ਦੀ ਪਰਖ' (ਗੋਪਾਲ ਸਿੰਘ), 'ਸਾਹਿੱਤ ਦੇ ਰੂਪ' ( ਕਿਰਪਾਲ ਸਿੰਘ ਤੇ ਪਰਮਿੰਦਰ ਸਿੰਘ ), 'ਸਾਹਿੱਤ ਦੀ ਰੂਪ ਰੇਖਾ' (ਗੁਰਚਰਨ ਸਿੰਘ), 'ਸਾਹਿੱਤ ਦੇ ਮੁਖ ਰੂਪ' ( ਰੋਸ਼ਨ ਲਾਲ ਆਹੂਜਾ ਤੇ ਗੁਰਦਿਆਲ ਸਿੰਘ ਫੁੱਲ ), 'ਸਾਹਿੱਤ ਸਮਾਲੋਚਨਾ' ( ਸ਼ੇਰ ਸਿੰਘ ), 'ਆਲੋਚਨਾ ਦੇ ਸਿਧਾਂਤ' (ਆਹੂਜਾ), 'ਪੱਛਮੀ ਆਲੋਚਨਾ ਦੀ ਪਰੰਪਰਾ' (ਆਹੂਜਾ), 'ਵਿਹਾਰਿਕ ਆਲੋਚਨਾ' (ਸਤਿੰਦਰ ਸਿੰਘ) ਆਦਿਕ ।