Punjabi Ghazals Aliya Bukhari Hala

ਪੰਜਾਬੀ ਗ਼ਜ਼ਲਾਂ ਆਲੀਆ ਬੁਖ਼ਾਰੀ ਹਾਲਾ

1. ਜੀਵਨ ਸਹਿਰਾ ਵਿੱਚ ਨਾ ਲੱਭਿਆ, ਸਾਨੂੰ ਸਾਇਆ ਕੋਈ ਵੀ

ਜੀਵਨ ਸਹਿਰਾ ਵਿੱਚ ਨਾ ਲੱਭਿਆ, ਸਾਨੂੰ ਸਾਇਆ ਕੋਈ ਵੀ ।
ਔਖਾ ਪੰਧ ਹਿਆਤੀ ਦਾ 'ਤੇ, ਨਾਲ ਨਾ ਆਇਆ ਕੋਈ ਵੀ ।

ਬੇਸ਼ਕ ਉਸ ਦੇ ਦਿਲ ਦੀ ਧਰਤੀ, ਬੰਜਰ ਖੇਤੀ ਵਰਗੀ ਏ,
ਜਿਸ ਬੰਦੇ ਨੇ ਪਿਆਰ ਦਾ ਬੂਟਾ, ਨਾ ਸੀ ਲਾਇਆ ਕੋਈ ਵੀ ।

ਪਿਆਰ ਭਰੇ ਦੋ ਬੋਲ ਤੇ ਇਕ ਨਿੰਮਾਂ ਜਿਹਾ ਹਾਸਾ ਉਲਫ਼ਤ ਦਾ,
ਸਾਡੇ ਲਈ ਤਾਂ ਇਸ ਤੋਂ ਵਧ ਕੇ ਨਹੀਂ ਸਰਮਾਇਆ ਕੋਈ ਵੀ ।

ਗ਼ੈਰਾਂ ਨੇ ਤੇ ਪਿਆਰ ਵੀ ਦਿੱਤਾ, ਇੱਜ਼ਤ ਵੀ ਅਪਣਾਇਤ ਵੀ,
ਸੱਜਨਾਂ ਤੂੰ ਦੁੱਖ ਦਿੱਤੇ ਸਾਡਾ, ਪਿਆਰ ਨਾ ਪਾਇਆ ਕੋਈ ਵੀ ।

ਜਦ ਤੋਂ 'ਲਫ਼ਜ਼' ਮੁਹੱਬਤ ਮੇਰੀ ਸਮਝ 'ਚ ਆਇਆ ਏ 'ਹਾਲਾ',
ਲਗਦਾ ਈ ਨਹੀਂ ਮੈਨੂੰ ਤੇ ਹੁਣ ਸ਼ਖ਼ਸ ਪਰਾਇਆ ਕੋਈ ਵੀ ।

2. ਮਿਰੇ ਹਾਲ ਤੇ ਇੰਜ ਸੀ ਯਾਰਾਂ ਦਾ ਹਾਸਾ

ਮਿਰੇ ਹਾਲ ਤੇ ਇੰਜ ਸੀ ਯਾਰਾਂ ਦਾ ਹਾਸਾ ।
ਜਿਉਂ ਚਿੜੀਆਂ ਦੀ ਮੌਤੇ ਗੰਵਾਰਾਂ ਦਾ ਹਾਸਾ ।

ਖਿਜ਼ਾਵਾਂ ਦੇ ਕੈਦੀ ਨੇ ਇੰਜ ਉਮਰ ਕੱਟੀ,
ਕਿ ਰੋ-ਰੋ ਕੇ ਤੱਕਿਆ ਬਹਾਰਾਂ ਦਾ ਹਾਸਾ ।

ਮੈਂ ਤਕਦੀਰ ਦਾ ਜੋ ਸਹਾਰਾ ਸੀ ਲੀਤਾ,
ਤੇ ਤਕਦੀਰ ਹੈਸੀ ਮੱਕਾਰਾਂ ਦਾ ਹਾਸਾ ।

ਕਦੀ ਜ਼ਿੰਦਗੀ ਮੌਤ ਦੀ ਜੰਗ ਦੇ ਵਿੱਚ,
ਤੂੰ ਤੱਕਿਆ ਈ ਹੋਸੀ ਬੀਮਾਰਾਂ ਦਾ ਹਾਸਾ ।

ਹਮੇਸ਼ਾਂ ਤੂੰ ਫੁੱਲਾਂ ਤੇ 'ਹਾਲਾ' ਟੁਰੀ ਏਂ,
ਲੈ ਅੱਜ ਦੇਖ ਲੈ ਤੂੰ ਵੀ ਖ਼ਾਰਾਂ ਦਾ ਹਾਸਾ ।

3. ਸੱਚਾ ਕਲਮਾ ਪੜ੍ਹਕੇ ਉਸ ਦੇ ਨਾਂ ਦਾ

ਸੱਚਾ ਕਲਮਾ ਪੜ੍ਹਕੇ ਉਸ ਦੇ ਨਾਂ ਦਾ ।
ਜੜ੍ਹ ਤੋਂ ਫੜਕੇ ਬੂਟਾ ਪੁਟ ਗੁਨਾਹ ਦਾ ।

ਰਾਂਝਿਆ ਜੋਗਣ ਬਣ ਤੇ ਜਾਂ ਤੇਰੇ ਲਈ, ਪਰ-
ਬਾਝ ਮਿਰੇ ਨਹੀਂ ਸਰਨਾ ਮੇਰੀ ਮਾਂ ਦਾ ।

ਏਅਰ-ਕੰਡੀਸ਼ਨ ਕਮਰੇ ਵਿੱਚ ਦਮ ਘੁਟਦਾ ਏ,
ਮੈਂ ਆਦੀ ਰੁੱਖਾਂ ਦੀ ਠੰਢੜੀ ਛਾਂ ਦਾ ।

ਮਿਹਰ, ਮੁਹੱਬਤ ਅਤੇ ਵਫ਼ਾ ਮੁੱਲ ਮਿਲਦੇ ਨੇ,
ਏਥੇ ਹੁੰਦਾ ਹੈ ਵਿਉਪਾਰ ਦਿਲਾਂ ਦਾ ।

ਵੇਲੇ ਸਿਰ ਚੁੱਪ ਵੱਟ ਲਈ ਸੀ 'ਹਾਲਾ' ਤੂੰ,
ਕੀ ਫਾਇਦਾ ਹੁਣ ਮਗਰੋਂ ਕੀਤੀ ਹਾਂ ਦਾ ।

4. ਜਿੱਥੇ ਲੱਭੀ ਛਾਂ, ਉੱਥੇ ਈ ਬਹਿ ਗਈ ਆਂ

ਜਿੱਥੇ ਲੱਭੀ ਛਾਂ, ਉੱਥੇ ਈ ਬਹਿ ਗਈ ਆਂ ।
'ਇਸ਼ਕ' ਹੁਰਾਂ ਦੇ ਔਖੇ ਪੈਂਡੇ ਪੈ ਗਈ ਆਂ ।

ਇਹ ਨਾ ਸਮਝ ਤਿਰਾ ਹੱਥ ਮੈਥੋਂ ਉੱਤੇ ਵੇ,
ਤੈਨੂੰ ਅਪਣਾ ਸਮਝ ਕੇ, ਜੁਰਮ ਵੀ ਸਹਿ ਗਈ ਆਂ ।

ਉਹਨੂੰ ਸੰਗੀ ਸਮਝ ਸਾਮਾਨ ਚੁਕਾਇਆ ਸੀ,
ਉਹ ਨੱਸ ਗਿਆ, ਮੈਂ ਖਲੀ-ਖਲੋਤੀ ਰਹਿ ਗਈ ਆਂ ।

ਉਹ ਵੀ ਚੜ੍ਹਦੇ ਪਾਣੀ ਵਾਂਗਰ ਆਇਆ ਸੀ,
ਮੈਂ ਵੀ ਕੱਚੀਆਂ ਕੰਧਾਂ ਵਾਂਗਰ ਢਹਿ ਗਈ ਆਂ ।

'ਹਾਲਾ' ਪਹਿਲਾਂ ਮੰਜ਼ਲ ਸਾਹਵੇਂ ਦਿਸਦੀ ਸੀ,
ਰਾਹਬਰ ਲੱਭਾ, ਤਾਂ ਮੈਂ ਦੇਖੋ ਰਹਿ ਗਈ ਆਂ ।

5. ਊਚ-ਨੀਚ ਫਿਰ ਕਿਉਂ ਏ ਜੇਕਰ, ਸਭ ਦਾ ਦੇਵਣ ਹਾਰ ਏ ਇੱਕੋ

ਊਚ-ਨੀਚ ਫਿਰ ਕਿਉਂ ਏ ਜੇਕਰ, ਸਭ ਦਾ ਦੇਵਣ ਹਾਰ ਏ ਇੱਕੋ ?
ਦਾਤਾ ਦਾ ਦਰਬਾਰ ਏ ਇੱਕੋ ! ਉਹ ਸੱਚੀ ਸਰਕਾਰ ਏ ਇੱਕੋ ।

ਇੱਕ ਨੂੰ ਲੱਗੇ ਹਾਸਿਆਂ ਵਰਗੀ, ਇੱਕ ਨੂੰ ਹਾਵਾਂ ਵਰਗੀ ਲੱਗੇ,
ਦਿਲ ਦਾ ਮੌਸਮ ਅਪਣਾ-ਅਪਣਾ, ਘੁੰਗਰੂੰ ਦੀ ਛਣਕਾਰ ਏ ਇੱਕੋ ।

ਉਸ ਦੇ ਪਿਆਰ ਦੀ ਤਾਂਘ ਨੇ ਮੈਥੋਂ, ਪਿਆਰ ਕਰਾਇਆ ਹਰ ਬੰਦੇ ਨੂੰ,
ਵੰਡ ਛੱਡਿਆ ਜਿਸ ਨੂੰ ਨਾਵਾਂ ਵਿੱਚ, ਜੇ ਸੋਚੋ ਤਾਂ 'ਪਿਆਰ' ਏ ਇੱਕੋ ।

ਝੂਠ, ਫ਼ਰੇਬ, ਗ਼ਰੀਬੀ ਸਾਰੇ, ਲੁੱਟਣ-ਮਾਰਨ ਦੇ ਕਿੱਸੇ ਹਨ,
ਸਿਰਨਾਵੇਂ ਵੱਖਰੇ-ਵੱਖਰੇ ਨੇ, ਬਾਕੀ ਦਾ ਅਖ਼ਬਾਰ ਏ ਇੱਕੋ ।

ਮੈਂ ਕੋਈ ਭੇਸ ਵਟਾਇਆ ਕਿਉਂ ਨਾ ? ਝੂਠ 'ਤੇ ਪਰਦਾ ਪਾਇਆ ਕਿਉਂ ਨਾ ?
ਲੋਕੀਂ ਮੈਥੋਂ ਡਰਦੇ 'ਹਾਲਾ' ਮੇਰਾ ਅੰਦਰ-ਬਾਹਰ ਏ ਇੱਕੋ ।