Abdul Karim Qudsi
ਅਬਦੁਲ ਕਰੀਮ ਕੁਦਸੀ
 Punjabi Kavita
Punjabi Kavita
  

ਪੰਜਾਬੀ ਗ਼ਜ਼ਲਾਂ ਅਬਦੁਲ ਕਰੀਮ ਕੁਦਸੀ

1. ਰੰਗ ਬਰੰਗੇ ਮਹਿਲਾਂ ਕੋਲ, ਖਲੋਣ ਦਾ ਫਾਇਦਾ ਕੋਈ ਨਹੀਂ

ਰੰਗ ਬਰੰਗੇ ਮਹਿਲਾਂ ਕੋਲ, ਖਲੋਣ ਦਾ ਫਾਇਦਾ ਕੋਈ ਨਹੀਂ ।
ਅੱਡੀਆਂ ਚੁੱਕ ਕੇ ਐਵੇਂ ਵੱਡਿਆਂ, ਹੋਣ ਦਾ ਫ਼ਾਇਦਾ ਕੋਈ ਨਹੀਂ ।

ਜਿਹੜੀ ਸ਼ੈ ਦੀ ਮਰਦਾਂ ਵਾਂਗੂੰ, ਰਾਖੀ ਕਰ ਨਹੀਂ ਸਕਦਾ ਤੂੰ,
ਉਹਦੇ ਲਈ ਹੁਣ ਬੁੱਢਿਆਂ ਵਾਂਗੂੰ, ਰੋਣ ਦਾ ਫ਼ਾਇਦਾ ਕੋਈ ਨਹੀਂ ।

ਗੱਲੀਂ ਬਾਤੀਂ ਭੁੱਖ ਨਹੀਂ ਮਰਦੀ, ਕਾਲ ਨਹੀਂ ਕੱਟੇ ਜਾਂਦੇ,
ਮਿੱਟੀ ਆਟੇ ਰੰਗੀ ਕਰਕੇ, ਗੌਣ ਦਾ ਫ਼ਾਇਦਾ ਕੋਈ ਨਹੀਂ ।

ਪਤਾ ਨਹੀਂ ਸੀ ਇਕ ਦੂਜੇ ਦੇ, ਬਣ ਜਾਵਾਂਗੇ ਵੈਰੀ ਵੀ,
ਇਹ ਤੇ ਪਤਾ ਸੀ ਵੱਖੋ-ਵੱਖੀ, ਹੋਣ ਦਾ ਫ਼ਾਇਦਾ ਕੋਈ ਨਹੀਂ ।

ਚੰਗੇ ਹਾਕਮ ਬਣੇ ਨਹੀਂ ਜੇਕਰ, ਬਣੋਂ ਰਿਆਇਆ ਚੰਗੀ,
ਹਰ ਚੰਗਿਆਈ ਅਪਣੇ ਹੱਥੋਂ, ਖੋਣ ਦਾ ਫ਼ਾਇਦਾ ਕੋਈ ਨਹੀਂ ।

'ਕੁਦਸੀ' ਜਿਹੜੇ ਆਪ ਨਾ ਬੋਲਣ, ਗ਼ਜ਼ਲਾਂ ਨਜ਼ਮਾਂ ਅੰਦਰ,
ਉਹਨਾਂ ਹਰਫ਼ਾਂ 'ਤੇ ਲਫ਼ਜ਼ਾਂ ਦੀ, ਚੋਣ ਦਾ ਫ਼ਾਇਦਾ ਕੋਈ ਨਹੀਂ ।

2. ਪੱਥਰ ਦਿਲ ਇਸ ਦੁਨੀਆਂ ਅੰਦਰ, ਬਹੁਤੇ ਨਾ ਤੂੰ ਯਾਰ ਬਣਾ

ਪੱਥਰ ਦਿਲ ਇਸ ਦੁਨੀਆਂ ਅੰਦਰ, ਬਹੁਤੇ ਨਾ ਤੂੰ ਯਾਰ ਬਣਾ ।
ਜ਼ਿੰਦਾ ਦਿਲ ਇਨਸਾਨਾਂ ਅੰਦਰ, ਅਪਣਾ ਇਕ ਦਿਲਦਾਰ ਬਣਾ ।

ਜੀਵਨ ਦੇ ਲਈ ਹਰ ਬੰਦੇ ਨੂੰ ਕੁਝ ਤੇ ਕਰਨਾ ਪੈਂਦਾ ਏ,
ਸੱਧਰਾਂ ਦੀ ਬੰਜਰ ਧਰਤੀ ਵਿੱਚ ਗੁਲਸ਼ਨ ਦੇ ਆਸਾਰ ਬਣਾ ।

ਅਰਜ਼ਾਂ ਦੇ ਵਾਇਰਸ ਨੇ ਤੈਨੂੰ, ਏਨਾ ਰੋਗੀ ਕੀਤਾ ਏ,
ਲਾਲਚ ਦੀ ਨਗਰੀ ਤੋਂ ਹੱਟ ਕੇ, ਵੱਖ ਅਪਣਾ ਘਰਬਾਰ ਬਣਾ ।

ਆਬਾਦੀ ਲਈ ਬੰਦਿਆ ਜੰਗਲ ਦੇ ਵਲ ਵਧਦਾ ਜਾਂਦਾ ਏਂ,
ਇਨਸਾਨਾਂ ਤੋਂ ਨਫ਼ਰਤ ਕਰਕੇ ਵਹਿਸ਼ੀ ਨਾ ਤੂੰ ਯਾਰ ਬਣਾ ।

ਸੱਚ ਦਾ ਜੁਗਨੂੰ ਹੋ ਕੇ ਚਮਕਾਂ ਮੈਂ ਤਾਂ ਕਾਲੀਆਂ ਰਾਤਾਂ ਵਿੱਚ,
ਚੜ੍ਹਦੇ ਸੂਰਜ ਵਾਂਗੂੰ ਸੱਜਨਾਂ ਤੂੰ ਵੀ ਕੁਝ ਲਿਸ਼ਕਾਰ ਬਣਾ ।

ਮਾਂ ਬੋਲੀ ਦੀ ਤਾਂਘ ਹੀ ਤੈਨੂੰ ਏਥੇ ਤਕ ਲੈ ਆਈ ਏ,
ਇਹਦੇ ਵਿੱਚ ਮੈਂ ਲਿਖਦਾਂ ਤਾਂ, ਜੋ ਤੂੰ ਵੀ ਇਹ ਰਫ਼ਤਾਰ ਬਣਾ ।

ਗੁੰਗੇ ਬੋਲੇ ਲੋਕਾਂ ਵਿੱਚ ਬਸ, ਕੱਲਾ ਫਿਰਦਾ ਰਹਿੰਦਾ ਏਂ,
ਕਦ ਤੱਕ ਕੱਲਾ ਰਹੇਂਗਾ 'ਕੁਦਸੀ' ਤੂੰ ਕੋਈ ਗ਼ਮਖ਼ਾਰ ਬਣਾ ।

3. ਮਿਜਾਜ਼ ਮੌਸਮ ਦਾ ਖ਼ੌਰੇ ਕੀਹਨੇ ਸ਼ਦੀਦ ਕੀਤਾ

ਮਿਜਾਜ਼ ਮੌਸਮ ਦਾ ਖ਼ੌਰੇ ਕੀਹਨੇ ਸ਼ਦੀਦ ਕੀਤਾ ।
ਖ਼ਿਜ਼ਾਂ ਦੇ ਖੰਜਰ ਨੇ ਪੱਤਾ ਪੱਤਾ ਸ਼ਹੀਦ ਕੀਤਾ ।

ਹਵਾ ਨੇ ਉਹਦੇ ਸ਼ਰੀਰ ਵਿੱਚੋਂ ਮਿਠਾਸ ਚੁਣ ਲਈ,
ਅਸਾਂ ਗ਼ਰੀਬਾਂ ਨੇ ਜਿਹੜਾ ਮੇਵਾ ਖ਼ਰੀਦ ਕੀਤਾ ।

ਤਿਰੀ ਨਜ਼ਰ ਦੀ ਫ਼ਰਾਤ ਕੰਢੇ ਨਾ ਪਿਆਸ ਬੁੱਝੀ,
ਤੂੰ ਪਿਆਰ ਦਰਿਆ ਦਾ ਕਤਰਾ ਕਤਰਾ ਬਦੀਦ ਕੀਤਾ ।

ਅਦਬ ਦੀ ਖੇਤੀ 'ਚ ਵੰਨ ਸੁਵੰਨੇ ਖ਼ਿਆਲ ਬੀਜੇ,
ਅਸਾਂ ਅਦਬ ਦਾ ਕਦੀਮ ਲਹਿਜ਼ਾ ਜਦੀਦ ਕੀਤਾ ।

ਜਦੋਂ ਵੀ ਨਿਕਲੀ ਮੁਨਾਫ਼ਕਤ ਦੀ ਸ਼ਰਾਬ ਨਿਕਲੀ,
ਖਲੂਸ ਜਦ ਵੀ ਮੈਂ ਦੋਸਤਾਂ ਦਾ ਕਸੀਦ ਕੀਤਾ ।

ਇਹ ਯਾਰੀਆਂ ਵੀ ਜ਼ਰੂਰਤਾਂ ਦੇ ਤਬਾਦਲੇ ਨੇ,
ਜ਼ਰੂਰਤਾਂ ਨੇ ਇਹ ਪਾਕ ਜਜ਼ਬਾ ਪਲੀਦ ਕੀਤਾ ।

ਅਸੀਂ ਆਂ 'ਕੁਦਸੀ' ਉਹ ਲੋਕ ਜਿਨ੍ਹਾਂ ਗ਼ਜ਼ਲ ਘਰਾਣਾ-
ਅਦਬ ਦੇ ਪੈਰਾਂ ਤੋਂ ਖੋਹਕੇ ਅਪਣਾ ਮੁਰੀਦ ਕੀਤਾ ।

4. ਜੀ ਕਰਦਾ ਏ ਧੋਖਾ ਤੇਰੇ ਨਾਲ ਕਰਾਂ

ਜੀ ਕਰਦਾ ਏ ਧੋਖਾ ਤੇਰੇ ਨਾਲ ਕਰਾਂ ।
ਐਪਰ ਜੇਰਾ ਕਿਸ ਦਾ ਇਸਤੇਮਾਲ ਕਰਾਂ ?

ਹੰਝੂਆਂ ਦੇ ਮੋਤੀ ਯਾ ਹੀਰੇ ਜ਼ਖ਼ਮਾਂ ਦੇ,
ਸੱਜਨਾਂ ਦੀ ਖ਼ਿਦਮਤ ਵਿੱਚ ਕੀ ਅਰਸਾਲ ਕਰਾਂ ।

ਜਿਹਨਾਂ ਦੀ ਲੌ ਮੇਰੀ ਕਿਸਮਤ ਵਰਗੀ ਏ,
ਉਹ ਦੀਵੇ ਕੀ ਮਹਿਫ਼ਲ ਦੇ ਵਿੱਚ 'ਬਾਲ' ਕਰਾਂ ।

ਤੇਰੀ ਯਾਦ ਦੇ ਬਾਲ ਗੁਆਚੇ ਭੀੜਾਂ ਵਿੱਚ,
ਹੁਣ ਕਿਸਮਤ ਮੈਂ ਤੇਰਾ ਇਸਤਕਬਾਲ ਕਰਾਂ ।

ਸਾਰੇ ਉਸ ਵਲ ਅੱਡੀਆਂ ਚੁੱਕ ਚੁੱਕ ਵੇਂਹਦੇ ਨੇ,
ਮੈਂ ਕੱਲਾ ਨਹੀਂ ਜੋ ਇਸ ਦਾ ਇਕਬਾਲ ਕਰਾਂ ।

ਪੈਸੇ ਦੀ ਥਾਂ ਖੀਸਾ ਭਰਿਆ ਗ਼ਜ਼ਲਾਂ ਨਾਲ,
ਅਪਣੇ ਬੱਚਿਆਂ ਦਾ ਕੀ ਹੋਰ ਖ਼ਿਆਲ ਕਰਾਂ ।

ਦਰਦ ਸਮੇਟ ਕੇ ਆਖਿਆ ਮੇਰੇ ਖ਼ਾਲਿਕ ਨੇ,
ਆ ਹੁਣ 'ਕੁਦਸੀ' ਤੈਨੂੰ ਮਾਲਾ ਮਾਲ ਕਰਾਂ ।

5. ਮੂੰਹ ਦਾ ਜ਼ਾਇਕਾ ਕੌੜਾ-ਕੌੜਾ ਖੀਸੇ ਸਾਡੇ ਸੱਖਣੇ

ਮੂੰਹ ਦਾ ਜ਼ਾਇਕਾ ਕੌੜਾ-ਕੌੜਾ ਖੀਸੇ ਸਾਡੇ ਸੱਖਣੇ ।
ਅਸਾਂ ਗਰੀਬਾਂ ਨਵੀਂ ਬਹਾਰ ਦੇ ਮੇਵੇ ਕਾਦ੍ਹੇ ਚੱਖਣੇ ?

ਭਾਗਾਂ ਵਾਲੀ ਧਰਤੇ ਦੇ ਪੁੱਤ ਸੜਿਆਂ ਭਾਗਾਂ ਵਾਲੇ,
ਸਾਰੀ ਉਮਰ ਮੁਸ਼ੱਕਤ ਕਰਦੇ ਫੇਰ ਭੜੋਲੇ ਸੱਖਣੇ ।

ਘੁੱਪ ਹਨੇਰੇ ਅੰਦਰ ਕਿਹੜਾ ਵਧ ਕੇ ਦੀਵੇ ਬਾਲੇ,
ਰੌਸ਼ਨੀਆਂ ਨੂੰ ਤਰਸ ਗਏ ਨੇ ਇਹ ਅੱਖੀਆਂ ਦੇ ਰਖਣੇ।

ਸਾਡੇ ਜਿਸਮ ਦਾ ਨੰਗ ਲੁਕਾਂਦੀ ਧੂੜ ਮੁਸ਼ੱਕਤ ਵਾਲੀ,
ਅਸੀਂ ਨੇ ਅਪਣੇ ਜੁੱਸੇ ਕਾਦ੍ਹੇ ਸਾਂਭ-ਸੰਭਾਲ ਕੇ ਰੱਖਣੇ ।

ਲੰਮੀਆਂ-ਲੰਮੀਆਂ ਕਾਰਾਂ ਦੇ ਵਿਚ ਬੈਠੀਆਂ ਦਿੱਸਣ ਡੈਣਾਂ,
ਨੰਗੇ ਪੈਰੀਂ ਕੋਲੇ ਚੁਗਦੇ 'ਕੁਦਸੀ' ਜਿਸਮ ਸੁਲੱਖਣੇ ।

6. ਸੁਘੜ ਸਿਆਣੀ ਬਣ ਜਾਂਦੀ ਉਹ ਭਾਵੇਂ ਝੱਲੀ ਹੋਵੇ

ਸੁਘੜ ਸਿਆਣੀ ਬਣ ਜਾਂਦੀ ਉਹ ਭਾਵੇਂ ਝੱਲੀ ਹੋਵੇ ।
ਜਿਸ ਖ਼ੁਸ਼ਕਿਸਮਤ ਤੇ ਮੁਰਸ਼ਦ ਦੀ ਨਜ਼ਰ ਸਵੱਲੀ ਹੋਵੇ ।

ਗੱਲ ਅਮਲਾਂ ਤੇ ਮੁਕਦੀ ਸਾਰੀ ਜ਼ਾਤਾਂ ਤੇ ਨਹੀਂ ਮੁਕਦੀ,
ਸੱਯਦ ਹੋਵੇ ਭਾਵੇਂ ਕਿਸੇ ਦੀ ਜ਼ਾਤ ਮੁਸੱਲੀ ਹੋਵੇ ।

ਖ਼ੈਰ ਖ਼ਬਰ ਲੋਕਾਂ ਦੇ ਮੂੰਹੋਂ ਸੁਣਕੇ ਚੈਨ ਨਾ ਆਵੇ ।
ਖੱਤ ਆਵੇ ਸੱਜਣਾਂ ਦਾ ਦਿਲ ਨੂੰ ਫੇਰ ਤਸੱਲੀ ਹੋਵੇ ।

7. ਉਨ੍ਹਾਂ ਅੱਗੇ ਭਰੇ ਪਿਆਲੇ ਪਏ ਹੋਏ ਨੇਂ

ਉਨ੍ਹਾਂ ਅੱਗੇ ਭਰੇ ਪਿਆਲੇ ਪਏ ਹੋਏ ਨੇਂ
ਸਾਨੂੰ ਆਪਣੀ ਜਾਨ ਦੇ ਲਾਲੇ ਪਏ ਹੋਏ ਨੇਂ

ਸ਼ੇਅਰਾਂ ਦੀ ਮੁੰਦਰੀ ਵਿੱਚ ਲਾਈਏ ਨਗ ਵਾਂਗੂੰ
ਜਿਹੜੇ ਦੁਖੜੇ ਆਲ਼ ਦਵਾਲ਼ੇ ਪਏ ਹੋਏ ਨੇਂ

ਕੁਝ ਸ਼ੇਅਰਾਂ ਦੀ ਹਾਂਡੀ ਵਿੱਚ ਤਲਖ਼ੀ ਦਾ ਤੜਕਾ
ਕੁਝ ਹਾਲਾਤ ਦੇ ਗਰਮ ਮਸਾਲੇ ਪਏ ਹੋਏ ਨੇਂ

ਅੰਨਿਆਏ ਦੇ ਪੱਥਰਾਂ ਰਸਤੇ ਡੱਕੇ ਨੇਂ
ਸਦੀਆਂ ਬਾਅਦ ਵੀ ਓਥੇ ਹਾਲੇ ਪਏ ਹੋਏ ਨੇਂ

ਨਿੱਕਿਆਂ ਹੁੰਦਿਆਂ ਤੂੰ ਜੋ ਮੈਨੂੰ ਖ਼ਤ ਲਿਖੇ
ਮੇਰੇ ਕੋਲ ਉਹ ਅਜੇ ਸੰਭਾਲੇ ਪਏ ਹੋਏ ਨੇਂ

ਰੱਜ ਬੈਠੇ ਨਾ ਦਿਲ ਦੀ ਗੱਲ ਕੋਈ ਕੀਤੀ
ਉਹ ਜਾਵਣ ਲਈ ਐਂਵੇਂ ਕਾਹਲ਼ੇ ਪਏ ਹੋਏ ਨੇਂ

ਗ਼ੁਰਬਤ ਵਾਲੀ ਧੂੜ ਵਿੱਚ ਰਸਤਾ ਦਿਸਦਾ ਨਹੀਂ
ਅੱਖੀਂ ਬੇ ਸਿੱਮਤੀ ਦੇ ਜਾਲੇ ਪਏ ਹੋਏ ਨੇਂ

ਤੋਹਮਤ ਲਾਉਣ ਤੋਂ ਪਹਿਲਾਂ ਇਹ ਵੀ ਸੋਚ ਲਵੋ
ਕੁਦਸੀ ਕੋਲ ਵੀ ਬੜੇ ਹਵਾਲੇ ਪਏ ਹੋਏ ਨੇਂ

8. ਜਿਹੜੇ ਘਰ ਦੇ ਘੜੇ ਤਰੇੜੇ ਜਾਂਦੇ ਨੇਂ

ਜਿਹੜੇ ਘਰ ਦੇ ਘੜੇ ਤਰੇੜੇ ਜਾਂਦੇ ਨੇਂ
ਪਿਆਸੇ ਪੰਛੀ ਕੱਦ ਉਸ ਵਿਹੜੇ ਜਾਂਦੇ ਨੇਂ

ਰਾਂਝਣ ਦੇ ਕਿਸ ਕਾਰ ਤਪੱਸਿਆ ਉਮਰਾਂ ਦੀ
ਹੀਰ ਵਿਆਹਵਨ ਦੇ ਲਈ ਖੇੜੇ ਜਾਂਦੇ ਨੇਂ

ਸਾਨੂੰ ਮਿਲੇ ਨਾ ਸੱਦਾ ਉਹਦੀ ਮਹਿਫ਼ਲ ਦਾ
ਉਸ ਮਹਿਫ਼ਲ ਵਿੱਚ ਖ਼ੌਰੇ ਕਿਹੜੇ ਜਾਂਦੇ ਨੇਂ

ਨੀਵੇਂ ਨੀਵੇਂ ਕਿਰਦਾਰਾਂ ਲਈ ਦੁਨੀਆ ਵਿੱਚ
ਉੱਚੇ ਉੱਚੇ ਸਾਕ ਸਹੇੜੇ ਜਾਂਦੇ ਨੇਂ

ਲੀਡਰ ਲੰਮੀਆਂ ਕਾਰਾਂ ਦੇ ਵਿੱਚ ਨੱਸ ਜਾਂਦੇ
ਮਕਤਲ ਵੱਲੇ ਲੋਕ ਮਰੇੜੇ ਜਾਂਦੇ ਨੇਂ

ਸਾਕਾਦਾਰੀ ਰਹਿ ਗਈ ਕੁਦਸੀ ਦੌਲਤ ਦੀ
ਨੌਹਾਂ ਦੇ ਨਾਲੋਂ ਮਾਸ ਨਖੇੜੇ ਜਾਂਦੇ ਨੇਂ

9. ਚਾਨਣ ਦਾ ਕੋਈ ਭਰਿਆ ਥਾਲ ਉਲਟ ਦੇ ਸਾਈਂ

ਚਾਨਣ ਦਾ ਕੋਈ ਭਰਿਆ ਥਾਲ ਉਲਟ ਦੇ ਸਾਈਂ
ਬੱਦਲ ਹਨੇਰੇ ਵਾਲ਼ੇ ਨਹੀਂ ਪਏ ਹਟਦੇ ਸਾਈਂ

ਆਲ੍ਹਣਿਆਂ ਦੀ ਰੌਣਕ ਜਿਹਨਾਂ ਖੋਹ ਲਈ ਸਾਰੀ
ਉਨ੍ਹਾਂ ਜ਼ਾਲਮ ਬਾਜ਼ਾਂ ਦੇ ਪਰ ਕੱਟ ਦੇ ਸਾਈਂ

ਕੋਹਝ ਇਨ੍ਹਾਂ ਦੇ ਸਾਰੀ ਦੁਨੀਆ ਦੇਖੇ ਜੇਕਰ
ਉੱਖਲੀ ਪਾ ਕੇ ਕੋਈ ਇਨ੍ਹਾਂ ਨੂੰ ਛੱਟ ਦੇ ਸਾਈਂ

ਇਲਮ ਖ਼ਜ਼ਾਨੇ ਦੇ ਵਿੱਚ ਵਾਧਾ ਕਰਦਾ ਜਾਈਂ
ਦੌਲਤ ਭਾਵੇਂ ਬਹੁਤੀ ਦੇ ਯਾ ਘੱਟ ਦੇ ਸਾਈਂ

ਦੀਨ ਫ਼ਰੋਸ਼ਾਂ ਲਿੱਸੀ ਸਾਮੀ ਸਮਝ ਲਿਆ ਏ
ਸਾਡੇ ਵੱਲੇ ਆਉਂਦੇ ਧੂੜਾਂ ਪੱਟ ਦੇ ਸਾਈਂ

ਅਸਾਂ ਤੇ ਕਲਮ ਕਬੀਲੇ ਰਲ਼ ਕੇ ਘਾਟੇ ਖਾਧੇ
ਲੋਕ ਤੇ ਇਧਰ ਢੇਰ ਮੁਨਾਫ਼ੇ ਖੱਟ ਦੇ ਸਾਈਂ

ਕੁਦਸੀ ਮੇਰਾ ਪਰਦੇਸੀ ਘਰ ਆਉਂਦਾ ਪਿਆ ਏ
ਇਹ ਖ਼ੁਸ਼ਖ਼ਬਰੀ ਝੱਬ ਦੇ ਸਾਈਂ ਝੱਟ ਦੇ ਸਾਈਂ

10. ਕੰਡਿਆਂ ਨੂੰ ਗੁਲਾਬ ਕੀ ਲਿਖਣਾ

ਕੰਡਿਆਂ ਨੂੰ ਗੁਲਾਬ ਕੀ ਲਿਖਣਾ
ਪਾਣੀਆਂ ਨੂੰ ਸ਼ਰਾਬ ਕੀ ਲਿਖਣਾ

ਦੇਣ ਵਾਲ਼ਾ ਜੇ ਬੇਹਿਸਾਬ ਦੇਵੇ
ਖਰਚ ਦਾ ਮੁੜ ਹਿਸਾਬ ਕੀ ਲਿਖਣਾ

ਜਿੱਤ ਗਿਆ ਰੋਂਦ ਮਾਰ ਕੇ ਜਿਹੜਾ
ਓਸ ਨੂੰ ਕਾਮਯਾਬ ਕੀ ਲਿਖਣਾ

ਜੋ ਨਾ ਬਦਲੇ ਗ਼ਰੀਬ ਦੀ ਕਿਸਮਤ
ਓਸ ਨੂੰ ਇਨਕਲਾਬ ਕੀ ਲਿਖਣਾ

ਜਿਹੜਾ ਇੱਜ਼ਤ ਗ਼ਰੀਬ ਦੀ ਨਾ ਕਰੇ
ਉਹਨੂੰ ਇੱਜ਼ਤ ਮਆਬ ਕੀ ਲਿਖਣਾ

ਕਾਲ਼ਜੇ ਨੂੰ ਨਾ ਜਿਹੜੀ ਹੱਥ ਪਾਵੇ
ਓਸ ਗ਼ਜ਼ਲ ਦਾ ਜਵਾਬ ਕੀ ਲਿਖਣਾ

ਜਿਹੜੀ ਤੜਪਾ ਨਾ ਦੇਵੇ ਕੁਦਸੀ ਨੂੰ
ਐਸ ਤਰ੍ਹਾਂ ਦੀ ਕਿਤਾਬ ਕੀ ਲਿਖਣਾ

11. ਹਰ ਮੌਸਮ ਵਿੱਚ ਹੱਸਣ ਦਾ

ਹਰ ਮੌਸਮ ਵਿੱਚ ਹੱਸਣ ਦਾ
ਵੇਲਾ ਕੀ ਸੀ ਬਚਪਨ ਦਾ

ਅੱਗ ਲੱਗੀ ਏ ਮੋਰਾਂ ਨੂੰ
ਸ਼ੌਕ ਏ ਚੜ੍ਹਿਆ ਨੱਚਣ ਦਾ

ਹੜ੍ਹ ਆਇਆ ਤੇ ਬੱਦਲਾਂ ਨੂੰ
ਚੇਤਾ ਆਇਆ ਵੱਸਣ ਦਾ

ਜੰਮ ਜੰਮ ਹੱਸੋ ਪਰ ਸਾਥੋਂ
ਹੱਕ ਨਾ ਖੋਹਵੋ ਹੱਸਣ ਦਾ

'ਕੁਦਸੀ' ਓਸ ਮੁਸਾਫ਼ਿਰ ਨੂੰ
ਵਿਹਲ ਮਿਲੇ ਕੁਝ ਲਿੱਖਣ ਦਾ

ਪੰਜਾਬੀ ਗੀਤ ਅਬਦੁਲ ਕਰੀਮ ਕੁਦਸੀ

1. ਅੱਲਾ ਵਾਲੀ ਤੇਰਾ ਮੇਰਾ ਅੱਲਾ ਵਾਲੀ ਸਭਦਾ ਏ

ਅੱਲਾ ਵਾਲੀ ਤੇਰਾ ਮੇਰਾ ਅੱਲਾ ਵਾਲੀ ਸਭਦਾ ਏ ।
ਜੋ ਕੁਝ ਨਜ਼ਰਾਂ ਵੇਖਣ ਪਈਆਂ ਮੇਰੇ ਸੁਹਣੇ ਰੱਬ ਦਾ ਏ ।

ਜਿੰਨਾ ਸ਼ੁਕਰ ਵੀ ਕਰੀਏ ਉਹਦਾ, ਫੇਰ ਵੀ ਸ਼ੁਕਰ ਅਦਾ ਨਾ ਹੋਵੇ,
ਕੀ ਕਰੀਏ ਜੇ ਮਿਲੇ ਨਾ ਪਾਣੀ, ਕੀ ਕਰੀਏ ਜੇ ਵਾਅ ਨਾ ਹੋਵੇ ।
ਉਸਨੂੰ ਜੇਕਰ ਲੱਭਣਾ ਹੋਵੇ ਹਰ ਜ਼ਰਰੇ 'ਚੋਂ ਲਭਦਾ ਏ ।

ਜਿਥੋਂ ਤੀਕਰ ਨਜ਼ਰਾਂ ਜਾਵਣ ਉਸਦੇ ਜਲਵੇ ਨਜ਼ਰੀਂ ਆਵਣ ।
ਪੱਥਰਾਂ ਵਿਚ ਵੀ ਬੈਠੇ ਕੀੜੇ ਉਸਦੀ ਦਿੱਤੀ ਰੋਜ਼ੀ ਖਾਵਣ ।
ਬਿਨ ਮੰਗਿਆਂ ਜੋ ਦੇਵੇ ਉਹੋ ਰੱਬ ਅਖਵਾਂਦਾ ਸਭਦਾ ਏ ।

 

To veiw this site you must have Unicode fonts. Contact Us

punjabi-kavita.com