Punjabi Ghazals Aasi Khanpuri

ਪੰਜਾਬੀ ਗ਼ਜ਼ਲਾਂ ਆਸੀ ਖ਼ਾਨਪੁਰੀ

1. ਨਜ਼ਮਾਂ, ਗ਼ਜ਼ਲਾਂ ਦੇ ਪਰਦੇ ਵਿਚ ਅਪਣਾ ਦਰਦ ਲਕੋਵੀਂ

ਨਜ਼ਮਾਂ, ਗ਼ਜ਼ਲਾਂ ਦੇ ਪਰਦੇ ਵਿਚ ਅਪਣਾ ਦਰਦ ਲਕੋਵੀਂ।
ਕੁਝ ਵੀ ਹੋਵੇ ਜਿੰਦੇ ਮੇਰੀਏ ਬੇਆਸੀ ਨਾ ਹੋਵੀਂ।

ਜਗ ਦੇ ਸ੍ਹਾਵੇਂ ਕਤਲ ਮੇਰੇ ਦੀ ਫੇਰ ਕਰੀਂ ਇਨਕਾਰੀ,
ਪਹਿਲੋਂ ਅਪਣੇ ਦਾਮਨ ਉੱਤੋਂ ਦਾਗ਼ ਲਹੂ ਦੇ ਧੋਵੀਂ।

ਫੁੱਲ ਖਿੜਨ ਦਾ ਖੜਕਾ ਉਸਦੀ ਨੀਂਦ ਉਖਾੜ ਨਾ ਦੇਵੇ,
ਪਿਆਰ ਵਫ਼ਾ ਦੇ ਰੋਜ਼ੇ ਉੱਤੇ ਚੁਪ ਦਾ ਬੂਹਾ ਢੋਵੀਂ।

ਮੈਂ ਸਮਝਾਂ ਪਈ ਜੋ ਕੁਝ ਲੱਭਿਆ ਜੁੜਿਆ ਪੇਸ਼ ਕਰਾਂਗਾ,
ਲੋਕੀ ਆਖਣ ਮੁੰਜ ਦੀ ਰੱਸੀ ਵਿਚ ਨਾ ਫੁੱਲ ਪਰੋਵੀਂ।

ਜੀਉਂਦੇ ਜੀ ਤੇ ਲੋਕਾ ਖਿੜਦੇ ਮੱਥੇ ਮਿਲੀਂ ਅਸਾਨੂੰ,
ਮਰ ਗਏ ਤੇ ਮੁੜ ਤੇਰੀ ਮਰਜ਼ੀ ਹੱਸੀਂ ਭਾਵੇਂ ਰੋਵੀਂ।

2. ਚੁੱਪ ਚੁਪੀਤੀ ਬੀਤੀ ਜਾਵੇ

ਚੁੱਪ ਚੁਪੀਤੀ ਬੀਤੀ ਜਾਵੇ।
ਆਜਾ ! ਤੈਨੂੰ ਰੱਬ ਲਿਆਵੇ।

ਸੱਭੇ ਮਰਦੇ ਤੇਰੇ ਹਾਵੇ,
ਸਾਡੇ ਦੁਖੜੇ ਕੌਣ ਵੰਡਾਵੇ।

ਆਜਾ ! ਵੇਖ ਧਰੇਕਾਂ ਦੇ ਵੀ,
ਸੁੱਕੇ ਟ੍ਹਾਣ ਨੇ ਹੋਏ ਸਾਵੇ।

ਹੁੰਦਾ ਸੀ ਕੋਈ ਸੰਗੀ ਸਾਡਾ,
ਸਾਨੂੰ ਨਾ ਕੋਈ ਯਾਦ ਕਰਾਵੇ।

ਕੌਣ ਕਿਸੇ ਨੂੰ ਚੇਤੇ ਰੱਖੇ,
ਕੌਣ ਕਿਸੇ ਦੇ ਦਰਦ ਵੰਡਾਵੇ।

ਇੱਕ ਅਖ਼ੀਰੀ ਅੱਥਰੂ ਹੋਸੀ,
ਉਹ ਵੀ 'ਆਸੀ' ਤਿਲਕਿਆ ਜਾਵੇ।

3. ਟੋਟਾ ਟੋਟਾ ਦਿਲ ਦੀਆਂ ਤਾਰਾਂ

ਟੋਟਾ ਟੋਟਾ ਦਿਲ ਦੀਆਂ ਤਾਰਾਂ।
ਰੁੱਸੀਆਂ ਰੁੱਸੀਆਂ ਫਿਰਨ ਬਹਾਰਾਂ।

ਤੂੰ ਪਿਆ ਮੇਰਾ ਕਾਜ ਵਗਾੜੇਂ,
ਮੈਂ ਪਿਆ ਤੇਰੀ ਜ਼ੁਲਫ਼ ਸਵਾਰਾਂ।

ਆਉਣ ਸਮੇਂ ਦੀ ਰੀਝ ਨਾ ਕੋਈ,
ਬੀਤੀ ਰੁੱਤ ਨੂੰ ਵਾਜਾਂ ਮਾਰਾਂ।

ਰੁਲਦੇ ਖੁਲਦੇ ਅੱਖਰਾਂ ਨਾਲ ਕੀ,
ਤੇਰਿਆਂ ਨੈਣਾਂ ਦਾ ਮੁਲ ਤਾਰਾਂ।

ਸਾਰਾ ਜਗ ਪਿਆ ਸੜਦੈ 'ਆਸੀ',
ਕ੍ਹੀਦੀ ਕ੍ਹੀਦੀ ਹਿਕ ਮੈਂ ਠਾਰਾਂ।