Punjabi Kavita
Aashiq Lahore
 Punjabi Kavita
Punjabi Kavita
  

ਪੰਜਾਬੀ ਗ਼ਜ਼ਲਾਂ ਆਸ਼ਿਕ ਲਾਹੌਰ

1. ਇਸ ਵਿੱਚ ਪੜ੍ਹ ਤੂੰ, ਇਸ ਵਿੱਚ ਲਿਖ ਤੂੰ

ਇਸ ਵਿੱਚ ਪੜ੍ਹ ਤੂੰ, ਇਸ ਵਿੱਚ ਲਿਖ ਤੂੰ, ਇਸ ਵਿੱਚ ਕਰ ਤਕਰੀਰਾਂ ।
'ਮਾਂ-ਬੋਲੀ' ਦਾ ਪੱਲਾ ਫੜ ਲੈ, ਬਣ ਜਾਸਨ ਤਕਦੀਰਾਂ ।

ਸਾਡੇ ਦੇਸ਼ ਪੰਜਾਬ ਤੇ ਅਜ਼ਲੋਂ, ਹੋਣੀ ਕਾਬਜ਼ ਹੋਈ,
'ਸੋਹਣੀਆਂ' ਵਿੱਚ ਝਨ੍ਹਾਂ ਦੇ ਡੁੱਬੀਆਂ, ਮਹੁਰਾ ਖਾਧਾ ਹੀਰਾਂ ।

ਸਾਥੋਂ ਚੜ੍ਹਦੀ ਧਰਤੀ ਖੁੱਸੀ, ਬੋਲੀ ਵੀ ਅੱਡ ਹੋਈ,
ਸਾਡੇ ਸਿਰ ਦੀ ਚੁੰਨੀ ਪਾਟੀ, ਪੱਗ ਵੀ ਲੀਰਾਂ ਲੀਰਾਂ ।

ਸਾਨੂੰ ਡੁਸਕਣ ਵੀ ਨਾ ਦਿੰਦੇ, ਮੂੰਹ 'ਤੇ ਜਿੰਦਰੇ ਲੱਗੇ,
ਸਾਨੂੰ ਹਿੱਲਣ ਵੀ ਨਾ ਦਿੰਦੇ, ਛਣਕਨ ਨਾ ਜ਼ੰਜੀਰਾਂ ।

ਰੰਗ-ਬਰੰਗੇ ਸੋਹਣੇ ਪੰਛੀ, ਏਥੋਂ ਤੁਰਦੇ ਹੋਏ,
ਥੋੜ੍ਹੇ ਉੱਲੂ-ਬਾਟੇ ਰਹਿ ਗਏ, ਬੈਠੇ ਜੰਡ-ਕਰੀਰਾਂ ।

ਅਪਣੀ ਬੋਲੀ, ਅਪਣੀ ਧਰਤੀ, ਛੱਡਿਆਂ ਕੁਝ ਨਹੀਂ ਰਹਿੰਦਾ,
ਕੁਦਰਤ ਮਾਫ਼ ਕਦੇ ਨਹੀਂ ਕਰਦੀ, 'ਆਸ਼ਿਕ' ਇਹ ਤਕਸੀਰਾਂ ।

2. ਲਾਂਬੂ ਸਾਡੇ ਸੀਨੇ ਦੇ ਵਿੱਚ

ਲਾਂਬੂ ਸਾਡੇ ਸੀਨੇ ਦੇ ਵਿੱਚ, ਬਲ਼-ਬਲ਼ ਉਠਦੇ ਹਾਵਾਂ ਨਾਲ ।
ਏਹ ਨਿਰਾਲੀ ਅੱਗ ਨਾ ਬੁੱਝਦੀ, ਯਾਰੋ ਠੰਢੀਆਂ ਛਾਵਾਂ ਨਾਲ ।

ਇਸ਼ਕ ਤਿਰੇ ਵਿੱਚ ਸਭ ਕੁਝ ਖੁੱਸਿਆ, ਦੀਨ ਈਮਾਨ ਤੇ ਦੁਨੀਆਂ ਵੀ,
ਅਪਣੀ ਜ਼ਾਤ-ਸਿਫ਼ਾਤ ਕੀ ਦੱਸੀਏ ? ਸਾਨੂੰ ਕੀ ਹੁਣ ਨਾਵਾਂ ਨਾਲ ।

ਲੱਖਾਂ ਸਾਲ ਇਬਾਦਤ ਕਰਨੀ, ਔਖਾ ਕੰਮ 'ਮਲਾਇਕ' ਦਾ,
ਹੁਕਮ ਕਰੇਂ ਤੇ ਮੈਂ ਵੀ ਰੱਬਾ, ਭਾਰੇ ਭਾਰ ਵੰਡਾਵਾਂ ਨਾਲ ।

ਮਸਜਿਦ-ਮੰਦਰ ਸਭ ਥਾਂ ਲੱਭਿਆ, ਲੱਭ-ਲੱਭ ਕੇ ਲਾਚਾਰ ਹੋਏ,
ਕਿਹੜਾ ਮੂੰਹ ਲੈ ਵਾਪਸ ਜਾਈਏ ? ਆਏ ਹੈਸਾਂ ਚਾਵਾਂ ਨਾਲ ।

ਅਸੀਂ ਨਿਮਾਣੇ ਸਾਦ-ਮੁਰਾਦੇ, ਭਾਰੇ ਦੁੱਖ ਜੁਦਾਈਆਂ ਦੇ,
ਇਸ਼ਕ ਨੇ ਸਾਡਾ ਸਭ ਕੁਝ ਲੁੱਟਿਆ, ਪੁੱਠਿਆਂ ਸਿੱਧਿਆਂ ਦਾਵਾਂ ਨਾਲ ।

ਕਾਸਿਦ ਨੂੰ ਕੀ ਸਾਰ ਹੈ 'ਆਸ਼ਿਕ', ਸਾਡੇ 'ਤੇ ਜੋ ਬੀਤੀ ਹੈ,
ਉਹਦੇ ਵਸ ਦੀ ਗੱਲ ਨਹੀਂ ਲੱਗਦੀ, ਲੱਗੇ ਤੇ ਮੈਂ ਜਾਵਾਂ ਨਾਲ ।

(ਮਲਾਇਕ=ਫ਼ਰਿਸ਼ਤੇ)

3. ਸੌ-ਸੌ ਸਾਲਾਂ ਉਮਰਾਂ ਹੋਈਆਂ

ਸੌ-ਸੌ ਸਾਲਾਂ ਉਮਰਾਂ ਹੋਈਆਂ, ਲੱਗਿਆ ਪਲ ਦਾ ਮੇਲਾ ਸੀ ।
ਜੀਵਨ ਦਾ ਕੋਈ ਮਕਸਦ ਨਾ ਸੀ, ਸਮਝੋ ਮਰਨ ਦਾ ਹੀਲਾ ਸੀ ।

ਅਪਣੇ ਆਪ ਨੂੰ ਕਿਦਾਂ ਬਦਲਾਂ ? ਜਾਨ ਛੁਡਾਵਾਂ ਦੁੱਖਾਂ ਤੋਂ,
ਜਿੱਧਰ ਜਾਵਾਂ ਉੱਧਰ ਅੱਗੇ, ਦੁਖੜਾ ਨਵਾਂ-ਨਵੇਲਾ ਸੀ ।

ਸਿਖਰ-ਦੁਪਹਿਰੇ ਦੁਨੀਆਂ ਦੇ ਵਿੱਚ, ਤੈਨੂੰ ਲੱਭ-ਲੱਭ ਹਾਰ ਗਏ,
ਆਖ਼ਰ ਸ਼ਾਮਾਂ ਪਈਆਂ ਸਾਨੂੰ, ਹੋਇਆ ਵਖ਼ਤ ਕੁਵੇਲਾ ਸੀ ।

ਆਖ਼ਰ ਤੇਰਾ ਦਰਸ਼ਨ ਹੋਇਆ, ਕਿੱਥੇ ਹੋਇਆ, ਸਾਨੂੰ ਕੀ ?
ਮਸਜਿਦ ਸੀ, ਮੰਦਰ ਸੀ, ਯਾ ਫਿਰ, 'ਬਾਲ-ਨਾਥ' ਦਾ ਟਿੱਲਾ ਸੀ ।

ਅਪਣੀ ਅੱਗ ਵਿੱਚ ਆਪੇ ਸੜਕੇ, ਆਖ਼ਰ ਕੁੰਦਨ ਹੋਇਆ ਮੈਂ,
ਉਸ ਦਾ ਰੁਤਬਾ ਉੱਚਾ ਹੋਇਆ, ਜਿਹੜਾ ਸਾਡਾ ਚੇਲਾ ਸੀ ।

ਮੈਨੂੰ ਵਹਿਸ਼ਤ ਦੇ ਵਿੱਚ 'ਆਸ਼ਿਕ', ਦੂਰ ਨਹੀਂ ਜਾਣਾ ਪੈਂਦਾ ਸੀ,
ਮੇਰੇ ਅਪਣੇ ਜ਼ਿਹਨ ਦੇ ਅੰਦਰ, ਵੱਡਾ ਜੰਗਲ-ਬੇਲਾ ਸੀ ।

4. ਦੁੱਖ ਦਰਿਆ ਸਮੁੰਦਰ ਬਣ ਗਏ

ਦੁੱਖ ਦਰਿਆ ਸਮੁੰਦਰ ਬਣ ਗਏ, ਟੁੱਟੇ ਸੱਭ ਸਹਾਰੇ ।
ਆਸਾਂ ਨੂੰ ਇੰਝ ਢਾਵਾਂ ਲੱਗੀਆਂ, ਖੁਰ-ਖੁਰ ਗਏ ਕਿਨਾਰੇ ।

ਹੁਣ ਤੇ ਦਿਲ ਵਿੱਚ ਕਿਧਰੇ ਵੀ ਕੋਈ, ਆਸਾ ਉਮੀਦ ਨਹੀਂ ਵਸਦੀ,
ਇੱਕ-ਇੱਕ ਕਰਕੇ ਬੁਝੇ ਆਖ਼ਰ, ਇਹ ਸਭ ਨੂਰ-ਮੁਨਾਰੇ ।

ਲੱਖ ਕਰੋੜਾਂ ਪੁੱਤਰ ਹੁੰਦਿਆਂ, ਰੁਲਾਂ ਮੈਂ ਕੱਲਮ-ਕੱਲੀ,
ਬੇਲੇ ਵਿੱਚ ਇਕ ਮਾਈ ਖਲੋਤੀ, ਰੋ-ਰੋ ਪਈ ਪੁਕਾਰੇ ।

ਹਰਫ਼ ਵਿਚਾਰੇ ਅੱਡੀਆਂ ਚੁੱਕ-ਚੁੱਕ ਏਧਰ-ਉੱਧਰ ਦੇਖਣ,
ਖ਼ੂਨ ਦਾ ਵੱਤਰ ਲਾਵੇ ਕਿਹੜਾ ? ਸਾਨੂੰ ਕੌਣ ਪੁਕਾਰੇ ?

ਅਪਣੀ ਜਾਨ ਤਲੀ 'ਤੇ ਧਰਕੇ, ਛਾਤੀ ਤਾਣ ਖਲੋਵੇ,
ਮਾਂ-ਬੋਲੀ 'ਤੇ ਪਹਿਰਾ ਦੇਵੇ ! ਕੋਈ ਨਾ ਪੱਥਰ ਮਾਰੇ ।

ਚਿਰ ਹੋਇਆ ਏ ਧਰਤੀ ਉੱਤੇ ਰੌਣਕ-ਮੇਲਾ ਲੱਗਿਆਂ,
ਆ ਜਾ ਸੂਲ਼ੀ ਚੜ੍ਹਕੇ ਨੱਚੀਏ, ਦੇਖਣ ਲੋਕ ਨਜ਼ਾਰੇ ।

ਜੋ ਕੁਝ ਕਰਨੈਂ ਅੱਜ ਹੀ ਕਰਲੈ, ਕੱਲ੍ਹ ਕਿਸੇ ਨਹੀਂ ਦੇਖੀ,
ਓੜਕ ਇਕ ਦਿਨ ਵੱਜ ਜਾਣੇ ਨੇ 'ਆਸ਼ਿਕ' ਕੂਚ-ਨਗਾਰੇ ।

5. ਚੱਲੋ ਬਾਗ਼ਾਂ ਦੇ ਵਿੱਚ ਚੱਲੀਏ

ਚੱਲੋ ਬਾਗ਼ਾਂ ਦੇ ਵਿੱਚ ਚੱਲੀਏ, ਆਈ ਰੁੱਤ ਬਹਾਰਾਂ ।
ਫੁੱਲ ਤੇ ਕਲੀਆਂ ਪਾਲਣ ਦੇ ਲਈ, ਡੋਲ੍ਹੇ ਰੱਤ ਫੁਹਾਰਾਂ ।

ਹੁਣ ਤੇ ਅਪਣਾ ਭਾਰ ਵੀ ਸਾਨੂੰ, ਚੁੱਕਣਾ ਔਖਾ ਹੋਇਆ,
ਕੱਪੜੇ ਲੀਰੋ-ਲੀਰ ਕਰੋ, ਤੇ ਗਲ਼ਮਾ ਚੀਰ ਲੰਗਾਰਾਂ ।

ਰੀਝਾਂ, ਸੱਧਰਾਂ ਨੇ ਸੁਪਨੇ ਵਿੱਚ, ਬਾਤ ਅਨੋਖੀ ਕੀਤੀ,
ਬਾਜ਼ ਤੇ ਸ਼ਿਕਰੇ ਰੁਲਦੇ ਫਿਰਦੇ, ਹੋਇਆ 'ਕੱਠ ਗੁਟਾਰਾਂ ।

ਜਿੰਦ ਵਿਚਾਰੀ ਰੋ ਰੋ ਹਾਰੀ, ਇਸ ਦੇ ਅੱਥਰੂ ਪੂੰਝੋ,
ਰੱਤ ਜਿਗਰ ਦੀ ਦੇ ਕੇ ਬਖ਼ਸ਼ੋ, ਜ਼ੀਨਤ, ਜ਼ੇਬ ਸ਼ਿੰਗਾਰਾਂ ।

'ਆਸ਼ਿਕ' ਕਿਧਰੇ ਸਾਡੇ 'ਤੇ ਕੋਈ, ਕਹਿਰ ਨਾ ਆਉਂਦਾ ਹੋਵੇ,
ਪੰਛੀ ਹਿਜਰਤ ਕਰ ਗਏ ਏਥੋਂ, ਭਲਕੇ ਬੰਨ੍ਹ ਕਤਾਰਾਂ ।

 

To veiw this site you must have Unicode fonts. Contact Us

punjabi-kavita.com